ਪਾਠਕਾਂ ਦੇ ਖ਼ਤ: ਇਮਾਰਤਸਾਜ਼ ਭਾਈ ਰਾਮ ਸਿੰਘ
15 ਸਤੰਬਰ ਦੇ ‘ਵਿਰਾਸਤ’ ਪੰਨੇ ’ਤੇ ਮਾਸਟਰ ਲਖਵਿੰਦਰ ਸਿੰਘ ਦਾ ਲੇਖ ‘ਮਹਾਨ ਇਮਾਰਤਸਾਜ਼ ਭਾਈ ਰਾਮ ਸਿੰਘ’ ਪੜਿ੍ਹਆ। ਉਨ੍ਹਾਂ ਲੱਕੜ ਨੱਕਾਸ਼ੀ ਦੀ ਆਪਣੀ ਨਿਵੇਕਲੀ ਕਲਾ ਰਾਹੀਂ ਸਿੱਖ, ਮੁਗਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਦਾ ਮਹਾਨ ਕਾਰਜ ਕੀਤਾ। ਸਕੂਲ ਦੀ...
15 ਸਤੰਬਰ ਦੇ ‘ਵਿਰਾਸਤ’ ਪੰਨੇ ’ਤੇ ਮਾਸਟਰ ਲਖਵਿੰਦਰ ਸਿੰਘ ਦਾ ਲੇਖ ‘ਮਹਾਨ ਇਮਾਰਤਸਾਜ਼ ਭਾਈ ਰਾਮ ਸਿੰਘ’ ਪੜਿ੍ਹਆ। ਉਨ੍ਹਾਂ ਲੱਕੜ ਨੱਕਾਸ਼ੀ ਦੀ ਆਪਣੀ ਨਿਵੇਕਲੀ ਕਲਾ ਰਾਹੀਂ ਸਿੱਖ, ਮੁਗਲ ਤੇ ਵਿਕਟੋਰੀਅਨ ਸ਼ੈਲੀਆਂ ਦਾ ਬਾਕਮਾਲ ਮੇਲ ਕਰਵਾਉਣ ਦਾ ਮਹਾਨ ਕਾਰਜ ਕੀਤਾ। ਸਕੂਲ ਦੀ ਸਿੱਖਿਆ ਹਾਸਿਲ ਕਰਨ ਦੌਰਾਨ ਭਾਈ ਰਾਮ ਸਿੰਘ ਦੇ ਅੰਗਰੇਜ਼ ਅਧਿਆਪਕ ਨੇ ਪਹਿਲਾਂ ਹੀ ਇਹ ਗੱਲ ਆਖੀ ਸੀ ਕਿ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਾਹ ਤਲਾਸ਼ਣ ਵਾਲਾ ਇਹ ਹੋਣਹਾਰ ਵਿਦਿਆਰਥੀ ਉੱਤਮ ਇਮਾਰਤਸਾਜ਼ ਬਣੇਗਾ। ਮਹਾਰਾਣੀ ਦੇ ਸੱਦੇ ’ਤੇ 1890 ਵਿੱਚ ਉਹ ਇੰਗਲੈਂਡ ਗਏ, ਜਿੱਥੇ ਉਨ੍ਹਾਂ ‘ਇੰਡੀਅਨ ਰੂਮ’ ਦਾ ਨਾਮ ਬਦਲ ਕੇ ‘ਦਰਬਾਰ ਹਾਲ ਰੌਇਲ ਆਫ ਏਸ਼ੀਅਨ’ ਰੱਖਿਆ ਕਿਉਂਕਿ ਇਹ ਏਸ਼ੀਆ ਦੇ ਸੱਭਿਆਚਾਰ ਦੀ ਤਰਜਮਾਨੀ ਕਰਦਾ ਸੀ। ਮਲਿਕਾ ਵਿਕਟੋਰੀਆ ਉਨ੍ਹਾਂ ਦੀ ਕਲਾ ਦੀ ਕਦਰਦਾਨ ਬਣ ਗਈ। ਸਤਿਕਾਰ ਵਜੋਂ ਭਾਈ ਸਾਹਿਬ ਦੇ ਨੇੜੇ-ਤੇੜੇ ਤੰਬਾਕੂ, ਗਊ ਦੇ ਮਾਸ ਅਤੇ ਹਲਾਲ ਦੀ ਸਖ਼ਤ ਮਨਾਹੀ ਸੀ। ਉਨ੍ਹਾਂ ਨੂੰ ਮਿਲਣ ਸਮੇਂ ਅੰਗਰੇਜ਼ੀ ਲਿਬਾਸ ਪਹਿਨਣ ’ਤੇ ਵੀ ਰੋਕ ਲਾਈ ਗਈ। ਮਲਿਕਾ ਵਿਕਟੋਰੀਆ ਅਤੇ ਉਨ੍ਹਾਂ ਦੀ ਧੀ ਜਦੋਂ ਉਨ੍ਹਾਂ ਦਾ ਕੰਮ ਵੇਖਣ ਜਾਂਦੀਆਂ ਤਾਂ ਉਹ ਵੀ ਅੰਗਰੇਜ਼ੀ ਪਹਿਰਾਵੇ ਤੋਂ ਪ੍ਰਹੇਜ਼ ਰੱਖਦੀਆਂ ਸਨ। ਉਹ ਭਾਈ ਰਾਮ ਸਿੰਘ ਦੀ ਕਾਰਜ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸਨ। ਮਹਾਰਾਣੀ ਨੇ ਉਨ੍ਹਾਂ ਦੀ ਦਰਬਾਰ ਹਾਲ ਦੀ ਮੀਨਾਕਾਰੀ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ‘ਸੋਨ ਪੈੱਨ ਕੇਸ’ ਅਤੇ ਆਪਣੇ ਦਸਤਾਖ਼ਤਾਂ ਵਾਲੀ ਪੇਂਟਿੰਗ ਵੀ ਭੇਟ ਕੀਤੀ ਸੀ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
ਨਗਦੀ ਵੱਲ ਅਹੁਲਣ ਲੱਗੇ ਵਪਾਰੀ
17 ਸਤੰਬਰ ਦੇ ਅੰਕ ’ਚ ਮੁੱਖ ਖ਼ਬਰ ‘ਨਗਦੀ ਵੱਲ ਅਹੁਲਣ ਲੱਗੇ ਵਪਾਰੀ’ ਪੜ੍ਹੀ। ਸਰਕਾਰ ਵੱਲੋਂ 15 ਅਕਤੂਬਰ ਤੋਂ 2,000 ਰੁਪਏ ਤੋਂ ਵੱਧ ਦੇ ਯੂ ਪੀ ਆਈ ਵਪਾਰੀ ਲੈਣ-ਦੇਣ ’ਤੇ 0.4 ਫੀਸਦੀ ਚਾਰਜ ਲਗਾਉਣ ਦਾ ਫ਼ੈਸਲਾ, ਜਿਸ ਨੂੰ ਵਪਾਰੀ ਛੋਟ ਦਰ ਕਿਹਾ ਜਾਂਦਾ ਹੈ, ਡਿਜੀਟਲ ਭੁਗਤਾਨ ਪ੍ਰਣਾਲੀ ਦੇ ਬਿਲਕੁਲ ਉਲਟ ਹੈ। ਜਦੋਂ ਵੀ ਅਜਿਹੇ ਫ਼ੈਸਲੇ ਲਏ ਜਾਂਦੇ ਹਨ, ਸਰਕਾਰ ਹਮੇਸ਼ਾ ਦਾਅਵਾ ਕਰਦੀ ਹੈ ਕਿ ਖ਼ਪਤਕਾਰਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ, ਪਰ ਮੋੜਵੇਂ ਰੂਪ ਵਿੱਚ ਹਮੇਸ਼ਾ ਨਵੇਂ ਟੈਕਸ ਖ਼ਪਤਕਾਰਾਂ ’ਤੇ ਹੀ ਪਾਏ ਜਾਂਦੇ ਹਨ।
ਐੱਸ ਕੇ ਖੋਸਲਾ, ਚੰਡੀਗੜ੍ਹ
ਦੁਖਦਾਈ ਖ਼ਬਰ
15 ਸਤੰਬਰ ਦੇ ਅੰਕ ’ਚ ਇੱਕ ਸਰਕਾਰੀ ਕਾਲਜ ਦੇ ਲੈਬ ਅਟੈਂਡੈਂਟ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰਨ ਦੀ ਖ਼ਬਰ ਪੜ੍ਹੀ, ਜਿਸ ਨੇ ਮਰਨ ਤੋਂ ਪਹਿਲਾਂ ਪਾਈ ਵੀਡੀਓ ’ਚ ਸੀਨੀਅਰ ਸਹਾਇਕ ਬਾਰੇ ਦੱਸਿਆ, ਜਿਹੜਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਇੱਥੋਂ ਤੱਕ ਕਿ ਸਹਾਇਕ ਉਸ ਨੂੰ ਉੱਥੋਂ ਆਪਣੀ ਬਦਲੀ ਕਰਵਾਉਣ ਲਈ ਵੀ ਦਬਾਅ ਪਾਉਂਦਾ ਸੀ। ਕਲਰਕ ਵੱਲੋਂ ਬਣਾਏ ਸਾਰੇ ਬਿੱਲਾਂ, ਕਾਗਜ਼ਾਂ ’ਤੇ ਕਾਲਜ ਦੇ ਪ੍ਰਿੰਸੀਪਲ ਨੇ ਦਸਤਖ਼ਤ ਕਰਨੇ ਹੁੰਦੇ ਹਨ। ਇੱਕ ਕਲਰਕ ਦੀ ਕਿਵੇਂ ਹਿੰਮਤ ਪੈ ਜਾਂਦੀ ਹੈ ਕਿ ਉਹ ਕਾਲਜ ਦੇ ਕਿਸੇ ਮੁਲਾਜ਼ਮ ਨੂੰ ਐਨਾ ਤੰਗ ਕਰੇ ਕਿ ਉਹ ਆਤਮਹੱਤਿਆ ਹੀ ਕਰ ਲਵੇ। ਕਾਲਜ ਦੇ ਪ੍ਰਿੰਸੀਪਲ ਵੱਲੋਂ ਜੇ ਸਹਾਇਕ ਨੂੰ ਸ਼ੁਰੂ ਵਿੱਚ ਹੀ ਇਸ ਸਬੰਧੀ ਤਾੜਨਾ ਕੀਤੀ ਹੁੰਦੀ ਤਾਂ ਲੈਬ ਅਟੈਂਡੈਂਟ ਆਤਮਹੱਤਿਆ ਕਰਨ ਵਾਲਾ ਸਖ਼ਤ ਕਦਮ ਨਾ ਚੁੱਕਦਾ।
ਸੋਹਣ ਲਾਲ ਗੁਪਤਾ, ਪਟਿਆਲਾ
ਏ ਆਈ ਬਨਾਮ ਨਿੱਜਤਾ
14 ਸਤੰਬਰ ਦੀ ਸੰਪਾਦਕੀ ‘ਏ ਆਈ ਫੋਟੋਆਂ ਤੇ ਨਿੱਜਤਾ’ ਸੰਪਾਦਕੀ ਜਾਣਕਾਰੀ ਭਰਪੂਰ ਹੈ। ਅੱਜਕੱਲ੍ਹ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਸੋਸ਼ਲ ਮੀਡੀਆ ’ਤੇ 1980 ਦਹਾਕੇ ਵਰਗੀ ਫੋਟੋਆਂ ਦਿਖਾਉਣ ਦਾ ਕਾਫ਼ੀ ਜ਼ਿਆਦਾ ਰੁਝਾਨ ਚੱਲ ਰਿਹਾ ਹੈ। ਹਰੇਕ ਬੰਦੇ ਨੇ ਆਪਣੀ ਫ਼ੋਟੋ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਏ ਆਈ ਕੁਝ ਹੀ ਸੈਕਿੰਡ ’ਚ ਉਸ ਤਸਵੀਰ ਨੂੰ 80ਵੇਂ ਦੇ ਦਹਾਕੇ ਵਾਲੀ ਦਿੱਖ ’ਚ ਬਦਲ ਦਿੰਦਾ ਹੈ। ਅਸੀਂ ਪੁਰਾਣੇ ਸਮੇਂ ਮੁਤਾਬਕ ਦਿਖਣ ਲਈ ਕਿੰਨੀ ਜਲਦੀ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ। ਪੁਲੀਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਬਾਰੇ ਚਿਤਾਵਨੀ ਵੀ ਜਾਰੀ ਕੀਤੀ ਗਈ ਸੀ। ਅਸੀਂ ਦੇਖਦੇ ਹਾਂ ਕਿ ਕੁਝ ਲੋਕ ਕਿਸੇ ਥਾਂ ’ਤੇ ਘੁੰਮਣ ਜਾਂਦੇ ਹਨ ਤਾਂ ਉੱਥੇ ਦੀਆਂ ਤਸਵੀਰਾਂ ਲਾਈਵ ਲੋਕੇਸ਼ਨ ਪਾ ਕੇ ਜਨਤਕ ਕਰਦੇ ਹਨ। ਜਾਣਕਾਰੀ ਸਾਂਝੀ ਕਰਨ ਨਾਲ ਕਈ ਵਾਰ ਉਹ ਨੂੰ ਮੁਸੀਬਤ ਵਿੱਚ ਵੀ ਪੈ ਜਾਂਦੇ ਹਨ। 80 ਦੇ ਦਹਾਕੇ ਦੀ ਬਣਾਈ ਫੋਟੋ ਕੁਝ ਪਲ ਦੀ ਖੁਸ਼ੀ ਤਾਂ ਦੇ ਸਕਦੀ ਹੈ, ਪਰ ਡਿਜੀਟਲ ਫੁੱਟ ਪ੍ਰਿੰਟ ਬਹੁਤ ਲੰਮੇ ਸਮੇਂ ਤੱਕ ਕਾਇਮ ਰਹਿੰਦੇ ਹਨ।
ਸੰਜੀਵ ਸਿੰਘ ਸੈਣੀ, ਮੁਹਾਲੀ
(2)
ਸੋਸ਼ਲ ਮੀਡੀਆ ਰਾਹੀਂ ਖ਼ੁਦ ਦੀਆਂ ਫੋਟੋਆਂ ਨੂੰ ਏ ਆਈ ਜ਼ਰੀਏ 1980 ਦੇ ਦੌਰ ’ਚ ਲਿਜਾ ਕੇ ਪੇਸ਼ ਕਰਨ ਦੀ ਹੋੜ ਲੱਗੀ ਹੋਈ ਹੈ। ਸੋਸ਼ਲ ਨੈੱਟਵਰਕਿੰਗ ਵੈੱਬਸਾਈਟ/ਐਪ ਰਾਹੀਂ ਮੌਜੂਦਾ ਫੋਟੋਆਂ ਮੋਡੀਫਾਈ ਕਰਨ ਦਾ ਭੂਤ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਪਰ ਉਨ੍ਹਾਂ ਦੀਆਂ ਫੋਟੋਆਂ ਅਤੇ ਡਾਟਾ ਸੋਸ਼ਲ ਐਪਸ ਰਾਹੀਂ ਕਿਸੇ ਵੀ ਰੂਪ ਵਿੱਚ ਦੁਰਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਅਜਿਹੇ ਐਪ ਬਣਾ ਕੇ ਵਰਤੋਂ ਵਿੱਚ ਲਿਆ ਰਹੀਆਂ ਸਾਈਟਾਂ ਕਿਸੇ ਨਿਯਮ ਤਹਿਤ ਨਿੱਜਤਾ ਲਈ ਪਾਬੰਦੀ ਦੀ ਪਾਲਣਾ ਦੀਆਂ ਧਾਰਕ ਨਹੀਂ ਹਨ। ਇਸਤਰੀ ਵਰਗ ਅਤੇ ਨੌਜਵਾਨਾਂ ਨੂੰ ਇਸ ਸਭ ਕਾਸੇ ਤੋਂ ਪ੍ਰਹੇਜ਼ ਦੀ ਲੋੜ ਹੈ। ਇਸ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਖਟਾਸ ਅਤੇ ਰੁਤਬੇ ਨੂੰ ਢਾਹ ਲੱਗਣ ਦੀ ਪੂਰੀ ਸੰਭਾਵਨਾ ਹੈ।
ਇੰਜੀ. ਸਤਨਾਮ ਸਿੰਘ ਮੱਟੂ, ਬੀਂਬੜ੍ਹ (ਸੰਗਰੂਰ)
(3)
14 ਸਤੰਬਰ ਦੇ ਅੰਕ ’ਚ ਸੰਪਾਦਕੀ ‘ਏ ਆਈ ਫੋਟੋਆਂ ਤੇ ਨਿੱਜਤਾ’ ਜਾਣਕਾਰੀ ਭਰਪੂਰ ਹੈ। ਅੱਜ ਦੇ ਤਕਨੀਕੀ ਯੁੱਗ ਵਿੱਚ ਏ ਆਈ ਦੀ ਵਰਤੋਂ ਬਹੁਤ ਵਧ ਰਹੀ ਹੈ। ਅੱਜਕੱਲ੍ਹ ਲੋਕ ਆਪਣੀਆਂ ਤਸਵੀਰਾਂ ਨੂੰ ਵੱਖ-ਵੱਖ ਏ ਆਈ ਐਪਾਂ ਦੀ ਵਰਤੋਂ ਰਾਹੀ ਨਵੇਂ ਰੂਪ ਵਿੱਚ ਬਦਲ ਰਹੇ ਹਨ। ਅਜਿਹੀਆਂ ਐਪਸ ਦੀ ਵਰਤੋਂ ਕਰਦੇ ਸਮੇਂ ਸਾਡੀ ਨਿੱਜੀ ਜਾਣਕਾਰੀ ਅਤੇ ਤਸਵੀਰਾਂ ਦੀ ਸੁਰੱਖਿਆ ਬਾਰੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਸਾਡੀ ਨਿੱਜਤਾ ਨਾਲ ਜੁੜੀਆਂ ਚਿੰਤਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਗਿਆ ਹੈ। ਏ ਆਈ ਦੀ ਸਹੀ ਵਰਤੋਂ ਸਾਡੇ ਲਈ ਲਾਭਦਾਇਕ ਹੋ ਸਕਦੀ ਹੈ, ਪਰ ਬਿਨਾਂ ਸੋਚੇ-ਸਮਝੇ ਆਪਣੀਆਂ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ। ਇਹ ਸਮੱਸਿਆ ਇੱਕ ਗੰਭੀਰ ਚਿੰਤਾਜਨਕ ਰੂਪ ਲੈ ਚੁੱਕੀ ਹੈ। ਇਹ ਲੇਖ ਤਕਨਾਲੋਜੀ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦਾ ਹੈ।
ਨਵਨੀਤ ਕੌਰ, ਬਰਨਾਲਾ
ਬੱਚਿਆਂ ਦੀਆਂ ਖ਼ੁਦਕੁਸ਼ੀਆਂ
11 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਹਰਲੀਨ ਕੌਰ ਦਾ ਲੇਖ ‘ਬੱਚਿਆਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ’ ਸੰਵੇਦਨਸ਼ੀਲ ਵਿਸ਼ੇ ਦੀ ਤਰਜਮਾਨੀ ਕਰਦਾ ਹੈ। ਲੇਖਕਾ ਨੇ ਆਪਣੀ ਗੱਲ ਤੱਥਾਂ ਸਮੇਤ ਰੱਖੀ ਹੈ ਤੇ ਅੰਕੜੇ ਸੱਚਮੁੱਚ ਡਰਾਉਣੇ ਹਨ। ਨਸ਼ਾ ਰੂਪੀ ਅਜਗਰ ਜਵਾਨੀ ਨੂੰ ਨਿਗਲੀ ਜਾ ਰਿਹਾ ਹੈ ਅਤੇ ਬੇਹਿਸਾਬ ਮੁਕਾਬਲੇਬਾਜ਼ੀ ਕਾਰਨ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਰਹੇ ਹਨ। ‘ਨੀਟ’ ਵਰਗੀ ਪ੍ਰੀਖਿਆ ਵਿੱਚ ਅਸਫ਼ਲਤਾ ਮਿਲਣ ’ਤੇ ਮਾਨਸਿਕ ਮਜ਼ਬੂਤੀ ਦੀ ਅਣਹੋਂਦ ਕਾਰਨ ਅਕਸਰ ਵਿਦਿਆਰਥੀ ਮੌਤ ਦਾ ਰਾਹ ਚੁਣ ਲੈਂਦੇ ਹਨ। ਆਸਵੰਦ ਵਿਅਕਤੀ ਹਰ ਸਥਿਤੀ ਨੂੰ ਬਹਾਦਰੀ ਨਾਲ ਨਜਿੱਠਦਾ ਹੈ ਤੇ ਇਹੀ ਮਾਨਸਿਕਤਾ ਹਰ ਮਨੁੱਖ ਦੀ ਹੋਣੀ ਚਾਹੀਦੀ ਹੈ।
ਡਾ. ਗੁਰਤੇਜ ਸਿੰਘ, ਚੱਕ ਬਖਤੂ (ਬਠਿੰਡਾ)
(2)
ਡਾ. ਹਰਲੀਨ ਕੌਰ ਦਾ ਲੇਖ ਮੌਜੂਦਾ ਸਿੱਖਿਆ ਪ੍ਰਣਾਲੀ ’ਤੇ ਕਰਾਰੀ ਚੋਟ ਹੈ। 19 ਸਾਲਾ ਬੱਚੇ ਦਾ ਇਹ ਕਹਿਣਾ ਕਿ ‘ਅਗਲੇ ਜਨਮ ਵਿੱਚ ਡਾਕਟਰ ਬਣਾਂਗਾ’ ਸਾਡੇ ਸਮਾਜ ਦੀ ਅਸਫ਼ਲਤਾ ਨੂੰ ਦਰਸਾਉਂਦਾ ਹੈ। ਅਸੀਂ ਬੱਚਿਆਂ ਨੂੰ ਇੱਕ ਪ੍ਰੋਜੈਕਟ ਬਣਾ ਦਿੱਤਾ ਹੈ। ਇੱਕ ਲੱਖ ਸੀਟ ਲਈ 25 ਲੱਖ ਦਾਅਵੇਦਾਰ, ਇਹ ਮੁਕਾਬਲਾ ਨਹੀਂ ਘਾਣ ਹੈ। ਕੋਟਾ ਵਿੱਚ 24 ਘੰਟੇ ਵਿੱਚ 4 ਖ਼ੁਦਕੁਸ਼ੀਆਂ। ਇਹ ਕੋਚਿੰਗ ਸੈਂਟਰ ਨਹੀਂ ਸਗੋਂ ਡਿਪਰੈਸ਼ਨ ਦੀਆਂ ਫੈਕਟਰੀਆਂ ਬਣ ਗਏ ਹਨ। ਦੋਸ਼ੀ ਸਿਰਫ਼ ਸਿਸਟਮ ਨਹੀਂ, ਅਸੀਂ ਮਾਪੇ ਵੀ ਹਾਂ। ਅਸੀਂ ਬੱਚੇ ਦੀ ਰੁਚੀ ਵੇਖੇ ਬਿਨਾਂ ਸਿੱਧਾ ਫ਼ੈਸਲਾ ਸੁਣਾ ਦਿੰਦੇ ਹਾਂ ਕਿ ਡਾਕਟਰ ਬਣਨਾ ਹੈ ਜਾਂ ਇੰਜੀਨੀਅਰ। ਅਸੀਂ ਉਸ ਨੂੰ ਪੈਸਾ ਕਮਾਉਣ ਵਾਲੀ ਮਸ਼ੀਨ ਬਣਾਉਣਾ ਚਾਹੁੰਦੇ ਹਾਂ। ਜ਼ਿੰਦਗੀ ਸਿਰਫ਼ ਸਾਹ ਲੈਣ ਦਾ ਨਾਂ ਨਹੀਂ। ਸਾਨੂੰ ਸਕੂਲਾਂ ਵਿੱਚ ਕਾਊਂਸਲਿੰਗ, ਮਾਪਿਆਂ ਲਈ ਜਾਗਰੂਕਤਾ ਕੈਂਪ ਅਤੇ ਫੇਲ੍ਹ ਹੋਣ ਨੂੰ ਆਮ ਸਮਝਣ ਦੀ ਸਿੱਖਿਆ ਦੇਣੀ ਪਵੇਗੀ। ਬੱਚੇ ਦੇ ਅੰਕਾਂ ਤੋਂ ਵੱਧ ਉਸ ਦੀ ਮੁਸਕੁਰਾਹਟ ਜ਼ਰੂਰੀ ਹੈ।
ਗੁਰਦੀਪ ਸਿੰਘ, ਬਰਨਾਲਾ

