ਪਾਠਕਾਂ ਦੇ ਖ਼ਤ: ਨਕਲੀ ਬੁੱਧੀ, ਅਸਲ ਸ਼ਕਤੀ
ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਆਗਮਨ ਨੇ ਨਾਰੀ ਸ਼ਕਤੀਕਰਨ ਦੇ ਨਵੇਂ ਦਿਸਹੱਦੇ ਖੋਲ੍ਹੇ ਹਨ। ਤਕਨਾਲੋਜੀ ਦੇ ਇਹ ਡਿਜੀਟਲ ਖੰਭ ਔਰਤਾਂ ਦੇ ਸੁਪਨਿਆਂ ਨੂੰ ਉਡਾਣ, ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਅਤੇ ਆਤਮ-ਨਿਰਭਰਤਾ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਏ ਆਈ ਸਿੱਖਿਆ,...
ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਦੇ ਆਗਮਨ ਨੇ ਨਾਰੀ ਸ਼ਕਤੀਕਰਨ ਦੇ ਨਵੇਂ ਦਿਸਹੱਦੇ ਖੋਲ੍ਹੇ ਹਨ। ਤਕਨਾਲੋਜੀ ਦੇ ਇਹ ਡਿਜੀਟਲ ਖੰਭ ਔਰਤਾਂ ਦੇ ਸੁਪਨਿਆਂ ਨੂੰ ਉਡਾਣ, ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਅਤੇ ਆਤਮ-ਨਿਰਭਰਤਾ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਏ ਆਈ ਸਿੱਖਿਆ, ਰੁਜ਼ਗਾਰ, ਉੱਦਮ ਅਤੇ ਸਿਰਜਣਾਤਮਕਤਾ ਦੇ ਖੇਤਰਾਂ ਵਿੱਚ ਔਰਤਾਂ ਲਈ ਅਸੀਮ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀ ਹੈ ਪਰ ਇਸ ਚਮਕਦੇ ਸੰਸਾਰ ਦੇ ਕੁਝ ਹਨੇਰੇ ਪੱਖ ਵੀ ਹਨ। ਰੁਜ਼ਗਾਰ ਦੀ ਅਸਥਿਰਤਾ, ਡਿਜੀਟਲ ਵਿਤਕਰਾ, ਨਿੱਜਤਾ ਦੀ ਉਲੰਘਣਾ ਅਤੇ ਸਾਈਬਰ ਅਪਰਾਧ ਔਰਤਾਂ ਦੀ ਸੁਰੱਖਿਆ ਲਈ ਚੁਣੌਤੀਆਂ ਹਨ। ਇਸ ਲਈ ਏ ਆਈ ਨੂੰ ਨਾਰੀ ਦੀ ਆਵਾਜ਼ ਦਬਾਉਣ ਦਾ ਨਹੀਂ ਸਗੋਂ ਉਸ ਨੂੰ ਹੋਰ ਬੁਲੰਦ ਕਰਨ ਦਾ ਸਾਧਨ ਬਣਾਉਣਾ ਚਾਹੀਦਾ ਹੈ। ਅਸਲ ਸ਼ਕਤੀਕਰਨ ਉਦੋਂ ਹੀ ਸੰਭਵ ਹੈ ਜਦੋਂ ਤਕਨਾਲੋਜੀ ਔਰਤ ਦੇ ਗਿਆਨ, ਆਜ਼ਾਦੀ ਅਤੇ ਸਮਾਨਤਾ ਦੀ ਸਾਥੀ ਬਣੇ।
ਸੁਰਭੀ ਰਿਸ਼ੀ, ਪਟਿਆਲਾ
ਤਬਦੀਲੀ ਤੇ ਚਿੰਤਨ ਦਾ ਵੇਲਾ
28 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਤਬਦੀਲੀ ਤੇ ਚਿੰਤਨ ਦਾ ਵੇਲਾ’ ਮੌਜੂਦਾ ਸਿਆਸੀ ਦੌਰ ਅਤੇ ਵਿਰੋਧੀ ਧਿਰ ਦੀ ਹਾਲਤ ’ਤੇ ਡੂੰਘੀ ਅਤੇ ਸਾਰਥਿਕ ਨਜ਼ਰਸਾਨੀ ਕਰਦਾ ਹੈ। ਕੀ ਕਾਂਗਰਸ ਲੀਡਰਸ਼ਿਪ ਆਪਣੀ ਪਾਰਟੀ ਅੰਦਰਲੀ ਨਾਰਾਜ਼ਗੀ; ਖ਼ਾਸ ਕਰਕੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ ਨੂੰ ਸੁਣਨ ਦੀ ਹਿੰਮਤ ਕਰੇਗੀ ਜਾਂ ਫਿਰ ਉਨ੍ਹਾਂ ਨੂੰ ਵੀ ‘ਮਾਰਗਦਰਸ਼ਕ ਮੰਡਲ’ ਦਾ ਰਾਹ ਦਿਖਾ ਕੇ ਅਣਡਿੱਠ ਕਰ ਦੇਵੇਗੀ? ਅੱਜ ਸਿਆਸਤ ਵਿੱਚ ਸਿਰਫ਼ ਵਿਰੋਧ ਜਤਾਉਣਾ ਹੀ ਕਾਫ਼ੀ ਨਹੀਂ ਹੈ ਸਗੋਂ ਪਾਰਟੀ ਅੰਦਰ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਅਤੇ ਜ਼ਮੀਨੀ ਹਕੀਕਤਾਂ ਨੂੰ ਸਮਝਣਾ ਸਭ ਤੋਂ ਵੱਡੀ ਲੋੜ ਹੈ। ਚੋਣ ਕਮਿਸ਼ਨ ਦੀ ਭੂਮਿਕਾ, ਚੋਣ ਖਰਚਿਆਂ ਅਤੇ ਵੋਟਰਾਂ ਦੇ ਵਿਸ਼ਵਾਸ ਬਾਰੇ ਉਠਾਏ ਗਏ ਨੁਕਤੇ ਵੀ ਬੇਹੱਦ ਗੰਭੀਰ ਹਨ। ਜਦੋਂ ਤੱਕ ਸਿਆਸੀ ਪਾਰਟੀਆਂ ਆਪਣੇ ਅੰਦਰੂਨੀ ਵਿਵਾਦਾਂ ਨੂੰ ਪਾਰਦਰਸ਼ੀ ਢੰਗ ਨਾਲ ਹੱਲ ਨਹੀਂ ਕਰਦੀਆਂ, ਉਦੋਂ ਤੱਕ ਉਹ ਜਨਤਾ ਨੂੰ ਇੱਕ ਮਜ਼ਬੂਤ ਅਤੇ ਭਰੋਸੇਯੋਗ ਬਦਲ ਨਹੀਂ ਦੇ ਸਕਦੀਆਂ। ਉਮੀਦ ਹੈ ਕਿ ਪਾਰਟੀ ਲੀਡਰਸ਼ਿਪ ਇਸ ਲੇਖ ਵਿੱਚ ਉਠਾਏ ਗਏ ਗੰਭੀਰ ਨੁਕਤਿਆਂ ਤੋਂ ਸੇਧ ਲਵੇਗੀ ਅਤੇ ਆਤਮ-ਚਿੰਤਨ ਕਰੇਗੀ।
ਸੁਖਜੀਤ ਕੌਰ, ਲੁਧਿਆਣਾ
ਮਰਿਆਦਾ ਦੀ ਉਲੰਘਣਾ
26 ਸਤੰਬਰ ਦੇ ਅੰਕ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਕੈਨੇਡਾ ਵਿੱਚ ਉਲੰਘਣਾ ਹੋਣ ਦੀ ਖ਼ਬਰ ਨੇ ਸਮੂਹ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦਾ ਦਰਜਾ ਦੇ ਕੇ ਇਸਦੇ ਪ੍ਰਕਾਸ਼ ਕਰਨ, ਸੇਵਾ ਕਰਨ, ਹੁਕਮਨਾਮਾ ਸਾਹਿਬ ਲੈਣ ਅਤੇ ਗੁਰਦੁਆਰਾ ਸਾਹਿਬ ਤੋਂ ਲਿਜਾਣ ਅਤੇ ਲਿਆਉਣ ਲਈ ਰਹਿਤ ਮਰਿਆਦਾ ਮੁਕੱਰਰ ਕੀਤੀ ਸੀ। ਪਿਛਲੇ ਕੁਝ ਸਾਲਾਂ ਤੋਂ ਧਰਮ ਪ੍ਰਚਾਰ ਦੀ ਘਾਟ ਅਤੇ ਬੇਲੋੜੀ ਰਾਜਨੀਤਕ ਦਾਖ਼ਲਅੰਦਾਜ਼ੀ ਕਾਰਨ ਸਿੱਖ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼੍ਰੋੋਮਣੀ ਕਮੇਟੀ ਦਾ ਕਿਸੇ ਖ਼ਾਸ ਧਿਰ ਦਾ ਰਾਜਨੀਤਕ ਵਿੰਗ ਬਣ ਜਾਣਾ ਅਜਿਹੀਆਂ ਘਟਨਾਵਾਂ ਨੂੰ ਰੋਕਣ ’ਚ ਨਾਕਾਮੀ ਦਾ ਕਾਰਨ ਬਣਦਾ ਹੈ। ਪਿਛਲੇ ਸਮੇਂ ਦੌਰਾਨ 328 ਪਾਵਨ ਸਰੂਪਾਂ ਦਾ ਮੁੱਦਾ, ਸਮੁੰਦਰੀ ਜਹਾਜ਼ ਦੀ ਬੇਸਮੈਂਟ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਭੇਜਣੇ ਅਤੇ ਹੁਣ ਕਾਰ ਦੀ ਡਿੱਗੀ ’ਚੋਂ ਪਾਵਨ ਬੀੜ ਦਾ ਮਿਲਣਾ ਮਰਿਆਦਾ ’ਤੇ ਪਹਿਰਾ ਦੇਣ ਵਾਲੀਆਂ ਸੰਸਥਾਵਾਂ ਦੀ ਨਾਲਾਇਕੀ ਕਹੀ ਜਾ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਧਰਮ ਪ੍ਰਚਾਰ ਵੱਲ ਅਤੇ ਸਿੱਖ ਮਰਿਆਦਾਵਾਂ ਦਾ ਪਾਠ ਪੜ੍ਹਾਉਣ ਵੱਲ ਉੱਦਮ ਕਰਨ ਦੀ ਲੋੜ ਹੈ।
ਇੰਜੀ. ਸਤਨਾਮ ਸਿੰਘ ਮੱਟੂ, ਬੀਂਬੜ (ਸੰਗਰੂਰ)
ਰਬਾਬ ਤੋਂ ਰੈਪ ਤੱਕ
26 ਸਤੰਬਰ ਦੇ ‘ਸਤਰੰਗ’ ਪੰਨੇ ’ਤੇ ਨਵਦੀਪ ਸਿੰਘ ਝੁਨੀਰ ਦਾ ਲੇਖ ‘ਰਬਾਬ ਤੋਂ ਰੈਪ ਤੱਕ’ ਪੜ੍ਹਿਆ। ਪੰਜਾਬੀ ਸੰਗੀਤ ਦਾ ਸਫ਼ਰ ਮਹਿਜ਼ ਧੁਨਾਂ ਅਤੇ ਸਾਜ਼ਾਂ ਦੇ ਬਦਲਣ ਦਾ ਸਫ਼ਰ ਨਹੀਂ ਸਗੋਂ ਪੰਜਾਬੀ ਸਮਾਜ, ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਬਦਲਦੇ ਰੂਪਾਂ ਦੀ ਇਤਿਹਾਸਕ ਗਵਾਹੀ ਹੈ। ਅਲਗੋਜ਼ੇ ਦੀ ਮਿਠਾਸ, ਤੂੰਬੀ ਦੀ ਟੁਣਕਾਰ, ਢੋਲ ਦੀ ਧਮਕ, ਰੇਡੀਓ, ਗ੍ਰਾਮੋਫੋਨ, ਕੈਸੇਟ, ਪੌਪ, ਬ੍ਰਿਟਿਸ਼ ਭੰਗੜਾ ਅਤੇ ਅੱਜ ਦੀ ਹਿਪ-ਹੌਪ ਤੇ ਰੈਪ- ਇਹ ਸਭ ਇਸ ਲੰਮੀ ਯਾਤਰਾ ਦੇ ਵੱਖ-ਵੱਖ ਪੜਾਅ ਹਨ। ਮਾਹੀਆ, ਢੋਲੇ, ਟੱਪੇ, ਬੋਲੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ ਅਤੇ ਵਾਰ ਵਰਗੀਆਂ ਲੋਕ ਕਾਵਿ-ਵੰਨਗੀਆਂ ਨੇ ਪੰਜਾਬੀ ਜੀਵਨ ਦੇ ਹਰ ਰੰਗ ਨੂੰ ਆਵਾਜ਼ ਦਿੱਤੀ। ਇਸ ਸੰਗੀਤਕ ਪਰੰਪਰਾ ਪਿੱਛੇ ਸਦੀਆਂ ਪੁਰਾਣੀ ਸਾਹਿਤਕ ਅਧਿਆਤਮਕ ਅਤੇ ਸੰਗੀਤਕ ਵਿਰਾਸਤ ਹੈ। ਇਸ ਤੋਂ ਬਾਅਦ ਲੋਕ ਗਾਇਕੀ ਦਾ ਬੇਹੱਦ ਪ੍ਰਭਾਵਸ਼ਾਲੀ ਦੌਰ ਆਇਆ। ਲਾਲ ਚੰਦ ਯਮਲਾ ਜੱਟ ਨੇ ਤੂੰਬੀ ਅਤੇ ਇੱਕ ਤਾਰੇ ਦੀ ਟੁਣਕਾਰ ਨੂੰ ਲੋਕ ਚੇਤਨਾ ਦੀ ਆਵਾਜ਼ ਬਣਾਇਆ। ਆਲਮ ਲੁਹਾਰ ਨੇ ਚਿਮਟੇ ਦੀ ਛਣਕਾਰ ਨਾਲ ਜੁਗਨੀ ਨੂੰ ਕੌਮਾਂਤਰੀ ਪਛਾਣ ਦਿੱਤੀ। ਕੁਲਦੀਪ ਮਾਣਕ ਨੇ ਕਲੀਆਂ ਨੂੰ ਵਿਲੱਖਣ ਪਛਾਣ ਦਿੱਤੀ ਅਤੇ ਗੁਰਮੀਤ ਬਾਵਾ ਨੇ ਲੰਮੀ ਹੇਕ ਨਾਲ ਲੋਕ ਧੁਨਾਂ ਨੂੰ ਸਥਾਪਿਤ ਕੀਤਾ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
(2)
26 ਸਤੰਬਰ ਦੇ ‘ਸਤਰੰਗ’ ਅੰਕ ਵਿੱਚ ਨਵਦੀਪ ਸਿੰਘ ਝੁਨੀਰ ਦਾ ਲੇਖ ‘ਰਬਾਬ ਤੋਂ ਰੈਪ ਤੱਕ’ ਅਜੋਕੇ ਸਮੇਂ ਦੇ ਇੱਕ ਗੰਭੀਰ ਸੱਭਿਆਚਾਰਕ ਮਸਲੇ ’ਤੇ ਸਾਰਥਿਕ ਚਰਚਾ ਛੇੜਦਾ ਹੈ। ਲੇਖਕ ਨੇ ਬਾਬਾ ਫਰੀਦ ਜੀ ਦੇ ਸਲੋਕਾਂ, ਰਬਾਬ, ਸੂਫ਼ੀ ਕਿੱਸਾ ਕਾਵਿ ਅਤੇ ਲੋਕ ਗਾਇਕੀ ਤੋਂ ਲੈ ਕੇ ਅਜੋਕੇ ਰੈਪ ਤੱਕ ਦੇ ਇਤਿਹਾਸਕ ਸਫ਼ਰ ਨੂੰ ਬੜੀ ਖ਼ੂਬਸੂਰਤੀ ਨਾਲ ਸਮੇਟਿਆ ਹੈ। ਨਵੀਂ ਪੀੜ੍ਹੀ ਜਾਂ ਰੈਪ ਵਿਧਾ ਨੂੰ ਸਿੱਧਾ ਦੋਸ਼ੀ ਠਹਿਰਾਉਣ ਦੀ ਬਜਾਏ ਮੋਬਾਈਲ ਸਕਰੀਨ ਦੇ ਪਿੱਛੇ ਕੰਮ ਕਰਦੇ ‘ਐਲਗੋਰਿਦਮ’ ਦੇ ਜਾਲ ਨੂੰ ਬੇਨਕਾਬ ਕੀਤਾ ਹੈ ਜੋ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਤੇਜ਼ ਬੀਟ ਅਤੇ ਭੜਕਾਊ ਸਮੱਗਰੀ ਦੇ ਘੇਰੇ ਵਿੱਚ ਕੈਦ ਕਰ ਰਿਹਾ ਹੈ। ਸਕੂਲੀ ਪਾਠ-ਪੁਸਤਕਾਂ ਵਿੱਚ ਪੜ੍ਹਾਈ ਜਾਂਦੀ ਵਿਰਾਸਤ ਅਤੇ ਡਿਜੀਟਲ ਦੁਨੀਆ ਵਿਚਕਾਰ ਚੱਲ ਰਹੇ ਗ਼ੈਰਬਰਾਬਰੀ ਵਾਲੇ ਮੁਕਾਬਲੇ ਨੂੰ ਲੇਖਕ ਨੇ ਬਿਲਕੁਲ ਸਹੀ ਪਛਾਣਿਆ ਹੈ। ‘ਕੋਕ ਸਟੂਡੀਓ’ ਦੀ ਤਰਜ਼ ’ਤੇ ਸਾਡੀ ਸੂਫ਼ੀ ਅਤੇ ਲੋਕ ਵਿਰਾਸਤ ਨੂੰ ਆਧੁਨਿਕ ਸਾਊਂਡ-ਡਿਜ਼ਾਈਨ ਰਾਹੀਂ ਡਿਜੀਟਲ ਮਾਧਿਅਮ ’ਤੇ ਪੇਸ਼ ਕਰਨ ਦਾ ਸੁਝਾਅ ਬੇਹੱਦ ਵਿਹਾਰਕ ਹੈ। ਆਖ਼ਰੀ ਸਤਰ ਕਿ ‘ਰਬਾਬ ਤੋਂ ਰੈਪ ਤੱਕ ਪਹੁੰਚਣਾ ਵਿਕਾਸ ਹੈ ਪਰ ਰਬਾਬ ਨੂੰ ਭੁੱਲ ਕੇ ਰੈਪ ਤੱਕ ਹੀ ਰਹਿ ਜਾਣਾ ਸਾਡੀ ਸੱਭਿਆਚਾਰਕ ਯਾਦ ਦੀ ਤ੍ਰਾਸਦੀ ਹੈ’, ਹਰ ਚਿੰਤਨਸ਼ੀਲ ਪੰਜਾਬੀ ਨੂੰ ਝੰਜੋੜਨ ਵਾਲੀ ਹੈ।
ਗੁਰਮੇਲ ਸਿੰਘ, ਬੋਹਾ (ਮਾਨਸਾ)
ਡਿਜੀਟਲ ਅਰਥਵਿਵਸਥਾ ਤੇ ਖਪਤਕਾਰ
ਡਿਜੀਟਲ ਅਰਥਵਿਵਸਥਾ ਵਿੱਚ ਖਪਤਕਾਰ ਦੀ ਸਹਿਮਤੀ ਸਿਰਫ਼ ਇੱਕ ਕਲਿੱਕ ਨਹੀਂ ਸਗੋਂ ਸੁਤੰਤਰ ਅਤੇ ਪੂਰੀ ਜਾਣਕਾਰੀ ’ਤੇ ਆਧਾਰਿਤ ਫ਼ੈਸਲਾ ਹੋਣਾ ਚਾਹੀਦਾ ਹੈ। ਵਿਡੰਬਨਾ ਇਹ ਹੈ ਕਿ ਟੈਕਸੀ ਬੁੱਕ ਕਰਦੇ ਸਮੇਂ ਉਪਲੱਬਧਤਾ, ਕਿਰਾਏ ਜਾਂ ਉਡੀਕ ਸਮੇਂ ਬਾਰੇ ਵੱਖ-ਵੱਖ ਸੰਕੇਤਾਂ ਰਾਹੀਂ ਗਾਹਕ ਨੂੰ ਆਕਰਸ਼ਿਤ ਕੀਤਾ ਜਾਂ ਉਲਝਾਇਆ ਜਾ ਸਕਦਾ ਹੈ। ਮੂਲ ਸਵਾਲ ਇਹ ਹੈ ਕਿ ਕੀ ਡਿਜੀਟਲ ਮੰਚ ਖਪਤਕਾਰ ਨੂੰ ਪੂਰੀ ਜਾਣਕਾਰੀ ਦੇ ਕੇ ਫ਼ੈਸਲਾ ਕਰਨ ਦੇ ਰਿਹਾ ਹੈ ਜਾਂ ਆਪਣੇ ਡਿਜ਼ਾਈਨ ਅਤੇ ਐਲਗੋਰਿਦਮ ਰਾਹੀਂ ਉਸ ਨੂੰ ਕਿਸੇ ਖ਼ਾਸ ਵਿਕਲਪ ਵੱਲ ਧੱਕ ਰਿਹਾ ਹੈ?
ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ
ਉੱਠ ਕਿਰਤੀਆ
24 ਸਤੰਬਰ ਦੇ ਔਨਲਾਈਨ ਐਡੀਸ਼ਨ ’ਚ ‘ਅਦਬੀ ਰੰਗ’ ਪੰਨੇ ’ਤੇ ਯਾਦਵਿੰਦਰ ਸਿੰਘ ਕਲੌਲੀ ਦੀ ਰਚਨਾ ‘ਉੱਠ ਕਿਰਤੀਆ’ ਬਹੁਤ ਵਧੀਆ ਸੀ। ਪੰਨਾ ‘ਅਦਬੀ ਰੰਗ’ ਮੇਰਾ ਮਨਪਸੰਦ ਹੈ। ਇਸ ਵਿੱਚ ਨਵੀਆਂ ਕਲਮਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਚੀਖ਼, ਅਮੀਰ ਮਿੱਟੀ, ਕਾਬਿਲੇ ਤਾਰੀਫ਼ ਰਚਨਾਵਾਂ ਹਨ।
ਸੁਮਨਦੀਪ ਕੌਰ ਮਹਿਮੀ, ਇਸਰਹੇਲ (ਫ਼ਤਿਹਗੜ੍ਹ ਸਾਹਿਬ)
ਨਰਕ ਭਰੀ ਜ਼ਿੰਦਗੀ
23 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਲੇਖ ‘ਰੰਡੀਆਂ ਵਰਗਾ ਜੀਵਨ’ ਪੜ੍ਹਿਆ। ਉਹ ਪੰਜਾਬ, ਜੋ ਕਦੇ ਯੋਧੇ ਸੂਰਮਿਆਂ ਦੀ ਧਰਤੀ ਹੁੰਦੀ ਸੀ, ਅੱਜ ਨਸ਼ਿਆਂ ਲਈ ਜਾਣਿਆ ਜਾਂਦਾ ਹੈ। ਨੌਜਵਾਨ ਨਸ਼ਿਆਂ ਕਾਰਨ ਰੋਜ਼ਾਨਾ ਮੌਤ ਦੇ ਮੂੰਹ ’ਚ ਜਾ ਰਹੇ ਹਨ। ਬਹੁਤ ਸਾਰੀਆਂ ਧੀਆਂ-ਭੈਣਾਂ ਵਿਧਵਾ ਹੋ ਚੁੱਕੀਆਂ ਹਨ ਅਤੇ ਨਸ਼ੇੜੀਆਂ ਨਾਲ ਜੀਵਨ ਬਤੀਤ ਕਰ ਰਹੀਆਂ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਇਸ ਮਾੜੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਣਾ ਹੈ ਤਾਂ ਹੀ ਸਾਡੀ ਨੌਜਵਾਨੀ ਨੂੰ ਇਸ ਭੈੜੀ ਅਲਾਮਤ ਤੋਂ ਬਾਹਰ ਕੱਢਿਆ ਜਾ ਸਕਦਾ ਹੈ।
ਬੂਟਾ ਸਿੰਘ ਚਤਾਮਲਾ, ਰੂਪਨਗਰ

