ਪਾਠਕਾਂ ਦੇ ਖ਼ਤ
ਰੁੱਖਾਂ ਦੀ ਅੰਨ੍ਹੇਵਾਹ ਕਟਾਈ 29 ਜੁਲਾਈ ਦੇ ਅੰਕ ’ਚ ਅਸ਼ਵਨੀ ਚਤਰਥ ਦੇ ਲੇਖ ‘ਐੱਲ ਨੀਨੋ: ਮੌਨਸੂਨ ਅਤੇ ਅਰਥਚਾਰੇ ਲਈ ਵੱਡੀ ਚੁਣੌਤੀ’ ਨੇ ਸਾਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਮੌਸਮ ਵਿੱਚ ਆ ਰਹੇ ਅਸਾਧਾਰਨ ਬਦਲਾਅ, ਭਿਆਨਕ ਗਰਮੀ, ਕਮਜ਼ੋਰ...
ਰੁੱਖਾਂ ਦੀ ਅੰਨ੍ਹੇਵਾਹ ਕਟਾਈ
29 ਜੁਲਾਈ ਦੇ ਅੰਕ ’ਚ ਅਸ਼ਵਨੀ ਚਤਰਥ ਦੇ ਲੇਖ ‘ਐੱਲ ਨੀਨੋ: ਮੌਨਸੂਨ ਅਤੇ ਅਰਥਚਾਰੇ ਲਈ ਵੱਡੀ ਚੁਣੌਤੀ’ ਨੇ ਸਾਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ। ਮੌਸਮ ਵਿੱਚ ਆ ਰਹੇ ਅਸਾਧਾਰਨ ਬਦਲਾਅ, ਭਿਆਨਕ ਗਰਮੀ, ਕਮਜ਼ੋਰ ਮੌਨਸੂਨ ਅਤੇ ਪਾਣੀ ਦੇ ਵਧਦੇ ਸੰਕਟ ਨੂੰ ਹੁਣ ਸਿਰਫ਼ ਕੁਦਰਤੀ ਘਟਨਾ ਕਹਿ ਕੇ ਨਹੀਂ ਟਾਲਿਆ ਜਾ ਸਕਦਾ। ਇਸ ਪਿੱਛੇ ਮਨੁੱਖੀ ਦਖ਼ਲਅੰਦਾਜ਼ੀ ਵੀ ਇੱਕ ਵੱਡਾ ਕਾਰਨ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਵੱਡੀ ਚਿੰਤਾ ਦਾ ਵਿਸ਼ਾ ਹੈ। ਰੁੱਖ ਤਾਪਮਾਨ ਨੂੰ ਸੰਤੁਲਿਤ ਰੱਖਣ, ਬੱਦਲਾਂ ਬਣਨ, ਮਿੱਟੀ ਦੀ ਨਮੀ ਬਚਾਉਣ ਅਤੇ ਵਰਖਾ ਦੇ ਚੱਕਰ ਨੂੰ ਕਾਇਮ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਰੁੱਖ ਘਟਦੇ ਹਨ ਤਾਂ ਗਰਮੀ ਵਧਦੀ ਹੈ, ਮਿੱਟੀ ਸੁੱਕਦੀ ਹੈ ਅਤੇ ਮੀਂਹ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ।
ਗੁਰਬਾਜ਼ ਸਿੰਘ, ਸਿਰਸਾ (ਹਰਿਆਣਾ)
ਅਧੂਰੀ ਫਿਲਮ
30 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਨਵਦੀਪ ਸਿੰਘ ਝੁਨੀਰ ਦੇ ਲੇਖ ‘ਫਿਲਮ ਜੋ ਅੱਜ ਵੀ ਅਧੂਰੀ ਹੈ’ ਵਿੱਚ ਜ਼ਿੰਦਗੀ ਦੇ ਵੱਡੇ ਸੱਚ ਨੂੰ ਖ਼ੂਬਸੂਰਤ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। ਇਹ ਬਿਲਕੁਲ ਸੱਚ ਹੈ ਕਿ ਗ਼ੁਰਬਤ ਜਾਂ ਥੁੜ੍ਹਾਂ ਵੇਲੇ ਜਿਨ੍ਹਾਂ ਰੀਝਾਂ ਦੀ ਤੜਪ ਹੁੰਦੀ ਹੈ, ਸਾਧਨ-ਸੰਪੰਨ ਹੋਣ ’ਤੇ ਉਨ੍ਹਾਂ ਪ੍ਰਤੀ ਮੋਹ ਆਪ ਹੀ ਖ਼ਤਮ ਹੋ ਜਾਂਦਾ ਹੈ ਅਤੇ ਨਵੀਆਂ ਇੱਛਾਵਾਂ ਜਾਗ ਪੈਂਦੀਆਂ ਹਨ। ‘ਦੋਸਤ’ ਫਿਲਮ ਦੀ ਅਧੂਰੀ ਕਹਾਣੀ ਦੇ ਬਹਾਨੇ ਲੇਖਕ ਨੇ ਮਨੁੱਖੀ ਮਨੋਵਿਗਿਆਨ ਦੀ ਬਹੁਤ ਸੁੱਚੀ ਤਸਵੀਰ ਖਿੱਚੀ ਹੈ। ਲਿਖਤ ਛੋਟੀ ਹੁੰਦਿਆਂ ਵੀ ਦਿਲ ਨੂੰ ਡੂੰਘਾ ਛੂਹ ਜਾਂਦੀ ਹੈ।
ਸਿਮਰਨਜੀਤ ਕੌਰ, ਲੌਂਗੋਵਾਲ (ਸੰਗਰੂਰ)
(2)
ਨਵਦੀਪ ਸਿੰਘ ਝੁਨੀਰ ਦਾ ਲੇਖ ‘ਫਿਲਮ ਜੋ ਅੱਜ ਵੀ ਅਧੂਰੀ ਹੈ’ ਪੜ੍ਹ ਕੇ ਮਨ ਬਚਪਨ ਦੀਆਂ ਯਾਦਾਂ ਵਿੱਚ ਚਲਾ ਗਿਆ। ਜ਼ਿੰਦਗੀ ਵਿੱਚ ਕੁਝ ਰੀਝਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਕਦੇ ਵੱਡੀ ਖ਼ੁਸ਼ੀ ਲੱਗਦਾ ਹੈ ਪਰ ਸਮਾਂ ਬਦਲਦਾ ਹੈ, ਹਾਲਾਤ ਬਦਲਦੇ ਹਨ ਅਤੇ ਉਹੀ ਰੀਝਾਂ ਆਪਣਾ ਮਹੱਤਵ ਗੁਆ ਬੈਠਦੀਆਂ ਹਨ। ਲੇਖਕ ਨੇ ਇਸ ਸੱਚ ਨੂੰ ਬਹੁਤ ਹੀ ਦਿਲਕਸ਼ ਢੰਗ ਨਾਲ ਪੇਸ਼ ਕੀਤਾ ਹੈ। ਅਜਿਹੀਆਂ ਰਚਨਾਵਾਂ ਪੜ੍ਹ ਕੇ ਇਨਸਾਨ ਆਪਣੇ ਹੀ ਬੀਤੇ ਸਮੇਂ ਨਾਲ ਇੱਕ ਵਾਰ ਫਿਰ ਮਿਲ ਆਉਂਦਾ ਹੈ।
ਗਗਨਦੀਪ ਸਿੰਘ ਮਾਖਾ
ਸੰਵੇਦਨਸ਼ੀਲ ਪੁਲੀਸ ਅਤੇ ਸ਼ਾਂਤਮਈ ਵਿਰੋਧ
ਸ਼ਾਂਤਮਈ ਵਿਰੋਧ ਦਾ ਅਧਿਕਾਰ ਸਿਹਤਮੰਦ ਜਮਹੂਰੀਅਤ ਦੀ ਬੁਨਿਆਦੀ ਵਿਸ਼ੇਸ਼ਤਾ ਹੈ। ਇਸ ਦੇ ਨਾਲ ਹੀ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਹੈ ਕਿ ਅਜਿਹੇ ਵਿਰੋਧ ਟਕਰਾਅ ਜਾਂ ਹਿੰਸਾ ਵਿੱਚ ਨਾ ਬਦਲਣ। ਲੋਕਾਂ ਵਿੱਚ ਬੇਚੈਨੀ ਤੇ ਰੋਹ ਅਚਾਨਕ ਪੈਦਾ ਨਹੀਂ ਹੁੰਦਾ। ਸਰਕਾਰਾਂ ਨੂੰ ਲੋਕਾਂ ਦੀਆਂ ਉੱਭਰ ਰਹੀਆਂ ਸ਼ਿਕਾਇਤਾਂ ਅਤੇ ਭਾਵਨਾਵਾਂ ਪ੍ਰਤੀ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਹੈ, ਸਮੇਂ ਸਿਰ ਸੰਵਾਦ ਦੇ ਪ੍ਰਭਾਵਸ਼ਾਲੀ ਮਾਧਿਅਮ ਬਣਾਉਣੇ ਚਾਹੀਦੇ ਹਨ ਅਤੇ ਜਾਇਜ਼ ਮੰਗਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕਰਨਾ ਚਾਹੀਦਾ ਹੈ ਤਾਂ ਜੋ ਹਾਲਾਤ ਸੜਕਾਂ ਉੱਤੇ ਵਿਰੋਧ ਪ੍ਰਦਰਸ਼ਨਾਂ ਤੱਕ ਨਾ ਪਹੁੰਚਣ। ਪੁਲੀਸ ਦੀ ਭੂਮਿਕਾ ਸਿਰਫ਼ ਕਾਨੂੰਨ-ਵਿਵਸਥਾ ਕਾਇਮ ਰੱਖਣ ਤੱਕ ਸੀਮਿਤ ਨਹੀਂ ਹੈ। ਆਧੁਨਿਕ ਪੁਲੀਸਿੰਗ ਲਈ ਪੇਸ਼ੇਵਰਾਨਾ ਸੋਚ, ਸੰਜਮ ਅਤੇ ਪ੍ਰਭਾਵਸ਼ਾਲੀ ਸੰਚਾਰ ਬਹੁਤ ਜ਼ਰੂਰੀ ਹੈ। ਪੁਲੀਸ ਕਰਮਚਾਰੀਆਂ ਨੂੰ ਭੀੜ ਪ੍ਰਬੰਧਨ ਦੇ ਨਾਲ-ਨਾਲ ਟਕਰਾਅ ਨੂੰ ਸ਼ਾਂਤ ਕਰਨ, ਗੱਲਬਾਤ ਰਾਹੀਂ ਹੱਲ ਲੱਭਣ, ਸੰਵੇਦਨਸ਼ੀਲਤਾ ਅਤੇ ਸੰਵਿਧਾਨਕ ਅਧਿਕਾਰਾਂ ਦੇ ਸਤਿਕਾਰ ਬਾਰੇ ਵੀ ਨਿਯਮਿਤ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਕਦਮਾਂ ਜਾਂ ਬੇਲੋੜੇ ਬਲ-ਪ੍ਰਯੋਗ ਤੋਂ ਬਚਣਾ ਚਾਹੀਦਾ ਹੈ, ਜੋ ਲੋਕਾਂ ਦੇ ਰੋਸ ਨੂੰ ਹੋਰ ਭੜਕਾਉਣ। ਸ਼ਾਂਤਮਈ ਵਿਰੋਧ ਨੂੰ ਦਬਾਅ ਜਾਂ ਬਲ ਨਾਲ ਨਹੀਂ ਸਗੋਂ ਸਮੇਂ ਸਿਰ ਸੰਵਾਦ, ਆਪਸੀ ਸਤਿਕਾਰ ਅਤੇ ਲੋਕਾਂ ਦੇ ਭਰੋਸੇ ਰਾਹੀਂ ਹੀ ਸੁਲਝਾਉਣਾ ਯਕੀਨੀ ਬਣਾਇਆ ਜਾ ਸਕਦਾ ਹੈ। ਇੱਕ ਸੰਵੇਦਨਸ਼ੀਲ ਸਰਕਾਰ ਅਤੇ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਪੁਲੀਸ ਨਾ ਸਿਰਫ਼ ਟਕਰਾਅ ਨੂੰ ਰੋਕ ਸਕਦੀ ਹੈ ਸਗੋਂ ਲੋਕਾਂ ਦੀ ਬੇਚੈਨੀ ਨੂੰ ਰਚਨਾਤਮਿਕ ਜਮਹੂਰੀ ਸੰਵਾਦ ਵਿੱਚ ਵੀ ਬਦਲ ਸਕਦੀ ਹੈ।
ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ
ਸੋਨਮ ਵਾਂਗਚੁਕ ਦਾ ਜਿਗਰਾ
28 ਜੁਲਾਈ ਦੇ ਅੰਕ ਵਿੱਚ ਵਾਂਗਚੁਕ ਸਬੰਧੀ ਖ਼ਬਰ ਪੜ੍ਹੀ ਤਾਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹ ਸ਼ਬਦ ਨਿਕਲੇ ‘ਧੰਨ ਹੈ ਵਾਂਗਚੁਕ ਤੂੰ’। ਇੱਕ ਮਨੁੱਖ ਮਨੁੱਖੀ ਹੱਕਾਂ ਦੀ ਰਾਖੀ ਲਈ 26 ਦਿਨ ਭੁੱਖ ਹੜਤਾਲ ਉੱਤੇ ਦ੍ਰਿੜ੍ਹਤਾ ਨਾਲ ਬੈਠਿਆ, ਜਿਸ ਦਾ ਅਜੋਕੇ ਸਮੇਂ ਵਿੱਚ ਸਾਨੀ ਸੌਖਿਆਂ ਨਹੀਂ ਲੱਭਦਾ। ਫਿਰ ਜਦੋਂ ਉਸ ਨੇ ਸਰਕਾਰ ਦੇ ਮੰਤਰੀਆਂ ਹੱਥੋਂ ਜੂਸ ਪੀ ਕੇ ਵਰਤ ਤੋੜਿਆ ਤਾਂ ਉਸ ਦੀ ਆਲੋਚਨਾ ਦਾ ਹੜ੍ਹ ਆ ਗਿਆ। ਵਾਂਗਚੁਕ ਦਾ ਪ੍ਰਤੀਕਰਮ ਇਸ ਖ਼ਬਰ ਵਿੱਚ ਛਪਿਆ ਹੈ: ‘ਲੱਦਾਖ਼ ਵਿੱਚ ਜਦੋਂ ਕੋਈ ਸਰਕਾਰੀ ਨੁਮਾਇੰਦਾ ਜਾਂ ਸੀਨੀਅਰ ਆਗੂ ਕਿਸੇ ਪ੍ਰਦਰਸ਼ਨਕਾਰੀ ਦਾ ਮਰਨ ਵਰਤ ਤੁੜਵਾਉਂਦਾ ਹੈ ਤਾਂ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ, ਹੋ ਸਕਦਾ ਹੈ ਦਿੱਲੀ ਵਿੱਚ ਇਸ ਦਾ ਮਤਲਬ ਕੁਝ ਹੋਰ ਹੋਵੇ’। ਸੱਭਿਆਚਾਰਕ ਪੱਖ ਤੋਂ ਇਹ ਕਥਨ ਸੋਨੇ ਦੀ ਡਲੀ ਵਰਗਾ ਹੈ। ਆਸ ਹੈ ਕਿ ਕੇਂਦਰ ਸਰਕਾਰ ਦੀ ਮੰਗਾਂ ਸਬੰਧੀ ਸਹਿਮਤੀ ਹੁਣ ਸੋਨਮ ਵਾਂਗਚੁਕ ਦਾ ਹੋਰ ‘ਭੁੱਖ ਇਮਤਿਹਾਨ’ ਨਹੀਂ ਲਵੇਗੀ। ਇਸ ਦਰਮਿਆਨ ਖ਼ਬਰਾਂ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਤੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਬਦਲਾਖੋਰੀ ਨਾਲ ਕਾਰਵਾਈਆਂ ਕਰ ਰਹੀਆਂ ਹਨ। ‘ਨੀਟ’ ਦੇ ਇਮਤਿਹਾਨ ਵਿੱਚ 22 ਲੱਖ ਵਿਦਿਆਰਥੀਆਂ ਦੇ ਦਰਦ ਦੀ ਕਹਾਣੀ ਇਹ ਸੰਘਰਸ਼ ਕਹਿ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਰਾਮ ਮੰਦਰ ਦੇ ਚੰਦਾ ਚੋਰੀ ਦੇ ਮਾਮਲੇ ਵਿੱਚ ਕਰੋੜਾਂ ਲੋਕਾਂ ਦੇ ਮਨ ਨੂੰ ਲੱਗੀ ਠੇਸ ਬਾਰੇ ਰੱਤੀ ਭਰ ਪ੍ਰਦਰਸ਼ਨ ਵੀ ਨਹੀਂ ਹੋਏ ਕਿ ਚੋਰਾਂ ਨੂੰ ਫੜਿਆ ਜਾਵੇ। ਕੀ ਇਹ ਮਾਮਲਾ ਕਾਨੂੰਨੀ ਅਤੇ ਅਦਾਲਤੀ ਚੱਕਰਾਂ ਵਿੱਚ ਫਸ ਕੇ ਰਹਿ ਜਾਵੇਗਾ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਅਜੋਕੀ ਟੈਕਨਾਲੋਜੀ ਅਤੇ ਰਿਸ਼ਤੇ
27 ਜੁਲਾਈ ਦੇ ਅੰਕ ਵਿੱਚ ਡਾ. ਕੁਲਜੀਤ ਸਿੰਘ ਮੀਆਂਪੁਰੀ ਦਾ ਅਜੋਕੀ ਟੈਕਨਾਲੋਜੀ ਬਾਰੇ ਲਿਖਿਆ ਲੇਖ ਪੜ੍ਹਨ ਨੂੰ ਮਿਲਿਆ। ਲੇਖਕ ਨੇ ਚਲੰਤ ਵਿਸ਼ੇ ਨੂੰ ਛੋਹਿਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਚੀਜ਼ ਨੇ ਰਿਸ਼ਤੇ-ਨਾਤਿਆਂ ਨੂੰ ਵੱਡੇ ਪੈਮਾਨੇ ਉੱਤੇ ਸੱਟ ਮਾਰੀ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ, ਪਰ ਨਿਰਾ-ਪੁਰਾ ਟੈਕਨਾਲੋਜੀ ਵਿੱਚ ਖੁੱਭ ਕੇ ਜਾਂ ਡੁੱਬ ਕੇ ਜੀਵਨ ਨਹੀਂ ਬਤੀਤ ਕੀਤਾ ਜਾ ਸਕਦਾ। ਹਕੀਕਤ ਦੀ ਦੁਨੀਆ ਵਿੱਚ ਵਿਚਰ ਕੇ ਆਪਾਂ ਜੀਵਨ ਸੁਖਾਲਾ ਬਣਾਈਏ।
ਜਸਕਰਨ ਕਲੇਰ, ਸਮਰਾਲਾ (ਲੁਧਿਆਣਾ)
ਦਾਦੇ ਪੋਤੇ ਦੀ ਯਾਰੀ
25 ਜੁਲਾਈ ਦੇ ‘ਸਤਰੰਗ’ ਪੰਨੇ ’ਤੇ ਤਰਸੇਮ ਸਿੰਘ ਭੰਗੂ ਦੀ ਬਾਲ ਕਹਾਣੀ ‘ਦਾਦੇ-ਪੋਤੇ ਦੀ ਯਾਰੀ’ ਮਨੋਰੰਜਕ ਹੋਣ ਦੇ ਨਾਲ-ਨਾਲ ਮੋਬਾਈਲ ਦੀਆਂ ਖੇਡਾਂ ਤੋਂ ਪਰ੍ਹੇ, ਰਲ-ਮਿਲ ਕੇ ਖੇਡੀਆਂ ਜਾਣ ਵਾਲੀਆਂ ਪੁਰਾਣੀਆਂ ਖੇਡਾਂ ਬਾਰੇ ਜਾਣਕਾਰੀ ਦਿੰਦੀ ਹੈ। ਦਾਦੇ-ਪੋਤੇ ਦੀ ਮੋਹ-ਭਿੱਜੀ ਸਾਂਝ ਨੂੰ ਬਿਆਨ ਕਰਦੀ ਇਹ ਰਚਨਾ ਬਹੁਤ ਵਧੀਆ ਲੱਗੀ। ਮੂਲ ਨਾਲੋਂ ਵਿਆਜ ਹਮੇਸ਼ਾ ਪਿਆਰਾ ਹੁੰਦਾ ਹੈ। ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਦਾਦਾ-ਦਾਦੀ ਆਪਣੇ ਪੋਤੇ-ਪੋਤੀਆਂ ਵਿੱਚ ਇੱਕ ਵਾਰ ਫਿਰ ਆਪਣਾ ਬਚਪਨ ਜਿਊਂਦੇ ਹਨ ਅਤੇ ਪੋਤੇ-ਪੋਤੀਆਂ ਉਨ੍ਹਾਂ ਦੀ ਅਣਮੁੱਲੇ ਤਜਰਬਿਆਂ ਭਰੀ ਜ਼ਿੰਦਗੀ ਤੋਂ ਹੱਸਦੇ-ਖੇਡਦੇ ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਕਹਾਣੀਆਂ ਰਾਹੀਂ ਭਵਿੱਖ ਲਈ ਕੀਮਤੀ ਸੇਧ ਲੈਂਦੇ ਹਨ। ਦਾਦਾ-ਦਾਦੀ ਤੋਂ ਮਿਲਿਆ ਪਿਆਰ, ਤਜਰਬਿਆਂ ਅਤੇ ਅਸੀਸਾਂ ਦਾ ਖ਼ਜ਼ਾਨਾ ਅਸੀਂ ਕੋਈ ਵੀ ਕੀਮਤ ਦੇ ਕੇ ਖ਼ਰੀਦ ਨਹੀਂ ਸਕਦੇ।
ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ
ਰੌਸ਼ਨ ਰਾਹ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਸ਼ਪਿੰਦਰ ਕੌਰ ਨੇ ਮਿਡਲ ‘ਰੌਸ਼ਨ ਰਾਹ’ ਵਿੱਚ ਆਪਣੇ ਘਰ, ਸਕੂਲ ਤੇ ਕਾਲਜ ਦੇ ਮਾਹੌਲ ਦਾ ਭਾਵਪੂਰਤ ਚਿਤਰਣ ਕੀਤਾ ਹੈ। ਬਿਲਕੁਲ ਸੱਚ ਹੈ ਕਿ ਪੁਸਤਕਾਂ ਦੇ ਅੰਗ-ਸੰਗ ਰਹਿ ਕੇ ਹੀ ਜ਼ਿੰਦਗੀ ਦੀ ਮੰਜ਼ਿਲ ’ਤੇ ਪਹੁੰਚਿਆ ਜਾ ਸਕਦਾ ਹੈ। ਪੁਸਤਕਾਂ ਨਾਲ ਸੰਵਾਦ ਰਚਾਉਣ ਵਾਲੇ ਵਿਦਿਆਰਥੀ ਹਮੇਸ਼ਾ ਮੋਹਰੀ ਰਹਿੰਦੇ ਹਨ। ਪੰਜਾਬੀ ਮਾਂ-ਬੋਲੀ ਦੇ ਹੀਰੇ ਮੋਤੀਆਂ ਜਿਹੇ ਸ਼ਬਦ ਉਨ੍ਹਾਂ ਦੀ ਜ਼ਿੰਦਗੀ ਦਾ ਸਰਮਾਇਆ ਬਣਦੇ ਹਨ। ਇਹ ਲੇਖ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਵਰਗ ਲਈ ਵੀ ਪ੍ਰੇਰਨਾ ਸਰੋਤ ਹੈ। ਪੰਜਾਬੀ ਲੇਖਕ ਗੁਰਦਿਆਲ ਸਿੰਘ ਦਾ ਇਹ ਮੁੱਲਵਾਨ ਸੁਨੇਹਾ ਹੈ, “ਜੇਕਰ ਜ਼ਿੰਦਗੀ ਵਿੱਚ ਤੁਹਾਨੂੰ ਅਧਿਆਪਕ ਬਣਨ ਦਾ ਮੌਕਾ ਮਿਲੇ ਤਾਂ ਜੀਅ-ਜਾਨ ਲਗਾ ਕੇ ਗਿਆਨ, ਚੇਤਨਾ ਤੇ ਤਰਕ ਦਾ ਚਾਨਣ ਬਿਖੇਰਦੇ ਰਹਿਣਾ, ਜਿਹੜਾ ਸਮਾਜ ਦੇ ਸੁਨਿਹਰੇ ਭਵਿੱਖ ਵੱਲ ਜਾਂਦਾ ਰੌਸ਼ਨ ਰਾਹ ਹੈ।”
ਸੁਦੀਪਇੰਦਰ ਸਿੰਘ, ਰੱਤੇ ਵਾਲਾ (ਫ਼ਾਜ਼ਿਲਕਾ)

