DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਚਾਲੇ ਛੱਡੀ ਕਵਿਤਾ

11 ਅਗਸਤ ਦੇ ਨਜ਼ਰੀਆ ਪੰਨੇ ’ਤੇ ਰਣਜੀਤ ਸਿੰਘ ਝੁਨੀਰ ਦਾ ਮਿਡਲ ‘ਜਦੋਂ ਕਵਿਤਾ ਅੱਧ ਵਿਚਾਲੇ ਛੱਡਣੀ ਪਈ’ ਪੜ੍ਹ ਕੇ ਮਨ ਧੁਰ ਤੱਕ ਹਲੂਣਿਆ ਗਿਆ। ਇੱਕ ਅਧਿਆਪਕ ਵਜੋਂ ਵਿਚਰਦਿਆਂ ਇਹੋ ਜਿਹੇ ਹਾਲਾਤ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਅਧਿਆਪਨ ਕਿੱਤੇ ਵਿੱਚ ਹੋਣ...

  • fb
  • twitter
  • whatsapp
  • whatsapp
Advertisement

11 ਅਗਸਤ ਦੇ ਨਜ਼ਰੀਆ ਪੰਨੇ ’ਤੇ ਰਣਜੀਤ ਸਿੰਘ ਝੁਨੀਰ ਦਾ ਮਿਡਲ ‘ਜਦੋਂ ਕਵਿਤਾ ਅੱਧ ਵਿਚਾਲੇ ਛੱਡਣੀ ਪਈ’ ਪੜ੍ਹ ਕੇ ਮਨ ਧੁਰ ਤੱਕ ਹਲੂਣਿਆ ਗਿਆ। ਇੱਕ ਅਧਿਆਪਕ ਵਜੋਂ ਵਿਚਰਦਿਆਂ ਇਹੋ ਜਿਹੇ ਹਾਲਾਤ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ। ਅਧਿਆਪਨ ਕਿੱਤੇ ਵਿੱਚ ਹੋਣ ਕਾਰਨ ਦਿਲ ਨੂੰ ਝੰਜੋੜਨ ਵਾਲੇ ਇਹ ਪਲ ਮੈਂ ਖ਼ੁਦ ਵੀ ਹੰਢਾਏ ਹਨ। ਅਜਿਹੀ ਭਾਵੁਕ ਲਿਖਤ ਨੂੰ ਪੜ੍ਹ ਕੇ ਮਾਂ ਦੇ ਪਿਆਰ ਤੋਂ ਵਾਂਝੇ ਹਰ ਮਨੁੱਖ ਦੀਆਂ ਦੀਆਂ ਅੱਖਾਂ ਗਿੱਲੀਆਂ ਹੋ ਜਾਣਾ ਸੁਭਾਵਿਕ ਹੈ। ਸ਼ਾਲਾ! ਰੱਬ ਕਿਸੇ ਵੀ ਮਾਂ ਨੂੰ ਤਾਰਾ ਬਣਾ ਕੇ ਆਪਣੇ ਕੋਲ ਨਾ ਬੁਲਾਵੇ।

ਰਮਿੰਦਰਜੀਤ ਕੌਰ, ਧੂਰੀ

Advertisement

ਪੈਲੇਟ ਗੰਨਾਂ ਦੇ ਜ਼ਖ਼ਮ

12 ਅਗਸਤ ਦੀ ਸੰਪਾਦਕੀ ‘ਪੈਲੇਟ ਗੰਨਾਂ ਦੇ ਜ਼ਖ਼ਮ’ ਵਿੱਚ 20 ਜੁਲਾਈ ਦੀ ਪੁਲੀਸ ਕਾਰਵਾਈ ਵਿੱਚ ਪੈਲੇਟ ਗੰਨਾਂ ਦੀ ਵਰਤੋਂ ਬਾਰੇ ਪਾਰਦਰਸ਼ਤਾ ਦੀ ਮੰਗ ਬਿਲਕੁਲ ਜਾਇਜ਼ ਹੈ। ਨਾਗਰਿਕ ਪ੍ਰਦਰਸ਼ਨਾਂ ਵਿੱਚ ਪੈਲੇਟ ਗੰਨਾਂ ਦੀ ਬੇਹਿਸਾਬ ਵਰਤੋਂ ਗੰਭੀਰ ਅਤੇ ਸਥਾਈ ਸੱਟਾਂ ਦਾ ਕਾਰਨ ਬਣ ਸਕਦੀ ਹੈ, ਖ਼ਾਸ ਕਰਕੇ ਅੱਖਾਂ ਦੀ ਰੌਸ਼ਨੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਰਹਿੰਦਾ ਹੈ। ਸਰਕਾਰ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਜਨਤਕ ਕਾਨੂੰਨ-ਵਿਵਸਥਾ ਕਾਇਮ ਰੱਖਣ ਦੀ ਹੈ, ਪਰ ਭੀੜ ਨੂੰ ਕਾਬੂ ਕਰਨ ਦੀ ਕਾਰਵਾਈ ਵਿਦਿਆਰਥੀਆਂ ਜਾਂ ਹੋਰ ਨਾਗਰਿਕਾਂ ਲਈ ਸਰੀਰਕ ਨੁਕਸਾਨ ਦਾ ਕਾਰਨ ਨਹੀਂ ਬਣਨੀ ਚਾਹੀਦੀ। ਸਰਕਾਰ ਦਾ ਫਰਜ਼ ਸਿਰਫ਼ ਸਥਿਤੀ ਵਿਗੜਨ ਤੋਂ ਬਾਅਦ ਬਲ ਦੀ ਵਰਤੋਂ ਕਰ ਕੇ ਕਾਬੂ ਪਾਉਣਾ ਨਹੀਂ, ਸਗੋਂ ਸੰਵਾਦ, ਪਾਰਦਰਸ਼ਤਾ ਅਤੇ ਸਮੇਂ ਸਿਰ ਦਖ਼ਲ ਰਾਹੀਂ ਅਜਿਹੇ ਟਕਰਾਅ ਨੂੰ ਰੋਕਣਾ ਵੀ ਹੈ। ਘਟਨਾ ਦੀ ਸੁਤੰਤਰ ਜਾਂਚ ਅਤੇ ਜਵਾਬਦੇਹੀ ਦੇ ਨਾਲ ਭਵਿੱਖ ਲਈ ਸਪੱਸ਼ਟ ਨਿਯਮ ਹੋਣੇ ਚਾਹੀਦੇ ਹਨ।

Advertisement

ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ

ਨਸ਼ੇ ਵੱਲ ਵੱਧਦਾ ਨੌਜਵਾਨ

ਅੱਜ ਦਾ ਨੌਜਵਾਨ ਪੜ੍ਹਾਈ, ਕਰੀਅਰ, ਨੌਕਰੀ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ। ਕਈ ਵਾਰ ਉਹ ਇੰਨਾ ਤਣਾਅ ਵਿੱਚ ਹੁੰਦਾ ਹੈ ਕਿ ਆਪਣੀਆਂ ਪ੍ਰੇਸ਼ਾਨੀਆਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਪਾਉਂਦਾ। ਉਸ ਨੂੰ ਲੱਗਦਾ ਹੈ ਕਿ ਲੋਕ ਉਸ ਨੂੰ ਕਮਜ਼ੋਰ ਜਾਂ ਗ਼ਲਤ ਸਮਝਣਗੇ। ਅਜਿਹੇ ਹਾਲਾਤ ਵਿੱਚ ਕਈ ਵਾਰ ਕੁਝ ਨੌਜਵਾਨ ਨਸ਼ੇ ਨੂੰ ਹੀ ਆਪਣੀਆਂ ਪ੍ਰੇਸ਼ਾਨੀਆਂ ਤੋਂ ਬਾਹਰ ਨਿਕਲਣ ਦਾ ਸਹਾਰਾ ਸਮਝ ਲੈਂਦੇ ਹਨ ਜੋ ਅੱਗੇ ਚੱਲ ਕੇ ਉਨ੍ਹਾਂ ਦੇ ਜੀਵਨ ਅਤੇ ਸਿਹਤ ਲਈ ਵੱਡਾ ਖ਼ਤਰਾ ਸਾਬਤ ਹੁੰਦੇ ਹਨ। ਸਰਕਾਰ ਨੂੰ ਨਸ਼ਿਆਂ ਦੀ ਖ਼ਰੀਦ-ਫਰੋਖ਼ਤ ’ਤੇ ਰੋਕ ਲਗਾਉਣੀ ਚਾਹੀਦੀ ਹੈ। ਹਰੇਕ ਪਰਿਵਾਰ ਨੂੰ ਆਪਣੇ ਬੱਚਿਆਂ ਨਾਲ ਭਰੋਸੇਮੰਦ ਰਿਸ਼ਤਾ ਬਣਾਉਣਾ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੀਆਂ ਪ੍ਰੇਸ਼ਾਨੀਆਂ ਉਨ੍ਹਾਂ ਨਾਲ ਸਾਂਝੀਆਂ ਕਰ ਸਕਣ। ਨੌਜਵਾਨਾਂ ਨੂੰ ਨਸ਼ੇ ਤੋਂ ਨਹੀਂ, ਸਗੋਂ ਸਹੀ ਸਹਾਰੇ ਅਤੇ ਸਮਝਦਾਰੀ ਨਾਲ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਹੈ।

ਰੂਪਾਲੀ ਵਧਵਾ, ਜਲੰਧਰ

ਅਸਲ ਨਾਮ

8 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰਿੰ. ਗੁਰਮੁਖ ਸਿੰਘ ਪੋਹੀੜ ਦੇ ਲੇਖ ‘ਮੈਂ ਐੱਸ ਪੀ ਦਾ ਫਸਟ ਕਜ਼ਨ ਹਾਂ’ ਵਿੱਚ ਅਤੇ ਕੁਝ ਹਫ਼ਤੇ ਪਹਿਲਾਂ ਭੁਪਿੰਦਰ ਫ਼ੌਜੀ ਦੇ ਲੇਖ ‘ਕਿਤਾਬਾਂ ਰੋਟੀ ਵੀ ਦਿੰਦੀਆਂ ਹਨ’ ਵਿੱਚ ਸਰਕਾਰੀ ਅਧਿਕਾਰੀਆਂ, ਇੱਥੋਂ ਤੱਕ ਕਿ ਜੱਜ ਦਾ ਅਸਲ ਨਾਂ ਆਇਆ ਸੀ। ਇਹ ਘਟਨਾਵਾਂ ਜੇ ਅਸਲ ਨਾਵਾਂ ਤੋਂ ਬਿਨਾਂ ਦੱਸੀਆਂ ਜਾਂਦੀਆਂ ਤਾਂ ਵੀ ਇਨ੍ਹਾਂ ਦਾ ਅਸਰ ਇਸ ਤੋਂ ਬਿਹਤਰ ਹੀ ਰਹਿਣਾ ਸੀ। ਇਸ ਤਰ੍ਹਾਂ ਕਿਸੇ ਦਾ ਨਾਂ ਲੈਣਾ ਸੰਵੇਦਨਸ਼ੀਲ ਮੁੱਦਾ ਬਣ ਸਕਦਾ ਹੈ ਜਿਵੇਂ ਕਿ ਜਿਸ ਕਦਮ ਲਈ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ, ਉਸ ਨੂੰ ਹੱਸ ਕੇ ਹੀ ਮੁਆਫ਼ ਕਰ ਦੇਣਾ।

ਮੁਲਖ ਸਿੰਘ, ਪਿਪਲੀ ਸਿਰਸਾ

ਹਲੀਮੀ ਤੇ ਗਿਆਨ ਦੀ ਵਰਤੋਂ

8 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਪ੍ਰਿੰ. ਗੁਰਮੁਖ ਸਿੰਘ ਪੋਹੀੜ ਦਾ ਲੇਖ ‘ਮੈਂ ਐੱਸ ਪੀ ਦਾ ਫਸਟ ਕਜ਼ਨ ਹਾਂ’ ਪੜ੍ਹਿਆ। ਲੇਖਕ ਨੇ ਕਾਨੂੰਨੀ ਜਾਣਕਾਰੀ ਦੀ ਵਰਤੋਂ ਕਰਦਿਆਂ ਅਚਾਨਕ ਆਈ ਮੁਸ਼ਕਿਲ ਨੂੰ ਆਪਣੀ ਸੂਝ-ਬੂਝ ਨਾਲ ਹੱਲ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਪੜ੍ਹਾਈ ਦੀ ਕੀ ਅਹਿਮੀਅਤ ਹੈ। ਮੁਸੀਬਤ ਵੇਲੇ ਘਬਰਾਉਣ ਦੀ ਥਾਂ ਨਿਮਰਤਾ, ਹਲੀਮੀ ਅਤੇ ਗਿਆਨ ਦੀ ਵਰਤੋਂ ਨਾਲ ਅਸੀਂ ਵੱਡੇ ਤੋਂ ਵੱਡਾ ਮਸਲਾ ਹੱਲ ਕਰ ਸਕਦੇ ਹਾਂ।

ਗੁਰਜਿੰਦਰ ਸਿੰਘ, ਸਾਹਦੜਾ, ਸ਼ਹੀਦ ਭਗਤ ਸਿੰਘ ਨਗਰ

ਚਿੜੀ ਦਾ ਫ਼ੈਸਲਾ

8 ਅਗਸਤ ਦੇ ‘ਸਤਰੰਗ’ ਅੰਕ ’ਚ ਛਪੀ ਕਮਲਜੀਤ ਨੀਲੋਂ ਦੀ ਬਾਲ ਕਹਾਣੀ ‘ਚਿੜੀ ਦਾ ਫ਼ੈਸਲਾ’ ਪੜ੍ਹੀ। ਕਹਾਣੀ ਬੱਚਿਆਂ ਦੇ ਨਾਲ-ਨਾਲ ਵੱਡਿਆਂ ਲਈ ਵੀ ਵੱਡਾ ਸਬਕ ਹੈ। ਕਹਾਣੀ ਵਿੱਚ ਚਿੜੀ ਨੇ ਆਪਣਾ ਆਲ੍ਹਣਾ ਬਦਲਣ ਦੀ ਥਾਂ ਕੁੱਤੇ ਨੂੰ ਬੰਨ੍ਹਣ ਦਾ ਹੱਲ ਸੋਚਿਆ। ਕੁੱਤਾ ਹਰ ਸਮੇਂ ਚਿੜੀ ’ਤੇ ਅੱਖ ਰੱਖਦਾ ਸੀ ਤੇ ਸੋਚਦਾ ਸੀ ਹੋਰ ਪੰਛੀਆਂ ਦੀ ਤਰ੍ਹਾਂ ਚਿੜੀ ਨੇ ਮੇਰੀ ਧੌਂਸ ਕਿਉਂ ਨਹੀਂ ਮੰਨੀ, ਉਹ ਚਿੜੀ ਨੂੰ ਮਾਰ ਕੇ ਖਾਣਾ ਚਾਹੁੰਦਾ ਸੀ। ਚਿੜੀ ਸੁਚੇਤ ਤੇ ਨਿਡਰ ਸੀ। ਉਸ ਨੇ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਸਮੱਸਿਆ ਤੋਂ ਭੱਜਣ ਦੀ ਥਾਂ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜਦੋਂ ਬੱਚੇ ਛੋਟੀ-ਛੋਟੀ ਗੱਲ ਤੋਂ ਘਬਰਾ ਜਾਂਦੇ ਹਨ, ਅਜਿਹੀਆਂ ਕਹਾਣੀਆਂ ਉਨ੍ਹਾਂ ਨੂੰ ਹੌਸਲਾ ਅਤੇ ਆਤਮ-ਵਿਸ਼ਵਾਸ ਦਿੰਦੀਆਂ ਹਨ।

ਮਾਸਟਰ ਪਰਮਵੇਦ, ਸੰਗਰੂਰ

ਪੰਜਾਬੀ ਦੋਗਾਣਾ

8 ਅਗਸਤ ਦੇ ‘ਸਤਰੰਗ’ ਪੰਨੇ ’ਤੇ ਮਨਜੀਤ ਮਾਨ ਨੇ ਪੰਜਾਬੀ ਦੋਗਾਣਾ ਗਾਇਕ ਚਾਂਦੀ ਰਾਮ ਦੇ ਜੀਵਨ ਬਾਰੇ ਲਿਖਿਆ ਹੈ। ਪਹਿਲਾਂ ਦੋਗਾਣੇ ਹੁੰਦੇ ਤਾਂ ਸਨ, ਪਰ ਸਟੇਜ ਉੱਤੇ ਗਾਉਣ ਵੇਲੇ ਗਾਇਕਾ ਦੀ ਥਾਂ ਕੋਈ ਮੁੰਡਾ ਹੀ ਸਲਵਾਰ-ਕਮੀਜ਼ ਪਾਈ ਖੜ੍ਹਾ ਹੁੰਦਾ ਸੀ, ਜਿਵੇਂ ਕਮਲ ਰਾਏਕੋਟੀ। ਚਾਂਦੀ ਰਾਮ ਦਾ ਸੁਰਿੰਦਰ ਸੋਨੀਆ ਨਾਲ ਮਸ਼ਹੂਰ ਗੀਤ ‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ, ਨੀ ਮਿੱਤਰਾਂ ਨੇ ਨਹੀਂ ਚੱਬਣੇ ਤੇਰੇ ਖੁਸ਼ਕ ਮੱਕੀ ਦੇ ਦਾਣੇ’ ਦਾ ਜ਼ਿਕਰ ਨਹੀਂ ਕੀਤਾ ਗਿਆ। ਉਸ ਦਾ ਆਖ਼ਰੀ ਗੀਤ ‘ਮੈਂ ਤਾਂ ਜੇਠ ਨੂੰ ਜੀ...ਜੀ... ਕਹਿੰਦੀ ਮੈਨੂੰ ਕਹਿੰਦਾ ਫੋਟ, ਜੇਠ ਨੂੰ ਅੱਗ ਲੱਗਜੇ ਸਣੇ ਪਜਾਮੇ ਕੋਟ’ ਸੀ।

ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

ਲੇਖਕ ਕੌਮ ਦਾ ਸਰਮਾਇਆ

ਲੇਖਕ ਤੇ ਕਲਾਕਾਰ ਕੌਮਾਂ ਦਾ ਸਰਮਾਇਆ ਹੁੰਦੇ ਹਨ। ਇਨ੍ਹਾਂ ਦੀਆਂ ਯਾਦਗਾਰਾਂ ਕਿਸੇ ਦੇਸ਼-ਕੌਮ ਦੀ ਸੱਭਿਆਚਾਰਕ ਵਿਰਾਸਤ ਨੂੰ ਹਮੇਸ਼ਾ ਜਿਊਂਦਾ ਰੱਖਦੀਆਂ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਤੋਂ ਪ੍ਰੇਰਨਾ ਲੈਂਦੀਆਂ ਹਨ। ਆਪਣੇ ਸੱਭਿਆਚਾਰ ਤੇ ਵਿਰਸੇ ਪ੍ਰਤੀ ਜਾਗਰੂਕ ਕੌਮਾਂ ਆਪਣੇ ਮਹਾਨ ਕਲਾਕਾਰਾਂ ਦੀਆਂ ਯਾਦਗਾਰਾਂ ਸੰਭਾਲ ਕੇ ਰੱਖਦੀਆਂ ਹਨ। ਸਾਡੇ ਦੇਸ਼ ਵਿੱਚ ਤਾਂ ਕਹਿੰਦੇ ਕਹਾਉਂਦੇ ਕਲਾਕਾਰਾਂ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਵਿਸਾਰ ਦਿੱਤਾ ਜਾਂਦਾ ਹੈ। ਕਈ ਮਹਾਨ ਕਲਾਕਾਰ ਜ਼ਿੰਦਗੀ ਦੇ ਆਖ਼ਰੀ ਪੜਾਅ ਵਿੱਚ ਗ਼ਰੀਬੀ ਨਾਲ ਲੜਦਿਆਂ ਇਸ ਜਹਾਨ ਨੂੰ ਅਲਵਿਦਾ ਆਖ ਗਏ। ਅਜਿਹੇ ਹੀ ਕਲਾਕਾਰ ਚਾਂਦੀ ਰਾਮ ਚਾਂਦੀ ਦੇ ਜੀਵਨ ਦੀ ਦੁੱਖ ਭਰੀ ਕਹਾਣੀ ਦਾ ਵਰਣਨ 8 ਅਗਸਤ ਦੇ ‘ਸਤਰੰਗ’ ਪੰਨੇ ’ਤੇ ਮਨਜੀਤ ਮਾਨ ਨੇ ਆਪਣੇ ਲੇਖ ਵਿੱਚ ਕੀਤਾ ਹੈ। ਅੱਜਕੱਲ੍ਹ ਪਾਸ਼ ਯਾਦਗਾਰੀ ਕੰਪਲੈਕਸ ਉੱਪਰ ਕਬਜ਼ੇ ਦੀ ਕੋਸ਼ਿਸ਼ ਸਬੰਧੀ ਚਰਚਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਛਾਈ ਹੋਈ ਹੈ। 10 ਅਗਸਤ ਦੇ ਅੰਕ ਦੀ ਖ਼ਬਰ ’ਚ ਕੁਝ ਲੋਕ-ਪੱਖੀ ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਨੇ ਇਸ ਦੇ ਵਿਰੋਧ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਰਕਾਰ ਨੂੰ ਇਹ ਆਵਾਜ਼ ਸੁਣਨੀ ਚਾਹੀਦੀ ਹੈ।

ਨਾਇਬ ਸਿੰਘ ਪੰਨੀਵਾਲੀਆ, ਮਲੋਟ, ਸ੍ਰੀ ਮੁਕਤਸਰ ਸਾਹਿਬ

ਗੱਠਜੋੜ ਦੀ ਚਰਚਾ

ਖੇਤੀ ਪ੍ਰਧਾਨ ਸੂਬੇ ਦਾ ਅਗੇਤਾ ਵਿਸ਼ਲੇਸ਼ਣ ਕਰਨਾ ਨਾਵਾਜਬ ਹੈ। ਸਾਉਣੀ ਦੀ ਫ਼ਸਲ ਖੇਤਾਂ ’ਚ ਹੈ। ਪੰਜਾਬ ’ਚ ਐੱਸ ਆਈ ਆਰ ਕੰਪਿਊਟਰ ਅੰਦਰ ਕੈਦ ਹੈ। ਤਾਕਤਵਰ ਜੈੱਨ-ਜ਼ੀ ਸੁਸਤ ਸਰਕਾਰ ਨੂੰ ਝੰਜੋੜ ਰਹੀ ਹੈ ਅਤੇ ਟਰੇਡ ਯੂਨੀਅਨਾਂ ਆਪਣੇ ਹੱਕਾਂ ਲਈ ਸੂਬੇ ਭਰ ਵਿੱਚ ਪੱਬਾਂ ਭਾਰ ਹਨ। ਪਰਚੂਨ ਮਹਿੰਗਾਈ ਵੱਸੋਂ ਬਾਹਰ ਹੈ। ਸੂਬੇ ਦੀ ਸਰਕਾਰੀ ਆਮਦਨ ਪਿਛਲੇ ਸਾਲ ਨਾਲੋਂ 20 ਫ਼ੀਸਦੀ ਵਧੀ ਹੈ, ਪਰ ਬਾਜ਼ਾਰ ਦੀ ਰਫ਼ਤਾਰ ਮੱਧਮ ਹੈ। ਔਰਤਾਂ ਦੇ ਖ਼ਾਤਿਆਂ ’ਚ ਪਏ ਪੈਸੇ ਵੀ ਹਾਲੇ ਬਾਜ਼ਾਰ ’ਚ ਨਹੀਂ ਆਏ। ਅਜਿਹੇ ਬਿਰਤਾਂਤ ਵਿੱਚ ਵੋਟਰ ਦੇ ਰੁਝਾਨ ਦਾ ਅਗੇਤਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੋਵੇਗਾ। ਪੰਜਾਬ ਦੇ ਵੋਟਰ ਸੁਚੇਤ ਹਨ ਅਤੇ ਆਪਣਾ ਮਨ ਅੰਤ ਤੱਕ ਕਿਸੇ ਨੂੰ ਨਹੀਂ ਦੱਸਣਗੇ।

ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ

Advertisement
×