DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠਕਾਂ ਦੇ ਖ਼ਤ: ਪ੍ਰਦੂਸ਼ਣ ਅਤੇ ਪੰਜਾਬ

ਬਹੁਤ ਮੰਦਭਾਗੀ ਗੱਲ ਹੈ ਕਿ ਪਰਾਲੀ ਸਾੜਨ ’ਤੇ ਪਾਬੰਦੀ ਹੋਣ ਦੇ ਬਾਵਜੂਦ, ਇਹ ਸਮੱਸਿਆ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਵਿਹਾਰਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮਸ਼ੀਨਾਂ ਮਹਿੰਗੀਆਂ ਹੋਣ ਕਾਰਨ, ਕਿਸਾਨਾਂ ਕੋਲ ਸਿਰਫ਼ ਦੋ...

  • fb
  • twitter
  • whatsapp
  • whatsapp
Advertisement

ਬਹੁਤ ਮੰਦਭਾਗੀ ਗੱਲ ਹੈ ਕਿ ਪਰਾਲੀ ਸਾੜਨ ’ਤੇ ਪਾਬੰਦੀ ਹੋਣ ਦੇ ਬਾਵਜੂਦ, ਇਹ ਸਮੱਸਿਆ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕੁਝ ਵਿਹਾਰਕ ਕਦਮ ਚੁੱਕੇ ਜਾਣੇ ਚਾਹੀਦੇ ਹਨ। ਮਸ਼ੀਨਾਂ ਮਹਿੰਗੀਆਂ ਹੋਣ ਕਾਰਨ, ਕਿਸਾਨਾਂ ਕੋਲ ਸਿਰਫ਼ ਦੋ ਹੀ ਰਾਹ ਬਚਦੇ ਹਨ: ਜਾਂ ਤਾਂ ਉਹ ਪਰਾਲੀ ਨੂੰ ਖੇਤਾਂ ਵਿੱਚ ਸਾੜ ਦੇਣ ਜਾਂ ਫਿਰ ਫ਼ਸਲ ਦੀ ਰਹਿੰਦ-ਖੂੰਹਦ ਨੂੰ ਵਾਪਸ ਖੇਤ ਵਿੱਚ ਵਾਹ ਦੇਣ। ਦੂਜਾ ਤਰੀਕਾ ਕਣਕ ਦੀ ਅਗਲੀ ਫ਼ਸਲ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਸਕਦਾ ਹੈ। ਜੇਕਰ ਖੇਤਾਂ ਵਿੱਚ ਲੋੜੀਂਦੀ ਗਿਣਤੀ ਵਿੱਚ ਮਸ਼ੀਨਾਂ ਅਤੇ ਮਜ਼ਦੂਰ ਵਾਜਬ ਦਰਾਂ ’ਤੇ ਉਪਲਬਧ ਕਰਵਾਏ ਜਾਣ ਤਾਂ ਇਸ ਗੰਭੀਰ ਸਥਿਤੀ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਇਓਮਾਸ ਪਾਵਰ ਪਲਾਂਟ, ਇੱਟਾਂ ਦੇ ਭੱਠੇ ਅਤੇ ਹੋਰ ਉਦਯੋਗ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ; ਉਹ ਫਸਲੀ ਰਹਿੰਦ-ਖੂੰਹਦ ਨੂੰ ਚੁੱਕ ਕੇ ਆਪਣੇ ਭੱਠਿਆਂ ਜਾਂ ਪਲਾਂਟਾਂ ਵਿੱਚ ਬਾਲਣ ਵਜੋਂ ਵਰਤ ਸਕਦੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।

ਰਾਜ ਕੁਮਾਰ ਕਪੂਰ, ਰੂਪਨਗਰ

Advertisement

ਡਿਜੀਟਲ ਤਰੱਕੀ ਬਨਾਮ ਵਾਤਾਵਰਨ

29 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਡਾ. ਬ੍ਰਹਮਲੀਨ ਕੌਰ ਦਾ ਲੇਖ ‘ਡੇਟਾ ਸੈਂਟਰ: ਡਿਜੀਟਲ ਤਰੱਕੀ ਬਨਾਮ ਵਾਤਾਵਰਨ’ ’ਚ ਬਹੁਤ ਗੰਭੀਰ ਅਤੇ ਜਾਗਰੂਕ ਕਰਨ ਵਾਲੇ ਵਿਸ਼ੇ ਨੂੰ ਛੋਹਿਆ ਹੈ। ਅੱਜ ਜਿੱਥੇ ਹਰ ਕੋਈ ਇੰਟਰਨੈੱਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫ਼ਾਇਦਿਆਂ ਬਾਰੇ ਗੱਲ ਕਰ ਰਿਹਾ ਹੈ, ਉੱਥੇ ਹੀ ਲੇਖਕਾ ਨੇ ਇਸ ਡਿਜੀਟਲ ਤਰੱਕੀ ਪਿੱਛੇ ਛੁਪੇ ਵਾਤਾਵਰਨ ਸੰਕਟ, ਬਿਜਲੀ ਅਤੇ ਪਾਣੀ ਦੀ ਬੇਤਹਾਸ਼ਾ ਖ਼ਪਤ ਸਬੰਧੀ, ਗੁੰਝਲਦਾਰ ਅੰਕੜਿਆਂ ਅਤੇ ਤਕਨੀਕੀ ਗੱਲਾਂ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕੀਤਾ ਹੈ। ਆਮ ਪਾਠਕ ਜਿਸ ਨੂੰ ਡੇਟਾ ਸੈਂਟਰਾਂ ਦੀ ਕੋਈ ਤਕਨੀਕੀ ਜਾਣਕਾਰੀ ਨਹੀਂ ਹੈ, ਉਹ ਵੀ ਇਸ ਨੂੰ ਪੜ੍ਹ ਕੇ ਆਸਾਨੀ ਨਾਲ ਸਮਝ ਸਕਦਾ ਹੈ ਕਿ ਸਾਡੀਆਂ ਡਿਜੀਟਲ ਆਦਤਾਂ ਸਾਡੇ ਕੁਦਰਤੀ ਸਰੋਤਾਂ ’ਤੇ ਕਿੰਨਾ ਵੱਡਾ ਬੋਝ ਪਾ ਰਹੀਆਂ ਹਨ। ਸਾਨੂੰ ਇੰਟਰਨੈਟ ਦੀ ਬੇਲੋੜੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਕੰਪਨੀਆਂ ਨੂੰ ਵੀ ਨਵਿਆਉਣਯੋਗ ਊਰਜਾ ਅਪਣਾਉਣੀ ਚਾਹੀਦੀ ਹੈ। ਇਸ ਗੰਭੀਰ ਮੁੱਦੇ ਨੂੰ ਅੱਜ ਦੀ ਨਵੀਂ ਪੀੜ੍ਹੀ ਦੇ ਧਿਆਨ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ।

Advertisement

ਹਰਕਿਸ਼ਨ ਸਿੰਘ ਸਿੱਧੂ, ਪਟਿਆਲਾ

ਦਿਮਾਗੀ ਨਕਸਲੀ

ਅਦਾਕਾਰ ਨਸੀਰੂਦੀਨ ਦਾ ਦਾਅਵਾ ਕਿ ਉਸ ਨੂੰ ਦਿਮਾਗੀ ਨਕਸਲ ਹੋਣ ’ਤੇ ਮਾਣ ਹੈ, ਬਿਲਕੁਲ ਸਹੀ ਹੈ! ਤਰਕਸ਼ੀਲ ਸੋਚ ਨੂੰ ਦਿਮਾਗੀ ਨਕਸਲੀ ਸਮਝਣਾ ਫ਼ਿਰਕਾਪ੍ਰਸਤੀ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜ ਸੌ ਸਾਲ ਪਹਿਲਾਂ ਪੂਜਾ ਬਾਰੇ ਕਿਹਾ ਸੀ: ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ।। ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ।।੧।। ਕੈਸੀ ਆਰਤੀ ਹੋਇ ।। ਭਵ ਖੰਡਨਾ ਤੇਰੀ ਆਰਤੀ।।’ ਭਾਵ ਆਕਾਸ਼ ਨੂੰ ਥਾਲ, ਸੂਰਜ ਅਤੇ ਚੰਦਰਮਾ ਨੂੰ ਦੀਵੇ, ਤਾਰਿਆਂ ਨੂੰ ਦੀਵਿਆਂ ਦੀ ਮੰਡਲ, ਕੁਦਰਤੀ ਫੁੱਲਾਂ ਦੀ ਖ਼ੁਸ਼ਬੂ ਨੂੰ ਧੂਫ਼ ਅਤੇ ਕੁਦਰਤੀ ਹਵਾ ਨੂੰ ਚੌਰ ਸਮਝਦਿਆਂ ਨਿਰਭੈਅ ਪ੍ਰਮਾਤਮਾ ਦੀ ਇਸਤੋਂ ਵੱਡੀ ਆਰਤੀ ਕਿਹੜੀ ਹੋ ਸਕਦੀ ਹੈ।

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਇਮਾਨਦਾਰੀ ਦੀ ਮਿਸਾਲ

28 ਅਕਤੂਬਰ ਦੇ ਅੰਕ ’ਚ ਗੁਰਜੀਤ ਸਿੰਘ ਮਾਨ ਦੇ ਲੇਖ ਅਨੁਸਾਰ ਇੱਕ ਅਧਿਆਪਕ ਵੱਲੋਂ ਉਤਰ ਪੱਤਰੀਆਂ ਦੀ ਮਾਰਕਿੰਗ ਵੇਲੇ ਵੱਡੇ ਪੱਧਰ ਉੱਤੇ ਨਕਲ ਧਿਆਨ ਵਿੱਚ ਆਉਣ ਤੇ ਆਪਣੇ ਫਰਜ਼ ਨੂੰ ਪਛਾਣਦੇ ਹੋਏ ਕੀਤੀ ਗਈ ਕਾਰਵਾਈ ਧਿਆਨ ਖਿੱਚਦੀ ਹੈ, ਜਿਸ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਸਿੱਖਿਆ ਬੋਰਡ ਵੱਲੋਂ ਸਬੰਧਿਤ ਸੈਂਟਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ। ਨਕਲ ਅਜਿਹਾ ਮਿੱਠਾ ਜ਼ਹਿਰ ਹੈ ਜਿਹੜਾ ਇੱਕ ਵਾਰ ਤਾਂ ਵਿਦਿਆਰਥੀਆਂ ਨੂੰ ਚੰਗਾ ਲੱਗਦਾ ਹੈ ਪ੍ਰੰਤੂ ਉਹ ਲੰਮਾ ਚਿਰ ਇਸ ਨੂੰ ਲੈ ਕੇ ਆਪਣੀ ਪੜ੍ਹਾਈ ਵਿੱਚ ਵੱਡੀਆਂ ਮੱਲਾਂ ਨਹੀਂ ਮਾਰ ਸਕਦਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਮਿਹਨਤ ਕਰਨ ਵਾਲੇ ਵਿਦਿਆਰਥੀ ਹੀ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡਦੇ ਹਨ।

ਹਰਦੀਪ ਸਿੰਘ ਭੂਦਨ, ਧੂਰੀ (ਸੰਗਰੂਰ)

ਗੁੱਸੇ ਦੀ ਸਿਆਸਤ

26 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਅੱਗ ਅਤੇ ਗੁੱਸੇ ਦੀ ਸਿਆਸਤ’ ਦੇਸ਼ ਦੇ ਅਜੋਕੇ ਰਾਜਸੀ ਦ੍ਰਿਸ਼ ’ਤੇ ਚਾਨਣਾ ਪਾਉਂਦਾ ਹੈ। ਸੱਤਾ ’ਤੇ ਕਾਬਜ਼ ਸੱਜੇ-ਪੱਖੀ ਵਿਚਾਰਧਾਰਕ ਪਾਰਟੀ ਅਸਹਿਮਤੀ ’ਤੇ ਅੱਗ ਬਬੂਲਾ ਹੋ ਜਾਂਦੀ ਹੈ। ਸਾਡੀ ਸਮਾਜਿਕ-ਸਿਆਸੀ ਵਿਚਾਰਧਾਰਾ ’ਚ ਕੁਝ ਸਦੀਆਂ ਪਹਿਲਾਂ ਹੀ ਖੜੋਤ ਆ ਚੁੱਕੀ ਸੀ। ਤਰਕ ਆਧਾਰਿਤ ਸੁਧਾਰਵਾਦੀਆਂ ਨੂੰ ਰੋਕ ਦਿੱਤਾ ਜਾਂਦਾ ਰਿਹਾ ਹੈ। ਜਿਹੜੀ ਸੱਭਿਅਤਾ ਕਿਤਾਬਾਂ ਦਾ ਨਿਰਾਦਰ ਕਰਦੀ ਹੈ, ਉਹ ਆਪਣੇ ਸੀਮਤ ਗਿਆਨ ਦੇ ਘੁਮੰਡ ਦੀ ਅੱਗ ’ਚ ਸੁਲਗ਼ ਕੇ ਨਿਤਾਣੀ ਹੋ ਜਾਂਦੀ ਹੈ। ਇਸ ਮੰਜ਼ਰ ਤੋਂ ਬਚਣ ਲਈ ਬਦਲਾਅ ਵਾਸਤੇ ਹੋਰ ਦੇਸ਼ਾਂ ਵਿੱਚ ਉੱਠੀਆਂ ਆਵਾਜ਼ਾਂ ਨਾਲ ਹੋਏ ਅਤੇ ਸਾਡੇ ਦੇਸ਼ ਵਿੱਚ ਹੋ ਰਹੇ ਵਰਤਾਰੇ ਦਾ ਵਰਨਣ ਲੇਖ ਵਿੱਚ ਬੜੇ ਕਲਾਤਮਕ ਢੰਗ ਨਾਲ ਕੀਤਾ ਗਿਆ ਹੈ। ਸਾਨੂੰ ਅਸਹਿਮਤੀ ਲਈ ਖੁੱਲ੍ਹ ਦੇਣੀ ਚਾਹੀਦੀ ਹੈ।

ਜਗਰੂਪ ਸਿੰਘ, ਉਭਾਵਾਲ

ਦਵਾਈਆਂ ਵੇਚਣ ਤੋਂ ਤੌਬਾ

ਪੰਜਾਬ ਵਿੱਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਮੁੱਦਾ ਅੱਜਕਲ੍ਹ ਚਰਮ ਸੀਮਾ ’ਤੇ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸੂਬੇ ਅੰਦਰ ਸਾਰੀਆਂ ਨਸ਼ੇ ਵਾਲੀਆਂ ਦਵਾਈਆਂ ਵੇਚਣ ਤੋਂ ਤੌਬਾ ਕਰਨ ਦਾ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਬੇਸ਼ੱਕ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵਿੱਢਣ ਲਈ ਯਤਨਸ਼ੀਲ ਰਹੀ ਹੈ, ਪਰ ਨਸ਼ੇ ਤਸਕਰਾਂ ਦੇ ਬੁਣੇ ਜਾਲ ਅਤੇ ਜਨਤਾ ਦੇ ਅਸਹਿਯੋਗ ਕਾਰਨ ਕੋਈ ਤਸੱਲੀਬਖ਼ਸ਼ ਨਤੀਜੇ ਸਾਹਮਣੇ ਨਹੀਂ ਆਏ। ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਉੱਪਲਬਧ ਕਰਵਾਉਣਾ, ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੈਦਾਨਾਂ ਦੀ ਸਿਰਜਣਾ ਕਰਨਾ ਅਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕਰਨਾ ਆਦਿ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਗਈ ਹੈ। ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਨੌਜਵਾਨੀ ਨੂੰ ਬਚਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਇੰਜੀ. ਸਤਨਾਮ ਸਿੰਘ ਮੱਟੂ ਬੀਂਬੜ੍ਹ (ਸੰਗਰੂਰ)

ਵਪਾਰੀ ਵਰਗ ਦੀ ਪਹੁੰਚ

‘ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ’ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਇੱਕ ਨਵੰਬਰ ਦੀ ਪ੍ਰਸਤਾਵਿਤ ਰੈਲੀ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਸ ਨਾਲ ਲਗਪਗ 25 ਹਜ਼ਾਰ ਕਰੋੜ ਰੁਪਏ ਦੇ ਵਪਾਰ ਦਾ ਨੁਕਸਾਨ ਹੋਵੇਗਾ ਪਰ ਸ਼ਾਇਦ ਵਪਾਰੀ ਵਰਗ ਨੇ ਗ਼ਲਤ ਥਾਂ ’ਤੇ ਪਹੁੰਚ ਕੀਤੀ ਹੈ। ਅਸਲ ਸਮੱਸਿਆ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਹੈ ਜਿਨ੍ਹਾਂ ਨੇ ਭਾਰਤੀ ਲੋਕਤੰਤਰ, ਭਾਵ ਵੋਟ ਪਾਉਣ ਦੇ ਅਧਿਕਾਰ ਨੂੰ ਤਬਾਹ ਕਰ ਦਿੱਤਾ ਹੈ, ਜੋ ਇੱਕ ਆਜ਼ਾਦ ਦੇਸ਼ ਵਿੱਚ ਨਾਗਰਿਕ ਦਾ ਸਭ ਤੋਂ ਕੀਮਤੀ ਅਧਿਕਾਰ ਹੈ। ਕੀ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਵੋਟਰ ਸੂਚੀਆਂ ਵਿੱਚੋਂ 13 ਕਰੋੜ ਤੋਂ ਵੱਧ ਨਾਮ ਹਟਾਏ ਜਾਣ ਨਾਲ ਭਾਰੀ ਵਿਰੋਧ ਪ੍ਰਦਰਸ਼ਨ ਹੋਣਗੇ? ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ, ਵਪਾਰੀ ਵਰਗ ਨੂੰ ਵਿਰੋਧੀ ਧਿਰ ਦੇ ਨੇਤਾ ਕੋਲ ਜਾਣ ਦੀ ਬਜਾਏ, ਮੋਦੀ ਸਰਕਾਰ ਕੋਲ ਜਾਣਾ ਚਾਹੀਦਾ ਹੈ ਤਾਂ ਜੋ ਮੁੱਖ ਚੋਣ ਕਮਿਸ਼ਨਰ ਨੂੰ ਹਟਾਇਆ ਜਾ ਸਕੇ ਅਤੇ 25 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਨੂੰ ਬਚਾਇਆ ਜਾ ਸਕੇ।

ਐੱਸ ਕੇ ਖੋਸਲਾ, ਚੰਡੀਗੜ੍ਹ

ਪੰਜਾਬ ਦੀ ਸੁਗੰਧ

23 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸੁਖਜੀਤ ਕੌਰ ਦਾ ਮਿਡਲ ‘ਪਰਦੇਸ ਵਿੱਚ ਪੰਜਾਬ ਦੀ ਸੁਗੰਧ’ ਨੇ ਮਨ ਮੋਹ ਲਿਆ। ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਪੰਜਾਬੀ ਸੱਭਿਆਚਾਰ ਨੇ ਵਿਦੇਸ਼ੀ ਧਰਤੀ ’ਤੇ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਲਈਆਂ ਹਨ ਤੇ ਵਿਦੇਸ਼ੀ ਭਾਈਚਾਰੇ ਦੇ ਲੋਕ ਸਾਡੇ ਪੰਜਾਬੀ ਖਾਣੇ ਦਾ ਰੱਜ ਕੇ ਆਨੰਦ ਮਾਣਦੇ ਹਨ। ਸਮੁੱਚੀ ਰਚਨਾ ਵਿੱਚ ਲੇਖਕਾ ਨੇ ਸ਼ਬਦਾਂ ਤੇ ਵਾਕਾਂ ਨੂੰ ਇਸ ਤਰ੍ਹਾਂ ਨਗੀਨਿਆਂ ਵਾਂਗ ਪਰੋਇਆ ਜਿਵੇਂ ਕਿਸੇ ਸੁਨੱਖੀ ਮੁਟਿਆਰ ਨੇ ਆਪਣੇ ਨਿਪੁੰਨ ਹੱਥਾਂ ਨਾਲ ਫੁਲਕਾਰੀ ਤੇ ਰੰਗ-ਬਿਰੰਗੇ ਫੁੱਲ ਬੂਟੇ ਕੱਢੇ ਹੋਣ। ਅੰਤ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਾਖੀ ‘ਉੱੱਜੜ ਜਾਓ’ ਦਾ ਢੁਕਵਾਂ ਉਲੇਖ ਰਚਨਾ ਨੂੰ ਹੋਰ ਵੀ ਖ਼ੂਬਸੂਰਤੀ ਬਖਸ਼ਦਾ ਹੈ।

ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)

Advertisement
×