DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠਕਾਂ ਦੇ ਖ਼ਤ: ਬੱਚਿਆਂ ਦੀਆਂ ਖ਼ੁਦਕੁਸ਼ੀਆਂ

11 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਹਰਲੀਨ ਕੌਰ ਦੇ ਲੇਖ ‘ਬੱਚਿਆਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ’ ਵਿੱਚ ਦਿਲ ਦਹਿਲਾ ਦੇਣ ਵਾਲੇ ਅੰਕੜੇ ਦੱਸੇ ਗਏ ਹਨ। ਅਸਲ ਵਿੱਚ ਸਾਡਾ ਸਿੱਖਿਆ ਸਿਸਟਮ ਏਨਾ ਭ੍ਰਿਸ਼ਟ ਹੋ ਚੁੱਕਿਆ ਹੈ ਕਿ ਮਿਆਰਾਂ ਦੀ ਕਸਵੱਟੀ...

  • fb
  • twitter
  • whatsapp
  • whatsapp
Advertisement

11 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਹਰਲੀਨ ਕੌਰ ਦੇ ਲੇਖ ‘ਬੱਚਿਆਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ’ ਵਿੱਚ ਦਿਲ ਦਹਿਲਾ ਦੇਣ ਵਾਲੇ ਅੰਕੜੇ ਦੱਸੇ ਗਏ ਹਨ। ਅਸਲ ਵਿੱਚ ਸਾਡਾ ਸਿੱਖਿਆ ਸਿਸਟਮ ਏਨਾ ਭ੍ਰਿਸ਼ਟ ਹੋ ਚੁੱਕਿਆ ਹੈ ਕਿ ਮਿਆਰਾਂ ਦੀ ਕਸਵੱਟੀ ’ਤੇ ਪੂਰਾ ਨਹੀਂ ਉੱਤਰਦਾ। ਦਿਨ-ਰਾਤ ਮਿਹਨਤ ਕਰਨ ਦੇ ਬਾਵਜੂਦ ਜਦੋਂ ਨਾਕਾਮੀ ਪੱਲੇ ਪੈਂਦੀ ਹੈ ਤਾਂ ਬੱਚੇ ਉਦਾਸ ਤੇ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਦੇ ਰਾਹ ਤੁਰ ਪੈਂਦੇ ਹਨ। ਸਾਹਿਤ ਦੀ ਚੇਟਕ ਹੀ ਉਨ੍ਹਾਂ ਨੂੰ ਇਸ ਉਪਰਾਮਤਾ ਤੋਂ ਬਚਾਅ ਸਕਦੀ ਹੈ। ਇਹ ਨਾਕਾਮੀਆਂ ਜੀਵਨ ਦੀ ਡੋਰ ਤੋੜ ਕੇ ਸੁੱਟਣ ਲਈ ਨਹੀਂ ਸਗੋਂ ਹੋਰ ਮਜ਼ਬੂਤ ਕਰਨ ਲਈ ਅਤੇ ਜ਼ਿੰਦਗੀ ਹੰਢਾਉਣ ਲਈ ਹਨ। ਸੰਪਾਦਕੀ ‘ਡੋਪਿੰਗ ਦਾ ਦਾਗ਼’ ਖੇਡਾਂ ਵਿੱਚ ਨਿੱਤ ਦਿਨ ਵਧ ਰਹੀ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਬਾਰੇ ਵਧੀਆ ਜਾਣਕਾਰੀ ਦਿੰਦਾ ਹੈ। ਜਿਸ ਤਰ੍ਹਾਂ ਜਾਣਬੁੱਝ ਕੇ ਡੋਪਿੰਗ ਨਾਲ ਸਬੰਧਿਤ ਨਿਯਮਾਂ ਨੂੰ ਤੋੜਿਆ ਜਾ ਰਿਹਾ ਹੈ, ਉਹ ਬਹੁਤ ਗ਼ਲਤ ਹੈ। ਖ਼ਾਸ ਤੌਰ ’ਤੇ ਨਸ਼ਿਆਂ ਦੇ ਮਾਮਲੇ ਵਿੱਚ ਭਾਰਤ ਦਾ ‘ਏ’ ਕੈਟਾਗਰੀ ਵਿੱਚ ਆਉਣਾ ਚਿੰਤਾ ਦਾ ਵਿਸ਼ਾ ਹੈ।

ਡਾ. ਤਰਲੋਚਨ ਕੌਰ, ਪਟਿਆਲਾ

Advertisement

ਕੱਪੜੇ ਕੱਟਣਾ ਭੂਤ

16 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਬਲਬੀਰ ਸਿੰਘ ਦਿਲਦਾਰ ਦਾ ਮਿਡਲ ‘ਆਖ਼ਰ ਕੱਪੜੇ ਕੱਟਣਾ ਭੂਤ ਫੜਿਆ ਗਿਆ’ ਪੜਿ੍ਹਆ। ਇੱਥੇ ਭਾਵੇਂ ਵਾਸ਼ਿੰਗ ਮਸ਼ੀਨ ਦੀ ਪੱਤੀ ਦੇ ਨੁਕਸ ਕਰਕੇ ਕੱਪੜੇ ਨੁਕਸਾਨੇ ਜਾਂਦੇ ਸਨ, ਪਰ ਪਹਿਲਾਂ ਸੱਚ ਹੀ ਅਜਿਹੀ ਘਟਨਾ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਹੁੰਦੀ ਸੀ। ਹੁਣ ਬੰਦ ਪੇਟੀਆਂ-ਅਲਮਾਰੀਆਂ ਵਿੱਚ ਪਏ ਕੱਪੜੇ ਕੱਟੇ ਜਾਣਾ, ਘਰ ਵਿੱਚ ਅਚਾਨਕ ਅੱਗ ਲੱਗਣੀ, ਕਿਸੇ ਪਸ਼ੂ ਦਾ ਅਚਾਨਕ ਮਰ ਜਾਣਾ ਆਦਿ ਘਟਨਾਵਾਂ ਲਗਪਗ ਬੰਦ ਹੋ ਗਈਆਂ ਹਨ। ਇਸ ਦਾ ਮੁੱਖ ਕਾਰਨ ਲੋਕਾਂ ਨੂੰ ਤਰਕ ਨਾਲ ਸੋਚਣ ਪ੍ਰਤੀ ਜਾਗਰੂਕ ਕਰਨ ਲਈ ਲਾਏ ਜਾਂਦੇ ਮੇਲਿਆਂ, ਅਖੌਤੀ ਬਾਬਿਆਂ ਵੱਲੋਂ ਫੈਲਾਏ ਗਏ ਵਹਿਮਾਂ-ਭਰਮਾਂ ਤੋਂ ਪਰਦਾ ਚੁੱਕਦੇ ਨਾਟਕਾਂ, ਵਹਿਮ-ਭਰਮ ਪਿਛਲੇ ਕਾਰਨਾਂ ਨੂੰ ਉਜਾਗਰ ਕਰਦੀਆਂ ਪੁਸਤਕਾਂ ਅਤੇ ਮਨੋਰੋਗੀਆਂ ਦੇ ਦਿਮਾਗ਼ ਨੂੰ ਸਮਝਣ ਦੀਆਂ ਨਵੀਆਂ ਪਹੁੰਚ ਵਿਧੀਆਂ ਹਨ। ਹੁਣ ਲੋਕ ਹਰ ਗੈਬੀ ਲੱਗਣ ਵਾਲੀ ਸਮੱਸਿਆ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਤਰਕ ਨਾਲ ਵਿਚਾਰਦੇ ਅਤੇ ਉਸ ਦਾ ਹੱਲ ਕੱਢਦੇ ਹਨ।

Advertisement

ਰਮਿੰਦਰ ਪਾਲ ਸਿੰਘ ਢਿੱਲੋਂ, ਗੁਰੂਸਰ (ਫ਼ਰੀਦਕੋਟ)

ਨਸ਼ੇ ਦਾ ਖ਼ਾਤਮਾ

11 ਸਤੰਬਰ ਦੇ ‘ਮਾਲਵਾ ਪੁਲ-ਆਊਟ’ ਵਿੱਚ ਲੱਗੀ ਨਸ਼ਿਆਂ ਦੇ ਖ਼ਾਤਮੇ ਲਈ ਹੰਭਲਾ ਮਾਰਨ ਸਬੰਧੀ ਖ਼ਬਰ ਪੜ੍ਹੀ। ਜੇ ਸਰਕਾਰ ਨਸ਼ੇ ਬੰਦ ਕਰਵਾਉਣ ਲਈ ਸੁਹਿਰਦ ਹੈ ਤਾਂ ਹਰ ਪਿੰਡ ਦੀ ਕਮੇਟੀ ਗ੍ਰਾਮ ਸਭਾ ਵਿੱਚ ਬਣਾਈ ਜਾਵੇ ਅਤੇ ਪੁਲੀਸ ਉਸ ਕਮੇਟੀ ਅਨੁਸਾਰ ਉਸ ਪਿੰਡ ਵਿੱਚ ਕਾਰਵਾਈ ਕਰਨ ਲਈ ਪਾਬੰਦ ਹੋਵੇ ਨਾ ਕਿ ਆਪਣੇ ਅਫਸਰਾਂ, ਵਿਧਾਇਕਾਂ ਤੇ ਸਿਆਸੀ ਆਕਾਵਾਂ ਦੀਆਂ ਇੱਛਾਵਾਂ ਅਨੁਸਾਰ।

ਇੰਜੀ. ਹਰਭਜਨ ਸਿੰਘ ਸਿੱਧੂ, ਬਠਿੰਡਾ

ਪਾਣੀਆਂ ਦੀ ਵੰਡ

ਪਾਵੇਲ ਕੁੱਸਾ ਦਾ ਲੇਖ ‘ਦਰਿਆਈ ਪਾਣੀਆਂ ਦੀ ਵੰਡ ਦੇ ਕੁਝ ਅਣਗੌਲੇ ਪਹਿਲੂ’ ਪੜਿ੍ਹਆ। ਭਾਵੇਂ ਵੰਡਣ ਵਾਲਾ ਪਾਣੀ ਥੋੜ੍ਹਾ ਹੀ ਹੈ, ਪਰ ਇਸ ਮਸਲੇ ਦਾ ਹੱਲ ਨਾ ਹੋਣ ਕਰਕੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚ ਆਪਸੀ ਸਦਭਾਵਨਾ ਦਾ ਪਾੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਸਾਡੇ ਕੋਲ ‘ਸਿੰਧ ਜਲ ਸੰਧੀ’ ਤਹਿਤ ਆਇਆ ਪਾਣੀ ਅਸੀਂ ਅਣਵਰਤਿਆ ਹੀ ਛੱਡ ਰੱਖਿਆ ਹੈ ਅਤੇ ਗੁਆਂਢੀ ਨੂੰ ਭੇਜ ਰਹੇ ਹਾਂ। ਇਹ ਪਾਣੀ ਪੰਜਾਬ ਕਿਉਂ ਨਹੀਂ ਵਰਤ ਰਿਹਾ? ਪੰਜਾਬ ਦੀ ਵੰਡ ਹੋਇਆਂ ਨੂੰ ਦੋ ਮਹੀਨੇ ਬਾਅਦ 60 ਸਾਲ ਹੋ ਜਾਣਗੇ, ਪਰ ਹਾਲੇ ਤੱਕ ਅਣਵੰਡੇ ਪਾਣੀ ਦਾ ਫ਼ੈਸਲਾ ਨਹੀਂ ਕੀਤਾ ਜਾ ਸਕਿਆ।

ਜਗਰੂਪ ਸਿੰਘ, ਉਭਾਵਾਲ

ਹੀਲੇ ਨਾਲ ਵਸੀਲਾ

6 ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਵਿਧਾਇਕ ਕੁਲਵੰਤ ਸਿੰਘ ਨੇ ਤਿੰਨ ਬੱਚਿਆਂ ਦਾ ਖਰਚਾ ਚੁੱਕਣ ਦਾ ਕੀਤਾ ਫ਼ੈਸਲਾ’ ਸ਼ਲਾਘਾਯੋਗ ਹੈ। ਇਸ ਤੋਂ ਪਹਿਲਾਂ ਦੋ ਦਰਜਨ ਦਾਨੀ ਸੱਜਣਾਂ ਨੇ ਲੋੜਵੰਦ ਬੱਚਿਆਂ ਦੀ ਬਾਂਹ ਫੜ ਲਈ। ਇਸ ਤਰ੍ਹਾਂ ਅਖ਼ਬਾਰ ਦੇ ਅੱਖਰਾਂ ਵਿੱਚ ਜੋ ਸ਼ਕਤੀ ਦੇਖਣ ਨੂੰ ਮਿਲੀ, ਉਸ ਦੀ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ? ਹੁਣ ਉਨ੍ਹਾਂ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਲੱਗਣਗੇ। ਅਜਿਹੇ ਵਿਦਿਆਰਥੀਆਂ ਨੂੰ ਡਾਕਟਰ ਬਣਨ ਉਪਰੰਤ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਸਵੈ-ਨਿਰਭਰ ਡਾਕਟਰ ਬਣ ਕੇ ਸਮਾਜ ਵਿੱਚ ਭਲਾਈ ਦੇ ਇਰਾਦੇ ਨਾਲ ਕੰਮ ਕਰਨ ਦਾ ਤਹੱਈਆ ਕਰਨ। ਸਮਾਜ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ। ਲੋੜ ਹੈ ਇਸ ਨੂੰ ਸਹੀ ਦਿਸ਼ਾ ਦੇਣ ਦੀ।

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਸਿਹਤ ਸੇਵਾਵਾਂ ’ਚ ਸੁਧਾਰ ਦੀ ਲੋੜ

8 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਮਨਧੀਰ ਸਿੰਘ ਰਾਜੋਮਾਜਰਾ ਦਾ ਮਿਡਲ ‘ਤਰਜੀਹ ਇਲਾਜ ਜਾਂ ਪੈਸਾ?’ ਸਾਡੇ ਦੇਸ਼ ਦੀਆਂ ਸਿਹਤ ਸੇਵਾਵਾਂ ਵਿੱਚ ਵੱਡੇ ਸੁਧਾਰ ਦੀ ਲੋੜ ਵੱਲ ਧਿਆਨ ਦਿਵਾਉਂਦਾ ਹੈ। ਭਾਰਤ ਅਤੇ ਕੈਨੇਡਾ ਦੀਆਂ ਸਿਹਤ ਸੇਵਾਵਾਂ ਦੀ ਤੁਲਨਾ ਕਰਦਿਆਂ ਦੋਵਾਂ ਮੁਲਕਾਂ ਦੀ ਪਹੁੰਚ ਵਿਚਲੇ ਫ਼ਰਕ ਨੂੰ ਉਜਾਗਰ ਕੀਤਾ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਨਾਗਰਿਕਾਂ ਨੂੰ ਬਰਾਬਰ ਅਤੇ ਤਰਜੀਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਦੇ ਉਲਟ ਭਾਰਤ ਵਿੱਚ ਸਿਹਤ ਸੇਵਾਵਾਂ ਦਾ ਵੱਡਾ ਹਿੱਸਾ ਵਪਾਰਕ ਰੂਪ ਧਾਰਨ ਕਰ ਚੁੱਕਾ ਹੈ। ਕਈ ਵਾਰ ਇਲਾਜ ਦੌਰਾਨ ਬੇਲੋੜੇ ਟੈਸਟਾਂ ਅਤੇ ਹੋਰ ਖਰਚਿਆਂ ਦੇ ਨਾਂ ’ਤੇ ਮਰੀਜ਼ ਦੇ ਵਾਰਿਸਾਂ ’ਤੇ ਆਰਥਿਕ ਬੋਝ ਪਾਇਆ ਜਾਂਦਾ ਹੈ। ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਮੁਨਾਫ਼ੇ ਦੀ ਥਾਂ ਲੋਕ-ਭਲਾਈ ਨਾਲ ਜੋੜਨ ਦੀ ਲੋੜ ਹੈ।

ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)

ਭਾਰਤ ਦਾ ਸਿੱਖਿਆ ਸਿਸਟਮ

9 ਸਤੰਬਰ ਦੇ ‘ਸਿੱਖਿਆ’ ਪੰਨੇ ’ਤੇ ਪ੍ਰਿੰ. ਵਿਜੈ ਕੁਮਾਰ ਦਾ ਲੇਖ ‘ਜਪਾਨ ਵਰਗਾ ਸਿੱਖਿਆ ਢਾਂਚਾ ਕਦੋਂ ਅਪਣਾਏਗਾ ਭਾਰਤ’ ਪੜ੍ਹ ਕੇ ਪਤਾ ਲੱਗਦੈ ਕਿ ਸਾਡਾ ਸਿੱਖਿਆ ਸਿਸਟਮ ਕਿੱਥੇ ਖੜ੍ਹਾ ਹੈ। ਮੁੱਢਲੀ ਪੜ੍ਹਾਈ ਦੌਰਾਨ ਉੱਥੇ ਬੱਚਿਆਂ ਨੂੰ ਸ਼ਿਸ਼ਟਾਚਾਰ, ਚੰਗੇ ਵਿਹਾਰ ਅਤੇ ਮਹਿਮਾਨਨਿਵਾਜ਼ੀ ਜਿਹੇ ਗੁਣ ਸਿਖਾਏ ਜਾਂਦੇ ਹਨ। ਬੇਸ਼ੱਕ ਸਾਡੇ ਸਿਸਟਮ ਵਿੱਚ ਪ੍ਰੀ-ਪ੍ਰਾਇਮਰੀ ਦਾ ਮਾਡਲ ਲਿਆਂਦਾ ਗਿਆ ਹੈ, ਪਰ ਹਕੀਕਤ ਹਾਲੇ ਕੋਹਾਂ ਦੂਰ ਹੈ। ਮਾਪੇ ਵੀ ਜੰਮਦੇ ਬੱਚੇ ਨੂੰ ਹੀ ‘ਏ ਫਾਰ ਐਪਲ’ ਤੇ ‘ਓ ਐੱਨ ਈ ਵਨ’ ਹੀ ਸਿਖਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਬੱਚਿਆਂ ਵਿੱਚ ਕੰਮ ਕਰਨ ਦਾ ਸੱਭਿਆਚਾਰ ਪ੍ਰਫੁੱਲਿਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨੀ ਪੜ੍ਹਾਈ।

ਬਲਵੀਰ ਸਿੰਘ ਬਾਸੀਆਂ, ਬਾਸੀਆਂ ਬੇਟ (ਲੁਧਿਆਣਾ)

ਏ ਆਈ ਯੁੱਗ ਬਨਾਮ ਅਧਿਆਪਕ

5 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਪ੍ਰਿੰ. ਲਵਲੀਨ ਕੌਰ ਦਾ ਮਿਡਲ ‘ਏ ਆਈ ਦੇ ਯੁੱਗ ਵਿੱਚ ਅਧਿਆਪਕ ਦੀ ਜ਼ਿੰਮੇਵਾਰੀ’ ਰਾਹੀਂ ਸਹੀ ਕਿਹਾ ਹੈ ਕਿ ਮਸ਼ੀਨ ਕੋਲ ਸਭ ਜਵਾਬ ਤਾਂ ਹੋ ਸਕਦੇ ਹਨ, ਪਰ ਜਿਸ ਬੱਚੇ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਵਿੱਚ ‘ਹੱਕ ਅਤੇ ਸੱਚ’ ਲਈ ਕਿਵੇਂ ਖੜ੍ਹਨਾ ਹੈ, ਉਸ ਲਈ ਮਸ਼ੀਨ ਦੁਆਰਾ ਦਿੱਤੇ ਸਾਰੇ ਜਵਾਬ ਅਰਥਹੀਣ ਹਨ।

ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

ਇੱਕ ਸੁਫ਼ਨੇ ਦਾ ਸਫ਼ਰ

5 ਸਤੰਬਰ ਦੇ ‘ਸਤਰੰਗ’ ਪੰਨੇ ’ਤੇ ਗੋਵਰਧਨ ਗੱਬੀ ਦਾ ਲੇਖ ‘ਇੱਕ ਸੁਫ਼ਨੇ ਦਾ ਪੰਜਾਹ ਸਾਲਾਂ ਦਾ ਸਫ਼ਰ’ ਗੱਬੀ ਪਰਿਵਾਰ ਦੇ ਅੱਧੀ ਸਦੀ ਪਹਿਲਾਂ ਵੇਖੇ ਸੁਪਨੇ ਨੂੰ ਪਰਵਾਨ ਚੜ੍ਹਨ ਦੀ ਕਹਾਣੀ ਬਿਆਨ ਕਰਦਾ ਹੈ। ਸੁਫ਼ਨੇ ਉਹੀ ਸੱਚ ਹੁੰਦੇ ਹਨ, ਜੋ ਸਾਨੂੰ ਟਿਕਣ ਨਹੀਂ ਦਿੰਦੇ। ਸੁਫ਼ਨਿਆਂ ਦੇ ਉਸ ਬੂਟੇ ਨੂੰ ਹੀ ਸਫ਼ਲਤਾ ਰੂਪੀ ਫ਼ਲ ਲੱਗਦੇ ਹਨ, ਜਿਸ ਦਾ ਬੀਜ ਮਿਹਨਤ-ਮੁਸ਼ੱਕਤ ਦੀ ਮਿੱਟੀ ਵਿੱਚ ਬੀਜਿਆ ਹੋਵੇ ਤੇ ਪਸੀਨੇ ਰੂਪੀ ਪਾਣੀ ਨਾਲ ਸਿੰਜਿਆ ਹੋਵੇ। ਲੇਖਕ ਨੇ ਪਰਿਵਾਰ ਦੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਬਜ਼ੁਰਗ ਪਿਤਾ ਦੇ ਸਿਰ ’ਤੇ ਬੰਨ੍ਹਿਆ ਹੈ। ਲੇਖਕ ਦੁਆਰਾ ਆਪਣੇ ਬੱਚਿਆਂ ਦੇ ਕਿਰਦਾਰ ਵਿੱਚ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇਣ ਜਿਹੇ ਭਰੇ ਗੁਣ ਹੀ ਸ਼ਾਇਦ ਇਸ ਪਰਿਵਾਰ ਦੀ ਸਫ਼ਲਤਾ ਦੇ ਵੱਡੇ ਰਾਜ਼ ਹਨ।

ਰਮਿੰਦਰਜੀਤ ਕੌਰ, ਧੂਰੀ

ਵਿਦਿਆਰਥੀ ਸਾਡਾ ਭਵਿੱਖ

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਆਪਣੇ ਕੋਟੇ ਵਿੱਚੋਂ ਵਿਦਿਆਰਥੀਆਂ ਦੀ ਸਹੂਲਤ ਲਈ 50 ਲੱਖ ਰੁਪਏ ਦੇਣੇ ਸ਼ਲਾਘਾਯੋਗ ਕਦਮ ਹੈ। ਸਾਰੇ ਸੰਸਦ ਮੈਂਬਰਾਂ ਨੂੰ ਆਪਣੇ ਸਾਲਾਨਾ ਫੰਡ ਰਾਸ਼ੀ ਵਿੱਚੋਂ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਪੈਸਾ ਦੇਣਾ ਚਾਹੀਦਾ ਹੈ। ਵਿਦਿਆਰਥੀ ਹੀ ਸਾਡਾ ਭਵਿੱਖ ਹਨ। ਇਨ੍ਹਾਂ ਨੇ ਹੀ ਅੱਗੇ ਆ ਕੇ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਵਿੱਚ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ, ਪਖਾਨੇ ਨਹੀਂ, ਵਿਦਿਆਰਥੀਆਂ ਲਈ ਪੱਖੇ ਵੀ ਨਹੀਂ ਲੱਗੇ ਹੋਏ। ਇੱਥੋਂ ਤੱਕ ਕਿ ਵਿਦਿਆਰਥੀਆਂ ਦੇ ਬੈਠਣ ਲਈ ਕਈ ਸਕੂਲਾਂ ਵਿੱਚ ਟਾਟ ਵੀ ਨਹੀਂ ਹਨ। ਕਈ ਥਾਵਾਂ ’ਤੇ ਦਰੱਖ਼ਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਹਨ। ਕਈ ਮਾਤਾ-ਪਿਤਾ ਪੈਸੇ ਨਾ ਹੋਣ ਦੇ ਕਾਰਨ ਆਪਣੇ ਬੱਚਿਆਂ ਨੂੰ ਸਿੱਖਿਆ ਨਹੀਂ ਦਿਵਾ ਸਕਦੇ ਅਤੇ ਉਹ ਬੱਚੇ ਛੋਟੀ ਉਮਰ ਤੋਂ ਹੀ ਛੋਟੇ-ਮੋਟੇ ਕੰਮਾਂ ਵਿੱਚ ਲੱਗ ਜਾਂਦੇ ਹਨ।

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

Advertisement
×