ਕਰਤਾਰਪੁਰ ਲਾਂਘਾ
ਕਰਤਾਰਪੁਰ ਲਾਂਘਾ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਬੰਦ ਰੱਖਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਖ਼ਬਰ ਨੇ ਸਿੱਖ ਸੰਗਤ ਨੂੰ ਨਿਰਾਸ਼ ਕੀਤਾ ਹੈ। ਭਾਵੇਂ ਦੇਸ਼ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਪਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ...
ਕਰਤਾਰਪੁਰ ਲਾਂਘਾ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਬੰਦ ਰੱਖਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਖ਼ਬਰ ਨੇ ਸਿੱਖ ਸੰਗਤ ਨੂੰ ਨਿਰਾਸ਼ ਕੀਤਾ ਹੈ। ਭਾਵੇਂ ਦੇਸ਼ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਪਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਦੀ ਸੰਗਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਉਡੀਕ ਵੀ ਵਿਚਾਰਨਯੋਗ ਹੈ। ਕਰਤਾਰਪੁਰ ਲਾਂਘਾ ਕੇਵਲ ਇੱਕ ਸਰਹੱਦੀ ਰਸਤਾ ਨਹੀਂ, ਸਗੋਂ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੈ। ਜੇਕਰ ਸੁਰੱਖਿਆ ਸਬੰਧੀ ਚਿੰਤਾਵਾਂ ਹਨ ਤਾਂ ਵਾਧੂ ਸੁਰੱਖਿਆ ਪ੍ਰਬੰਧਾਂ ਅਤੇ ਸੀਮਤ ਯਾਤਰਾ ਵਰਗੇ ਬਦਲ ਅਪਣਾਏ ਜਾ ਸਕਦੇ ਹਨ। ਕੇਂਦਰ ਸਰਕਾਰ ਨੂੰ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਨਵਦੀਪ ਸਿੰਘ ਝੁਨੀਰ
ਪਰਮਾਣੂ ਬੰਬ
6 ਅਗਸਤ ਦੇ ਨਜ਼ਰੀਆ ਪੰਨੇ ’ਤੇ ਦਰਸ਼ਨ ਸਿੰਘ ਭੁੱਲਰ ਦਾ ਲੇਖ ‘ਪਰਮਾਣੂ ਬੰਬ ਅਤੇ ਕਿਆਮਤ’ ਪੜ੍ਹਿਆ। ਅਮਰੀਕਾ ਵੱਲੋਂ 6 ਅਤੇ 9 ਅਗਸਤ ਨੂੰ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪਰਮਾਣੂ ਬੰਬ ਸੁੱਟੇ ਗਏ, ਜਿਸ ਵਿੱਚ ਲੱਖਾਂ ਲੋਕ ਮਾਰੇ ਗਏ। ਅੱਜ ਕਈ ਦੇਸ਼ਾਂ ਕੋਲ ਪਰਮਾਣੂ ਬੰਬ ਹਨ ਤੇ ਹੁਣ ਜਦੋਂ ਕੋਈ ਦੇਸ਼ ਪਰਮਾਣੂ ਬੰਬ ਬਣਾਉਂਦਾ ਹੈ ਤਾਂ ਅਮਰੀਕਾ ਉਸ ਨੂੰ ਰੋਕਦਾ ਹੈ। ਅਮਰੀਕਾ ਅਤੇ ਰੂਸ ਕੋਲ ਬਾਕੀ ਦੇਸ਼ਾਂ ਨਾਲੋਂ 90 ਫ਼ੀਸਦੀ ਜ਼ਿਆਦਾ ਪਰਮਾਣੂ ਬੰਬ ਹਨ। ਇਹ ਪਰਮਾਣੂ ਬੰਬ ਨਹੀਂ ਬਣਨੇ ਚਾਹੀਦੇ। ਇਹੋ ਪੈਸਾ ਤਰੱਕੀ ਅਤੇ ਮਨੁੱਖਤਾ ਦੀ ਭਲਾਈ ਲਈ ਖਰਚਿਆ ਜਾਣਾ ਚਾਹੀਦਾ ਹੈ। ਚੰਗਾ ਹੋਵੇ ਜੇ ਪਰਮਾਣੂ ਸਮਰੱਥਾ ਵਾਲੇ ਦੇਸ਼ ਆਪਸੀ ਸੰਧੀ ਕਰਕੇ ਪਰਮਾਣੂ ਬੰਬਾਂ ਨੂੰ ਨਸ਼ਟ ਕਰ ਦੇਣ।
ਬਲਬੀਰ ਸਿੰਘ ਦਿਲਦਾਰ, ਪਟਿਆਲਾ
ਭਰੋਸੇ ਦਾ ਸਵਾਲ
5 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਨਵਰੀਤ ਕੌਰ ਦਾ ਲੇਖ ‘ਦਿਆਲ ਸਿੰਘ ਕਾਲਜ: ਵਿਰਸੇ ਤੇ ਭਰੋਸੇ ਦਾ ਸਵਾਲ’ ਪੜ੍ਹਿਆ। ਆਪਣੇ ਸਰਕਾਰੀ ਸਫ਼ਰ ਦੌਰਾਨ ਮੈਨੂੰ ਸੈਂਕੜੇ ਪੁਰਾਤਨ-ਇਤਿਹਾਸਕ ਮੰਦਿਰ, ਗੁਰਦੁਆਰੇ ਅਤੇ ਹੋਰ ਧਾਰਮਿਕ ਸਥਾਨ ਦੇਖਣ ਦਾ ਮੌਕਾ ਮਿਲਿਆ। ਸਾਰੀਆਂ ਹੀ ਥਾਵਾਂ ’ਤੇ ਦਾਨੀ ਸੱਜਣਾਂ, ਸੰਸਥਾਵਾਂ ਦੇ ਨਾਂ ਨਿਵੇਕਲੀ ਥਾਂ ’ਤੇ ਉੱਘੜਵੇਂ ਅੱਖਰਾਂ ’ਚ ਲਿਖੇ ਦਿਖਾਈ ਦਿੰਦੇ ਸਨ। ਇਨ੍ਹਾਂ ਦਾਨੀ ਸੱਜਣਾਂ ਦੀ ਮਨਸ਼ਾ ਪਰਉਪਕਾਰ ਕਰਨ ਦੇ ਨਾਲ ਨਾਲ ਇਹ ਵੀ ਰਹੀ ਹੋਵੇਗੀ ਕਿ ਉਨ੍ਹਾਂ ਰਾਹੀਂ ਉਨ੍ਹਾਂ ਦੇ ਪਰਿਵਾਰ, ਗੋਤਰ, ਧਰਮ, ਸ਼ਹਿਰ ਆਦਿ ਦੀ ਸਮਾਜ ਨੂੰ ਦੇਣ ਦੁਨੀਆ ਹਮੇਸ਼ਾ ਯਾਦ ਰੱਖੇਗੀ। ਸਰਦਾਰ ਦਿਆਲ ਸਿੰਘ ਮਜੀਠੀਆ ਨੇ ਆਪਣੀ ਨਿੱਜੀ ਜਾਇਦਾਦ ਦਾਨ ਕਰਕੇ ਅਜਿਹੇ ਸੰਸਥਾਨ ਕਾਇਮ ਕੀਤੇ, ਜਿਹੜੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੇ ਯੋਗ ਹਨ ਅਤੇ ਇਸ ਯੋਗਦਾਨ ਨੂੰ ਕਿਸੇ ਵੀ ਤਰ੍ਹਾਂ ਝੁਠਲਾਇਆ ਨਹੀਂ ਜਾ ਸਕਦਾ। ਨਾਂ ਬਦਲਣ ਦੇ ਫ਼ੈਸਲੇ ਭਵਿੱਖ ਦੇ ਦਾਨੀਆਂ ਦੀ ਸੋਚ ’ਤੇ ਅਸਰ ਪਾਉਣਗੇ, ਇੱਕੋ ਸੂਬੇ ਅਤੇ ਇੱਕੋ ਧਰਮ ਦੇ ਮਹਾਨ ਇਤਿਹਾਸਕ ਵਿਰਸਿਆਂ ਨੂੰ ਆਪਸ ’ਚ ਲੜਾਉਣਾ ਨਾ ਤਾਂ ਸਤਿਕਾਰਯੋਗ ਹੈ ਅਤੇ ਨਾ ਹੀ ਜ਼ਰੂਰੀ। ਮੌਜੂਦਾ ਰੁਝਾਨ ਵਾਧਾ ਕਰਨ ਦੀ ਥਾਂ ਕਿਸੇ ਦੀ ਜਗ੍ਹਾ ਲੈਣ ਵੱਲ ਹੈ। ਆਪਣੀ ਸਾਖ ਬਣਾਉਣ ਲਈ ਵਿਰਸਾ ਮਿਟਾਉਣਾ ਵਿਨਾਸ਼ਕਾਰੀ ਹੁੰਦਾ ਹੈ। ਨਵੀਂ ਸਿਰਜਣਾ ਹੀ ਮਨੁੱਖਤਾ ਲਈ ਪਰਉਪਕਾਰੀ ਸਿੱਧ ਹੁੰਦੀ ਹੈ।
ਜਗਰੂਪ ਸਿੰਘ, ਉਭਾਵਾਲ
ਨਫ਼ਰਤ ਹਾਰੀ
3 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਮਦਨ ਬੰਗੜ ਦਾ ਮਿਡਲ ‘ਨਫ਼ਰਤ ਹਾਰੀ ਇਨਸਾਨੀਅਤ ਜਿੱਤੀ’ ਸੱਚਮੁੱਚ ਸਹੀ ਹੈ। ਸਾਲ 2023 ਵਿੱਚ ਜਦੋਂ ਅਸੀਂ ਪਾਕਿਸਤਾਨ ਗਏ ਤਾਂ ਨਨਕਾਣਾ ਸਾਹਿਬ ਵਿਖੇ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਖ਼ਰੀਦਦਿਆਂ ਸ਼ੈਂਪੂ ਲੀਕ ਹੋਣ ਕਾਰਨ ਸਾਰਾ ਸਾਮਾਨ ਲਿੱਬੜ ਗਿਆ। ਗੁੱਸੇ ਵਿੱਚ ਜਦੋਂ ਮੈਂ ਦੁਕਾਨਦਾਰ ਨਾਲ ਲੜਿਆ ਤਾਂ ਉਸ ਨੇ ਨਿਮਰਤਾ ਨਾਲ ਆਖਿਆ, ‘‘ਵੀਰ ਜੀ, ਤੁਸੀਂ ਸਾਡੇ ਮਹਿਮਾਨ ਹੋ, ਦੱਸੋ ਕੀ ਸੇਵਾ ਕਰੀਏ?’’ ਉਸ ਦੇ ਇਸ ਅਪਣੱਤ ਭਰੇ ਵਤੀਰੇ ਨੇ ਮੈਨੂੰ ਹੱਕਾ-ਬੱਕਾ ਕਰ ਦਿੱਤਾ ਅਤੇ ਮੈਂ ਨਵਾਂ ਪਾਊਚ ਲੈਣ ਤੋਂ ਨਾਂਹ ਕਰ ਦਿੱਤੀ। ਇਸੇ ਤਰ੍ਹਾਂ 31 ਜੁਲਾਈ ਦੀ ਸੰਪਾਦਕੀ ਵਿੱਚ ਪੱਤਰਕਾਰ ਮਾਰਕ ਟੱਲੀ ਨੇ ਸਹੀ ਕਿਹਾ ਸੀ ਕਿ ਸ਼ਿਮਲਾ ਵਿੱਚ ਉਸਾਰੀ ਵੇਲੇ ਇਸ ਸੰਵੇਦਨਸ਼ੀਲ ਪਹਾੜੀ ਖੇਤਰ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਗਿਆ, ਕੁਦਰਤੀ ਜੰਗਲਾਂ ਨੂੰ ਤਬਾਹ ਕਰਕੇ ਇਸ ਨੂੰ ‘ਕੰਕਰੀਟ ਜੰਗਲ’ ਬਣਾ ਦਿੱਤਾ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਕੁਝ ਥਾਵਾਂ ’ਤੇ ਉਸਾਰੀ ’ਤੇ ਪਾਬੰਦੀ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਸ਼ਿਮਲਾ ਨੂੰ ਬਦਸੂਰਤ ਬਣਾਉਂਦੀਆਂ ਗ਼ੈਰ-ਕਾਨੂੰਨੀ ਇਮਾਰਤਾਂ ਨੂੰ ਵੀ ਤੁਰੰਤ ਢਾਹਿਆ ਜਾਣਾ ਚਾਹੀਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਕੌਲਿਜੀਅਮ ’ਚ ਪਾਰਦਰਸ਼ਤਾ
2 ਅਗਸਤ ਦੇ ਖ਼ਬਰਨਾਮਾ ਪੰਨੇ ’ਤੇ ਖ਼ਬਰ ‘ਕੌਲਿਜੀਅਮ ਵੱਲੋਂ ਕਾਰਨ ਨਾ ਦੱਸਣਾ ਧੋਖਾ’ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਆਂਇਕ ਨਿਯੁਕਤੀਆਂ ਵਿੱਚ ਕਾਰਨ ਨਾ ਦੱਸੇ ਜਾਣ ਕਾਰਨ ਕਈ ਯੋਗ ਜੱਜ ਤਰੱਕੀ ਤੋਂ ਵਾਂਝੇ ਰਹਿ ਜਾਂਦੇ ਹਨ। ਸੁਪਰੀਮ ਕੋਰਟ ਦੇ ਜੱਜ ਜਸਟਿਸ ਉੱਜਲ ਭੂਈਆਂ ਵੱਲੋਂ ਇੱਕ ਪੈਨਲ ਚਰਚਾ ਦੌਰਾਨ ਕੌਲਿਜੀਅਮ ਪ੍ਰਣਾਲੀ ਬਾਰੇ ਪ੍ਰਗਟਾਏ ਗਏ ਸ਼ੰਕੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜੇਕਰ ਨਿਆਂਇਕ ਨਿਯੁਕਤੀਆਂ ਅਤੇ ਤਰੱਕੀਆਂ ਦੇ ਕਾਰਨ ਸਪੱਸ਼ਟ ਨਾ ਕੀਤੇ ਜਾਣ ਤਾਂ ਮੈਰਿਟ ਦੇ ਆਧਾਰ ’ਤੇ ਨਿਰਪੱਖ ਫ਼ੈਸਲੇ ਕਰਨ ਵਾਲੇ ਯੋਗ ਜੱਜ ਅੱਗੇ ਵਧਣ ਤੋਂ ਵਾਂਝੇ ਰਹਿ ਸਕਦੇ ਹਨ। ਇਸ ਦੇ ਉਲਟ ਅਜਿਹੇ ਵਿਅਕਤੀਆਂ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਬਣ ਜਾਂਦੀ ਹੈ, ਜਿਨ੍ਹਾਂ ਉੱਤੇ ਸੱਤਾਧਾਰੀਆਂ ਦੀ ਇੱਛਾ ਅਨੁਸਾਰ ਫ਼ੈਸਲੇ ਕਰਨ ਦੇ ਦੋਸ਼ ਲੱਗਦੇ ਹਨ। ਇਸ ਤਰ੍ਹਾਂ ਦੀ ਸਥਿਤੀ ਨਿਆਂ ਪ੍ਰਣਾਲੀ ਦੀ ਨਿਰਪੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਪ੍ਰਭਾਵਿਤ ਕਰਦੀ ਹੈ। ਕੌਲਿਜੀਅਮ ਨੂੰ ਚਾਹੀਦਾ ਹੈ ਕਿ ਨਿਆਂਇਕ ਨਿਯੁਕਤੀਆਂ ਅਤੇ ਤਰੱਕੀਆਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
‘ਅਧੂਰਾ’ ਕਾਮਿਲ
ਇਕ ਅਗਸਤ ਦੇ ‘ਸਤਰੰਗ’ ਪੰਨੇ ’ਤੇ ਗੀਤਕਾਰ ਇਰਸ਼ਾਦ ਕਾਮਿਲ ਬਾਰੇ ਬਲਵਿੰਦਰ ਕੌਰ ਦਾ ਲੇਖ ਬੇਹੱਦ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਲੱਗਿਆ। ਮਾਲੇਰਕੋਟਲਾ ਦੀ ਧਰਤੀ ਤੋਂ ਉੱਠ ਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਹਿੰਦੀ ਭਾਸ਼ਾ ਵਿੱਚ ਪੀਐੱਚ ਡੀ ਕਰਨ ਉਪਰੰਤ ਪੱਤਰਕਾਰੀ ਦੇ ਰਸਤੇ ਬਾਲੀਵੁੱਡ ਦੇ ਸਿਖ਼ਰਲੇ ਗੀਤਕਾਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਤੱਕ ਦਾ ਉਨ੍ਹਾਂ ਦਾ ਸਫ਼ਰ ਇਸ ਗੱਲ ਦਾ ਸਬੂਤ ਹੈ ਕਿ ਪ੍ਰਤਿਭਾ, ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ। ਬੇਮਿਸਾਲ ਸਫ਼ਲਤਾ ਦੇ ਬਾਵਜੂਦ ਆਪਣੇ ਆਪ ਨੂੰ ‘ਕਾਮਿਲ’ ਨਹੀਂ, ਸਗੋਂ ਅਜੇ ਵੀ ‘ਅਧੂਰਾ’ ਮੰਨਣਾ ਉਨ੍ਹਾਂ ਦੇ ਸਿਰਜਣਾਤਮਕ ਸੁਭਾਅ ਅਤੇ ਨਿਰੰਤਰ ਸਿੱਖਦੇ ਰਹਿਣ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦਾ ਇਹ ਵਿਚਾਰ ‘ਬਤੌਰ ਗੀਤਕਾਰ, ਹਰ ਵਾਰ ਨਵਾਂ ਗੀਤ ਲਿਖਣ ਸਮੇਂ ਇੱਕ ਨਵੇਂ ਇਮਤਿਹਾਨ ਵਿੱਚ ਬੈਠਣਾ ਪੈਂਦਾ ਹੈ, ਜਿਸ ਦਾ ਨਤੀਜਾ ਦੂਜਿਆਂ ਦੇ ਹੱਥ ਹੁੰਦਾ ਹੈ’, ਹਰ ਲੇਖਕ ਅਤੇ ਕਲਾਕਾਰ ਲਈ ਪ੍ਰੇਰਨਾ ਦਾ ਸਰੋਤ ਹੈ। ਆਸ ਹੈ ਕਿ ਇਰਸ਼ਾਦ ਕਾਮਿਲ ਆਪਣੀ ਸਿਰਜਣਾਤਮਕ ਕਲਮ ਰਾਹੀਂ ਹਿੰਦੀ ਸਿਨੇਮਾ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸੰਵੇਦਨਾ ਦੀ ਮਹਿਕ ਨੂੰ ਇਵੇਂ ਹੀ ਦੇਸ਼-ਵਿਦੇਸ਼ ਵਿੱਚ ਬਿਖੇਰਦੇ ਰਹਿਣਗੇ।
ਡਾ. ਮੋਹਨ ਬੇਗੋਵਾਲ, ਅੰਮ੍ਰਿਤਸਰ
ਊਧਮ ਸਿੰਘ ਦੀ ਕੁਰਬਾਨੀ
31 ਜੁਲਾਈ ਦੇ ਅੰਕ ’ਚ ਡਾ. ਹਰਗੁਣਪ੍ਰੀਤ ਸਿੰਘ ਦਾ ਲੇਖ ਪੜ੍ਹ ਕੇ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਸਿਜਦਾ ਕੀਤਾ। ਉਸ ਦਾ ‘ਉਰਫ਼ ਨਾਂ’ ਹੀ ਸਾਡੇ ਲਈ ਇੱਕ ਅਜਿਹਾ ਸੰਦੇਸ਼ ਹੈ ਜਿਸ ਨਾਲ ਭਾਰਤ ਧਾਰਮਿਕ ਜਿੱਲ੍ਹਣ ਵਿੱਚੋਂ ਨਿਕਲ ਸਕਦਾ ਹੈ। 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਵਿੱਚ ਡਾਇਰ ਅਤੇ ਓਡਵਾਇਰ ਵੱਲੋਂ ਨਿਹੱਥੇ ਲੋਕਾਂ ਉੱਤੇ ਚਲਾਈਆਂ ਗੋਲੀਆਂ ਦਾ ਬਦਲਾ ਉਸ ਨੇ 13 ਮਾਰਚ 1940 ਨੂੰ ਇੰਗਲੈਂਡ ਵਿੱਚ ਕੈਕਸਟਨ ਹਾਲ ਵਿੱਚ ਓਡਵਾਇਰ ਨੂੰ ਗੋਲੀ ਮਾਰ ਕੇ ਲਿਆ। ਪੂਰੇ 20 ਸਾਲ 11 ਮਹੀਨੇ ਉਸ ਨੇ ਬਦਲੇ ਦੀ ਅੱਗ ਆਪਣੇ ਸੀਨੇ ਵਿੱਚ ਪਾਲੀ ਰੱਖੀ ਜਿਹੜੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਜਨਰਲ ਡਾਇਰ ਤਾਂ ਅਧਰੰਗ ਨਾਲ ਪਹਿਲਾਂ ਹੀ 23 ਜੁਲਾਈ 1927 ਨੂੰ ਮਰ ਚੁੱਕਿਆ ਸੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਇਸ ਬਦਲੇ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਜਿਹੜੀ ਸਾਡੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਗਏ ਸੰਘਰਸ਼ ਦੀ ਇੱਕ ਮਿਸਾਲ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

