DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

ਮਹਿੰਗਾਈ ਦੀ ਮਾਰ 22 ਮਈ ਨੂੰ ਡਾ. ਰਾਜੀਵ ਖੋਸਲਾ ਦਾ ਲੇਖ ‘ਆਮ ਨਾਗਰਿਕ ’ਤੇ ਥੋਕ ਮਹਿੰਗਾਈ ਦੀ ਮਾਰ’ ਪੜਿ੍ਹਆ। ਲੇਖ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਨਵੰਬਰ 2025 ਤੋਂ ਮਾਰਚ 2026 ਤੱਕ ਥੋਕ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਹੋਇਆ ਅਤੇ...

  • fb
  • twitter
  • whatsapp
  • whatsapp
Advertisement

ਮਹਿੰਗਾਈ ਦੀ ਮਾਰ

22 ਮਈ ਨੂੰ ਡਾ. ਰਾਜੀਵ ਖੋਸਲਾ ਦਾ ਲੇਖ ‘ਆਮ ਨਾਗਰਿਕ ’ਤੇ ਥੋਕ ਮਹਿੰਗਾਈ ਦੀ ਮਾਰ’ ਪੜਿ੍ਹਆ। ਲੇਖ ਵਿੱਚ ਦਰਸਾਇਆ ਗਿਆ ਹੈ ਕਿ ਕਿਵੇਂ ਨਵੰਬਰ 2025 ਤੋਂ ਮਾਰਚ 2026 ਤੱਕ ਥੋਕ ਮਹਿੰਗਾਈ ਦਰ ਵਿੱਚ ਲਗਾਤਾਰ ਵਾਧਾ ਹੋਇਆ ਅਤੇ ਇਸ ਵਾਧੇ ਨੇ ਆਮ ਪਰਿਵਾਰਾਂ ਦਾ ਲੱਕ ਤੋੜ ਦਿੱਤਾ ਹੈ। ਸਰਕਾਰ ਨੂੰ ਊਰਜਾ ਦੇ ਬਦਲਵੇਂ ਸਰੋਤਾਂ ਅਤੇ ਖਾਧ ਪਦਾਰਥਾਂ ਦੇ ਖੇਤਰ ਵਿੱਚ ਆਤਮ-ਨਿਰਭਰਤਾ ਵੱਲ ਵਧਣ ਬਾਰੇ ਦਿੱਤਾ ਗਿਆ ਸੁਝਾਅ ਪ੍ਰਸੰਗਿਕ ਹੈ। ਜਦੋਂ ਤੱਕ ਨੀਤੀਘਾੜੇ ਲੰਮੇ ਸਮੇਂ ਦੀਆਂ ਠੋਸ ਨੀਤੀਆਂ ਨਹੀਂ ਬਣਾਉਂਦੇ, ਉਦੋਂ ਤੱਕ ਕੌਮਾਂਤਰੀ ਸੰਕਟਾਂ ਦਾ ਖ਼ਮਿਆਜ਼ਾ ਦੇਸ਼ ਦੇ ਆਮ ਨਾਗਰਿਕ ਨੂੰ ਹੀ ਭੁਗਤਣਾ ਪਵੇਗਾ। ਆਰਥਿਕ ਵਿਕਾਸ ਦਾ ਅਸਲ ਮਨੋਰਥ ਉਦੋਂ ਤੱਕ ਹੀ ਪੂਰਾ ਹੋ ਸਕਦਾ ਹੈ ਜਦੋਂ ਤੱਕ ਬਾਜ਼ਾਰ ਦੇ ਉਤਾਰ-ਚੜ੍ਹਾਅ ਤੋਂ ਦੇਸ਼ ਦੇ ਆਮ ਆਦਮੀ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਡਾ. ਮਧੁਰ ਓਝਾ, ਚੰਡੀਗੜ੍ਹ

Advertisement

ਰਾਖਵੇਂਕਰਨ ਦਾ ਲਾਭ

27 ਮਈ ਦੇ ਨਜ਼ਰੀਆ ਪੰਨੇ ’ਤੇ ਛਪੇ ਸੰਪਾਦਕੀ ‘ਰਾਖਵੇਂਕਰਨ ਦਾ ਲਾਭ’ ਵਿੱਚ ਰਾਖਵੇਂਕਰਨ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਰਾਖਵੇਂਕਰਨ ਵਰਗੇ ਹਾਂ-ਪੱਖੀ ਕਦਮ ਦੇ ਲੋਕਤੰਤਰੀ ਹੋਣ ਦੀ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਅੱਜ ਜਾਤੀ ਆਧਾਰਿਤ ਸਮਾਜ ਦੀ ਜਮਾਤੀ ਵੰਡ ਬਹੁਤ ਤਿੱਖੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ, ਸਿੱਖਿਆ ਦਾ ਵਪਾਰੀਕਰਨ ਵੀ ਬਹੁਤ ਉੱਚੇ ਪੱਧਰ ’ਤੇ ਹੋ ਰਿਹਾ ਹੈ, ਜਿਸ ਕਾਰਨ ਹਾਸ਼ੀਏ ’ਤੇ ਧੱਕੇ ਵਰਗਾਂ ਲਈ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਵੀ ਸੰਭਵ ਨਹੀਂ ਰਿਹਾ। ਅਜਿਹੀ ਸਥਿਤੀ ਵਿੱਚ ਗ਼ਰੀਬ ਅਤੇ ਪੱਛੜੇ ਘਰਾਂ ਦੇ ਬੱਚਿਆਂ ਲਈ ਉਸ ਪੱਧਰ ਤੱਕ ਦੀ ਪੜ੍ਹਾਈ ਕਰਨਾ ਅਸੰਭਵ ਹੋ ਜਾਂਦਾ ਹੈ, ਜਿਸ ਦੇ ਆਧਾਰ ’ਤੇ ਉਹ ਉੱਚ ਸਿੱਖਿਆ ਜਾਂ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕਣ। ਇਸ ਲਈ ਜ਼ਰੂਰੀ ਹੈ ਕਿ ਸਿੱਖਿਆ ਦਾ ਆਧਾਰ ਗੁਣਾਤਮਕ ਪੱਖ ਤੋਂ ਸਭ ਲਈ ਇੱਕੋ ਜਿਹਾ ਹੋਵੇ। ਸਮਾਜ ਦੀ ਸੋਚ ਨੂੰ ਸਿਰਫ਼ ਬਰਾਬਰੀ ਤੱਕ ਸੀਮਤ ਨਾ ਰੱਖ ਕੇ ਨਿਆਂਪੂਰਨ ਹਿੱਸੇਦਾਰੀ ਵੱਲ ਵਧਾਉਣਾ ਹੋਵੇਗਾ ਤਾਂ ਜੋ ਸੱਚੇ ਅਰਥਾਂ ਵਿੱਚ ਇੱਕ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ।

Advertisement

ਡਾਕਟਰ ਮੋਹਨ ਬੇਗੋਵਾਲ, ਅੰਮ੍ਰਿਤਸਰ

ਸੜਕ ਹਾਦਸੇ

26 ਮਈ ਦੇ ਅੰਕ ’ਚ ਗੁਰਪ੍ਰੀਤ ਸਿੰਘ ਜਖਵਾਲੀ ਦਾ ਲੇਖ ‘ਸੜਕ ਹਾਦਸਿਆਂ ਬਾਰੇ ਜਾਗਰੂਕ ਹੋਣ ਦੀ ਲੋੜ’ ਬਹੁਤ ਹੀ ਮਹੱਤਵਪੂਰਨ ਗੱਲ ਹੈ। ਸੜਕ ਹਾਦਸਿਆਂ ’ਚ ਹਰ ਰੋਜ਼ ਬੇਸ਼ਕੀਮਤੀ ਜਾਨਾਂ ਜਾ ਰਹੀਆਂ ਹਨ। ਵਾਹਨਾਂ ਨੂੰ ਤੇਜ਼ ਭਜਾਉਣ ਦੀ ਆਦਤ ਕਰਕੇ ਘਰਾਂ ਦੇ ਚਿਰਾਗ਼ ਬੁਝ ਰਹੇ ਹਨ। ਸਫ਼ਰ ਕਰਨ ਸਮੇਂ ਸੂਝ-ਬੂਝ ਤੋਂ ਕੰਮ ਲੈਣਾ ਹੁੰਦਾ ਹੈ। ਹਰ ਸਾਲ ਡੇਢ-ਦੋ ਲੱਖ ਜਾਨਾਂ ਸੜਕ ਹਾਦਸਿਆਂ ’ਚ ਜਾਣ ਦੇ ਬਾਵਜੂਦ ਇਸ ਸਮੱਸਿਆ ਵੱਲ ਬਣਦਾ ਧਿਆਨ ਨਹੀਂ ਦਿੱਤਾ ਗਿਆ। ਬਹੁਗਿਣਤੀ ਲੋਕਾਂ ਦੀ ਸੋਚ ਸੜਕ ਹਾਦਸਿਆਂ ਦੀਆਂ ਮੌਤਾਂ ਨੂੰ ਵੀ ਰੱਬ ਦੀ ਮਰਜ਼ੀ ਨਾਲ ਜੋੜਨ ਵਾਲੀ ਹੋਣ ਕਰਕੇ ਇਨ੍ਹਾਂ ਨੂੰ ਰੋਕਣ ਵੱਲ ਧਿਆਨ ਨਹੀਂ ਦਿੱਤਾ ਜਾਂਦਾ।

ਸੋਹਣ ਲਾਲ ਗੁਪਤਾ, ਪਟਿਆਲਾ

ਤੋਹਫ਼ੇ ’ਚ ਮਿਲੀਆਂ ਕਿਤਾਬਾਂ

25 ਮਈ ਦੇ ਅੰਕ ਵਿੱਚ ਜੀਤ ਹਰਜੀਤ ਦੀ ਰਚਨਾ ‘ਨਿਵੇਕਲੀ ਪਹਿਲ’ ਤੋਹਫ਼ੇ ਵਿੱਚ ਮਿਲੀਆਂ ਕਿਤਾਬਾਂ ਬਾਰੇ ਸੀ। ਮੇਰਾ ਮੰਨਣਾ ਹੈ ਕਿ ਮੁਫ਼ਤ ਵਿੱਚ ਮਿਲੀ ਕਿਤਾਬ ਜਾਂ ਚੀਜ਼ਾਂ ਵਸਤਾਂ ਦੀ ਕਦਰ ਅਸੀਂ ਘੱਟ ਹੀ ਕਰਦੇ ਹਾਂ। ਇਸੇ ਤਰ੍ਹਾਂ ਮੁਫ਼ਤ ਵਿੱਚ ਮਿਲੀਆਂ ਜਾਂ ਵੰਡੀਆਂ ਗਈਆਂ ਕਿਤਾਬਾਂ ਜ਼ਿਆਦਾਤਰ ਬਿਨਾਂ ਪੜ੍ਹੀਆਂ ਹੀ ਰਹਿ ਜਾਂਦੀਆਂ ਹਨ। ਬਹੁਤ ਸਾਲ ਪਹਿਲਾਂ ਹਿੰਦੀ ਦੇ ਪ੍ਰਸਿੱਧ ਮੈਗਜ਼ੀਨ ‘ਸਰਿਤਾ’ ਵਿੱਚ ਇੱਕ ਇਸ਼ਤਿਹਾਰ ਛਪਦਾ ਹੁੰਦਾ ਸੀ, ਜਿਸ ਵਿੱਚ ਲਿਖਿਆ ਹੁੰਦਾ ਸੀ, ‘ਕਿਆ ਆਪ ਮਾਂਗਕਰ ਖਾਤੇ ਹੈਂ? ਕਿਆ ਆਪ ਮਾਂਗ ਕਰ ਪਹਿਨਤੇ ਹੈ? ਤੋ ਫਿਰ ਆਪ ਮਾਂਗ ਕਰ ਪੜ੍ਹਤੇ ਕਿਉਂ ਹੋ?’ ਸੋ ਕਿਤਾਬਾਂ ਖਰੀਦ ਕੇ ਆਪਣੀ ਨਿੱਜੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਓ।

ਰਮਿੰਦਰਪਾਲ ਸਿੰਘ ਢਿੱਲੋਂ, ਗੁਰੂਸਰ (ਫ਼ਰੀਦਕੋਟ)

ਮਾਂ-ਬਾਪ ਬਾਰੇ ਸੰਵੇਦਨਾਵਾਂ

23 ਮਈ ਦੇ ‘ਨਜ਼ਰੀਆ’ ਪੰਨੇ ’ਤੇ ਛਪੀ ਸੰਪਾਦਕੀ ਵਿੱਚ ਇੱਕ ਬਹੁਤ ਹੀ ਗੰਭੀਰ ਸਮਾਜਿਕ ਮੁੱਦਾ ਚੁੱਕਿਆ ਗਿਆ ਹੈ। ਅੱਜਕੱਲ੍ਹ ਦੇ ਕੁਝ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਬੋਝ ਸਮਝਣ ਲੱਗ ਪਏ ਹਨ ਜੋ ਕਿ ਬੇਹੱਦ ਚਿੰਤਾਜਨਕ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਕ ਬਜ਼ੁਰਗ ਮਾਂ ਨੂੰ ਆਪਣੇ ਹੀ ਬਣਾਏ ਘਰ ਵਿੱਚ ਰਹਿਣ ਦਾ ਹੱਕ ਲੈਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹਰ ਇੱਕ ਇਨਸਾਨ ਨੂੰ ਇਹ ਸੱਚਾਈ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਮੇਂ ਦਾ ਚੱਕਰ ਘੁੰਮਦਾ ਹੈ ਅਤੇ ਇੱਕ ਦਿਨ ਉਸ ਨੇ ਵੀ ਬੁਢਾਪੇ ਦੀ ਦਹਿਲੀਜ਼ ’ਤੇ ਪੈਰ ਰੱਖਣਾ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਸੁਣਾਇਆ ਗਿਆ ਫ਼ੈਸਲਾ ਇਤਿਹਾਸਕ ਅਤੇ ਬੇਹੱਦ ਸ਼ਲਾਘਾਯੋਗ ਹੈ। ਨਵੀਂ ਪੀੜ੍ਹੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਪਿਆਂ ਦੀ ਸੇਵਾ ਤਨ, ਮਨ ਅਤੇ ਧਨ ਨਾਲ ਕਰਨਾ ਸਾਡਾ ਸਭ ਤੋਂ ਪਹਿਲਾ ਫ਼ਰਜ਼ ਹੈ।

ਚਮਕੌਰ ਸਿੰਘ ਬਾਘੇਵਾਲੀਆ, ਬਾਘਾ ਪੁਰਾਣਾ

ਦਹੇਜ ਰੂਪੀ ਕਲੰਕ

19 ਮਈ ਦੇ ਅੰਕ ਵਿੱਚ ਛਪੀ ਸੰਪਾਦਕੀ ‘ਦਹੇਜ ਖ਼ਾਤਰ ਬਲੀ ਕਦੋਂ ਤੱਕ?’ ਪੜ੍ਹ ਕੇ ਹੈਰਾਨੀ ਹੋਈ ਕਿ ਇੱਕੀਵੀਂ ਸਦੀ ਵਿੱਚ ਵੀ ਔਰਤਾਂ ’ਤੇ ਜ਼ੁਲਮ ਜਾਰੀ ਹੈ। ਸਦੀਆਂ ਤੋਂ ਔਰਤਾਂ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਆਈਆਂ ਹਨ, ਪਰ ਅਜੋਕੇ ਸਮੇਂ ਵਿੱਚ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਖੇਤਰ ਵਿੱਚ ਅੱਗੇ ਵਧ ਰਹੀ ਹੈ ਤਾਂ ਅਜਿਹੇ ਦੌਰ ਵਿੱਚ ਔਰਤ ’ਤੇ ਤਸ਼ੱਦਦ ਦੀਆਂ ਖ਼ਬਰਾਂ ਆਉਣੀਆਂ ਔਰਤਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ’ਤੇ ਸਵਾਲੀਆ ਚਿੰਨ੍ਹ ਲਾਉਂਦੀਆਂ ਹਨ। ਦਹੇਜ ਪ੍ਰਥਾ ਸਦੀਆਂ ਪੁਰਾਣੀ ਹੈ। ਸਿੱਖਿਆ ਦੇ ਪਸਾਰ ਨਾਲ ਇਹ ਸਮੱਸਿਆ ਖ਼ਤਮ ਹੋਣੀ ਚਾਹੀਦੀ ਸੀ, ਪਰ ਇਹ ਦਿਨੋਂ-ਦਿਨ ਹੋਰ ਵਧ ਰਹੀ ਹੈ। ਦੂਜੇ ਦੀ ਧੀ ’ਤੇ ਢਾਹੇ ਗਏ ਤਸ਼ੱਦਦ ਦਾ ਸੇਕ ਇੱਕ ਦਿਨ ਆਪਣੇ ਘਰਾਂ ਤੱਕ ਵੀ ਜ਼ਰੂਰ ਪਹੁੰਚਦਾ ਹੈ। ਸਰਕਾਰ ਨੂੰ ਜਿੱਥੇ ਦਹੇਜ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਾਨੂੰਨ ਹੋਰ ਸਖ਼ਤ ਕਰਨੇ ਪੈਣਗੇ, ਉੱਥੇ ਸਾਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ।

ਰਜਵਿੰਦਰਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਉਹ ਪੰਜ ਰੁਪਏ...

ਨਵਦੀਪ ਸਿੰਘ ਝੁਨੀਰ ਦਾ ਲੇਖ ‘ਉਹ ਪੰਜ ਰੁਪਏ, ਜੋ ਕਦੇ ਗਵਾਚੇ ਹੀ ਨਹੀਂ ਸਨ’ ਸਿਰਫ਼ ਬਚਪਨ ਦੀ ਇੱਕ ਸਾਧਾਰਨ ਘਟਨਾ ਦਾ ਵਰਣਨ ਨਹੀਂ ਸਗੋਂ ਸੱਚ, ਇਮਾਨਦਾਰੀ ਅਤੇ ਅੰਤਰ-ਆਤਮਾ ਦੀ ਆਵਾਜ਼ ਨੂੰ ਜਗਾਉਣ ਵਾਲੀ ਕੀਮਤੀ ਜੀਵਨ-ਸਿੱਖਿਆ ਹੈ। ਬਚਪਨ ਵਿੱਚ ਬੋਲਿਆ ਗਿਆ ਇੱਕ ਛੋਟਾ ਜਿਹਾ ਝੂਠ ਵੀ ਮਨੁੱਖ ਦੇ ਅੰਦਰ ਕਿੰਨੀ ਵੱਡੀ ਗਿਲਾਨੀ ਪੈਦਾ ਕਰ ਸਕਦਾ ਹੈ। ਪੰਜ ਰੁਪਏ ਵਾਲੀ ਇਹ ਘਟਨਾ ਭਾਵੇਂ ਰਕਮ ਪੱਖੋਂ ਛੋਟੀ ਸੀ, ਪਰ ਇਸ ਦਾ ਨੈਤਿਕ ਅਰਥ ਬਹੁਤ ਵੱਡਾ ਹੈ। ਲੇਖ ਦਾ ਸਭ ਤੋਂ ਸੁੰਦਰ ਪੱਖ ਇਹ ਹੈ ਕਿ ਇਸ ਵਿੱਚ ਕਿਸੇ ਉਪਦੇਸ਼ਕ ਭਾਸ਼ਾ ਦੀ ਥਾਂ ਅਨੁਭਵ ਰਾਹੀਂ ਸਚਾਈ ਦੀ ਮਹੱਤਤਾ ਸਮਝਾਈ ਗਈ ਹੈ। ਇਸ ਰਚਨਾ ਤੋਂ ਸਿੱਖਿਆ ਲੈਂਦਿਆਂ ਅਜੋਕੇ ਸਮਾਜ ਵਿੱਚ ਸਚਾਈ, ਨੈਤਿਕਤਾ ਅਤੇ ਇਮਾਨਦਾਰੀ ਵਰਗੀਆਂ ਕਦਰਾਂ-ਕੀਮਤਾਂ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ਹੈ।

ਗੁਰਮੇਲ ਸਿੰਘ, ਕੋਰਵਾਲਾ

(2)

16 ਮਈ ਦੇ ਨਜ਼ਰੀਆ ਪੰਨੇ ’ਤੇ ਨਵਦੀਪ ਸਿੰਘ ਝੁਨੀਰ ਦੀ ਰਚਨਾ ‘ਉਹ ਪੰਜ ਰੁਪਏ, ਜੋ ਕਦੇ ਗਵਾਚੇ ਹੀ ਨਹੀਂ ਸਨ’ ਪੜ੍ਹੀ। ਇਹ ਰਚਨਾ ਮਨ ਨੂੰ ਛੂਹ ਗਈ। ਲੇਖਕ ਨੇ ਬਚਪਨ ਦੀ ਇੱਕ ਛੋਟੀ ਜਿਹੀ ਘਟਨਾ ਨੂੰ ਇੰਨੀ ਸਾਦਗੀ ਅਤੇ ਇਮਾਨਦਾਰੀ ਨਾਲ ਬਿਆਨ ਕੀਤਾ ਹੈ ਕਿ ਪਾਠਕ ਆਪਣੇ ਆਪ ਨੂੰ ਉਸ ਨਿੱਕੇ ਬੱਚੇ ਦੀ ਥਾਂ ਰੱਖ ਕੇ ਸੋਚਣ ਲੱਗ ਪੈਂਦਾ ਹੈ। ਪੰਜ ਰੁਪਏ ਦੇ ਝੂਠ ਤੋਂ ਸ਼ੁਰੂ ਹੋਈ ਇਹ ਕਹਾਣੀ ਦਰਅਸਲ ਮਨੁੱਖੀ ਅੰਤਰਆਤਮਾ ਦੀ ਉਸ ਸ਼ਕਤੀ ਦੀ ਗਾਥਾ ਹੈ, ਜੋ ਸਾਨੂੰ ਗ਼ਲਤੀ ਤੋਂ ਸਿੱਖਣ ਦੀ ਜਾਚ ਸਿਖਾ ਕੇ ਬਿਹਤਰ ਇਨਸਾਨ ਬਣਾਉਂਦੀ ਹੈ। ਰਚਨਾ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਲੇਖਕ ਨੇ ਆਪਣੀ ਗ਼ਲਤੀ ਨੂੰ ਛੁਪਾਉਣ ਦੀ ਬਜਾਏ ਖੁੱਲ੍ਹ ਕੇ ਸਵੀਕਾਰਿਆ ਹੈ। ਅੱਜ ਦੇ ਦੌਰ ਵਿੱਚ ਜਦੋਂ ਝੂਠ ਨੂੰ ਚਲਾਕੀ ਸਮਝਿਆ ਜਾਂਦਾ ਹੈ, ਅਜਿਹੀ ਇਮਾਨਦਾਰ ਸਵੈ-ਪੜਚੋਲ ਬਹੁਤ ਦਲੇਰੀ ਦਾ ਕੰਮ ਹੈ। ਅਧਿਆਪਕਾ ਦਯਾ ਭੈਣ ਜੀ ਦਾ ਕਿਰਦਾਰ ਵੀ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਬੱਚੇ ਨੂੰ ਸ਼ਰਮਿੰਦਾ ਕਰਨ ਦੀ ਥਾਂ ਪਿਆਰ ਨਾਲ ਸੰਭਾਲਿਆ। ਸਿਰਲੇਖ ਵੀ ਬੜਾ ਅਰਥ-ਭਰਪੂਰ ਹੈ। ‘ਉਹ ਪੰਜ ਰੁਪਏ, ਜੋ ਕਦੇ ਗਵਾਚੇ ਹੀ ਨਹੀਂ ਸਨ’ ਇਹ ਸ਼ਬਦ ਸਿਰਫ਼ ਪੈਸਿਆਂ ਬਾਰੇ ਨਹੀਂ ਸਗੋਂ ਉਸ ਸੱਚਾਈ ਬਾਰੇ ਹਨ ਜੋ ਕਦੇ ਲੁਕਦੀ ਨਹੀਂ।

ਮਨਜੀਤ ਮਾਨ, ਈ-ਮੇਲ

Advertisement
×