DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਠਕਾਂ ਦੇ ਖ਼ਤ

ਇਨਸਾਨੀਅਤ ਜ਼ਿੰਦਾਬਾਦ 18 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਸੰਧੂ ਦੇ ਮਿਡਲ ‘ਇਨਸਾਨੀਅਤ ਜ਼ਿੰਦਾਬਾਦ’ ਵਿੱਚ ਸ੍ਰੀਨਗਰ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਨਿੱਘੇ ਸੁਭਾਅ ਅਤੇ ਸਹਿਯੋਗ ਦੀ ਭਾਵਨਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸਲ...

  • fb
  • twitter
  • whatsapp
  • whatsapp
Advertisement

ਇਨਸਾਨੀਅਤ ਜ਼ਿੰਦਾਬਾਦ

18 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਸੰਧੂ ਦੇ ਮਿਡਲ ‘ਇਨਸਾਨੀਅਤ ਜ਼ਿੰਦਾਬਾਦ’ ਵਿੱਚ ਸ੍ਰੀਨਗਰ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਨਿੱਘੇ ਸੁਭਾਅ ਅਤੇ ਸਹਿਯੋਗ ਦੀ ਭਾਵਨਾ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸਲ ਇਨਸਾਨ ਉਹੀ ਹੁੰਦਾ ਹੈ ਜੋ ਮੁਸੀਬਤ ਦੀ ਘੜੀ ਵਿੱਚ ਅਣਜਾਣ ਵਿਅਕਤੀ ਦੀ ਮਦਦ ਕਰੇ। ਮੈਨੂੰ ਵੀ ਆਪਣੇ ਸ੍ਰੀਨਗਰ ਟੂਰ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਹੋਟਲ ਮਾਲਕ ਨੇ ਸਾਡੇ ਲਈ ਰਹਿਣ ਅਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਅਤੇ ਹਰ ਕਦਮ ’ਤੇ ਸਾਡਾ ਸਾਥ ਦਿੱਤਾ। ਉਨ੍ਹਾਂ ਦੇ ਵਿਹਾਰ ਤੋਂ ਸਾਨੂੰ ਇਹ ਮਹਿਸੂਸ ਹੋਇਆ ਕਿ ਉਹ ਪੰਜਾਬੀਆਂ ਪ੍ਰਤੀ ਵਿਸ਼ੇਸ਼ ਮੋਹ ਤੇ ਸਤਿਕਾਰ ਰੱਖਦੇ ਹਨ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਸਾਨੂੰ ਪੰਜਾਬੀ ਹੋਣ ’ਤੇ ਮਾਣ ਹੈ ਅਤੇ ਪੰਜਾਬੀਅਤ ਨੂੰ ਹਮੇਸ਼ਾ ਆਪਣੇ ਦਿਲਾਂ ’ਚ ਜ਼ਿੰਦਾ ਰੱਖਣਾ ਚਾਹੀਦਾ ਹੈ। ਅਸਲ ਵਿੱਚ ਆਪਣਾਪਣ ਤੇ ਇਨਸਾਨੀਅਤ ਹੀ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਹਨ ਤੇ ਸਮਾਜ ਨੂੰ ਸੁੰਦਰ ਬਣਾਉਂਦੇ ਹਨ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

Advertisement

ਜਵਾਬਦੇਹੀ ਮੰਗਦੇ ਨੌਜਵਾਨ

22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਯਾਮਿਨੀ ਅਈਅਰ ਦਾ ਲੇਖ ‘ਜਵਾਬਦੇਹੀ ਮੰਗਦਾ ਦੇਸ਼ ਦਾ ਨੌਜਵਾਨ’ ਜੰਤਰ-ਮੰਤਰ ਉੱਤੇ ਚੱਲ ਰਹੇ ਵਿਦਿਆਰਥੀ ਅੰਦੋਲਨ ’ਤੇ ਕੇਂਦਰਿਤ ਹੈ। ਜਦੋਂ 20 ਜੁਲਾਈ ਨੂੰ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਹਰੇਕ ਮਨੁੱਖ ਇਸ ਤੋਂ ਦੁਖੀ ਹੋਇਆ। ਪ੍ਰਧਾਨ ਮੰਤਰੀ ਵੱਲੋਂ ਇਹ ਕਹਿਣਾ ‘ਪੇਪਰ ਲੀਕ ਮਹਾਂਪਾਪ ਹੈ’ ਇੱਕ ਅਜਿਹਾ ਬੇਵਕਤੀ ਕਥਨ ਹੈ, ਜਿਸ ਦੀ ਹੁਣ ਕੋਈ ਅਹਿਮੀਅਤ ਨਹੀਂ ਹੈ। ਸੋਨਮ ਵਾਂਗਚੁਕ ਤੇ ਲੱਖਾਂ ਵਿਦਿਆਰਥੀਆਂ ਨੇ ਸਿਸਟਮ ਦੀ ਇਸ ਕੁਤਾਹੀ ਦਾ ਡਟ ਕੇ ਵਿਰੋਧ ਕੀਤਾ ਹੈ। ਅਹਿਮ ਬਿੰਦੂ ਹਨ- ਫ਼ਿਰਕੂ ਸਿਆਸਤ ਹੁਣ ਜਵਾਬਦੇਹੀ ਦਾ ਟਾਕਰਾ ਕਰਨ ਤੋਂ ਅਸਮਰੱਥ ਹੈ, ਸਿੱਖਿਆ ਨੀਤੀ-2020 ਨੂੰ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਵਰਤਿਆ ਜਾ ਰਿਹਾ ਹੈ, ਮੋਹੰਜੋਦੜੋ ਦੀ ਨੱਚਦੀ ਕੁੜੀ ਵਾਲੀ ਤਾਂਬੇ ਦੀ ਛੋਟੀ ਜਿਹੀ ਮੂਰਤੀ ਸਿੱਖਿਆ ਸ਼ਾਸਤਰੀਆਂ ਲਈ ਵੰਗਾਰ ਬਣ ਗਈ ਹੈ ਅਤੇ ਮੁਗ਼ਲ ਕਾਲ ਦਾ ਸੱਚ ਪਾਠਕ੍ਰਮ ਵਿੱਚੋਂ ਕੱਢਣ ਦੀ ਕੇਂਦਰ ਸਰਕਾਰ ਦੀ ਤਜਵੀਜ਼ ਇਹ ਸਿੱਧ ਕਰਦੀ ਹੈ ਕਿ ਉਹ ਇਤਿਹਾਸ ਨੂੰ ਸਮਝਣ ਦੀ ਥਾਂ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ। ਰਸੂਲ ਹਮਜ਼ਾਤੋਵ ਦਾ ਕਥਨ ਹੈ, ‘ਜੇ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ।’ ਇਹ ਵਿਸ਼ਾ 2029 ਦੇ ਨੈਣ-ਨਕਸ਼ ਘੜ ਰਿਹਾ ਹੈ।

Advertisement

ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ

ਅਣਖ ਲਈ ਕਤਲ ਕਿੰਨੇ ਜਾਇਜ਼ ?

22 ਜੁਲਾਈ ਦੇ ਅੰਕ ’ਚ ‘ਕੌਮੀ ਹਾਈਵੇਅ ’ਤੇ ਘੇਰ ਕੇ ਨਵ-ਵਿਆਹੁਤਾ ਦਾ ਕਤਲ’ ਖ਼ਬਰ ਸੀ। ਅਣਖ ਖਾਤਰ ਕਿਸੇ ਦੀ ਜਾਨ ਲੈਣ ਵਿੱਚ ਕਿੰਨੀ ਕੁ ਸਿਆਣਪ ਹੈ? ਮਰਜ਼ੀ ਨਾਲ ਵਿਆਹ ਕਰਨ ਵਾਲੇ ਧੀ-ਪੁੱਤ ਦੀ ਜਾਨ ਲੈਣ ਦਾ ਅਧਿਕਾਰ ਉਨ੍ਹਾਂ ਨੂੰ ਹਰਗਿਜ਼ ਨਹੀਂ ਹੈ। ਜ਼ਰੂਰੀ ਨਹੀਂ ਕਿ ਮਾਪਿਆਂ ਵੱਲੋਂ ਧੀਆਂ-ਪੁੱਤਰਾਂ ਲਈ ਲੱਭੇ ਹੋਏ ਜੀਵਨ ਸਾਥੀ ਵਧੀਆ ਹੀ ਸਾਬਿਤ ਹੋਣ। ਇਸੇ ਤਰ੍ਹਾਂ 20 ਜੁਲਾਈ ਦੇ ਅੰਕ ’ਚ ‘ਸਿਹਤ ਪੰਨੇ’ ’ਤੇ ਸੁਖਮੰਦਰ ਸਿੰਘ ਤੂਰ ਦੇ ਲੇਖ ’ਚ ਸਿਹਤਮੰਦ ਜੀਵਨ ਜਿਊਣ ਦੇ ਕੁਦਰਤੀ ਨਿਯਮਾਂ ਬਾਰੇ ਗੱਲਾਂ ਵਧੀਆ ਸਨ। ਜੇ ਵਿਦਿਆਰਥੀਆਂ ਤੇ ਡਿਊਟੀ ’ਤੇ ਜਾਣ ਵਾਲੇ ਮੁਲਾਜ਼ਮਾਂ ਆਦਿ ਕੋਲ ਸਵੇਰੇ ਕਸਰਤ ਕਰਨ ਦਾ ਸਮਾਂ ਨਾ ਹੋਵੇ ਤਾਂ ਉਹ ਸ਼ਾਮ ਨੂੰ ਖਾਲੀ ਪੇਟ ਯੋਗ ਜ਼ਰੂਰ ਕਰਨ। ਐਤਵਾਰ ਤੇ ਹੋਰ ਛੁੱਟੀ ਵਾਲੇ ਦਿਨਾਂ ’ਚ ਸੈਰ ਕਰਨ ਨੂੰ ਵਧੇਰੇ ਤਵੱਜੋ ਦੇਣੀ ਚਾਹੀਦੀ ਹੈ।

ਸੋਹਣ ਲਾਲ ਗੁਪਤਾ, ਪਟਿਆਲਾ

ਬਚਪਨ ਦੀ ਗ਼ਲਤੀ

22 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਪਰਮਜੀਤ ਵਿਰਕ ਦਾ ਮਿਡਲ ‘ਫਿਰ ਕਦੇ ਉਹ ਗ਼ਲਤੀ...’ ਪੜ੍ਹਿਆ। ਲੇਖਕ ਨੇ ਆਪਣੇ ਬਚਪਨ ਦੀ ਗ਼ਲਤੀ ਸਬੰਧੀ ਚਾਨਣਾ ਪਾਇਆ ਹੈ। ਅੱਜਕੱਲ੍ਹ ਵੀ ਛੋਟੀ ਉਮਰ ਦੇ ਬੱਚੇ ਸਕੂਟਰ-ਮੋਟਰਸਾਈਕਲ ਜਾਂ ਗੱਡੀ ਆਦਿ ਚਲਾਉਂਦੇ ਨਜ਼ਰ ਆਉਂਦੇ ਹਨ। ਬੱਚਿਆਂ ਨੂੰ ਸਮਝ ਨਹੀਂ ਹੁੰਦੀ ਕਿ ਇਹ ਸਿਰਫ਼ ਵਾਹਨ ਨਹੀਂ, ਜੇਕਰ ਸਮਝ ਅਤੇ ਪੂਰੀ ਤਿਆਰੀ ਨਾਲ ਇਨ੍ਹਾਂ ਦੀ ਸਵਾਰੀ ਨਾ ਕੀਤੀ ਜਾਵੇ ਤਾਂ ਇਹ ਮਾਰੂ ਹਥਿਆਰ ਸਮਾਨ ਹੋ ਜਾਂਦੇ ਹਨ। ਇਹ ਆਪਣੀ ਅਤੇ ਦੂਜਿਆਂ ਦੀ ਜਾਨ ਲਈ ਖ਼ਤਰਾ ਬਣ ਜਾਂਦੇ ਹਨ। ਘਰ ਖੜ੍ਹੇ ਵਾਹਨਾਂ ਨੂੰ ਲੌਕ ਲਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਬੱਚਾ ਅਣਗਹਿਲੀ ਦਾ ਸ਼ਿਕਾਰ ਨਾ ਹੋਵੇ। ਵੱਡਿਆਂ ਦੀ ਜ਼ਿੰਮੇਵਾਰੀ ਹੈ ਕਿ ਘਰ ਖੜ੍ਹੇ ਵਾਹਨ ਨਾਲ ਬੱਚਿਆਂ ਨੂੰ ਛੇੜਛਾੜ ਨਾ ਕਰਨ ਦੇਣ ਤਾਂ ਜੋ ਬੱਚੇ ਦੀ ਗ਼ਲਤੀ ਦਾ ਖਮਿਆਜ਼ਾ ਮਾਪਿਆਂ ਨੂੰ ਨਾ ਭੁਗਤਣਾ ਪਵੇ।

ਬਲਬੀਰ ਸਿੰਘ ਦਿਲਦਾਰ, ਪਟਿਆਲਾ

ਅਤੀਤ ਤੋਂ ਅੱਗੇ...

ਸਤਨਾਮ ਸਿੰਘ ਸੰਧੂ ਦੇ ਲੇਖ ‘ਅਤੀਤ ਤੋਂ ਅੱਗੇ- ਨਵੀਂ ਪੀੜ੍ਹੀ ਲਈ ਪੰਜਾਬ ਦਾ ਮੁੜ ਨਿਰਮਾਣ’ ਵਿੱਚ ਪੰਜਾਬ ਦੀ ਸਥਿਤੀ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ। ਪੰਜਾਬੀਆਂ ਨੇ 1947, 1984 ਅਤੇ ਹੋਰ ਕਈ ਵੱਡੀਆਂ ਮੁਸੀਬਤਾਂ ਦੇ ਦੌਰ ਦੇਖੇ ਹਨ, ਪਰ ਪੰਜਾਬੀਆਂ ਨੇ ਆਪਣੀ ਮਿਹਨਤ, ਭਾਈਚਾਰਕ ਸਾਂਝ, ਆਪਣੇ ਸੱਭਿਆਚਾਰ ਅਤੇ ਆਪਸ ਵਿੱਚ ਏਕੇ ਵਾਲੀ ਸੋਚ ਸਦਕਾ ਮੁੜ ਸਭ ਕੁਝ ਹਾਸਿਲ ਕੀਤਾ। ਅੱਜ ਪੰਜਾਬ ਨਸ਼ਿਆਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ, ਜੋ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ, ਫਿਰ ਅੱਗੇ ਹੀ ਰਹੇਗਾ। ਕਿਸਾਨ, ਜੋ ਸਾਰੇ ਦੇਸ਼ ਦੇ ਅੰਨਦਾਤਾ ਮੰਨੇ ਜਾਂਦੇ ਹਨ, ਹਮੇਸ਼ਾ ਹੀ ਦੇਸ਼ ਦੀ ਅੰਨ ਦੀ ਲੋੜ ਪੂਰੀ ਕਰਦੇ ਰਹਿਣਗੇ।

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

ਮੌਨਸੂਨ ਸੈਸ਼ਨ ਦੀ ਬਰਬਾਦੀ

20 ਜੁਲਾਈ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ ਕੋਈ ਸਾਰਥਕ ਚਰਚਾ ਨਹੀਂ ਹੋਈ। ਸੰਸਦ ਭਾਰਤੀ ਜਮਹੂਰੀਅਤ ਦੀ ਨੀਂਹ ਹੈ, ਜਿੱਥੇ ਕਾਨੂੰਨ ਬਣਾਏ ਜਾਂਦੇ ਹਨ। ਸਰਕਾਰੀ ਬੁਲਾਰੇ ਕਹਿੰਦੇ ਹਨ ਕਿ ਉਹ ਹਰ ਚੀਜ਼ ’ਤੇ ਚਰਚਾ ਕਰਨ ਲਈ ਤਿਆਰ ਹਨ, ਪਰ ਸੰਸਦ ਦੇ ਕੰਮਕਾਜ ਦਾ ਪਿਛਲਾ ਤਜਰਬਾ ਬਹੁਤਾ ਚੰਗਾ ਸਾਬਿਤ ਨਹੀਂ ਹੋਇਆ। ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਕੌਮੀ ਸੁਰੱਖਿਆ, ਸਿਹਤ, ਸਿੱਖਿਆ ਅਤੇ ਵਿਦੇਸ਼ ਨੀਤੀ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਚਰਚਾਵਾਂ ਤੋਂ ਨਹੀਂ ਬਚ ਸਕਦੀ, ਜਿਨ੍ਹਾਂ ਲਈ ਤਰਕਪੂਰਨ ਚਰਚਾਵਾਂ ਦੀ ਲੋੜ ਹੁੰਦੀ ਹੈ। ਪਿਛਲੇ ਸੈਸ਼ਨਾਂ ਨੂੰ ਵਾਕਆਊਟ ਅਤੇ ਵਾਰ-ਵਾਰ ਮੁਲਤਵੀ ਹੋਣ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਮਹੱਤਵਪੂਰਨ ਮੁੱਦਿਆਂ ’ਤੇ ਅਰਥਪੂਰਨ ਚਰਚਾਵਾਂ ਵੀ ਮੁਲਤਵੀ ਹੋ ਜਾਂਦੀਆਂ ਹਨ। ਅਜਿਹੇ ਅੜਿੱਕੇ ਲੋਕਤੰਤਰੀ ਸੰਸਥਾਵਾਂ ਵਿੱਚ ਲੋਕਾਂ ਦੇ ਭਰੋਸੇ ਨੂੰ ਖੋਰਾ ਲਾਉਂਦੇ ਹਨ। ਸੰਸਦ ਨੂੰ ਮਾਣ, ਅਨੁਸ਼ਾਸਨ ਅਤੇ ਸਹਿਯੋਗ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ।

ਐੱਸ ਕੇ ਖੋਸਲਾ, ਚੰਡੀਗੜ੍ਹ

ਨਵੀਂ ਸ਼ੁਰੂਆਤ ਦੀ ਲੋੜ

14 ਜੁਲਾਈ ਦੇ ਅੰਕ ’ਚ ਗੁਰਬਚਨ ਜਗਤ ਦਾ ਲੇਖ ‘ਨਵੀਂ ਸ਼ੁਰੂਆਤ ਦੀ ਲੋੜ’ ਆਰਥਿਕ ਸਥਿਤੀ ਅਤੇ ਸਿਆਸੀ ਸੋਚ ਦੇ ਨਾਲ-ਨਾਲ ਸੰਸਾਰ ਵਿੱਚ ਉੱਭਰ ਰਹੀ ਮਸਨੂਈ ਬੁੱਧੀ ਦੇ ਪਸਾਰ ਦਾ ਸਾਡੇ ਦੇਸ਼ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਣਕਾਰੀ ਦਿੰਦਾ ਹੈ। ਨਵੀਂ ਸ਼ੁਰੂਆਤ ਤਾਂ 2014 ਤੋਂ ਹੋ ਚੁੱਕੀ ਹੈ। ਅੱਜ ਹਰ ਮੁੱਦੇ ਅਤੇ ਵਿਚਾਰਧਾਰਾ ਉੱਤੇ ਮਹਿਜ਼ ਫ਼ਿਰਕਾਪ੍ਰਸਤੀ ਅਤੇ ਧਰਮ ਦਾ ਮੁਲੰਮਾ ਚਾੜ੍ਹ ਦਿੱਤਾ ਗਿਆ ਹੈ। ਭਾਰਤੀ ਕਾਰਪੋਰੇਟ ਘਰਾਣਿਆਂ ਕੋਲ 200 ਬਿਲੀਅਨ ਡਾਲਰ ਤੋਂ ਵੱਧ ਦਾ ਰਿਕਾਰਡ ਨਕਦ ਭੰਡਾਰ ਹੈ। ਆਮ ਸ਼ਹਿਰੀ ਸਿਹਤ ਸਹੂਲਤਾਂ ਤੋਂ ਵਾਂਝਾ ਹੈ, ਬੱਚੇ ਮਿਆਰੀ ਸਿੱਖਿਆ ਲਈ ਵਿਦੇਸ਼ ਜਾ ਰਹੇ ਹਨ, ਬੇਰੁਜ਼ਗਾਰੀ ਵਧ ਰਹੀ ਹੈ ਅਤੇ ਬੁਨਿਆਦੀ ਢਾਂਚਾ ਡਾਵਾਂਡੋਲ ਹੈ। ‘ਮੈਨਹੈਟਨ ਪ੍ਰੋਜੈਕਟ’ ਵਾਲੀ ਨਵੀਂ ਸ਼ੁਰੂਆਤ ਵਿਗਿਆਨ, ਤਕਨਾਲੋਜੀ, ਖੋਜ, ਵਿੱਤ ਅਤੇ ਪ੍ਰਸ਼ਾਸਨ ਖੇਤਰਾਂ ਤੋਂ ਰੂੜ੍ਹੀਵਾਦੀ ਸੋਚ ਦੀ ਜ਼ਿਲ੍ਹ ਉਤਾਰ ਕੇ ਹੀ ਹੋ ਸਕਦੀ ਹੈ।

ਜਗਰੂਪ ਸਿੰਘ, ਉਭਾਵਾਲ

ਭਗਤ ਕਬੀਰ ਜੀ ਦੇ ਸਲੋਕ

14 ਜੁਲਾਈ ਦੇ ‘ਵਿਰਾਸਤ’ ਪੰਨੇ ’ਤੇ ਡਾ. ਪ੍ਰਿਤਪਾਲ ਸਿੰਘ ਮਹਿਰੋਕ ਦਾ ਲੇਖ ‘ਭਗਤ ਕਬੀਰ ਜੀ: ਬਾਣੀ ਅਤੇ ਸੁਨੇਹਾ’ ਪੜਿ੍ਹਆ। ਇਸ ਲੇਖ ਵਿੱਚ ਭਗਤ ਕਬੀਰ ਜੀ ਦੇ ਸਲੋਕਾਂ ਦੀ ਗਿਣਤੀ 243 ਲਿਖੀ ਗਈ ਹੈ। ਇਨ੍ਹਾਂ ਵਿੱਚੋਂ ਪੰਜ ਸਲੋਕ (ਨੰਬਰ 209-211, 214 ਅਤੇ 221) ਪੰਜਵੇਂ ਗੁਰੂ ਸਾਹਿਬ ਜੀ ਦੇ ਹਨ। ਇੱਕ 220ਵਾਂ ਸਲੋਕ ਗੁਰੂ ਅਮਰਦਾਸ ਜੀ ਦਾ ਹੈ। ਕਬੀਰ ਜੀ ਦਾ ਇੱਕ ਸਲੋਕ ਉਨ੍ਹਾਂ ਦੀ ‘ਰਾਗੁ ਗਉੜੀ ਥਿਤੀ ਬਾਣੀ’ ਦੇ ਸ਼ੁਰੂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 343 ਅਤੇ ਦੋ ਹੋਰ ਸਲੋਕ ਰਾਗੁ ਮਾਰੂ ਅੰਗ 1105 ’ਤੇ ਲਿਖੇ ਮਿਲਦੇ ਹਨ। ਇਸ ਤਰ੍ਹਾਂ ਕਬੀਰ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਆਏ ਸਲੋਕਾਂ ਦੀ ਗਿਣਤੀ 240 (243-5-1+1+2) ਬਣਦੀ ਹੈ।

ਕੁਲਦੀਪ ਸਿੰਘ, ਕੈਲੀਫੋਰਨੀਆ (ਅਮਰੀਕਾ)

Advertisement
×