ਪਾਠਕਾਂ ਦੇ ਖ਼ਤ
ਸ਼ਾਂਤ ਵਗਦਾ ਸਤਲੁਜ 15 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਦਾ ਲੇਖ ‘ਖ਼ੂਨੀ ਇਤਿਹਾਸ ਦਾ ਗਵਾਹ ਸ਼ਾਂਤ ਵਗਦਾ ਸਤਲੁਜ’ ਬਹੁਤ ਸੂਝ-ਬੂਝ ਨਾਲ ਲਿਖਿਆ ਗਿਆ ਹੈ। ਇਸ ਸ਼ਾਂਤ ਦਰਿਆ ਨੇ ਅੱਤਿਆਚਾਰਾਂ ਦੀਆਂ ਹੱਦਾਂ ਬਰਦਾਸ਼ਤ ਕੀਤੀਆਂ ਪਰ ਹੱਦ ਦੀ ਵੀ ਕੋਈ...
ਸ਼ਾਂਤ ਵਗਦਾ ਸਤਲੁਜ
15 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਦਾ ਲੇਖ ‘ਖ਼ੂਨੀ ਇਤਿਹਾਸ ਦਾ ਗਵਾਹ ਸ਼ਾਂਤ ਵਗਦਾ ਸਤਲੁਜ’ ਬਹੁਤ ਸੂਝ-ਬੂਝ ਨਾਲ ਲਿਖਿਆ ਗਿਆ ਹੈ। ਇਸ ਸ਼ਾਂਤ ਦਰਿਆ ਨੇ ਅੱਤਿਆਚਾਰਾਂ ਦੀਆਂ ਹੱਦਾਂ ਬਰਦਾਸ਼ਤ ਕੀਤੀਆਂ ਪਰ ਹੱਦ ਦੀ ਵੀ ਕੋਈ ਹੱਦ ਹੁੰਦੀ ਹੈ। ਅੱਜ ਜੇ ਉਸ ਨੇ ਆਪਣਾ ਅਸਲੀ ਰੂਪ ਦਿਖਾਇਆ ਹੈ ਤਾਂ ਸਰਕਾਰਾਂ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਉਸ ਤੋਂ ਡਰ ਕਿਉਂ ਰਹੀਆਂ ਹਨ? ਸੱਚ ਨੂੰ ਜਿੰਨਾ ਦਬਾਇਆ ਜਾਵੇਗਾ, ਉਹ ਓਨਾ ਹੀ ਵਿਸਫੋਟਕ ਹੋਵੇਗਾ। ਅਫ਼ਸੋਸ ਕਿ ਲਾਵਾਰਿਸ ਲਾਸ਼ਾਂ ਲਈ ਪੂਰੀ ਜ਼ਿੰਦਗੀ ਲਗਾਉਣ ਵਾਲੇ ਦੀ ਖ਼ੁਦ ਦੀ ਲਾਸ਼ ਲਾਵਾਰਿਸ ਬਣਾ ਕੇ ਦਰਿਆ ਵਿੱਚ ਰੋੜ੍ਹ ਦਿੱਤੀ ਗਈ। ‘ਸਤਲੁਜ’ ਫ਼ਿਲਮ ’ਤੇ ਰੋਕ ਲਾਉਣ ਦੇ ਬਾਵਜੂਦ ਇਸ ਦਾ ਘਰ-ਘਰ ਪਹੁੰਚਣਾ ਕਿਸੇ ਆਉਣ ਵਾਲੇ ਖ਼ਤਰੇ ਦੀ ਆਗਾਮੀ ਸੂਚਨਾ ਤਾਂ ਨਹੀਂ? ਮੁੱਖ ਪੰਨੇ ’ਤੇ ਕੇਸਾਧਾਰੀ ਸਿੱਖ ਚਿਰਾਗ਼ਵੀਰ ਦਾ ਅਮਰੀਕੀ ਹਵਾਈ ਫ਼ੌਜ ਅਕੈਡਮੀ ਵਿੱਚ ਸ਼ਾਮਲ ਹੋਣਾ ਬੜੇ ਮਾਣ ਦੀ ਗੱਲ ਹੈ। ਮਿਡਲ ‘ਬਰਕਤਾਂ ਦਾ ਮੀਂਹ’ ਵੀ ਚੰਗਾ ਲੱਗਿਆ। ਮਿਹਨਤ ਤਾਂ ਰੰਗ ਲਿਆਉਂਦੀ ਹੀ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਯੋਗ ਅਗਵਾਈ
20 ਜੁਲਾਈ ਦੇ ਅੰਕ ’ਚ ਬਸੰਤ ਮਹਿਰਾਜਵੀ ਦੀ ਰਚਨਾ ‘ਯੋਗ ਅਗਵਾਈ’ ਪਸੰਦ ਆਈ। ਸਚਮੁੱਚ ਹੀ ਇਕ ਅਧਿਆਪਕ ਦਾ ਮਨੋਵਿਗਿਆਨਕ ਪੱਖ ਤੋਂ ਸੋਚਣ ਦਾ ਦ੍ਰਿਸ਼ਟੀਕੋਣ ਰੱਖਦੇ ਹੋਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣ ਵਾਲਾ ਅਧਿਆਪਕ ਕਿਸੇ ਵੀ ਬੱਚੇ ਦੇ ਹੁਨਰ ਨੂੰ ਪਛਾਣ ਕੇ ਉਸ ਨੂੰ ਨਿਖਾਰਨ ਵਿੱਚ ਕਾਫ਼ੀ ਮਦਦ ਕਰ ਸਕਦਾ ਹੈ। ਦੂਜੇ ਪਾਸੇ ਇਸ ਗੁਣ ਤੋਂ ਵਿਰਵਾ ਅਧਿਆਪਕ ਇੱਕ ਮਸੂਮ ਬੱਚੇ ਦੀਆਂ ਕੋਮਲ ਭਾਵਨਾਵਾਂ ਨੂੰ ਮਿੱਧ ਕੇ ਰੱਖ ਦਿੰਦਾ ਹੈ ਤੇ ਬੱਚੇ ਵਿੱਚ ਆਤਮ-ਵਿਸ਼ਵਾਸ ਕਦੇ ਪੈਦਾ ਹੀ ਨਹੀਂ ਹੁੰਦਾ। ਕਈ ਵਾਰ ਤਾਂ ਬੱਚਾ ਸਾਰੀ ਉਮਰ ਹੀ ਮੁੱਖ ਧਾਰਾ ਤੋਂ ਭਟਕਿਆ ਰਹਿੰਦਾ ਹੈ। ਬੱਚਿਆਂ ਦਾ ਮਨੋਵਿਗਿਆਨਕ ਪੱਖ ਸਮਝਣ ਵਾਲਾ ਅਧਿਆਪਕ ਜਾਂ ਮਾਤਾ-ਪਿਤਾ, ਜੋ ਬੱਚਿਆਂ ਦਾ ਉਤਸ਼ਾਹ ਬਣਾਈ ਰੱਖਦੇ ਹਨ, ਆਲੇ ਦੁਆਲੇ ਦਾ ਮਾਹੌਲ ਖੁਸ਼ਗਵਾਰ ਰੱਖਦੇ ਹਨ, ਉਨ੍ਹਾਂ ਦੀ ਸਰਪ੍ਰਸਤੀ ਹੇਠ ਹਰ ਬੱਚੇ ਦੀ ਕਾਬਲੀਅਤ ਨਿੱਖਰ ਕੇ ਸਾਹਮਣੇ ਆਉਂਦੀ ਹੈ ਤੇ ਇਸ ਦੇ ਨਤੀਜੇ ਨਿਸ਼ਚੇ ਹੀ ਸਾਰਥਿਕ ਨਿਕਲਦੇ ਹਨ। ਇਸ ਸਭ ਦਾ ਪ੍ਰਭਾਵ ਬੱਚੇ ਦੀ ਸ਼ਖ਼ਸੀਅਤ ’ਤੇ ਵੀ ਸਾਰੀ ਉਮਰ ਲਈ ਉਸਾਰੂ ਅਸਰ ਛੱਡਦਾ ਹੈ। ਸਿਰਫ਼ ਅਧਿਆਪਕ ਵਿੱਚ ਹੀ ਨਹੀਂ, ਸਗੋਂ ਮਾਪਿਆਂ ’ਚ ਵੀ ਆਪਣੇ ਬੱਚਿਆਂ ਦੇ ਮਨ ਦੀਆਂ ਭਾਵਨਾਵਾਂ ਨੂੰ ਸਮਝ ਸਕਣ ਦੀ ਕਾਬਲੀਅਤ ਹੋਣੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਮਾਪਿਆਂ ਨੂੰ ਇਸ ਦੀ ਸਮਝ ਨਹੀਂ ਹੈ, ਉਹ ਅਕਸਰ ਹੀ ਆਪਣੇ ਬੱਚੇ ਦੇ ਸੂਖਮ ਭਾਵਾਂ ਨੂੰ ਫੜਨ ਅਤੇ ਸਮਝਣ ਵਿੱਚ ਅਸਫ਼ਲ ਰਹਿੰਦੇ ਹਨ, ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਬੱਚੇ ਦੀ ਜ਼ਿੰਦਗੀ ’ਤੇ ਹੀ ਪੈਂਦਾ ਹੈ। ਜਿਹੋ ਜਿਹੇ ਮਾਹੌਲ ਵਿੱਚ ਕੋਈ ਵੀ ਵਿਅਕਤੀ ਜੀਵਨ ਦੇ ਪਹਿਲੇ 18-20 ਵਰ੍ਹੇ ਗੁਜ਼ਾਰਦਾ ਹੈ, ਉਸ ਦਾ ਪ੍ਰਭਾਵ ਵਿਅਕਤੀ ਦੀ ਸ਼ਖ਼ਸੀਅਤ ’ਤੇ ਸਾਰੀ ਉਮਰ ਦਿਖਾਈ ਦਿੰਦਾ ਹੈ।
ਬਿਕਰਮਜੀਤ ਸਿੰਘ, ਪਟਿਆਲਾ
ਦਿਲਾਂ ’ਚ ਧੜਕਦੇ ਪਿੰਡ
17 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਹਿੱਸੋਵਾਲ ਦੇ ਮਿਡਲ ‘ਦਿਲਾਂ ’ਚ ਧੜਕਦੇ ਪਿੰਡ’ ਨੇ ਦਿਲ ’ਤੇ ਗਹਿਰੀ ਛਾਪ ਛੱਡੀ ਹੈ। ਆਧੁਨਿਕ ਵਿਕਾਸ ਸਾਡੇ ਪਿੰਡਾਂ ਤੇ ਉਨ੍ਹਾਂ ਦੇ ਸਦੀਆਂ ਪੁਰਾਣੇ ਸੱਭਿਆਚਾਰ ਨੂੰ ਆਪਣੇ ਵੱਡੇ ਢਿੱਡ ਵਿੱਚ ਸਮੇਟੀ ਜਾ ਰਿਹਾ ਹੈ। ਸ਼ਾਇਦ ਸਮੇਂ ਦੇ ਬੇਰਹਿਮ ਪਹੀਏ ਨੇ ਸਾਡੇ ਪੁਰਾਣੇ ਵਿਰਸੇ ਨੂੰ ਇਸੇ ਤਰ੍ਹਾਂ ਕੁਚਲਦੇ ਰਹਿਣਾ ਹੈ। ਅਸੀਂ ਬੱਸ ਬੇਵੱਸ ਜਿਹੇ ਦਰਸ਼ਕ ਬਣ ਕੇ ਇਹ ਦੁਖਾਂਤ ਵੇਖਣ ਜੋਗੇ ਹੀ ਰਹਿ ਜਾਣਾ ਹੈ। ਪਰ ਹੈਬੋਵਾਲ ਵਰਗੇ ਜਾਗਦੀ ਰੂਹ ਵਾਲੇ ਇਨਸਾਨ ਹਮੇਸ਼ਾ ਹੀ ਸਾਡੀ ਸਲਾਮ ਦੇ ਹੱਕਦਾਰ ਬਣੇ ਰਹਿਣਗੇ, ਜਿਨ੍ਹਾਂ ਦੇ ਪਿੰਡਾਂ ਦੀ ਹੋਂਦ ਨੂੰ ਸਮੇਂ ਦੀ ਗਰਦਿਸ਼ ਨੇ ਭੂਗੋਲਿਕ ਤੌਰ ’ਤੇ ਤਾਂ ਪੰਜਾਬ ਦੇ ਨਕਸ਼ੇ ਤੋਂ ਮਿਟਾ ਦਿੱਤਾ ਹੈ ਪਰ ਉਨ੍ਹਾਂ ਦੇ ਚੇਤਿਆਂ ਵਿੱਚ ਇਹ ਇੱਕ ਸਦੀਵੀ ਅਤੇ ਮਿੱਠੀ ਮਹਿਕ ਬਣ ਕੇ ਵਸ ਗਏ ਹਨ।
ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)
(2)
ਜਗਤਾਰ ਸਿੰਘ ਹਿੱਸੋਵਾਲ ਨੇ ‘ਦਿਲਾਂ ’ਚ ਧੜਕਦੇ ਪਿੰਡ’ ਰਾਹੀਂ ਸਾਦੇ ਲਹਿਜੇ ਨਾਲ ਪ੍ਰਭਾਵਸ਼ਾਲੀ ਗੱਲ ਕੀਤੀ ਹੈ। ਇੱਕ ਦਿਨ ਮਰਹੂਮ ਗੀਤਕਾਰ ਹਰਦੇਵ ਦਲਗੀਰ ਨੇ ਪਿੰਡਾਂ ਦੇ ਨਾਵਾਂ ਨਾਲ ਲਿਖਾਰੀਆਂ ਦੇ ਨਾਮ ਜੁੜੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਯਾਰ ਇਸ ਥਰੀਕੇ ਨੂੰ ਕਿਸੇ ਨੇ ਪੁੱਛਣਾ ਸੀ, ਜੇ ਤੁਹਾਡਾ ਦੇਵ ਨਾ ਹੁੰਦਾ। ਦੁਨੀਆ ਭਰ ਵਿੱਚ ਪਿੰਡ ਥਰੀਕੇ ਨੂੰ ਦੇਵ ਥਰੀਕੇ ਨੇ ਪ੍ਰਸਿੱਧ ਕਰ ਦਿੱਤਾ। 14 ਜੁਲਾਈ ਦੇ ਸੰਪਾਦਕੀ ਪੰਨੇ ’ਤੇ ਪ੍ਰਿੰਸੀਪਲ ਸਰਵਣ ਸਿੰਘ ਦਾ ‘ਬਾਬਾ ਫ਼ੌਜਾ ਸਿੰਘ ਨੂੰ ਯਾਦ ਕਰਦਿਆਂ’ ਰੇਖਾ-ਚਿੱਤਰਨੁਮਾ ਲੇਖ ਪੜ੍ਹ ਕੇ ਜਾਣਕਾਰੀ ਮਿਲੀ ਕਿ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਨੇ ਬਾਬਾ ਫ਼ੌਜਾ ਸਿੰਘ ਨੂੰ 100 ਸਾਲ ਦਾ ਹੋਣ ’ਤੇ ਵਧਾਈ ਪੱਤਰ ਭੇਜਿਆ ਤੇ ਮਹਿਲ ’ਚ ਖਾਣੇ ’ਤੇ ਸੱਦਿਆ। ਬਾਬਾ ਫ਼ੌਜਾ ਸਿੰਘ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਤੇ ਬਰਾਕ ਓਬਾਮਾ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਨੂੰ ਮਿਲਣ ਦੇ ਮੌਕੇ ਮਿਲੇ। ਉਹ 2012 ਦੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਲੰਡਨ ਦੀਆਂ ਸੜਕਾਂ ’ਤੇ ਦੌੜੇ। ਉਨ੍ਹਾਂ ਨੇ ਸਿੱਖ ਸਰੂਪ ਦੀ ਪਛਾਣ ਕਰੋੜਾਂ ਵਿਦੇਸ਼ੀਆਂ ਨੂੰ ਕਰਵਾਈ। ਉਨ੍ਹਾਂ ਨੇ ਪਹਿਲੀ ਵਾਰ ਮੈਰਾਥਨ 89 ਸਾਲ ਦੀ ਉਮਰੇ ਦੌੜੀ ਸੀ ਤੇ ਆਖ਼ਰੀ ਵਾਰ ਹਾਂਗਕਾਂਗ ਦੀ 10 ਕਿਲੋਮੀਟਰ ਦੌੜ 102 ਸਾਲ ਦੀ ਉਮਰੇ ਦੌੜ ਕੇ ਦੌੜਾਂ ਤੋਂ ਰਿਟਾਇਰ ਹੋਏ। ਮੈਰਾਥਨ ਦੌੜਾਕ ਬਣਨ ਨਾਲ ਹੀ ਉਨ੍ਹਾਂ ਨੇ 114 ਸਾਲ ਤਿੰਨ ਮਹੀਨੇ ਤੇਰਾਂ ਦਿਨਾਂ ਦਾ ਸਫਲ ਜੀਵਨ ਜੀਵਿਆ। ਸੱਚ-ਮੁੱਚ ਹੀ ਬਾਬਾ ਫ਼ੌਜਾ ਸਿੰਘ ਦੀ ਜੀਵਨ-ਦੌੜ ਆਊਂਦੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
ਘਟ ਰਹੀ ਸੰਵੇਦਨਸ਼ੀਲਤਾ
18 ਜੁਲਾਈ ਦੇ ਸੰਪਾਦਕੀ ‘ਰਹਿਮਦਿਲੀ ਲਾਜ਼ਮੀ’ ’ਚ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਜਦੋਂ ਸੰਵੇਦਨਸ਼ੀਲਤਾ ਘਟਦੀ ਜਾ ਰਹੀ ਹੈ, ਅਜਿਹੇ ਵਿਸ਼ੇ ਨੂੰ ਸੰਪਾਦਕੀ ਦਾ ਕੇਂਦਰ ਬਣਾਉਣਾ ਸ਼ਲਾਘਾਯੋਗ ਹੈ। ਇਸੇ ਚਿੰਤਾ ਨੂੰ ਮੈਂ ਆਪਣੇ ਲੇਖ ‘ਉਹ ਅਦਾਲਤ ਸਾਹਮਣੇ ਖੜ੍ਹਾ ਵੀ ਜਿਊਂਦਾ ਸਾਬਤ ਨਾ ਹੋਇਆ…’ ਵਿੱਚ ਵੀ ਪ੍ਰਗਟ ਕੀਤਾ ਸੀ। ਕਈ ਵਾਰ ਇੱਕ ਜਿਊਂਦੇ ਇਨਸਾਨ ਨੂੰ ਵੀ ਸਮਾਜ ਅਤੇ ਪ੍ਰਬੰਧ ਦੀ ਬੇਰੁਖ਼ੀ ਕਾਰਨ ਆਪਣੇ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਇਹ ਸਾਡੀ ਸਮਾਜਿਕ ਸੰਵੇਦਨਹੀਣਤਾ ਦੀ ਤਸਵੀਰ ਹੈ। ਜੇਕਰ ਲੋਕਾਂ ਦੀਆਂ ਉਮੀਦਾਂ ਅਤੇ ਨਿਆਂ ਪ੍ਰਤੀ ਭਰੋਸਾ ਕਾਇਮ ਰੱਖਣਾ ਹੈ ਤਾਂ ਮਨੁੱਖੀ ਕਦਰਾਂ-ਕੀਮਤਾਂ ਨੂੰ ਹਰ ਹਾਲ ਪਹਿਲ ਦੇਣੀ ਪਵੇਗੀ। ਸੰਪਾਦਕੀ ਨੇ ਇੱਕ ਵਾਰ ਫਿਰ ਇਹ ਅਹਿਸਾਸ ਕਰਵਾਇਆ ਹੈ ਕਿ ਤਕਨਾਲੋਜੀ, ਆਰਥਿਕ ਵਿਕਾਸ ਅਤੇ ਆਧੁਨਿਕਤਾ ਤਦ ਹੀ ਸਾਰਥਿਕ ਹੈ ਜਦੋਂ ਉਨ੍ਹਾਂ ਨਾਲ ਰਹਿਮਦਿਲੀ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਜੁੜੀ ਹੋਵੇ। ਇੱਕ ਸੰਵੇਦਨਸ਼ੀਲ ਸਮਾਜ ਹੀ ਸੱਚੇ ਅਰਥਾਂ ਵਿੱਚ ਵਿਕਸਤ ਸਮਾਜ ਬਣ ਸਕਦਾ ਹੈ।
ਗੁਰਬਾਜ਼ ਸਿੰਘ, ਸਿਰਸਾ (ਹਰਿਆਣਾ)
ਮੋਦੀ ਦੀ ਪੰਜਾਬ ਫੇਰੀ
ਭਾਜਪਾ ਨੇ ਜਿਸ ਤਰ੍ਹਾਂ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਹਰਾਇਆ ਹੈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੋਟਰ ਮੁਫ਼ਤ ਦੀਆਂ ਰਿਓੜੀਆਂ ਛੱਡ ਸੂਬੇ ਵਿੱਚ ਵਿਕਾਸ ਚਾਹੁੰਦਾ ਹੈ। ਜਦੋਂ ਹਰ ਸ਼ਹਿਰੀ ਇਨਕਮ ਟੈਕਸ ਦੇਵੇਗਾ, ਸੂਬੇ ਦਾ ਖ਼ਜ਼ਾਨਾ ਵਧੇਗਾ, ਆਪਣੇ ਆਪ ਹਰ ਸ਼ਹਿਰੀ ਨੂੰ ਸਹੂਲਤਾਂ ਮਿਲ ਜਾਣਗੀਆਂ; ਸੂਬਾ ਕਰਜ਼ੇ ਵਿੱਚ ਨਹੀਂ ਡੁੱਬੇਗਾ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਡਬਲ ਇੰਜਣ ਦੀ ਸਰਕਾਰ ਹੈ। ਇਸ ਦਾ ਅਸਰ ਪੰਜਾਬ ਦੀਆਂ ਅਗਾਮੀ ਚੋਣਾਂ ਵਿੱਚ ਲਾਜ਼ਮੀ ਪੈ ਸਕਦਾ ਹੈ। ਭਾਜਪਾ ਵਿੱਚ ਅਨੁਸ਼ਾਸਨ ਬਹੁਤ ਹੈ, ਜਿਸ ਦਾ ਫ਼ਾਇਦਾ ਭਾਜਪਾ ਨੂੰ ਮਿਲਿਆ ਹੈ। ਕਾਂਗਰਸ ’ਚ ਅਨੁਸ਼ਾਸਨ ਦੀ ਘਾਟ ਹੈ। ਅਕਾਲੀ ਦਲ ਕਈ ਧੜਿਆਂ ਵਿੱਚ ਵੰਡਿਆ ਪਿਆ ਹੈ। ‘ਆਪ’ ਸਰਕਾਰ ਮੁਲਾਜ਼ਮਾਂ ਦਾ ਬਣਦਾ ਡੀ ਏ ਨਾ ਦੇ ਕੇ ਮੁਫ਼ਤ ਦੀਆਂ ਰਿਓੜੀਆਂ ਵੰਡ ਕੇ ਪ੍ਰਦੇਸ਼ ਨੂੰ ਕਰਜ਼ਾਈ ਕਰ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਹੁਤ ਮਹੱਤਵਪੂਰਨ ਹੈ। ਇਸ ਦਾ ਅਸਰ ਕੀ ਹੁੰਦਾ ਹੈ, ਇਹ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਹੋਣ ’ਤੇ ਹੀ ਪਤਾ ਲੱਗੇਗਾ।
ਗੁਰਮੀਤ ਸਿੰਘ, ਵੇਰਕਾ

