ਪਾਠਕਾਂ ਦੇ ਖ਼ਤ: ਸਹਿਕਾਰੀ ਸੰਸਥਾਵਾਂ
9 ਅਕਤੂਬਰ ਦੇ ‘ਨਜ਼ਰੀਆ’ ਪੰਨੇ ’ਤੇ ਸਤਨਾਮ ਸਿੰਘ ਸੰਧੂ ਦੇ ਲੇਖ ‘ਸਹਿਕਾਰੀ ਸੰਸਥਾਵਾਂ ’ਚ ਸੁਧਾਰ ਲੋੜੀਂਦਾ’ ਵਿੱਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਿਤ ਸਮੱਸਿਆਵਾਂ ’ਤੇ ਵਧੀਆ ਤਰੀਕੇ ਨਾਲ ਚਾਨਣ ਪਾਇਆ ਗਿਆ ਹੈ। ਸੰਸਾਰ ਵਿੱਚ ਤਰੱਕੀ ਕਰਨ ਅਤੇ ਸਾਰਿਆਂ ਨੂੰ ਬਰਾਬਰੀ ਦਾ ਹੱਕ...
9 ਅਕਤੂਬਰ ਦੇ ‘ਨਜ਼ਰੀਆ’ ਪੰਨੇ ’ਤੇ ਸਤਨਾਮ ਸਿੰਘ ਸੰਧੂ ਦੇ ਲੇਖ ‘ਸਹਿਕਾਰੀ ਸੰਸਥਾਵਾਂ ’ਚ ਸੁਧਾਰ ਲੋੜੀਂਦਾ’ ਵਿੱਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਿਤ ਸਮੱਸਿਆਵਾਂ ’ਤੇ ਵਧੀਆ ਤਰੀਕੇ ਨਾਲ ਚਾਨਣ ਪਾਇਆ ਗਿਆ ਹੈ। ਸੰਸਾਰ ਵਿੱਚ ਤਰੱਕੀ ਕਰਨ ਅਤੇ ਸਾਰਿਆਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਸਹਿਕਾਰਤਾ ਬਹੁਤ ਵਧੀਆ ਤਰੀਕਾ ਹੈ। ਸਹਿਕਾਰੀ ਸੰਸਥਾਵਾਂ ਦਾ ਕੰਮ ਸੁਚਾਰੂ ਰੂਪ ’ਚ ਚਲਾਉਣ ਲਈ ਸਮੇਂ ਉੱਤੇ ਇਨ੍ਹਾਂ ਦਾ ਆਡਿਟ ਹੋਣਾ ਚਾਹੀਦਾ ਹੈ। ਇਨ੍ਹਾਂ ਸੰਸਥਾਵਾਂ ਨੂੰ ਸਿਆਸੀ ਅਤੇ ਬੇਲੋੜੇ ਦਬਾਵਾਂ ਤੋਂ ਬਚਾਉਣ ਦੀ ਬਹੁਤ ਲੋੜ ਹੈ। ਸਹਿਕਾਰੀ ਸੰਸਥਾਵਾਂ ਵਿੱਚ ਸੁਧਾਰਾਂ ਦੀ ਬਹੁਤ ਲੋੜ ਹੈ ਤਾਂ ਕਿ ਹਰ ਨਾਗਰਿਕ ਇਨ੍ਹਾਂ ਦਾ ਲਾਭ ਲੈ ਸਕੇ। ਸਹਿਕਾਰੀ ਸੰਸਥਾਵਾਂ ਵਿੱਚ ਡਿਜੀਟਲ ਤੇ ਪੇਸ਼ੇਵਰ ਪ੍ਰਬੰਧਨ, ਵੰਨ-ਸੁਵੰਨੇ ਕਾਰੋਬਾਰੀ ਮਾਡਲ, ਵਿੱਤੀ ਅਨੁਸ਼ਾਸਨ, ਤਕਨੀਕੀ ਸਿਖਲਾਈ, ਸਰਕਾਰੀ ਸਹਿਯੋਗ ਆਦਿ ਦੀ ਵੀ ਬਹੁਤ ਲੋੜ ਹੈ।
ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)
ਸਹੂਲਤਾਂ ਤੋਂ ਵਾਂਝਾ ਭਾਈਚਾਰਾ
10 ਅਕਤੂਬਰ ਦੇ ‘ਨਜ਼ਰੀਆ’ ਪੰਨੇ ’ਤੇ ਅਪਰਨਾ ਵੈਦਿਕ ਦੇ ਲੇਖ ‘ਪੰਜਾਬ ਦੇ ਅਦਿੱਖ ਐੱਸ ਸੀ ਭਾਈਚਾਰੇ’ ਵਿੱਚ ਪੰਜਾਬ ਦੇ ਦੱਬੇ-ਕੁਚਲੇ ਵਰਗ ਦੀਆਂ ਮੁਸ਼ਕਿਲਾਂ ਨੂੰ ਉਜਾਗਰ ਕੀਤਾ ਗਿਆ ਹੈ। ਲੇਖਕਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਨ੍ਹਾਂ ਦੀ ਗਿਣਤੀ ਭਾਵੇਂ ਦੇਸ਼ ਵਿੱਚ ਸਭ ਤੋਂ ਵੱਧ ਹੈ, ਪਰ ਇਹ ਵਰਗ ਹੁਣ ਤੱਕ ਸਹੂਲਤਾਂ ਤੋਂ ਵਾਂਝਾ ਹੈ। ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਘੁਮੰਤੂ ਭਾਈਚਾਰੇ ਦੀ ਭਾਗੀਦਾਰੀ ਹੋਣ ਦੇ ਬਾਵਜੂਦ ਇਨ੍ਹਾਂ ’ਤੇ ਲੱਗਣ ਵਾਲੇ ਅਪਰਾਧਿਕ ਦੋਸ਼ ਲੋਕਾਂ ਦੇ ਮਨਾਂ ਵਿੱਚ ਇਸ ਭਾਈਚਾਰੇ ਪ੍ਰਤੀ ਵਿਰੋਧੀ ਭਾਵਨਾ ਭਰਦੇ ਹਨ। ਇਸੇ ਤਰ੍ਹਾਂ ਆਜ਼ਾਦ ਦੇਸ਼ ਵਿੱਚ ਉਨ੍ਹਾਂ ਵੱਲੋਂ ਆਪਣੇ ਮਾਣ-ਸਨਮਾਨ ਦੀ ਬਹਾਲੀ ਲਈ ਕੀਤੇ ਸੰਘਰਸ਼ ਵੀ ਬਾਰੇ ਜਾਣਕਾਰੀ ਮਿਲੀ ਹੈ। ਇਨ੍ਹਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਤੇ ਜਾਤੀ ਸਬੰਧੀ ਸਰਟੀਫਿਕੇਟ ਬਾਰੇ ਵੀ ਲੇਖ ਰਾਹੀਂ ਚਾਨਣਾ ਪਾਉਣ ਦਾ ਯਤਨ ਕੀਤਾ ਗਿਆ ਹੈ। ਕੁਝ ਨਵੇਂ ਸ਼ਬਦਾਂ ਦਾ ਜ਼ਿਕਰ ਕਰ ਕੇ ਪਾਠਕਾਂ ਦੇ ਸ਼ਬਦ ਗਿਆਨ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸੇ ਲੜੀ ਵਿੱਚ ਬਲਦੇਵ ਬਾਬਾ ਦਾ ਮਿਡਲ ‘ਅਨਮੋਲ ਅਸੀਸ’ ਬਾਕਮਾਲ ਹੈ, ਜਿਸ ਵਿੱਚ ਉਨ੍ਹਾਂ ਨੇ ਬਜ਼ੁਰਗਾਂ ਦਾ ਸਤਿਕਾਰ ਕਰਨ ਬਦਲੇ ਮਿਲੇ ਪਿਆਰ ਦਾ ਜ਼ਿਕਰ ਕੀਤਾ ਹੈ।
ਮਨਮੋਹਨ ਸਿੰਘ ਨਾਭਾ
ਕੁਦਰਤ ਨਾਲ ਖਿਲਵਾੜ
ਮਨੁੱਖ ਆਪਣੇ ਅਖੌਤੀ ਵਿਕਾਸ ਦੀ ਅੰਨ੍ਹੀ ਦੌੜ ਵਿੱਚ ਕੁਦਰਤੀ ਸਾਧਨਾਂ ਦਾ ਬੇਦਰਦੀ ਨਾਲ ਉਜਾੜਾ ਕਰ ਰਿਹਾ ਹੈ। ਤਾਪਮਾਨ ਦਾ 45 ਤੋਂ 46.9 ਡਿਗਰੀ ਤੱਕ ਪਹੁੰਚਣਾ ਬਹੁਤ ਹੀ ਚਿੰਤਾਜਨਕ ਹੈ। ਇਸ ਤਪਸ਼ ਕਾਰਨ ਜਿੱਥੇ ਫ਼ਸਲਾਂ ’ਤੇ ਮਾੜਾ ਅਸਰ ਪੈਂਦਾ ਹੈ, ਉੱਥੇ ਹੀ ਮਨੁੱਖੀ ਸਿਹਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਤਾਂ ਹਜ਼ਾਰਾਂ ਦੋਸਤ ਬਣਾ ਰਹੀ ਹੈ, ਪਰ ਸਾਡੇ ਸਭ ਤੋਂ ਸੱਚੇ ਅਤੇ ਨਿਸਵਾਰਥ ਦੋਸਤ ‘ਰੁੱਖਾਂ’ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਕੋਲੇ, ਪੈਟਰੋਲ ਦੀ ਵਰਤੋਂ ਘਟਾ ਕੇ ਸੂਰਜੀ ਊਰਜਾ ਦੇ ਬਦਲ ਨੂੰ ਵੱਡੇ ਪੱਧਰ ’ਤੇ ਅਪਣਾਉਣਾ ਹੋਵੇਗਾ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਹੋਣਗੇ।
ਗੁਰਬਾਜ ਸਿੰਘ, ਸਿਰਸਾ (ਹਰਿਆਣਾ)
ਸਿਹਤ ਸੇਵਾਵਾਂ ਤੇ ਕਾਰਪੋਰੇਟ ਅਦਾਰੇ
6 ਅਕਤੂਬਰ ਦੇ ਅੰਕ ਵਿੱਚ ਡਾ. ਅਰੁਣ ਮਿੱਤਰਾ ਦਾ ਲੇਖ ‘ਸਿਹਤ ਸੇਵਾਵਾਂ ’ਤੇ ਕਾਰਪੋਰੇਟ ਕਬਜ਼ਾ ਗੰਭੀਰ ਚੁਣੌਤੀ’ ਪੜ੍ਹਿਆ। ਇਹ ਪਤਾ ਲੱਗਿਆ ਕਿ ਕਿਸ ਤਰ੍ਹਾਂ ਪੂਰੇ ਦੇਸ਼ ਨੂੰ ਕਾਰਪੋਰੇਟ ਘਰਾਣੇ ਆਪਣੇ ਸ਼ਿਕੰਜੇ ਵਿੱਚ ਲੈ ਕੇ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਆਮ ਆਦਮੀ ਲਈ ਚੁਣੌਤੀਆਂ ਪੈਦਾ ਕਰ ਰਹੇ ਹਨ। ਮਿਆਰੀ ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਸਰਕਾਰੀ ਸਿਹਤ ਸੇਵਾਵਾਂ ਅਜੇ ਵੀ ਡਾਕਟਰਾਂ, ਤਕਨੀਕੀ ਅਤੇ ਨਰਸਿੰਗ ਸਟਾਫ ਦੀ ਕਮੀ ਵਰਗੀਆਂ ਮੁਸ਼ਕਿਲਾਂ ਨਾਲ ਜੂਝ ਰਹੀਆਂ ਹਨ ਜਿਸ ਕਰਕੇ ਲੋਕ ਬਿਹਤਰ ਇਲਾਜ ਦੀ ਤਲਾਸ਼ ਵਿੱਚ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵੱਲ ਰੁਖ਼ ਕਰਦੇ ਹਨ, ਪਰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਚੱਕਰ ਵਿੱਚ ਕਾਰਪੋਰੇਟ ਘਰਾਣਿਆਂ ਦੇ ਪ੍ਰਾਈਵੇਟ ਹਸਪਤਾਲ ਲੋਕਾਂ ਨੂੰ ਕੰਗਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਕਾਰਪੋਰੇਟ ਘਰਾਣਿਆਂ ਦਾ ਸਿਹਤ ਸੇਵਾਵਾਂ ਵਿੱਚ ਦਿਨੋਂ ਦਿਨ ਵਧ ਰਿਹਾ ਦਖ਼ਲ ਬਹੁਤ ਮੰਦਭਾਗਾ ਹੈ। ਆਮ ਲੋਕਾਂ ਨੂੰ ਰਾਹਤ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਜੋ ਲੋਕ ਮੁਨਾਫ਼ਾ ਕਮਾਉਣ ਦਾ ਸਾਧਨ ਬਣ ਚੁੱਕੇ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਦੀ ਜਕੜ ’ਚੋਂ ਨਿਕਲ ਸਕਣ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)
ਦੁੱਧ ਦੀ ਮਹੱਤਤਾ
5 ਅਕਤੂਬਰ ਦੇ ‘ਸਿਹਤ’ ਪੰਨੇ ’ਤੇ ਰਜਿੰਦਰਪਾਲ ਸ਼ਰਮਾ ਦਾ ਲੇਖ ‘ਸਰੀਰ ਲਈ ਦੁੱਧ ਦੀ ਮਹੱਤਤਾ’ ਜਾਣਕਾਰੀ ਭਰਪੂਰ ਹੈ। ਲੇਖਕ ਨੇ ਅਸਲੀ ਦੁੱਧ ਦੇ ਨਾਲ ਨਕਲੀ ਦੁੱਧ ਬਾਰੇ ਵੀ ਤੌਖ਼ਲਾ ਜ਼ਾਹਿਰ ਕੀਤਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਸਿਹਤ ਨਾਲ ਹੋ ਰਹੇ ਖਿਲਵਾੜ ਬਾਰੇ ਸ਼ਿਕੰਜਾ ਕੱਸਣ ਦੀ ਲੋੜ ਹੈ। ਇਸ ਤੋਂ ਇਲਾਵਾ ਰਵਿੰਦਰ ਚੋਟ ਦਾ ਲੇਖ ‘ਪਹਿਲਾਂ ਗੱਲ ਸੁਣਨੀ ਚਾਹੀਦੀ ਐ’ ਵਿੱਚ ਬਿਨਾਂ ਕਸੂਰ ਤੋਂ ਸਜ਼ਾ ਦੇਣ ਵਰਗੀ ਗੱਲ ਕੀਤੀ ਗਈ ਹੈ। ਅਧਿਆਪਕ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਦੇ ਚਿਹਰੇ ਪੜ੍ਹਨ ਦੀ ਦਾ ਹੁਨਰ ਵੀ ਹੋਣਾ ਚਾਹੀਦਾ ਹੈ। ਪਹਿਲਾਂ ਬੱਚੇ ਦੀ ਗੱਲ ਪੂਰੀ ਸੁਣਨੀ ਚਾਹੀਦੀ ਹੈ ਫਿਰ ਸਜ਼ਾ ਲਈ ਕੋਈ ਕਦਮ ਚੁੱਕਣਾ ਚਾਹੀਦਾ ਹੈ। ਮੱਛਰਾਂ ਬਾਰੇ ਵੀ ਲੇਖ ਠੀਕ ਹੈ, ਪਰ ਪੂਰੀ ਜਾਣਕਾਰੀ ਨਹੀਂ ਮਿਲੀ ਕਿ ਕੁਝ ਵਿਅਕਤੀਆਂ ਨੂੰ ਮੱਛਰ ਜ਼ਿਆਦਾ ਕਿਉਂ ਕੱਟਦਾ ਹੈ..?
ਜਸਬੀਰ ਸਿੰਘ, ਦੱਧਾਹੂਰ (ਲੁਧਿਆਣਾ)
ਅਧੂਰਾ ਏਜੰਡਾ
3 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਲੇਖ ‘ਪੰਜਾਬ ਦਾ ਅਧੂਰਾ ਏਜੰਡਾ’ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗੰਭੀਰਤਾ ਅਤੇ ਇਮਾਨਦਾਰੀ ਨਾਲ ਸਾਂਝੇ ਯਤਨ ਕਰਨ ਦੀ ਲੋੜ ਵੱਲ ਧਿਆਨ ਦਿਵਾਉਂਦਾ ਹੈ। ਨਸ਼ਿਆਂ ਦੇ ਖਾਤਮੇ ਲਈ ਸਰਕਾਰਾਂ ਨੂੰ ਸਿਆਸੀ ਬਦਲਾਖ਼ੋਰੀ ਅਤੇ ਦਾਅਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਯਤਨ ਕਰਨ ਦੀ ਲੋੜ ਹੈ। ਇਸ ਪੱਖੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਲਿਖਤ ਵਿੱਚ ਇਹ ਮੰਨਣਾ ਮਹੱਤਵਪੂਰਨ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਯਤਨ ਕੀਤੇ, ਪਰ ਇਹ ਮੁਹਿੰਮ ਸਹੀ ਅਰਥਾਂ ਵਿੱਚ ਸਫ਼ਲਤਾ ਹਾਸਲ ਨਾ ਕਰ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ਿਆਂ ਨੂੰ ਥੋੜ੍ਹੇ ਸਮੇਂ ਵਿੱਚ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਇਹ ਸਵਾਲ ਬਣਿਆ ਹੋਇਆ ਹੈ ਕਿ ਸਰਕਾਰ ਇਸ ਚੁਣੌਤੀ ਨਾਲ ਨਜਿੱਠਣ ਵਿੱਚ ਕਿੱਥੋਂ ਤੱਕ ਸਫ਼ਲ ਰਹੀ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ, ਉਨ੍ਹਾਂ ਨੂੰ ਤਕਨੀਕੀ ਅਤੇ ਹੁਨਰਮੰਦ ਸਿਖਲਾਈ ਦੇਣ ਅਤੇ ਸਵੈ-ਰੁਜ਼ਗਾਰ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਨਸ਼ਿਆਂ ਵਿਰੁੱਧ ਲੜਾਈ ਨੂੰ ਸਿਆਸੀ ਮੁੱਦੇ ਦੀ ਥਾਂ ਸਮਾਜਿਕ ਸਰੋਕਾਰ ਵਜੋਂ ਲੈਂਦਿਆਂ ਸਰਕਾਰ, ਸਿਆਸੀ ਧਿਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਮੰਗਵੇਂ ਸਾਈਕਲ ਦਾ ਪੁਆੜਾ
3 ਅਕਤੂਬਰ ਦੇ ਨਜ਼ਰੀਆ ਪੰਨੇ ’ਤੇ ਸ਼ਾਮ ਲਾਲ ਭੀਖੀ ਦਾ ਲੇਖ ‘ਮੰਗਵੇਂ ਸਾਈਕਲ ਦਾ ਪੁਆੜਾ’ ਪੜ੍ਹਦਿਆਂ ਪਤਾ ਲੱਗਾ ਕਿ ਲੇਖਕ 1981 ਵਿੱਚ ਲੁਧਿਆਣਾ ਵਿੱਚ ਟੈਲੀਵਿਜ਼ਨ ਟਰੇਨਿੰਗ ਕਰ ਰਿਹਾ ਸੀ। ਇੱਕ ਦਿਨ ਉਸ ਨੇ ਕਿਤੇ ਜਾਣ ਲਈ ਆਪਣੇ ਜਾਣਕਾਰ ਵਿਅਕਤੀ ਤੋਂ ਸਾਈਕਲ ਉਧਾਰੀ ਲਈ ਸੀ। ਰਸਤੇ ਵਿੱਚ ਕਿਸੇ ਵਿਅਕਤੀ ਨੇ ਉਸ ਸਾਈਕਲ ਨੂੰ ਆਪਣੀ ਮਲਕੀਅਤ ਦੱਸਦਿਆਂ ਲੇਖਕ ’ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ। ਲੇਖਕ ਨੇ ਸਾਈਕਲ ਕਿਸੇ ਤੋਂ ਉਧਾਰ ਲੈਣ ਬਾਰੇ ਦੱਸਿਆ, ਪਰ ਉਹ ਨੌਜਵਾਨ ਨਾ ਮੰਨਿਆ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਲੇਖਕ ਉਸ ਵਿਅਕਤੀ ਨੂੰ ਦੁਕਾਨ ’ਤੇ ਲੈ ਗਿਆ ਜਿੱਥੋਂ ਸਾਈਕਲ ਉਧਾਰੀ ਲਈ ਗਈ ਸੀ। ਇਹ ਘਟਨਾ ਉਸ ਲਈ ਗੰਭੀਰ ਜੀਵਨ ਅਨੁਭਵ ਸਿੱਧ ਹੋਈ। ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਵਸਤੂ ਨੂੰ ਉਧਾਰ ਲੈਣ ਸਮੇਂ ਉਸ ਦੀ ਮਲਕੀਅਤ ਬਾਰੇ ਪਤਾ ਹੋਣਾ ਚਾਹੀਦਾ ਹੈ। ਅਣਗਹਿਲੀ ਕਿਸੇ ਵੀ ਸਮੇਂ ਨਿਰਦੋਸ਼ ਵਿਅਕਤੀ ਨੂੰ ਅਣਚਾਹੀ ਕਾਨੂੰਨੀ ਪੇਚੀਦਗੀ ਵਿੱਚ ਫਸਾ ਸਕਦੀ ਹੈ।
ਮਾਸਟਰ ਜਸਪਾਲ, ਅਰਨੀਵਾਲਾ (ਫਾਜ਼ਿਲਕਾ)

