ਪਾਠਕਾਂ ਦੇ ਖ਼ਤ: ਕਾਰਬਨ ਨਿਕਾਸੀ
22 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਕਾਰਬਨ ਨਿਕਾਸੀ ਦਾ ਮਸਲਾ’ ਪੜ੍ਹੀ। ਕਾਰਬਨ ਨਿਕਾਸੀ ਸਮਕਾਲੀ ਵਿਸ਼ਵ ਵਿਵਸਥਾ ਨੂੰ ਦਰਪੇਸ਼ ਗੰਭੀਰ ਸਮੱਸਿਆ ਹੈ। ਵਧਦੇ ਉਦਯੋਗੀਕਰਨ ਤੇ ਊਰਜਾ ਦੀ ਵਧਦੀ ਖ਼ਪਤ ਨੇ ਵਾਯੂਮੰਡਲ ਵਿੱਚ ਕਾਰਬਨ ਦੀ ਮਾਤਰਾ ਕਾਫ਼ੀ ਵਧਾ ਦਿੱਤੀ ਹੈ। ਇਸ...
22 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਕਾਰਬਨ ਨਿਕਾਸੀ ਦਾ ਮਸਲਾ’ ਪੜ੍ਹੀ। ਕਾਰਬਨ ਨਿਕਾਸੀ ਸਮਕਾਲੀ ਵਿਸ਼ਵ ਵਿਵਸਥਾ ਨੂੰ ਦਰਪੇਸ਼ ਗੰਭੀਰ ਸਮੱਸਿਆ ਹੈ। ਵਧਦੇ ਉਦਯੋਗੀਕਰਨ ਤੇ ਊਰਜਾ ਦੀ ਵਧਦੀ ਖ਼ਪਤ ਨੇ ਵਾਯੂਮੰਡਲ ਵਿੱਚ ਕਾਰਬਨ ਦੀ ਮਾਤਰਾ ਕਾਫ਼ੀ ਵਧਾ ਦਿੱਤੀ ਹੈ। ਇਸ ਦੇ ਸਿੱਟੇ ਵਜੋਂ ਤਾਪਮਾਨ ਵਿੱਚ ਵਾਧਾ, ਜਲਵਾਯੂ ਵਿਗਾੜ ਤੇ ਵਾਤਾਵਰਨ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਵਿਕਾਸਸ਼ੀਲ ਮੁਲਕਾਂ ਦੀਆਂ ਆਰਥਿਕ ਜ਼ਰੂਰਤਾਂ ਇਸ ਪ੍ਰਕਿਰਿਆ ਨੂੰ ਹੋਰ ਜਟਿਲ ਬਣਾਉਂਦੀਆਂ ਹਨ। ਇਸ ਲਈ ਨਵਿਆਉਣਯੋਗ ਊਰਜਾ ਸਰੋਤਾਂ ਦਾ ਪਸਾਰ, ਸੂਰਜੀ ਅਤੇ ਪੌਣ ਊਰਜਾ ਦੀ ਵਧੇਰੇ ਵਰਤੋਂ ਅਤੇ ਵਣ ਵਿਸਥਾਰ ਕਰਨ ਦੇ ਨਾਲ-ਨਾਲ ਆਵਾਜਾਈ ’ਤੇ ਕੰਟਰੋਲ ਕਰਨਾ ਚਾਹੀਦਾ ਹੈ। ਦੂਜੀ ਸੰਪਾਦਕੀ ‘ਜ਼ਹਿਰੀਲੀ ਸ਼ਰਾਬ ਦਾ ਦੁਖਾਂਤ’ ਪੜ੍ਹੀ। ਨਕਲੀ ਸ਼ਰਾਬ ਦਾ ਰੁਝਾਨ ਸਮਾਜ ਲਈ ਅਤਿਅੰਤ ਦੁਖਦਾਈ ਹੈ। ਕੁਝ ਗ਼ੈਰ-ਸਮਾਜੀ ਅਨਸਰ ਮੁਨਾਫ਼ਾਖੋਰੀ ਲਈ ਨਕਲੀ ਸ਼ਰਾਬ ਵੇਚ ਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਨ। ਇਸ ਲਈ ਕਈ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ। ਇਸ ਕਾਰਨ ਸਿਹਤ ਦੇ ਨਾਲ-ਨਾਲ ਪਰਿਵਾਰਕ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਇਸ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਸ਼ਾਸਨ ਅਤੇ ਸਮਾਜ ਦੇ ਸਮੂਹਿਕ ਸਹਿਯੋਗ ਸਕਦਾ ਹੀ ਇਸ ਸਮੱਸਿਆ ਨੂੰ ਠੱਲ੍ਹ ਪਾਈ ਜਾ ਸਕਦੀ ਹੈ।
ਮਾਸਟਰ ਜਸਪਾਲ, ਅਰਨੀਵਾਲਾ (ਫਾਜ਼ਿਲਕਾ)
ਵਿਦਿਆਰਥੀਆਂ ਨਾਲ ਬੇਇਨਸਾਫ਼ੀ
ਇੱਕ ਅਕਤੂਬਰ ਦੇ ‘ਨਜ਼ਰੀਆ’ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦੀ ਰਚਨਾ ‘ਅਸੀਂ ਕਿਹੜਾ ਟੈਗੋਰ ਬਣਾਉਣੇ ਆ’ ਪੜ੍ਹੀ। ਵਿਦਿਆਰਥੀਆਂ ਨੂੰ ਤਾਂ ਨਕਲ ਕਰਦਿਆਂ ਸੁਣਿਐ, ਪਰ ਇੱਥੇ ਲੇਖਕ ਨੇ ਅਧਿਆਪਕਾਂ ਨੂੰ ਆਪਣੀ ਤਰੱਕੀ ਲਈ ਨਕਲ ਕਰ ਕੇ ਪੇਪਰ ਦਿੰਦਿਆਂ ਦੱਸਿਆ ਹੈ। ਨਕਲ ਦੀ ਬਿਮਾਰੀ ਪੂਰੇ ਦੇਸ਼ ’ਚ ਪੈਰ ਪਸਾਰ ਚੁੱਕੀ ਹੈ। ਬਹੁਤ ਸਾਰੀਆਂ ਥਾਵਾਂ ’ਤੇ ਪੇਪਰ ਲੀਕ ਹੋਏ ਹਨ। ਦੇਸ਼ ਵਿੱਚ ਅਜਿਹੇ ਗਰੋਹ ਕਾਰਜਸ਼ੀਲ ਹਨ, ਜੋ ਪੈਸੇ ਦੇ ਲਾਲਚ ਵਿੱਚ ਬੱਚਿਆਂ ਦਾ ਭਵਿੱਖ ਖ਼ਰਾਬ ਕਰ ਰਹੇ ਹਨ। ਇਸ ਸਬੰਧੀ ਸਖ਼ਤ ਕਾਨੂੰਨ ਬਣਨਾ ਚਾਹੀਦਾ ਹੈ।
ਬਲਬੀਰ ਸਿੰਘ ਦਿਲਦਾਰ, ਪਟਿਆਲਾ
(2)
ਅਮਰਿੰਦਰ ਸਿੰਘ ਮਾਨ ਦੀ ਰਚਨਾ ‘ਅਸੀਂ ਕਿਹੜਾ ਟੈਗੋਰ ਬਣਾਉਣੇ ਆ!’ ਪੜ੍ਹੀ। ਆਮ ਜਿਹੀ ਹੱਡਬੀਤੀ ਨੇ ਇੱਕ ਵੱਡੇ ਮਸਲੇ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਸਾਡੇ ਦੇਸ਼ ਦਾ ਸਿੱਖਿਆ ਪ੍ਰਬੰਧ ਹੀ ਅਜਿਹਾ ਹੈ। ਥਾਂ-ਥਾਂ ਉੱਤੇ ਸਕੂਲ ਖੁੱਲ੍ਹੇ ਹੋਏ ਹਨ, ਪਰ ਉਨ੍ਹਾਂ ਵਿੱਚ ਸਿੱਖਿਆ ਦੇ ਪੱਧਰ ਬਾਰੇ ਸਾਰੇ ਜਾਣਦੇ ਹਨ। ਅਧਿਆਪਕ ਵਰਗ ਆਏ ਦਿਨ ਧਰਨਿਆਂ ’ਤੇ ਬੈਠਣ ਲਈ ਮਜਬੂਰ ਹੈ। ਇਸ ਕਰਕੇ ਹੀ ਸਾਡਾ ਦੇਸ਼ ‘ਗਰੈਜੂਏਟ ਪੈਰਾਡੌਕਸ’ ਨਾਲ ਜੂਝ ਰਿਹਾ ਹੈ। ਰਹੀ ਗੱਲ ਟੈਗੋਰ ਬਣਨ ਜਾਂ ਨਾ ਬਣਨ ਦੀ, ਇਹ ਗ਼ਲਤਫਹਿਮੀ ਹੈ ਕਿ ਕੋਈ ਆਮ ਵਿਦਿਆਰਥੀ ਕੁਝ ਵੱਡਾ ਨਹੀਂ ਕਰ ਸਕਦਾ। ਸਹੀ ਸੇਧ ਮਿਲਣ ’ਤੇ ਬੱਚੇ ਬਹੁਤ ਕੁਝ ਕਰ ਜਾਂਦੇ ਹਨ ਜਦੋਂਕਿ ਹੁਨਰ ਹੋਣ ਦੇ ਬਾਵਜੂਦ ਕਈ ਵਾਰ ਸਹੀ ਸੇਧ ਨਾ ਮਿਲਣ ਕਰਕੇ ਕੁਝ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ।
ਦਿਲਪ੍ਰੀਤ ਕੌਰ, ਜੀਵਨਪੁਰਾ (ਸ਼ਾਹਪੁਰ)
ਤਾਨਾਸ਼ਾਹੀ ਰਵੱਈਆ
30 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਸੁਖਦੇਵ ਸਿੰਘ ਦਾ ਲੇਖ ‘ਲਿੰਡਸੇ ਗ੍ਰਾਹਮ ਐਕਟ: ਕੀ ਟਰੰਪ ਬਰਿਕਸ ਨੂੰ ਘੇਰ ਸਕੇਗਾ?’ ਅਮਰੀਕਾ ਦੇ ਤਾਨਾਸ਼ਾਹੀ ਰਵੱਈਏ ਨੂੰ ਜ਼ਾਹਿਰ ਕਰਦਾ ਹੈ। ਪਿਛਲੀ ਸਦੀ ਦੇ ਮੱਧ ਦੌਰਾਨ ਅਮਰੀਕਾ ਅਤੇ ਰੂਸ ਦਰਮਿਆਨ ਸ਼ੀਤ ਜੰਗ ਚੱਲ ਰਹੀ ਸੀ ਤਾਂ ਉਸ ਵੇਲੇ ਅਮਰੀਕਾ ਸਾਨੂੰ ਸਿਰਫ਼ ਤੇਲ ਵੇਚਣ ਲਈ ਤਿਆਰ ਸੀ। ਉਹ ਕਦੇ ਵੀ ਸਾਨੂੰ ਰਿਫ਼ਾਈਨਰੀ ਲਾਉਣ ਦੀ ਤਕਨੀਕੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ। ਇੰਝ ਅਸੀਂ ਤੇਲ ਲਈ ਹਮੇਸ਼ਾ ਅਮਰੀਕਾ ’ਤੇ ਨਿਰਭਰ ਰਹਿਣਾ ਸੀ। ਇਸ ਦੇ ਉਲਟ ਰੂਸ ਨੇ ਸਾਨੂੰ ਤੇਲ ਸੋਧਕ ਕਾਰਖਾਨੇ ਲਾਉਣ ਲਈ ਜ਼ਰੂਰੀ ਤਕਨੀਕੀ ਜਾਣਕਾਰੀ ਦਿੱਤੀ। ਸਾਡੇ ਤੇਲ ਸੋਧਕ ਕਾਰਖਾਨਿਆਂ ਦੀ ਬਣਤਰ ਦੇ ਮੱਦੇਨਜ਼ਰ ਅਸੀਂ ਅਮਰੀਕੀ ਕੱਚਾ ਤੇਲ ਖਰੀਦ ਹੀ ਨਹੀਂ ਸਕਦੇ। ਅਮਰੀਕਾ ਦੇ ਕਿਸੇ ਦਬਾਅ ਅੱਗੇ ਦੇਸ਼ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਨਾ ਸਾਨੂੰ ਮਹਿੰਗਾ ਪੈ ਸਕਦਾ ਹੈ।
ਜਗਰੂਪ ਸਿੰਘ, ਉੱਭਾਵਾਲ
ਕੁੱਤਿਆਂ ਦਾ ਕਹਿਰ
‘10 ਕੁੱਤਿਆਂ ਨੇ 9 ਸਾਲ ਦੇ ਬੱਚੇ ਨੂੰ 40 ਜਗ੍ਹਾ ਨੋਚਿਆ’ ਖ਼ਬਰ ਪੜ੍ਹੀ। ਇਲਾਜ ਲਈ ਹਸਪਤਾਲ ਵਿੱਚ ਐਂਟੀ ਰੇਬੀਜ਼ ਦਾ ਟੀਕਾ ਨਾ ਮਿਲਣਾ ਬੜੀ ਦੁਖਦਾਈ ਗੱਲ ਹੈ। ਇਹ ਘਟਨਾ ਸਾਡੇ ਸਮਾਜ ਵਿੱਚ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਦਰਸਾਉਂਦੀ ਹੈ। ਛੋਟੇ ਬੱਚਿਆਂ ਲਈ ਇਹ ਸਮੱਸਿਆ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਮਰੀਜ਼ ਦੇ ਪਰਿਵਾਰ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਅਜਿਹੇ ਜ਼ਰੂਰੀ ਟੀਕੇ ਹਮੇਸ਼ਾ ਉਪਲਬਧ ਹੋਣੇ ਚਾਹੀਦੇ ਹਨ। ਕੁੱਤਿਆਂ ਦੀ ਗਿਣਤੀ ਨੂੰ ਕਾਬੂ ਕਰਨ ਲਈ ਨਸਬੰਦੀ ਅਤੇ ਟੀਕਾਕਰਨ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਜਿਨ੍ਹਾਂ ਇਲਾਕਿਆਂ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਬੱਚੇ ਜਾਂ ਵਿਅਕਤੀ ਨੂੰ ਅਜਿਹੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸੇ ਤਰ੍ਹਾਂ ਪੰਜਾਬ ਦਾ ਨੌਜਵਾਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਬੇਹੱਦ ਚਿੰਤਤ ਹੈ। ਸੂਬੇ ਵਿੱਚ ਯੋਗਤਾ ਮੁਤਾਬਿਕ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਆਪਣੀ ਮਿੱਟੀ ਤੋਂ ਨੌਜਵਾਨਾਂ ਦਾ ਮੋਹ ਭੰਗ ਹੋ ਰਿਹਾ ਹੈ। ਚੰਗੇ ਭਵਿੱਖ ਲਈ ਮਾਪੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਗਾ ਕੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਭੇਜਣ ਲਈ ਮਜਬੂਰ ਹਨ। ਇਸ ਦਾ ਮੁੱਖ ਕਾਰਨ ਉਦਯੋਗਾਂ ਦੀ ਘਾਟ ਅਤੇ ਨੌਕਰੀਆਂ ਵਿੱਚ ਪਾਰਦਰਸ਼ਤਾ ਦੀ ਕਮੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇ ਤਾਂ ਜੋ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਧੱਕੇ ਨਾ ਖਾਣੇ ਪੈਣ।
ਗੁਰਪ੍ਰੀਤ ਕੌਰ, ਜਲੰਧਰ
ਸੱਤਾ ਦੀ ਭੁੱਖ
30 ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਜਾਖੜ ਨੂੰ ਮੰਤਰੀਆਂ ਦੀਆਂ ਕੋਠੀਆਂ ’ਚ ਜਾਣ ਤੋਂ ਰੋਕਿਆ’ ਪੜ੍ਹ ਕੇ ਹੈਰਾਨੀ ਹੋਈ ਕਿ ਸੁਖਪਾਲ ਖਹਿਰਾ ਵੱਲੋਂ ਇੱਕ ਔਰਤ ’ਤੇ ਇਲਜ਼ਾਮ ਲਾਉਣ ਵਾਲੀ ਖ਼ਬਰ ਪੜ੍ਹ-ਸੁਣ ਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਮੰਤਰੀਆਂ ਦੀਆਂ ਸਰਕਾਰੀ ਕੋਠੀਆਂ ਵਿੱਚ ਇਹ ਵੇਖਣ ਪਹੁੰਚ ਗਏ ਕਿ ਸੁਖਪਾਲ ਖਹਿਰਾ ਵਾਲੀ ਗੱਲ ਸੱਚੀ ਹੈ...? ਪਰ ਪੁਲੀਸ ਨੇ ਜਾਖੜ ਨੂੰ ਸਬੰਧਿਤ ਕੋਠੀਆਂ ਵਿੱਚ ਜਾਣ ਹੀ ਨਹੀਂ ਦਿੱਤਾ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸੁਖਪਾਲ ਖਹਿਰਾ ਅਤੇ ਸੁਨੀਲ ਜਾਖੜ ਵੱਲੋਂ ਕੀਤੀ ਗਈ ਇਹ ਕਾਰਵਾਈ ਸਹੀ ਹੈ?
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਮੂਰਤੀ ਵਿਸਰਜਨ ਸਮੇਂ ਮੌਤਾਂ
ਸ੍ਰੀ ਗਣੇਸ਼ ਦੀਆਂ ਮੂਰਤੀਆਂ ਦਾ ਡੂੰਘੇ ਪਾਣੀ ’ਚ ਵਿਸਰਜਨ ਕਰਨ ਸਮੇਂ ਮਹਾਰਾਸ਼ਟਰ ਸਮੇਤ ਵੱਖੋ-ਵੱਖਰੇ ਸੂਬਿਆਂ ਵਿੱਚ ਕਾਫ਼ੀ ਮੌਤਾਂ ਹੋਈਆਂ। ਪੁਣੇ ’ਚ ਮੂਰਤੀ ਵਿਸਰਜਨ ਮੌਕੇ ਭੀੜ ਅਤੇ ਧੁੱਪ ਤੇ ਪਸੀਨੇ ਕਾਰਨ ਸਰੀਰ ’ਚ ਪਾਣੀ ਦੀ ਕਮੀ, ਸਾਹ ਲੈਣ ’ਚ ਔਖ, ਦੌਰੇ ਪੈਣ ਆਦਿ ਤੋਂ ਪੀੜਤ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਲੇਜ਼ਰ ਦੀ ਤੇਜ਼ ਲਾਈਟ ਤੇ ਡੀ ਜੇ ਦੇ ਸ਼ੋਰ ਕਾਰਨ ਲੋਕਾਂ ਨੂੰ ਅੱਖਾਂ, ਕੰਨਾਂ ਦੀ ਬਹੁਤ ਤਕਲੀਫ਼ ਹੋਈ। ਪੰਜਾਬ ਵਿੱਚ ਵੀ ਲੋਕਾਂ ਨੇ ਸ੍ਰੀ ਗਣੇਸ਼ ਦੀਆਂ ਮੂਰਤੀਆਂ ਨੂੰ ਭਾਖੜਾ ਨਹਿਰ ’ਚ ਵਿਸਰਜਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਦਿਨ ਬੱਚੇ ਤੇ ਨੌਜਵਾਨ ਪੁਲ ਦੀ ਉਚਾਈ ਤੋਂ ਖੜ੍ਹ ਕੇ ਭਾਖੜਾ ਨਹਿਰ ’ਚ ਛਾਲਾਂ ਵੀ ਮਾਰਦੇ ਹਨ। ਬੇਸ਼ਕੀਮਤੀ ਜਾਨਾਂ ਦਾ ਨੁਕਸਾਨ ਹੋਣ ਦੇ ਨਾਲ-ਨਾਲ ਪੂਜਾ ਸਮੱਗਰੀ ਤੇ ਮੂਰਤੀਆਂ ਵਹਾਉਣ ਕਰਕੇ ਪਾਣੀ ਵੀ ਪ੍ਰਦੂਸ਼ਿਤ ਹੁੰਦਾ ਹੈ। ਪੰਜਾਬ ਸਰਕਾਰ ਨੂੰ ਅਜਿਹੇ ਮੌਕਿਆਂ ’ਤੇ ਵਾਪਰਨ ਵਾਲੀਆਂ ਸੰਭਾਵੀ ਘਟਨਾਵਾਂ ਨੂੰ ਰੋਕਣ ਲਈ ਸਖ਼ਤੀ ਕਰਨ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਰੰਡੀਆਂ ਵਰਗਾ ਜੀਵਨ
ਮੋਹਨ ਸ਼ਰਮਾ ਦਾ ਮਿਡਲ ‘ਰੰਡੀਆਂ ਵਰਗਾ ਜੀਵਨ’ ਪੜ੍ਹ ਕੇ ਜਿੱਥੇ ਇੱਕ ਪਤਨੀ ਦਾ ਦਰਦ ਉਜਾਗਰ ਹੁੰਦਾ, ਉੱਥੇ ਉਸ ਦੀ ਹੱਡਬੀਤੀ ਲੂੰ ਕੰਡੇ ਖੜ੍ਹੇ ਕਰਦੀ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਕੌਣ ਹਨ? ਨੀਤੀ ਘਾੜਿਆਂ ਦੀਆਂ ਠੋਸ ਨੀਤੀਆਂ ਇਸ ਨੂੰ ਰੋਕਣ ਵਿੱਚ ਨਾਕਾਮ ਕਿਉਂ ਸਾਬਿਤ ਹੋ ਰਹੀਆਂ ਹਨ? ਨਸ਼ਿਆਂ ਖ਼ਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਵਾਲੇ ਕੌਣ ਹਨ? ਨਸ਼ਾ ਖ਼ਤਮ ਕਰਨ ਵਾਲਿਆਂ ਵਿੱਚ ਹੀ ਨਸ਼ਿਆਂ ਦੇ ਸੌਦਾਗਰ ਛੁਪੇ ਹੋਏ ਹਨ। ਘਰਾਂ ’ਚ ਸੱਥਰ ਵਿਛਾ ਕੇ ਕੀਤੀਆਂ ਕਮਾਈਆਂ ਰਾਸ ਨਹੀਂ ਆਉਂਦੀਆਂ। ਨਸ਼ਿਆਂ ਖ਼ਿਲਾਫ ਲਾਮਬੰਦ ਹੋਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ ਕਿ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾਵੇ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

