ਪਾਠਕਾਂ ਦੇ ਖ਼ਤ
ਕੁਝ ਕਰਨ ਦਾ ਜਜ਼ਬਾ ਪ੍ਰੋ. ਡੀ ਸੀ ਸ਼ਰਮਾ ਦੀ ਰਚਨਾ ‘ਖੁਸ਼ਕਿਸਮਤੀ’ ਤਾਰੀਫ਼ ਦੇ ਕਾਬਿਲ ਸੀ। ਜੇਕਰ ਤੁਹਾਡੇ ਵਿੱਚ ਕੁਝ ਬਣਨ ਦਾ ਜਜ਼ਬਾ ਹੈ ਤਾਂ ਮਿਹਨਤ ਤੇ ਹੌਸਲੇ ਨਾਲ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਸਕਦਾ ਹੈ। ਲੇਖਕ ਦੀ ਮਿਹਨਤ ਤੇ ਜਜ਼ਬੇ...
ਕੁਝ ਕਰਨ ਦਾ ਜਜ਼ਬਾ
ਪ੍ਰੋ. ਡੀ ਸੀ ਸ਼ਰਮਾ ਦੀ ਰਚਨਾ ‘ਖੁਸ਼ਕਿਸਮਤੀ’ ਤਾਰੀਫ਼ ਦੇ ਕਾਬਿਲ ਸੀ। ਜੇਕਰ ਤੁਹਾਡੇ ਵਿੱਚ ਕੁਝ ਬਣਨ ਦਾ ਜਜ਼ਬਾ ਹੈ ਤਾਂ ਮਿਹਨਤ ਤੇ ਹੌਸਲੇ ਨਾਲ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਸਕਦਾ ਹੈ। ਲੇਖਕ ਦੀ ਮਿਹਨਤ ਤੇ ਜਜ਼ਬੇ ਨੇ ਖੁੰਝੇ ਹੋਏ ਮੌਕੇ ਨੂੰ ਉਸ ਦੀ ਖੁਸ਼ਕਿਸਮਤੀ ਵਿੱਚ ਬਦਲ ਦਿੱਤਾ। ਮੈਂ ਪੁਲੀਸ ਮਹਿਕਮੇ ਵਿੱਚ ਨੌਕਰੀ ਦੌਰਾਨ 30 ਸਾਲ ਬਾਅਦ 48 ਸਾਲ ਦੀ ਉਮਰ ਵਿੱਚ 10+2 ਕੀਤੀ। ਮੈਂ ਆਪਣੀ ਬੀਜੀ ਨੂੰ 10+2 ਵਿੱਚੋਂ ਪਾਸ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਖ਼ੁਸ਼ੀ ’ਚ ਮੈਨੂੰ ਗਲੇ ਲਗਾਇਆ। 2006 ਵਿੱਚ ਬੀਏ ਭਾਗ ਪਹਿਲਾ ਦੇ ਨਾਲ ਨਾਲ ਪੁਲੀਸ ਅਕੈਡਮੀ ਫਿਲੌਰ ਤੋਂ ਥਾਣੇਦਾਰ ਦਾ ਕੋਰਸ ਕੀਤਾ। ਐੱਮ ਏ ਪੁਲੀਸ ਕਰਨ ਦਾ ਫ਼ਾਇਦਾ ਮੈਨੂੰ ਬਤੌਰ ਇੰਸਪੈਕਟਰ ਪੰਜਾਬ ਪੁਲੀਸ ਮਹਿਕਮੇ ਵਿੱਚੋਂ ਸੇਵਾਮੁਕਤ ਹੋ ਕੇ ਮਿਲਿਆ। ਜੇ ਕੋਈ ਇਨਸਾਨ ਉੱਦਮ ਤੇ ਹਿੰਮਤ ਦਾ ਪੱਲਾ ਘੁੱਟ ਕੇ ਫੜ ਲੈਂਦਾ ਹੈ ਤਾਂ ਕੋਈ ਵੀ ਨਾਮੁਮਕਿਨ ਕੰਮ ਮੁਮਕਿਨ ਹੋ ਜਾਂਦਾ ਹੈ।
ਗੁਰਮੀਤ ਸਿੰਘ ਵੇਰਕਾ
ਰੌਸ਼ਨ ਰਾਹ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਰਸ਼ਪਿੰਦਰ ਪਾਲ ਕੌਰ ਦਾ ਲੇਖ ‘ਰੌਸ਼ਨ ਰਾਹ’ ਸ਼ਲਾਘਾਯੋਗ ਸੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਘਰ ਦੇ ਮਾਹੌਲ ਦਾ ਮਨੁੱਖ ਦੀ ਜ਼ਿੰਦਗੀ ’ਤੇ ਡੂੰਘਾ ਅਸਰ ਹੁੰਦਾ ਹੈ। ਮਾਪਿਆਂ ਦਾ ਪਿਆਰ, ਭੈਣ-ਭਰਾਵਾਂ ’ਚ ਆਪਸੀ ਮਿਲਵਰਤਣ ਤੇ ਸਤਿਕਾਰ ਬਚਪਨ ਵਿੱਚ ਹੀ ਮਨੁੱਖੀ ਜ਼ਿੰਦਗੀ ਵਿੱਚ ਚੰਗੀ ਸ਼ਖ਼ਸੀਅਤ ਦੇ ਗੁਣ ਭਰ ਦਿੰਦੇ ਹਨ। ਜੇਕਰ ਬਚਪਨ ਵਿੱਚ ਹੀ ਪੁਸਤਕਾਂ ਪੜ੍ਹਨ ਦੀ ਚੇਟਕ ਲੱਗ ਜਾਵੇ ਤਾਂ ਸਮਝੋ ਉਸ ਮਨੁੱਖ ਨੂੰ ਇੱਕ ਸਫ਼ਲ ਤੇ ਚੰਗਾ ਇਨਸਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਸ ਦੀ ਜ਼ਿੰਦਗੀ ਦਾ ਰਾਹ ਹਮੇਸ਼ਾ ਰੌਸ਼ਨ ਹੀ ਰਹੇਗਾ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਮੇਰਾ ਨਾਮਕਰਨ
23 ਜੁਲਾਈ ਦੇ ਅੰਕ ’ਚ ਗੁਰਮੇਲ ਸਿੰਘ ਸੇਖੂਵਾਸ ਦੀ ਰਚਨਾ ‘ਮੇਰਾ ਨਾਮਕਰਨ’ ਪੜ੍ਹੀ। ਇਸ ਵਿੱਚ ਪੁਰਾਤਨ ਪੇਂਡੂ ਰੀਤੀ ਰਿਵਾਜ਼ਾਂ ਅਤੇ ਲੋਕਾਂ ਦੀ ਸਾਦਗੀ ਬਾਰੇ ਚਾਨਣਾ ਪਾਇਆ ਗਿਆ ਹੈ। ਮਾਸਟਰ ਜੀ ਨੇ ਲੇਖਕ ਦਾ ਪਹਿਲਾ ਨਾਮਕਰਨ ਕਰਦਿਆਂ ਵਧੀਆ ਭਾਵਪੂਰਤ ਨਾਂ ਰੱਖਿਆ। ਪਹਿਲੇ ਸਮਿਆਂ ਵਿੱਚ ਕੁਦਰਤ ਅੱਗੇ ਵੱਸ ਨਾ ਚੱਲਦਾ ਵੇਖ ਇੱਕ ਆਸ ਵਿੱਚ ਹੀ ਮਾਪੇ ਆਪਣੇ ਬੱਚੇ ਦਾ ਨਾਂ ਨਜ਼ਰਬੱਟੂ ਵਾਂਗ ਰੱਖ ਛੱਡਦੇ ਸਨ। ਕਈ ਵਾਰ ਨਾਮ ਬਹੁਤ ਹੀ ਅਰਥਭਰਪੂਰ ਹੁੰਦਾ ਹੈ ਪਰ ਉਹ ਬੰਦਾ ਉਸ ਨਾਮ ਦੇ ਬਿਲਕੁਲ ਉਲਟ ਕੰਮ ਕਰਦਾ ਹੈ। ਮੇਰਾ ਨਾਮ ਅਤੇ ਮੇਰੀ ਭੈਣ ਦਾ ਨਾਮ ਇੱਕੋ ਹੀ ਹੈ। ਇੱਕ ਬੜੀ ਹੀ ਅਦਬ ਸਤਿਕਾਰ ਵਾਲੀ ਮਿਸਾਲ ਇਹ ਕਿ ਦੁਨੀਆ ਦੇ ਰਹਿਬਰ ਗੁਰੂ ਨਾਨਕ ਦੇਵ ਦੀ ਭੈਣ ਦਾ ਨਾਮ ਵੀ ਨਾਨਕੀ ਸੀ, ਜੋ ਉਨ੍ਹਾਂ ਦੀ ਨਾਨੀ ਜੀ ਨੇ ਰੱਖਿਆ ਸੀ ਕਿ ਇਹ ਬੇਟੀ ‘ਨਾਨੀ ਕੀ’ ਭਾਵ ਮੇਰੀ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸੁੱਕਦਾ ਪੰਜਾਬ
23 ਜੁਲਾਈ ਦੇ ਸੰਪਾਦਕੀ ਪੰਨੇ ’ਤੇ ਛਪਿਆ ਲੇਖ ‘ਧਰਤੀ ਹੇਠੋਂ ਸੁੱਕਦਾ ਪੰਜਾਬ’ ਬਹੁਤ ਹੀ ਭਾਵਪੂਰਤ ਹੈ। ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪੰਜਾਬ ਵਿੱਚ ਹੋ ਰਹੀ ਹੈ ਅਤੇ ਲੁਧਿਆਣਾ ਜ਼ਿਲ੍ਹਾ ਇਸ ਵਿੱਚ ਪਹਿਲੇ ਨੰਬਰ ’ਤੇ ਹੈ। ਮੌਜੂਦਾ ਹਾਲਾਤ ਸਿਰਫ਼ ਵਾਤਾਵਰਨ ਅਤੇ ਸੰਤੁਲਨ ਲਈ ਹੀ ਖ਼ਤਰਾ ਨਹੀਂ, ਸਗੋਂ ਦੇਸ਼ ਦੀ ਖ਼ੁਰਾਕੀ ਸੁਰੱਖਿਆ ਨੂੰ ਵੀ ਦਾਅ ’ਤੇ ਲਾਉਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਧਿਆਨ ਰੱਖਦਿਆਂ ਸਬਸਿਡੀਆਂ ਅਤੇ ਹੋਰ ਰਿਆਇਤਾਂ ਦੀ ਨੀਤੀ ’ਤੇ ਮੁੜ ਵਿਚਾਰ ਕਰਨ। ਪਾਣੀ ਦੇ ਭੰਡਾਰਾਂ ਦਾ ਸੁੱਕਣ ਕੰਢੇ ਪਹੁੰਚਣਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਬਦਲਵੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ’ਤੇ ਬਿਨਾਂ ਦੇਰੀ ਕੰਮ ਹੋਣਾ ਚਾਹੀਦਾ ਹੈ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
ਜਵਾਬਦੇਹੀ ਮੰਗਦਾ ਨੌਜਵਾਨ
22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਲੇਖ ‘ਜਵਾਬਦੇਹੀ ਮੰਗਦਾ ਦੇਸ਼ ਦਾ ਨੌਜਵਾਨ’ ਵਿੱਚ ਨੌਜਵਾਨਾਂ ਦੀਆਂ ਚਿੰਤਾਵਾਂ, ਬੇਰੁਜ਼ਗਾਰੀ ਅਤੇ ਭਰਤੀ ਪ੍ਰਕਿਰਿਆ ਨਾਲ ਜੁੜੇ ਸਵਾਲਾਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਹੈ, ਜੋ ਧਿਆਨ ਦੇਣ ਯੋਗ ਹਨ। ਲੋਕਤੰਤਰ ਵਿੱਚ ਨੌਜਵਾਨਾਂ ਦੀ ਆਵਾਜ਼ ਅਹਿਮੀਅਤ ਰੱਖਦੀ ਹੈ। ਲੇਖ ਦਾ ਇੱਕ ਪੱਖ ਹੋਰ ਵੀ ਹੈ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਜਦੋਂ ਵੀ ਕੋਈ ਅੰਦੋਲਨ ਜਨਤਕ ਥਾਵਾਂ ’ਤੇ ਹੋਵੇ ਤਾਂ ਉਸ ਨਾਲ ਆਮ ਲੋਕਾਂ ਦੇ ਅਧਿਕਾਰਾਂ, ਰੋਜ਼ਾਨਾ ਜੀਵਨ ਅਤੇ ਜਨਤਕ ਸੰਪਤੀ ਦੀ ਸੁਰੱਖਿਆ ਵੀ ਓਨੀ ਹੀ ਮਹੱਤਵਪੂਰਨ ਹੁੰਦੀ ਹੈ।
ਗੁਰਬਾਜ਼ ਸਿੰਘ ਹੁਸਨਰ, ਸਿਰਸਾ (ਹਰਿਆਣਾ)
ਫਿਰ ਉਹ ਗ਼ਲਤੀ...
22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਪਰਮਜੀਤ ਸਿੰਘ ਵਿਰਕ ਦੀ ਰਚਨਾ ‘ਫਿਰ ਉਹ ਗ਼ਲਤੀ ਨਹੀਂ ਕੀਤੀ’ ਪੜ੍ਹੀ। ਲੇਖਕ ਨੇ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਘਟਨਾ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ। ਬੱਚਿਆਂ ਨੂੰ ਇੱਕ ਸੇਧ ਦਿੱਤੀ ਹੈ ਕਿ ਵੱਡਿਆਂ ਦਾ ਸਤਿਕਾਰ ਕਰੋ ਅਤੇ ਮਸ਼ੀਨਰੀ ਨਾਲ ਕਿਸੇ ਤਰ੍ਹਾਂ ਦਾ ਪੰਗਾ ਨਹੀਂ ਲੈਣਾ ਚਾਹੀਦਾ। ਕਈ ਵਾਰ ਬੱਚੇ ਮਸ਼ੀਨਰੀ ਚਲਾਉਂਦੇ ਹੋਏ ਦੁਰਘਟਨਾਵਾਂ ਕਰ ਬੈਠਦੇ ਹਨ। ਬੱਚੇ ਨਾਸਮਝ ਤੇ ਲਾਪ੍ਰਵਾਹ ਹੁੰਦੇ ਹਨ। ਇਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਦਿਆਂ ਮਸ਼ੀਨਰੀ ਤੋਂ ਦੂਰ ਰੱਖਣਾ ਚਾਹੀਦਾ ਹੈ।
ਗੁਰਜਿੰਦਰ ਸਿੰਘ, ਸਾਹਦੜਾ (ਸ਼ਹੀਦ ਭਗਤ ਸਿੰਘ ਨਗਰ)
ਆਉਣ ਵਾਲਾ ਸੰਕਟ
20 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਹਰਵਿੰਦਰ ਸਿੰਘ ਦੇ ਲੇਖ ‘ਪੰਜਾਬ ਦੀ ਖੇਤੀ ਜੜ੍ਹਤਾ ਅਤੇ ਆਉਣ ਵਾਲਾ ਸੰਕਟ’ ’ਚ ਪੰਜਾਬ ਵਿੱਚ ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਬੀਜਣ ਅਤੇ ਬਿਜਲੀ ਦਾ ਸੰਕਟ ਹੱਲ ਕਰਨ ਦੇ ਸੁਝਾਅ ਦਿੱਤੇ ਗਏ ਹਨ। ਝੋਨੇ ਤੋਂ ਇਲਾਵਾ ਹੋਰ ਫ਼ਸਲਾਂ, ਜਿਵੇਂ ਮੱਕੀ ਅਤੇ ਮੂੰਗੀ ਆਦਿ ਦੀ ਐੱਮ ਐੱਸ ਪੀ ’ਤੇ ਸਰਕਾਰੀ ਖਰੀਦ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਜੇਕਰ ਝੋਨੇ ਤੋਂ ਇਲਾਵਾ ਬਾਕੀ ਫ਼ਸਲਾਂ ਦੀ ਖਰੀਦ ਵੀ ਐੱਮ ਐੱਸ ਪੀ ’ਤੇ ਕੀਤੀ ਜਾਵੇ ਤਾਂ ਝੋਨੇ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ।
ਅੰਗਰੇਜ਼ ਸਿੰਘ, ਭਦੌੜ (ਬਰਨਾਲਾ)
ਯੋਗ ਅਗਵਾਈ
20 ਜੁਲਾਈ ਦੇ ਅੰਕ ਵਿੱਚ ਬਸੰਤ ਮਹਿਰਾਜਵੀ ਨੇ ‘ਯੋਗ ਅਗਵਾਈ’ ਮਿਡਲ ਰਾਹੀਂ ਇੱਕ ਮਹੱਤਵਪੂਰਨ ਮੁੱਦੇ ’ਤੇ ਝਾਤ ਪੁਆਈ ਹੈ। ਮੁੱਦਾ ਹੈ ਵਿਦਿਆਰਥੀਆਂ ਲਈ ਸਜ਼ਾ ਜ਼ਰੂਰੀ ਹੈ ਜਾਂ ਤਰਕਪੂਰਨ ਅਗਵਾਈ। ਅਧਿਆਪਕ ਦੁਆਰਾ ਸਮੇਂ ਸਿਰ ਦਿੱਤੀ ਯੋਗ ਅਗਵਾਈ ਅਤੇ ਪ੍ਰੇਰਨਾ ਹੀ ਵਿਦਿਆਰਥੀ ਨੂੰ ਕੁਝ ਮੌਲਿਕ ਅਤੇ ਸਾਰਥਕ ਕਾਰਜ ਕਰਨ ਲਈ ਉਤਸ਼ਾਹਿਤ ਕਰਦੀ ਹੈ। ਬਗ਼ੈਰ ਉਚਿਤ ਕਾਰਨ ਦਿੱਤੀ ਸਰੀਰਕ ਸਜ਼ਾ ਵਿਦਿਆਰਥੀਆਂ ਅਤੇ ਅਧਿਆਪਕ ਵਿੱਚ ਇੱਕ ਦੀਵਾਰ ਉਸਾਰ ਦਿੰਦੀ ਹੈ। ਮੈਂ ਆਪਣੇ ਵਿਦਿਆਰਥੀ ਜੀਵਨ ’ਤੇ ਝਾਤ ਮਾਰਦਾ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ ਕਿ ਅਸੀਂ ਉਸ ਅਧਿਆਪਕ ਦੇ ਪੀਰੀਅਡ ਨੂੰ ਬੜੀ ਬੇਸਬਰੀ ਨਾਲ ਉਡੀਕਿਆ ਕਰਦੇ ਸਾਂ, ਜਿਨ੍ਹਾਂ ਦੇ ਹੱਥ ਵਿੱਚ ਡੰਡਾ ਨਹੀਂ ਹੁੰਦਾ ਸੀ। ਹਰਵਿੰਦਰ ਸਿੰਘ ਦਾ ਲੇਖ ‘ਪੰਜਾਬ ਦੀ ਖੇਤੀ ਜੜ੍ਹਤਾ...’ ਵਿੱਚ ਇਹ ਵਿਚਾਰ ਸਹੀ ਹੈ ਕਿ ਖੇਤੀਬਾੜੀ ਵਿਭਿੰਨਤਾ ਮਾਮੂਲੀ ਸਬਸਿਡੀਆਂ ਨਾਲ ਨਹੀਂ, ਸਗੋਂ ਮਾਰਕਿਟ ਅਸੁਰੱਖਿਆ ਦੀ ਸਮੱਸਿਆ ਨੂੰ ਹੱਲ ਕਰਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ।
ਨਾਇਬ ਸਿੰਘ ਪੰਨੀਵਾਲੀਆ, ਮਲੋਟ (ਮੁਕਤਸਰ ਸਾਹਿਬ)
ਅਤੀਤ ਤੋਂ ਅੱਗੇ...
20 ਜੁਲਾਈ ਦੇ ਸੰਪਾਦਕੀ ਪੰਨੇ ’ਤੇ ਸਤਨਾਮ ਸਿੰਘ ਸੰਧੂ ਦਾ ਲੇਖ ‘ਅਤੀਤ ਤੋਂ ਅੱਗੇ- ਨਵੀਂ ਪੀੜ੍ਹੀ ਲਈ ਪੰਜਾਬ ਦਾ ਮੁੜ ਨਿਰਮਾਣ’ ਬਹੁਤ ਵਧੀਆ ਲੱਗਿਆ। ਪੰਜਾਬ ਦੇ ਭੂਗੋਲ, ਨਦੀਆਂ, ਵਿਰਾਸਤ ਅਤੇ ਬਦਲਦੇ ਸਮਾਜਿਕ ਸਰੂਪ ਬਾਰੇ ਲੇਖਕ ਨੇ ਜਿਸ ਗੰਭੀਰਤਾ ਨਾਲ ਚਿੰਤਾ ਪ੍ਰਗਟ ਕੀਤੀ ਹੈ, ਉਹ ਹਰ ਪੰਜਾਬੀ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਸ ਲੇਖ ਦਾ ਮਕਸਦ ਸਿਰਫ਼ ਬੀਤੇ ਸਮੇਂ ਨੂੰ ਯਾਦ ਕਰਨਾ ਨਹੀਂ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ, ਰਿਸ਼ਤਿਆਂ, ਕੁਦਰਤ ਅਤੇ ਜੀਵਨ-ਸ਼ੈਲੀ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੈ, ਜਿਨ੍ਹਾਂ ਨੇ ਸਾਡੇ ਸਮਾਜ ਦੀ ਪਛਾਣ ਬਣਾਈ। ਪੰਜਾਬ ਦਾ ਭਵਿੱਖ ਉਦੋਂ ਹੀ ਮਜ਼ਬੂਤ ਹੋ ਸਕਦਾ ਹੈ, ਜਦੋਂ ਵਿਕਾਸ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਨਾਲ ਵੀ ਨਾਤਾ ਕਾਇਮ ਰਹੇ। ਇਤਿਹਾਸ, ਯਾਦਾਂ ਅਤੇ ਤਜਰਬੇ ਸਿਰਫ਼ ਬੀਤਿਆ ਸਮਾਂ ਨਹੀਂ ਹੁੰਦੇ, ਇਹ ਭਵਿੱਖ ਲਈ ਵੀ ਰਾਹ ਦਿਖਾਉਣ ਵਾਲੀ ਰੋਸ਼ਨੀ ਹੁੰਦੇ ਹਨ।
ਗੁਰਬਾਜ਼ ਸਿੰਘ, ਸਿਰਸਾ (ਹਰਿਆਣਾ)

