DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਠਕਾਂ ਦੇ ਖ਼ਤ

ਗੁਰੂ ਤੇਗ ਬਹਾਦਰ ਤੇ ਸਾਥੀ 7 ਜੁਲਾਈ ਦੇ ਅੰਕ ਵਿੱਚ ‘ਵਿਰਾਸਤ’ ਪੰਨੇ ’ਤੇ ਰਾਬਿੰਦਰ ਸਿੰਘ ਰੱਬੀ ਦਾ ਲੇਖ ‘ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ’ ਖੋਜ ਭਰਪੂਰ ਲਿਖਤ ਹੈ, ਜੋ ਸਿੱਖ ਇਤਿਹਾਸ, ਖ਼ਾਸਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ...

  • fb
  • twitter
  • whatsapp
  • whatsapp
Advertisement

ਗੁਰੂ ਤੇਗ ਬਹਾਦਰ ਤੇ ਸਾਥੀ

7 ਜੁਲਾਈ ਦੇ ਅੰਕ ਵਿੱਚ ‘ਵਿਰਾਸਤ’ ਪੰਨੇ ’ਤੇ ਰਾਬਿੰਦਰ ਸਿੰਘ ਰੱਬੀ ਦਾ ਲੇਖ ‘ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਸਾਥੀ’ ਖੋਜ ਭਰਪੂਰ ਲਿਖਤ ਹੈ, ਜੋ ਸਿੱਖ ਇਤਿਹਾਸ, ਖ਼ਾਸਕਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਚੰਗੀ ਜਾਣਕਾਰੀ ਦਿੰਦਾ ਹੈ। ਲੇਖ ਦੇ ਅੱਧ ਵਿਚਕਾਰ ਲਿਖਿਆ ਹੈ; ‘ਦੀਵਾਨ ਮਤੀ ਰਾਮ ਸਮੇਤ ਦੋਹਾਂ ਨੂੰ ਦੇਵਤੇ ਬਿਬਾਨ ਉੱਤੇ ਚੜ੍ਹਾਕੇ ਗੁਰੂ ਜੀ ਦੀ ਜੈਕਾਰ ਕਰਦੇ ਹੋਏ ਸੱਚਖੰਡ ਵਿੱਚ ਲੈ ਗਏ’। ਇਹ ਤਾਂ ਕਰਾਮਾਤ ਵਾਲਾ ਕਾਰਨਾਮਾ ਹੈ। ਗੁਰੂ ਜੀ ਨੇ ਕਰਾਮਾਤ ਦਿਖਾਉਣ ਦੀ ਸ਼ਰਤ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਅਜਿਹਾ ਲਿਖਣਾ ਸਿੱਖ ਫਲਸਫ਼ੇ ’ਤੇ ਚੋਟ ਕਰਦਾ ਹੈ ਅਤੇ ਲੇਖ ਦੀ ਆਭਾ ਨੂੰ ਘਟਾਉਂਦਾ ਹੈ।

ਜਗਰੂਪ ਸਿੰਘ, ਉਭਾਵਾਲ

Advertisement

ਕਵਿਤਾਵਾਂ ਦੀ ਕਮਾਈ

11 ਜੁਲਾਈ ਦੇ ਸੰਪਾਦਕੀ ਪੰਨੇ ’ਤੇ ਮਦਨ ਬੰਗੜ ਦਾ ਨਿਬੰਧ ‘ਕਵਿਤਾਵਾਂ ਦੀ ਕਮਾਈ’ ਪੜ੍ਹਿਆ, ਜਿਸ ਵਿੱਚ ਉਸਨੇ ਖ਼ੁਦ ਕਿਰਤ ਕਮਾਈ ਕਰਨ ਤੇ ਸਾਹਿਤ ਸਿਰਜਣਾ ਦੀ ਮਨ ਨੂੰ ਛੂਹ ਜਾਣ ਵਾਲੀ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਭੂਆ ਦੇ ਮਰਨ ’ਤੇ ਘਰ ਵਿੱਚ ਟੈਲੀਫੋਨ ਦੀ ਘੰਟੀ ਵੱਜਣ ’ਤੇ ਟੈਲੀਫੋਨ ਰਾਹੀਂ ਮਾਂ ਨੂੰ ਮਿਲਿਆ ਸੁਨੇਹਾ ਅਤੇ ਇਸ ਸੰਕਟ ਦੀ ਘੜੀ ਵਿੱਚ ਇੱਕ ਹਜ਼ਾਰ ਦਾ ਬੰਦੋਬਸਤ ਨਾ ਹੋਣ ਦੀ ਗੱਲ ਪਾਠਕ ਵਜੋਂ ਮਨ ਨਹੀਂ ਲੱਗੀ ਕਿਉਂਕਿ ਘਰਾਂ ਵਿੱਚ ਟੈਲੀਫੋਨ ਤਾਂ ਆਰਥਿਕ ਪੱਖੋਂ ਖੁਸ਼ਹਾਲ ਵਿਅਕਤੀਆਂ ਦੇ ਘਰਾਂ ਵਿੱਚ ਹੀ ਲੱਗਦੇ ਸਨ। ਲੇਖਕ ਨਿਬੰਧ ਵਿੱਚ ਜੇਕਰ ਟੈਲੀਫੋਨ ਦੀ ਬਜਾਏ ਉਹ ਭੂਆ ਦੇ ਮਰਨ ਦੀ ਖ਼ਬਰ ਦਾ ਸੁਨੇਹਾ ਕਿਸੇ ਰਿਸ਼ਤੇਦਾਰ ਰਾਹੀਂ ਵਿਅਕਤੀਗਤ ਰੂਪ ਵਿੱਚ ਦਿਵਾਉਂਦਾ ਤਾਂ ਰਚਨਾ ਹੋਰ ਸਪੱਸ਼ਟ ਤੇ ਸੁੰਦਰ ਹੋ ਜਾਣੀ ਸੀ।

Advertisement

ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

ਭਰੋਸੇਯੋਗਤਾ ਕਾਇਮ ਰਹੇ!

11 ਜੁਲਾਈ ਦੇ ਅੰਕ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਸਬੰਧੀ ਪ੍ਰਕਾਸ਼ਿਤ ਲੇਖ ਪੜ੍ਹਿਆ। ਇਹ ਪੰਜਾਬ ਦੀ ਇੱਕ ਮਾਣਯੋਗ ਸੰਸਥਾ ਹੈ, ਜਿਸ ਨੇ ਸਿੱਖਿਆ, ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਹੋਰ ਪੱਖ ਵੀ ਹੈ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਪਿਛਲੇ ਸਾਲਾਂ ਦੌਰਾਨ ‘ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ’ ਦੀਆਂ ਕੁਝ ਭਰਤੀਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਸ਼ਨ-ਪੱਤਰ ਤਿਆਰ ਕਰਨ ਅਤੇ ਪ੍ਰੀਖਿਆ ਪ੍ਰਬੰਧਨ ਨੂੰ ਲੈ ਕੇ ਕਈ ਸਵਾਲ ਉੱਠੇ ਹਨ। ਅਜਿਹੇ ਵਿਵਾਦ ਸਾਖ ’ਤੇ ਅਸਰ ਪਾਉਂਦੇ ਹਨ।

ਸ਼ੁਭਮ ਜੈਨ, ਮੂਨਕ (ਸੰਗਰੂਰ)

ਖ਼ੁਦਮੁਖ਼ਤਿਆਰੀ ਨੂੰ ਖ਼ੋਰਾ

10 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਦੇ ਲੇਖ ‘ਰਣਨੀਤਕ ਖ਼ੁਦਮੁਖ਼ਤਿਆਰੀ ਨੂੰ ਖੋਰਾ’ ਵਿੱਚ ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਦੇ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨੂੰ ਬਾਖ਼ੂਬੀ ਬਿਆਨ ਕੀਤਾ ਹੈ ਕਿ ਕਿਵੇਂ 2014 ਤੋਂ ਬਾਅਦ ਦੇਸ਼ ਦੀ ਰਣਨੀਤਕ ਖ਼ੁਦਮੁਖ਼ਤਿਆਰੀ ਨੂੰ ਖੋਰਾ ਲੱਗਿਆ ਹੈ। ਵੋਟ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਕੇ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਵੋਟ ਦੇ ਹੱਕ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਮਜ਼ਦੂਰ ਜਮਾਤ ਨੂੰ ਨਵੇਂ ਕਿਰਤ ਕਾਨੂੰਨਾਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਆਪਣੇ ਹੱਕਾਂ ਲਈ ਉੱਠ ਰਹੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਲੋਕ ਭਲਾਈ ਸੰਸਥਾਵਾਂ ਨੂੰ ਬੇਅਸਰ ਕੀਤਾ ਜਾ ਰਿਹਾ ਹੈ। ਨੀਟ ਜਾਂ ਹੋਰ ਘੁਟਾਲਿਆਂ ਪ੍ਰਤੀ ਸਰਕਾਰ ਨੇ ਅੱਖਾਂ ਮੀਚੀਆਂ ਹੋਈਆਂ ਹਨ। ਘੁਟਾਲਿਆਂ ਦੀ ਮਾਰ ਝੱਲਣ ਵਾਲੇ ਨੌਜਵਾਨਾਂ ਵਿੱਚੋਂ ਕਈ ਖ਼ੁਦਕੁਸ਼ੀਆਂ ਕਰ ਗਏ। ਸਮਾਜਿਕ ਭਾਈਚਾਰੇ ’ਚ ਤਰੇੜ ਪੈਦਾ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੂਕ ਦਰਸ਼ਕ ਬਣੇ ਬੈਠੇ ਹਨ ਤੇ ਟਰੰਪ ਦੀ ਰਣਨੀਤਕ ਨੀਤੀ ਅੱਗੇ ਨਤਮਸਤਕ ਹੋ ਰਹੇ ਹਨ। ਜੇ ਅਜਿਹੇ ਹਾਲਾਤ ਚੱਲਦੇ ਰਹੇ ਤਾਂ ਭਾਰਤ ਲੋਕਤੰਤਰ ਦੇ ਮੁਖੌਟੇ ਵਿੱਚ ਤਾਨਾਸ਼ਾਹੀ ਦੇਸ਼ ਬਣ ਕੇ ਰਹਿ ਜਾਵੇਗਾ।

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)

ਸਰਕਾਰੀ ਸਕੂਲ ਬਨਾਮ ਨਿੱਜੀ ਸਕੂਲ

9 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਸਰਕਾਰੀ ਸਕੂਲਾਂ ਦੀ ਘਟਦੀ ਮਕਬੂਲੀਅਤ’ ਵਿੱਚ ਮਹੱਤਵਪੂਰਨ ਅਤੇ ਹਕੀਕਤੀ ਮੁੱਦੇ ਨੂੰ ਉਜਾਗਰ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਜਦੋਂਕਿ ਨਿੱਜੀ ਸਕੂਲਾਂ ਵੱਲ ਲੋਕਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਦਾ ਵੱਡਾ ਕਾਰਨ ਸਰਕਾਰੀ ਅਧਿਆਪਕਾਂ ਨੂੰ ਗ਼ੈਰ-ਵਿਦਿਅਕ ਕੰਮਾਂ ਵਿੱਚ ਲਗਾਉਣਾ ਹੈ, ਜਿਸ ਕਾਰਨ ਅਧਿਆਪਕ ਆਪਣਾ ਪੂਰਾ ਸਮਾਂ ਅਤੇ ਊਰਜਾ ਪੜ੍ਹਾਈ ’ਚ ਨਹੀਂ ਲਗਾ ਸਕਦੇ। ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਕੂਲਾਂ ਦੇ ਨਤੀਜਿਆਂ ’ਤੇ ਪੈਂਦਾ ਹੈ। ਦੂਜੇ ਪਾਸੇ ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦਾ ਮੁੱਖ ਧਿਆਨ ਪੜ੍ਹਾਈ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ’ਤੇ ਹੁੰਦਾ ਹੈ। ਇਸ ਕਰਕੇ ਮਾਪਿਆਂ ਦਾ ਵਿਸ਼ਵਾਸ ਵੀ ਨਿੱਜੀ ਸਕੂਲਾਂ ਪ੍ਰਤੀ ਵਧ ਰਿਹਾ ਹੈ। ਸਰਕਾਰੀ ਸਕੂਲਾਂ ’ਚ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਵਿੱਚ ਵੀ ਕਾਫ਼ੀ ਦੇਰੀ ਹੋ ਜਾਂਦੀ ਹੈ ਜਦੋਂਕਿ ਨਿੱਜੀ ਸੰਸਥਾਵਾਂ ਇਹ ਕੰਮ ਤੇਜ਼ੀ ਨਾਲ ਕਰ ਲੈਂਦੀਆਂ ਹਨ। ਜੇ ਸਰਕਾਰੀ ਸਕੂਲਾਂ ਦੀ ਮਕਬੂਲੀਅਤ ਵਧਾਉਣੀ ਹੈ ਤਾਂ ਸਭ ਤੋਂ ਪਹਿਲਾਂ ਅਧਿਆਪਕਾਂ ਨੂੰ ਗ਼ੈਰ-ਵਿਦਿਅਕ ਡਿਊਟੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਜੋ ਉਹ ਆਪਣੀ ਪੂਰੀ ਸਮਰੱਥਾ ਅਤੇ ਊਰਜਾ ਵਿਦਿਆਰਥੀਆਂ ਦੀ ਪੜ੍ਹਾਈ, ਸਿੱਖਣ ਦੇ ਮਿਆਰ ਅਤੇ ਸਕੂਲ ਦੇ ਵਿਕਾਸ ਲਈ ਸਮਰਪਿਤ ਕਰ ਸਕਣ। ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ, ਆਧੁਨਿਕ ਸਿੱਖਿਆ ਦੇ ਸਾਧਨ ਅਤੇ ਲੋੜੀਂਦਾ ਸਟਾਫ ਵੀ ਉਪਲਬਧ ਕਰਵਾਇਆ ਜਾਵੇ।

ਮਹਾਂਵੀਰ ਸਿੰਘ ਸੰਧੂ, ਬਠਿੰਡਾ

ਸ਼ੱਕੀ ਹਾਲਤ ’ਚ ਮੌਤਾਂ

9 ਜੁਲਾਈ ਦੇ ਅੰਕ ’ਚ ਛਪੀ ਖ਼ਬਰ ‘ਨਾਭਾ ਦੇ ਪਿੰਡ ਥੂਹੀ ’ਚ ਦੋ ਵਿਅਕਤੀਆਂ ਦੀ ਸ਼ੱਕੀ ਹਾਲਤ ’ਚ ਮੌਤ’ ਦੀ ਖ਼ਬਰ ਪੜ੍ਹੀ। ਮੌਤਾਂ ਦਾ ਕਾਰਨ ਕਥਿਤ ਤੌਰ ’ਤੇ ਸਪਿਰਟ ਪੀਣਾ ਦੱਸਿਆ ਜਾ ਰਿਹਾ ਹੈ। ਸਪਿਰਟ ਪੀਣ ਵਾਲਿਆਂ ’ਚ ਇੱਕ ਸਪਿਰਟ ਵੇਚਣ ਵਾਲੇ ਦਾ ਆਪਣਾ ਹੀ ਪੁੱਤਰ ਸੀ। ਨਿਗੂਣੇ ਜਿਹੇ ਲਾਲਚ ਲਈ ਦੂਜੇ ਦੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ’ਚ ਧੱਕਣ ਵਾਲੇ ਦੀ ਇੱਕ ਦਿਨ ਆਪਣੀ ਵਾਰੀ ਵੀ ਆਉਂਦੀ ਹੈ। ਇਹੀ ਕੁਦਰਤ ਦਾ ਵਿਧੀ ਵਿਧਾਨ ਹੈ। ਇਸੇ ਅੰਕ ’ਚ ਡਾ. ਪ੍ਰਦੀਪ ਕੌੜਾ ਦੀ ਰਚਨਾ ‘ਦਾਦੀ, ਮੈਂ ਅਤੇ ਕਹਾਣੀ’ ਦੇ ਅੰਤ ਵਿੱਚ ਦਾਦੀ ਜੀ ਵੱਲੋਂ ਕਹਿਣਾ ਵੇ ਪੁੱਤ! ਸੋਹਣੀਆਂ ਚੀਜ਼ਾਂ ’ਤੇ ਅਮੀਰਾਂ ਤੇ ਪੈਸਿਆਂ ਵਾਲਿਆਂ ਦਾ ਹੀ ਹੱਕ ਹੁੰਦਾ ਹੈ। ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਅਮੀਰ ਲੋਕਾਂ ਨੂੰ ਦਿੱਤੀਆਂ ਬੇਲੋੜੀਆਂ ਤਰਜੀਹਾਂ ਅਤੇ ਵਾਧੂ ਦੇ ਹੱਕਾਂ ਦੀ ਤਰਜਮਾਨੀ ਕਰਦਾ ਹੈ। ਦਾਦੀ ਜੀ ਵੱਲੋਂ ਕਿਹਾ ਗਿਆ ਇਹ ਵਾਕ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਬਹੁਤ ਸਮੇਂ ਤੋਂ ਹੀ ਅਮੀਰ ਆਪਣੇ ਆਪ ਵਿੱਚ ਵਿਸ਼ੇਸ਼ ਸਨ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਵਿਸ਼ੇਸ਼ ਹੱਕ ਪ੍ਰਾਪਤ ਸਨ।

ਬਿਕਰਮਜੀਤ ਸਿੰਘ, ਪਟਿਆਲਾ

ਦਾਜ ਦੀ ਲਾਹਣਤ

8 ਜੁਲਾਈ ਦੀ ਸੰਪਾਦਕੀ ‘ਦਾਜ ਦੀ ਲਾਹਣਤ’ ਵਿੱਚ ਦੱਸਿਆ ਗਿਆ ਹੈ ਕਿ ਕਲਕੱਤਾ ਹਾਈਕੋਰਟ ਨੇ ਦਾਜ ਕਾਰਨ ਹੋਈ ਮੌਤ ਦੇ ਇੱਕ ਮਾਮਲੇ ਵਿੱਚ ਪਤੀ ਦੀ ਉਮਰ ਕੈਦ ਦੀ ਸਜ਼ਾ ਘਟਾ ਕੇ 10 ਸਾਲ ਕਰ ਦਿੱਤੀ ਹੈ। ਅਜਿਹਾ ਫ਼ੈਸਲਾ ਪੀੜਤ ਪਰਿਵਾਰ ਦੇ ਹੱਕ ਵਿੱਚ ਨਹੀਂ। ਦਾਜ ਦੇ ਮਾਮਲੇ ਵਿੱਚ ਕਈ ਵਾਰ ਅਪਰਾਧ ਕਰਨ ਵਾਲੇ ਪੈਸੇ ਦੇ ਜ਼ੋਰ ਨਾਲ ਬਚ ਜਾਂਦੇ ਹਨ ਜਦੋਂਕਿ ਪੀੜਤ ਪਰਿਵਾਰ ਕੋਲ ਵੱਡੇ-ਵੱਡੇ ਮਹਿੰਗੇ ਵਕੀਲ ਕਰਨ ਲਈ ਪੈਸਾ ਨਹੀਂ ਹੁੰਦਾ। ਕਈ ਵਾਰ ਪੀੜਤ ਪਰਿਵਾਰਾਂ ਨੂੰ ਡਰਾਇਆ ਵੀ ਜਾਂਦਾ ਹੈ। ਜੇਕਰ ਇਸ ਦਾ ਦੂਜਾ ਪੱਖ ਦੇਖਿਆ ਜਾਵੇ ਤਾਂ ਕਈ ਵਾਰ ਲੜਕੀ ਵਾਲਿਆਂ ਵੱਲੋਂ ਸਹੁਰੇ ਪਰਿਵਾਰ ’ਤੇ ਦਾਜ ਮੰਗਣ ਦੇ ਝੂਠੇ ਕੇਸ ਵੀ ਦਰਜ ਕਰਵਾਏ ਜਾਂਦੇ ਹਨ। ਦਾਜ ਦੇ ਮਾਮਲਿਆਂ ਵਿੱਚ ਪੂਰੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਵਿਆਹੁਤਾ ਮੁਟਿਆਰਾਂ ਨੂੰ ਦਾਜ ਦੀ ਲਾਹਣਤ ਤੋਂ ਛੁਟਕਾਰਾ ਮਿਲ ਸਕੇ।

ਬਲਬੀਰ ਸਿੰਘ ਦਿਲਦਾਰ, ਪਟਿਆਲਾ

ਅੰਨ ਭੰਡਾਰ ਦਾ ਸੰਕਟ

7 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਅੰਨ ਭੰਡਾਰਨ ਦਾ ਗੰਭੀਰ ਸੰਕਟ’ ਪੜ੍ਹੀ, ਜਿਸ ਵਿੱਚ ਮੌਜੂਦਾ ਸਮੇਂ ਦੌਰਾਨ ਸੂਬੇ ਵਿੱਚ ਅੰਨ ਭੰਡਾਰਨ ਦੀ ਸਮੱਸਿਆ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਅੰਨ ਦੀ ਸੰਭਾਲ ਨਾ ਹੋਣ ਕਾਰਨ ਹਰ ਸਾਲ ਭਾਰੀ ਮਾਤਰਾ ਵਿੱਚ ਅੰਨ ਦੀ ਬਰਬਾਦੀ ਹੋ ਜਾਂਦੀ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਾ ਚਾਹੀਦਾ ਹੈ। ਇੱਕ ਪਾਸੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ, ਦੂਜੇ ਪਾਸੇ ਯੋਜਨਾਬੰਦੀ ਦੀ ਘਾਟ ਕਾਰਨ ਕਿਸਾਨ ਦੀ ਕਮਾਈ ਰੁਲ਼ ਰਹੀ ਹੈ। ਅੰਨ ਦੇ ਭੰਡਾਰ ਹੋਣ ਦੇ ਬਾਵਜੂਦ ਇਹ ਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

Advertisement
×