DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠਕਾਂ ਦੇ ਖ਼ਤ: ਜੀ ਡੀ ਪੀ ਵਿੱਚ ਵਾਧਾ

4 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਭਾਰਤ ਦੀ ਵਿਕਾਸ ਦਰ ’ਤੇ ਤਾਜ਼ਾ ਵਿਵਾਦ’ ਵਿੱਚ ਸਹੀ ਕਿਹਾ ਹੈ ਕਿ ਜੀ ਡੀ ਪੀ ਵਾਧਾ ਸਿਰਫ਼ ਉੱਪਰਲੇ ਵਰਗ ਜਾਂ ਵੱਡੀਆਂ ਕੰਪਨੀਆਂ ਤੱਕ ਸੀਮਤ ਰਹਿੰਦਾ ਹੈ ਪਰ ਆਮ...

  • fb
  • twitter
  • whatsapp
  • whatsapp
Advertisement

4 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਭਾਰਤ ਦੀ ਵਿਕਾਸ ਦਰ ’ਤੇ ਤਾਜ਼ਾ ਵਿਵਾਦ’ ਵਿੱਚ ਸਹੀ ਕਿਹਾ ਹੈ ਕਿ ਜੀ ਡੀ ਪੀ ਵਾਧਾ ਸਿਰਫ਼ ਉੱਪਰਲੇ ਵਰਗ ਜਾਂ ਵੱਡੀਆਂ ਕੰਪਨੀਆਂ ਤੱਕ ਸੀਮਤ ਰਹਿੰਦਾ ਹੈ ਪਰ ਆਮ ਲੋਕਾਂ ਨੂੰ ਉਸ ਦਾ ਲਾਭ ਘੱਟ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਅਗਸਤ ਦੇ ਭਾਸ਼ਣ ਸਮੇਂ ਵਿਰੋਧੀਆਂ ਨੂੰ ‘ਦਿਮਾਗੀ ਨਕਸਲ’ ਕਹਿਣਾ ਤੇ ਇਸ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਕਰਨਾ ਅਤੇ ਅਰਵਿੰਦ ਕੇਜਰੀਵਾਲ ਦਾ ਆਪਣੇ-ਆਪ ਨੂੰ ‘ਦਿਮਾਗੀ ਨਕਸਲ’ ਹੋਣ ਦਾ ਦਾਅਵਾ ਕਰਨਾ ਦਲੇਰਾਨਾ ਕੰਮ ਹੈ।

ਪ੍ਰਿੰ. ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)

Advertisement

ਏ ਆਈ ਤਕਨਾਲੋਜੀ

10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਏ ਆਈ ਅਤੇ ਮਨੁੱਖੀ ਹੋਂਦ ਨੂੰ ਖ਼ਤਰਾ’ ਇੱਕ ਬਹੁਤ ਗੰਭੀਰ ਸਵਾਲ ਵੱਲ ਧਿਆਨ ਦਿਵਾਉਂਦੀ ਹੈ। ਕੀ ਮਨੁੱਖ ਆਪਣੀ ਬਣਾਈ ਤਕਨਾਲੋਜੀ ਦੀਆਂ ਹੱਦਾਂ ਤੈਅ ਕਰਨ ਦੀ ਸਮਰੱਥਾ ਹੀ ਗੁਆ ਰਿਹਾ ਹੈ? ਏ ਆਈ ਗਿਆਨ, ਸਿੱਖਿਆ ਅਤੇ ਰਚਨਾਤਮਕਤਾ ਲਈ ਵੱਡੀ ਸਹਾਇਕ ਬਣ ਸਕਦੀ ਹੈ, ਪਰ ਖ਼ਤਰਾ ਉਸ ਵੇਲੇ ਪੈਦਾ ਹੁੰਦਾ ਹੈ, ਜਦੋਂ ਇਹ ਮਨੁੱਖੀ ਸੋਚ ਨੂੰ ਚੁਣੌਤੀ ਦੇਣ ਦੀ ਥਾਂ ਸਾਡੀ ਹਰ ਗੱਲ ਨਾਲ ਸਹਿਮਤ ਹੋਣ ਲੱਗੇ। ਜੇ ਮਸ਼ੀਨ ਸਾਡੀਆਂ ਧਾਰਨਾਵਾਂ, ਪੱਖਪਾਤਾਂ ਅਤੇ ਗ਼ਲਤੀਆਂ ਨੂੰ ਹੀ ਸੁੰਦਰ ਸ਼ਬਦਾਂ ਵਿੱਚ ਵਾਪਸ ਸਾਨੂੰ ਸੁਣਾਉਂਦੀ ਰਹੇ ਤਾਂ ਇਹ ਗਿਆਨ ਦੀ ਥਾਂ ਆਤਮ-ਵਿਸ਼ਵਾਸ ਦਾ ਭਰਮ ਪੈਦਾ ਕਰ ਸਕਦੀ ਹੈ। ਇਸ ਲਈ ਏ ਆਈ ਦੀ ਦੌੜ ਵਿੱਚ ਮਨੁੱਖੀ ਵਿਵੇਕ ਪਿੱਛੇ ਨਹੀਂ ਰਹਿਣਾ ਚਾਹੀਦਾ। ਬੱਚਿਆਂ ਅਤੇ ਨੌਜਵਾਨਾਂ ਨੂੰ ਪਹਿਲਾਂ ਪੜ੍ਹਨ, ਲਿਖਣ, ਸੋਚਣ, ਸਵਾਲ ਕਰਨ, ਅਸਹਿਮਤੀ ਰੱਖਣ ਤੇ ਸਹਿਣ ਅਤੇ ਆਪਣੇ ਨਿਰਣੇ ਲੈਣ ਦੀ ਸਮਰੱਥਾ ਦੇਣੀ ਜ਼ਰੂਰੀ ਹੈ। ਏ ਆਈ ਨੂੰ ਸਹਾਇਕ ਬਣਾਈਏ, ਫ਼ੈਸਲਾ ਕਰਨ ਵਾਲਾ ਨਹੀਂ; ਸਵਾਲ ਪੁੱਛਣ ਵਾਲਾ ਬਣਾਈਏ, ਸਿਰਫ਼ ਸਾਡੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਨਹੀਂ। ਆਖ਼ਰਕਾਰ, ਮਸ਼ੀਨ ਦੀ ਬੁੱਧੀ ਜਿੰਨੀ ਵੀ ਵਧ ਜਾਵੇ, ਮਨੁੱਖੀ ਵਿਵੇਕ ਨੂੰ ਉਸ ਤੋਂ ਅੱਗੇ ਰਹਿਣਾ ਹੀ ਪਵੇਗਾ।

Advertisement

ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ

ਪਾਸ਼ ਦੀ ਵਿਚਾਰਧਾਰਾ

9 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਸੂਹੇ ਸੁਪਨਿਆਂ ਦਾ ਸੂਰਜ’ ਪੜ੍ਹਿਆ ਜੋ ਇਨਕਲਾਬੀ ਕਵੀ ਪਾਸ਼ ਸਬੰਧੀ ਸੀ। ਪਾਸ਼ ਕਿਰਤੀ ਪੱਖੀ ਵਿਚਾਰਧਾਰਾ ਦਾ ਕਵੀ ਸੀ। ਪਾਸ਼ ਜਦੋਂ ਆਪਣੇ ਖੇਤ ਦੀ ਬੰਬੀ ’ਤੇ ਆਪਣੇ ਮਿੱਤਰ ਹੰਸਰਾਜ ਨਾਲ ਬੈਠਾ ਸੀ, ਉਦੋਂ ਗੋਲੀਆਂ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ ਸੀ। ਉਹ ਲੋਕ, ਜਿਨ੍ਹਾਂ ਨੂੰ ਪਾਸ਼ ਦੀ ਵਿਚਾਰਧਾਰਾ ਪਸੰਦ ਨਹੀਂ ਸੀ, ਨੇ ਉਸ ਨੂੰ ਸਰੀਰਕ ਤੌਰ ’ਤੇ ਭਾਵੇਂ ਖ਼ਤਮ ਕਰ ਦਿੱਤਾ, ਪ੍ਰੰਤੂ ਉਸ ਦੀ ਸੋਚ ਅੱਜ ਵੀ ਜਿਊਂਦੀ ਹੈ ਤੇ ਹਮੇਸ਼ਾ ਜਿਊਂਦੀ ਰਹੇਗੀ। ਅੱਜ ਵੀ ਪਾਸ਼ ਦੀਆਂ ਕਵਿਤਾਵਾਂ ਅਤੇ ਗੀਤ ਕਾਲਜਾਂ, ਯੂਨੀਵਰਸਿਟੀਆਂ ਤੇ ਰੰਗ ਮੰਚ ਕਲਾਕਾਰਾਂ ਵੱਲੋਂ ਗਾਏ ਜਾਂਦੇ ਹਨ।

ਬਲਬੀਰ ਸਿੰਘ ਦਿਲਦਾਰ, ਪਟਿਆਲਾ

ਸ਼ਲਾਘਾਯੋਗ ਕਦਮ

ਫ਼ਰੀਦਕੋਟ ਦੀ ਬਾਬਾ ਫ਼ਰੀਦ ਧਾਰਮਿਕ ਸੁਸਾਇਟੀ ਦੁਆਰਾ ਨੀਟ ਪਾਸ ਵਿਦਿਆਰਥੀਆਂ ਦੀ ਫ਼ੀਸ ਭਰਨਾ ਸ਼ਲਾਘਾਯੋਗ ਕਦਮ ਹੈ। ਸੁਸਾਇਟੀ ਨੂੰ ਬੇਨਤੀ ਹੈ ਕਿ ਸਰਕਾਰੀ ਕਾਲਜ ਵਿੱਚ ਐੱਮ ਬੀ ਬੀ ਐੱਸ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਪ੍ਰਾਈਵੇਟ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਵਾਲੇ ਬਾਕੀ ਵਿਦਿਆਰਥੀਆਂ ਦੀ ਫ਼ੀਸ ਭਰਨ ਦਾ ਵੀ ਉੱਦਮ ਕਰੇ। ਇਹ ਵਿਦਿਆਰਥੀ ਬਹੁਤ ਲੋੜਵੰਦ ਹਨ। ਹੋਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਵੀ ਇਸ ਨੇਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਵਿਦਿਆਰਥੀ ਡਾਕਟਰ ਬਣ ਕੇ ਸਮਾਜ ਦੀ ਦਿਲੋਂ ਸੇਵਾ ਕਰਨਗੇ। ਇਹ ਬਹੁਤ ਪਰਉਪਕਾਰੀ ਕਾਰਜ ਹੈ। ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅੱਗੇ ਹੋ ਕੇ ਇਨ੍ਹਾਂ ਹੋਣਹਾਰ ਡਾਕਟਰਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਸਪਿੰਦਰ ਸਿੰਘ, ਸਰਹਿੰਦ

ਸ਼ੁੱਧੀਕਰਨ ਵਿਵਾਦ

01 ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਸ਼ੁੱਧੀਕਰਨ ਵਿਵਾਦ: ਕਾਂਗਰਸ ਤੇ ਭਾਜਪਾ ਆਹਮੋ-ਸਾਹਮਣੇ’ ਪੜ੍ਹ ਕੇ ਇਹ ਮਾਮਲਾ ਬੇਹੱਦ ਚਿੰਤਾਜਨਕ ਜਾਪਿਆ। ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਸ਼ੁੱਧੀਕਰਨ ਨੇ ਸਮਾਜਿਕ ਬਰਾਬਰੀ ਅਤੇ ਜਾਤੀਵਾਦ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜੇਕਰ ਕਿਸੇ ਵਿਸ਼ੇਸ਼ ਵਰਗ ਨਾਲ ਸਬੰਧਿਤ ਆਗੂ ਦੀ ਰੈਲੀ ਤੋਂ ਬਾਅਦ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਉਲਟ ਇਸ ਮਾਮਲੇ ’ਤੇ ਆਵਾਜ਼ ਉਠਾਉਣ ਵਾਲੇ ਆਗੂਆਂ ਖ਼ਿਲਾਫ਼ ਮਾਮਲੇ ਦਰਜ ਹੋਣ ਨਾਲ ਲੋਕਾਂ ਵਿੱਚ ਸਵਾਲ ਪੈਦਾ ਹੋਣੇ ਸੁਭਾਵਿਕ ਹਨ। ਜਾਤੀ ਜਾਂ ਸਮਾਜਿਕ ਪਛਾਣ ਦੇ ਆਧਾਰ ’ਤੇ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਸਾਰੇ ਨਾਗਰਿਕਾਂ ਲਈ ਬਰਾਬਰੀ ਅਤੇ ਕਾਨੂੰਨ ਦੀ ਸਮਾਨਤਾ ਯਕੀਨੀ ਬਣਾਉਣਾ ਲੋਕਤੰਤਰ ਦੀ ਮੁੱਢਲੀ ਜ਼ਿੰਮੇਵਾਰੀ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)

ਸੁਪਨੇ ਹੋਏ ਢਹਿ-ਢੇਰੀ

01 ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਫ਼ੀਸ ਅੱਗੇ ਢਹਿ-ਢੇਰੀ ਹੋਏ ਸੁਪਨੇ’ ਪ੍ਰੇਸ਼ਾਨ ਕਰਨ ਵਾਲੀ ਹੈ। ਗ਼ੈਰ-ਸਰਕਾਰੀ ਸੰਸਥਾਵਾਂ, ਬੈਂਕਾਂ ਅਤੇ ਸਰਕਾਰ ਨੂੰ ਕਰਜ਼ੇ ਦੇ ਰੂਪ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਕਰਜ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਹ ਵਿਦਿਆਰਥੀ ਰੁਜ਼ਗਾਰ ਹਾਸਲ ਕਰਨ ਉਪਰੰਤ ਆਪਣੇ ਦੇਸ਼ ਅਤੇ ਸਮਾਜ ਨੂੰ ਸਮਰਪਿਤ ਹੋ ਸਕਣ। ਗੁਰਮੇਲ ਸਿੰਘ ਗਿੱਲ ਦੇ ਭਾਈ ਜੈਤਾ ਜੀ ਦੀ ਅਥਾਹ ਦਲੇਰੀ ਬਾਰੇ ਲੇਖ ਦੇ ਅੰਤ ਵਿੱਚ ਇਨ੍ਹਾਂ ਨੂੰ ਸਮਰਪਿਤ ਦੁੱਖ ਭੰਜਨੀ ਬੇਰੀ ਕੋਲ ‘ਬੁੰਗਾ ਰੰਘਰੇਟਾ’ ਢਾਹਿਆ ਜਾਣਾ ਚੀਸ ਦਿੰਦਾ ਹੈ। ਇਸ ਤੋਂ ਇਲਾਵਾ ਖ਼ਬਰ ‘ਲਹਿੰਦੇ ਪੰਜਾਬ ’ਚ ਸਦੀ ਪੁਰਾਣਾ ਮੰਦਰ ਢਾਹਿਆ’ ਪੜ੍ਹ ਕੇ ਸੂਫ਼ੀ ਸ਼ਾਇਰ ਬੁੱਲ੍ਹੇ ਸ਼ਾਹ ਦਾ ਕਾਵਿ ਟੋਟਾ ਯਾਦ ਆਇਆ ‘ਮੰਦਰ ਢਾਹ ਦੇ ਮਸਜਿਦ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ/ਇੱਕ ਕਿਸੇ ਦਾ ਦਿਲ ਨਾ ਢਾਹਵੀਂ ਰੱਬ ਦਿਲਾਂ ਵਿੱਚ ਰਹਿੰਦਾ’। ਜਦੋਂ ਕੋਈ ਇਨ੍ਹਾਂ ਨੂੰ ਢਾਹੁੰਦਾ ਹੈ ਤਾਂ ਦੁੱਖ ਤਾਂ ਹੋਵੇਗਾ ਹੀ। ਸੂਫ਼ੀ ਵਿਚਾਰਧਾਰਾ ਆਤਮਾ ਦੀ ਖੇਡ ਦੀ ਗੱਲ ਕਰਦੀ ਹੈ। ਮੰਦਰ ਦਾ ਮੂਲ ਸੰਸਕ੍ਰਿਤ ਸ਼ਬਦ ‘ਮੰਦ’ ਹੈ, ਜਿਸ ਦਾ ਅਰਥ ਹੈ ਆਨੰਦਤ ਹੋਣਾ, ਪ੍ਰਸੰਨ ਹੋਣਾ। ਇਸ ਤਰ੍ਹਾਂ ਮੰਦਰ ਦਾ ਅਰਥ ਹੈ, ਉਹ ਸਥਾਨ ਜਿੱਥੇ ਜਾ ਕੇ ਮਨ ਰੋਸ਼ਨ ਅਤੇ ਆਨੰਦਤ ਹੁੰਦਾ ਹੈ। ਮੰਦਰ ਦੇ ਪਰੰਪਰਾਗਤ ਅਰਥ ਨਿਵਾਸ ਅਸਥਾਨ ਹਨ, ਜਿੱਥੇ ਪ੍ਰਮਾਤਮਾ ਵੱਸਦਾ ਹੈ। ਮੰਦਰ ਦੇ ਇਹ ਵੀ ਅਰਥ ਬਣਦੇ ਹਨ ਕਿ ਉਹ ਥਾਂ ਜਿੱਥੇ ਜਾ ਕੇ ਮਨ ਆਪਣੀ ਚੰਚਲਤਾ ਨੂੰ ਦੂਰ ਕਰਦਾ ਹੈ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਸਰਕਾਰੀ ਸਕੂਲਾਂ ਦਾ ਦਾਇਰਾ

ਪਹਿਲੀ ਸਤੰਬਰ ਦੇ ਨਜ਼ਰੀਆ ਪੰਨੇ ’ਤੇ ਹਰਵਿੰਦਰ ਸਿੰਘ ਦਾ ਲੇਖ ‘ਸਰਕਾਰੀ ਸਕੂਲਾਂ ਦਾ ਸੁੰਗੜਦਾ ਦਾਇਰਾ’ ਪੜ੍ਹ ਕੇ ਮਨ ਨੂੰ ਠੇਸ ਪਹੁੰਚੀ। ਇਸ ਵਿੱਚ ਭਾਰਤੀ ਸਿੱਖਿਆ ਪ੍ਰਣਾਲੀ ’ਚ ਲਗਾਤਾਰ ਆ ਰਹੀ ਗਿਰਾਵਟ ਦੀ ਚਰਚਾ ਕੀਤੀ ਗਈ ਹੈ। ਦੇਸ਼ ਵਿੱਚ 2014 ਤੋਂ ਲੈ ਕੇ ਹੁਣ ਤੱਕ 90,000 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹਨ। ਅਧਿਆਪਕਾਂ ਦੀਆਂ ਲੱਖਾਂ ਅਸਾਮੀਆਂ ਖਾਲੀ ਹਨ ਅਤੇ ਕਰੋੜਾਂ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਝੱਲ ਰਹੇ ਹਨ। ਪ੍ਰਾਇਮਰੀ ਅਤੇ ਹਾਈ ਸਕੂਲਾਂ ਦੀਆਂ ਇਮਰਤਾਂ ਖੰਡਰ ਬਣੀਆਂ ਹੋਈਆਂ ਹਨ। ਸਹਿਜੇ-ਸਹਿਜੇ ਦੇਸ਼ ਵਿੱਚ ਲਾਜ਼ਮੀ ਸਿੱਖਿਆ ਅਧਿਕਾਰਾਂ ਦੀ ਮੌਤ ਹੋ ਰਹੀ ਹੈ। ਇਹ ਸਭ ਮੌਜੂਦਾ ਸਰਕਾਰਾਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰ ਰਹੀਆਂ ਹਨ। ਸਰਕਾਰ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਮੋਟੀਆਂ-ਗ੍ਰਾਂਟਾਂ ਦੇ ਗੱਫੇ ਦੇ ਰਹੀ ਹੈ ਅਤੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੁਲਾਜ਼ਮ ਤਨਖ਼ਾਹਾਂ ਨੂੰ ਤਰਸ ਰਹੇ ਹਨ। ਕਲਾਸਾਂ ਵਿੱਚ ਅਧਿਆਪਕ ਨਹੀਂ ਹਨ, ਉਨ੍ਹਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਡਿਊਟੀਆਂ ’ਤੇ ਲਾਇਆ ਹੋਇਆ ਹੈ।

ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)

ਸੁਪਨਿਆਂ ਦੀ ਦੁਨੀਆ

2 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਅਮਰੀਕ ਸਿੰਘ ਦਿਆਲ ਦਾ ਲੇਖ ‘ਸੁਪਨਿਆਂ ਦੀ ਦੁਨੀਆ’ ਪੜ੍ਹਦਿਆਂ ਪਾਠਕ ਦਾ ਆਪਣੇ ਬਚਪਨ ਦੇ ਘਰ ਨਾਲ ਜੁੜੀਆਂ ਯਾਦਾਂ ਵਿੱਚ ਗੁਆਚ ਜਾਣਾ ਸੁਭਾਵਿਕ ਹੈ। ਘਰ ਦੀ ਪਛਾਣ ਨੂੰ ਕੱਚੇ ਜਾਂ ਪੱਕੇ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਇਹ ਰਚਨਾ ਧੁਰ ਅੰਦਰ ਤੱਕ ਲਹਿ ਗਈ। ਜ਼ਿੰਦਗੀ ਵਿੱਚ ਤਰੱਕੀ ਦੇ ਸਿਖ਼ਰ ’ਤੇ ਪਹੁੰਚ ਕੇ ਵੀ ਆਪਣੀ ਜਨਮ-ਭੂਮੀ ਤੇ ਆਪਣੇ ਸ਼ੁਰੂਆਤੀ ਦਿਨਾਂ ਦਾ ਸੁਪਨਿਆਂ ਵਿੱਚ ਆਉਣਾ ਲੇਖਕ ਦੇ ਭਾਵਨਾਤਮਕ ਪੱਖ ਨੂੰ ਹੀ ਨਹੀਂ ਉਜਾਗਰ ਕਰਦਾ ਸਗੋਂ ਉਸ ਦੇ ਹੰਕਾਰ ਤੋਂ ਕੋਹਾਂ ਦੂਰ, ਆਪਣੀਆਂ ਜੜ੍ਹਾਂ ਨਾਲ ਜੁੜੇ ਇੱਕ ਸੰਵੇਦਨਸ਼ੀਲ ਇਨਸਾਨ ਹੋਣ ਦੀ ਗਵਾਹੀ ਵੀ ਭਰਦਾ ਹੈ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

Advertisement
×