DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

ਗਿਆਨ ਦਾ ਸਮੁੰਦਰ 9 ਮਈ ਨੂੰ ਕੁਲਦੀਪ ਮਾਣੂੰਕੇ ਦੀ ਰਚਨਾ ‘ਗਿਆਨ ਦਾ ਸਮੁੰਦਰ’ ਪੜ੍ਹ ਕੇ ਆਪਣੇ ਪੰਜਾਬ ਦੀ ਵਿਲੱਖਣਤਾ ’ਤੇ ਰਸ਼ਕ ਹੋਇਆ। ਜ਼ਿਆਦਾਤਰ ਲੋਕ ਆਪਣੀ ਮਾਂ-ਬੋਲੀ, ਲੇਖਕਾਂ, ਕਵੀਆਂ, ਬੁੱਧੀਜੀਵੀਆਂ ਤੇ ਦਾਨਿਸ਼ਵਰਾਂ ਨੂੰ ਅੱਖੋਂ-ਪਰੋਖੇ ਕਰਕੇ ‘ਵੱਡਾ’ ਹੋਣਾ ਲੋਚਦੇ ਹਨ। ਉਹ ਇਹ...

  • fb
  • twitter
  • whatsapp
  • whatsapp
Advertisement

ਗਿਆਨ ਦਾ ਸਮੁੰਦਰ

9 ਮਈ ਨੂੰ ਕੁਲਦੀਪ ਮਾਣੂੰਕੇ ਦੀ ਰਚਨਾ ‘ਗਿਆਨ ਦਾ ਸਮੁੰਦਰ’ ਪੜ੍ਹ ਕੇ ਆਪਣੇ ਪੰਜਾਬ ਦੀ ਵਿਲੱਖਣਤਾ ’ਤੇ ਰਸ਼ਕ ਹੋਇਆ। ਜ਼ਿਆਦਾਤਰ ਲੋਕ ਆਪਣੀ ਮਾਂ-ਬੋਲੀ, ਲੇਖਕਾਂ, ਕਵੀਆਂ, ਬੁੱਧੀਜੀਵੀਆਂ ਤੇ ਦਾਨਿਸ਼ਵਰਾਂ ਨੂੰ ਅੱਖੋਂ-ਪਰੋਖੇ ਕਰਕੇ ‘ਵੱਡਾ’ ਹੋਣਾ ਲੋਚਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਸਾਨੂੰ ਮਾਣ-ਸਨਮਾਨ ਮਾਂ ਦੀ ਗੋਦ, ਬੋਲੀ ਤੇ ਵਿਰਸੇ ਵਿੱਚੋਂ ਮਿਲੇ ਗੁਣਾਂ ਸਦਕਾ ਹੀ ਮਿਲਦਾ ਹੈ। ਲੇਖਕ ਨੇ ਆਪਣੀ ਪੜ੍ਹਾਈ ਤੇ ਨੌਕਰੀ ਦੌਰਾਨ ਕੀਤੀਆਂ ਪ੍ਰਾਪਤੀਆਂ ਵਿੱਚ ਮਾਂ-ਬੋਲੀ ਤੇ ਪੁਸਤਕਾਂ ਦੀ ਭੂਮਿਕਾ ਦੱਸਦਿਆਂ ਪਾਠਕਾਂ ਨੂੰ ਦੋਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਹੈ। ਲੇਖਕ ਦੀ ਇੰਟਰਵਿਊ ਕਰਨ ਵਾਲੇ ਬੰਗਾਲ ਦੇ ਬੁੱਧੀਮਾਨ ਕਮੇਟੀ ਮੈਂਬਰ ਵੱਲੋਂ ਪੰਜਾਬੀ ਕਵੀ ਪਾਸ਼ ਨੂੰ ‘ਆਪਣਾ ਕਵੀ’ ਕਹਿਣਾ ਤੇ ਪੰਜਾਬ ਦੀ ਵਿਰਾਸਤ ਨੂੰ ਸਲਾਮ ਕਰਨਾ ਸਚਮੁੱਚ ਪੰਜਾਬੀਅਤ ਲਈ ਮਾਣਮੱਤਾ ਅਹਿਸਾਸ ਹੈ।

ਡਾ. ਅਸ਼ਮੀਤ ਆਜ਼ਾਦ, ਵਿਨੀਪੈੱਗ (ਕੈਨੇਡਾ)

Advertisement

Advertisement

ਸਿਆਸੀ ਚੌਰਾਹੇ ’ਤੇ ਪੰਜਾਬ

11 ਮਈ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਸਿਆਸੀ ਚੌਰਾਹੇ ’ਤੇ ਪੰਜਾਬ: ਕਿਹੜੇ ਪਾਸੇ ਜਾਈਏ ਸੱਜਣਾ?’ ਪੜ੍ਹਿਆ। ਲੇਖਿਕਾ ਨੇ ਪੰਜਾਬ ਦੇ ਸਿਆਸੀ ਚੌਰਾਹੇ ’ਤੇ ਖੜ੍ਹੀਆਂ ਸਿਆਸੀ ਪਾਰਟੀਆਂ ਦੇ ਮਨਸੂਬੇ ਅਤੇ ਉਨ੍ਹਾਂ ਵੱਲੋਂ ਸੰਭਾਵੀ ਗੱਠਜੋੜਾਂ ਦਾ ਚੰਗਾ ਖ਼ਾਕਾ ਚਿਤਰਿਆ ਹੈ। ਭਾਜਪਾ ਦੀ ਪੰਜਾਬ ਜਿੱਤਣ ਦੀ ਤਿਆਰੀ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਸਿੱਖ ਭਾਈਚਾਰੇ ਨੂੰ ਬਾਕੀ ਸੂਬਿਆਂ ਵਾਲੇ ਨਜ਼ਰੀਏ ਨਾਲ ਦੇਖਣਾ ਵੱਡੀ ਭੁੱਲ ਹੋਵੇਗੀ। ਸਿੱਖ ਧਰਮ ਵਿੱਚ ‘ਕੁਝ ਖ਼ਾਸ ਕਿਸਮ ਦੀਆਂ ਜਾਤਾਂ’ ਦੀ ਬਾਤ ਆਪਣੇ ਆਪ ਹੀ ਸਿੱਖ ਧਰਮ ਅਤੇ ਇਸ ਦੀ ਰਾਜਨੀਤੀ ਨੂੰ ਹਰਾਉਂਦੀ ਹੈ। ਇਹ ਜ਼ਿਕਰ ਚੰਗਾ ਕਟਾਖਸ਼ ਵੀ ਹੈ ਅਤੇ ਪੰਜਾਬ ਦੀ ਹੋਣੀ ਦਾ ਫ਼ੈਸਲਾਕੁਨ ਕਾਰਕ ਵੀ ਹੈ। ਇਸੇ ਤਰ੍ਹਾਂ 9 ਮਈ ਦੇ ਅੰਕ ’ਚ ਲਕਸ਼ਮੀ ਕਾਂਤਾ ਚਾਵਲਾ ਦਾ ਲੇਖ ‘ਦਲਬਦਲੀ: ਨੈਤਿਕਤਾ ਤੋਂ ਦੂਰ ਜਾਂਦੀ ਸਿਆਸਤ’ ਪੜ੍ਹਿਆ। ਜੇਕਰ ਚੋਣ ਕਮਿਸ਼ਨ ਚੋਣਾਂ ਵਿੱਚ ਪੈਸੇ ਅਤੇ ਲੱਠ ਦੀ ਵਰਤੋਂ ਨਹੀਂ ਰੋਕ ਸਕਦਾ, ਫਿਰ ਇਸ ਦਾ ਕੀ ਫ਼ਾਇਦਾ? ਇਸ ਵੱਲੋਂ ਨਿਰਪੱਖ ਚੋਣਾਂ ਕਰਵਾਉਣ ਦਾ ਦਾਅਵਾ ਸਰਾਸਰ ਅਨੈਤਿਕ ਹੈ।

ਜਗਰੂਪ ਸਿੰਘ, ਉੱਭਾਵਾਲ

ਪੜ੍ਹਾਈ ਦੀ ਚੇਟਕ

9 ਮਈ ਦੇ ਅੰਕ ’ਚ ਕੁਲਦੀਪ ਮਾਣੂੰਕੇ ਦਾ ਲੇਖ ‘ਗਿਆਨ ਦਾ ਸਮੁੰਦਰ’ ਬਹੁਤ ਹੀ ਸ਼ਲਾਘਾਯੋਗ ਸੀ, ਜਿਸ ਵਿੱਚ ਦੱਸਿਆ ਹੈ ਕਿ ਪੁਸਤਕਾਂ ਪੜ੍ਹਨ ਦੀ ਚੇਟਕ ਨਾਲ ਮਨੁੱਖ ਦੇ ਗਿਆਨ ਭੰਡਾਰ ਵਿੱਚ ਅਥਾਹ ਵਾਧਾ ਹੁੰਦਾ ਹੈ। ਇਸ ਗਿਆਨ ਨਾਲ ਮਨੁੱਖ ਦੇ ਜ਼ਿੰਦਗੀ ਜਿਊਣ ਦੇ ਢੰਗ-ਤਰੀਕੇ ਵਿੱਚ ਤਬਦੀਲੀ ਆਉਂਦੀ ਹੈ। ਉਹ ਜ਼ਿੰਦਗੀ ਨੂੰ ਮਹਿਜ਼ ਕੱਟਦਾ ਨਹੀਂ, ਸਗੋਂ ਮਾਣਦਾ ਹੈ। ਪੁਸਤਕਾਂ ਦਾ ਗਿਆਨ ਮਨੁੱਖ ਨੂੰ ਜ਼ਿੰਦਗੀ ਦੇ ਅਤੇ ਵਿਭਾਗੀ ਇਮਤਿਹਾਨਾਂ ਨੂੰ ਸੌਖੇ ਤੇ ਸਰਲ ਢੰਗ ਨਾਲ ਪਾਸ ਕਰਨ ਦੀ ਜਾਚ ਸਿਖਾਉਂਦਾ ਹੈ।

ਪਰਮਿੰਦਰ ਖੋਖਰ, ਸ੍ਰੀ ਮੁਕਤਸਰ ਸਾਹਿਬ

ਨੈਤਿਕਤਾ ਬਨਾਮ ਸਿਆਸਤ

9 ਮਈ ਦੇ ਅੰਕ ’ਚ ਲਕਸ਼ਮੀਕਾਂਤਾ ਚਾਵਲਾ ਦਾ ਲੇਖ ‘ਦਲਬਦਲੀ: ਨੈਤਿਕਤਾ ਤੋਂ ਦੂਰ ਜਾਂਦੀ ਸਿਆਸਤ’ ਮੌਜੂਦਾ ਵਰਤਾਰੇ ’ਤੇ ਉਂਗਲ ਧਰਦਾ ਹੈ। ਦਲਬਦਲੀ ਸਬੰਧੀ ਕਾਨੂੰਨ ਵੀ ਬੇਅਸਰ ਹੋ ਚੁੱਕਾ ਜਾਪਦਾ ਹੈ। ਨੈਤਿਕਤਾ ਤਾਂ ਸ੍ਰੀ ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਸੀ ਕਿ ਉਨ੍ਹਾਂ ਨੇ ਇੱਕ ਵੋਟ ਪਿੱਛੇ ਅਸਤੀਫ਼ਾ ਦੇ ਦਿੱਤਾ ਸੀ। ਉਂਜ, ਉਸ ਵੇਲੇ ਪ੍ਰਧਾਨ ਮੰਤਰੀ ਲਈ ਇੱਕ ਵੋਟ ਦਾ ਪ੍ਰਬੰਧ ਕਰਨਾ ਕਿੰਨਾ ਕੁ ਮੁਸ਼ਕਿਲ ਸੀ? ਨੈਤਿਕ ਅਤੇ ਅਨੈਤਿਕ ਦੀ ਕਸ਼ਮਕਸ਼ ਵਿੱਚ ਨੈਤਿਕਤਾ ਦੀ ਜਿੱਤ ਹੋਈ। ਇਸੇ ਕਾਰਨ 1994 ਵਿੱਚ ਕਾਂਗਰਸ ਸਰਕਾਰ ਦੌਰਾਨ ਵਿਰੋਧੀ ਧਿਰ ਦਾ ਆਗੂ ਹੁੰਦਿਆਂ ਸ੍ਰੀ ਵਾਜਪਾਈ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਭਾਰਤ ਦੀ ਨੁਮਾਇੰਗੀ ਕੀਤੀ ਸੀ। ਮੰਤਰੀ ਹੁੰਦਿਆਂ ਲਕਸ਼ਮੀ ਕਾਂਤਾ ਨੇ ਵੀ ਨੈਤਿਕਤਾ ਨਿਭਾਈ ਅਤੇ ਲੀਡਰਸ਼ਿਪ ਦੀ ਆਪਣੇ ਸਰਕਾਰੀ ਕੰਮਕਾਰ ਵਿੱਚ ਦਖ਼ਲਅੰਦਾਜ਼ੀ ਨਹੀਂ ਹੋਣ ਦਿੱਤੀ, ਭਾਵੇਂ ਉਹ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ। ਦਲਬਦਲੀ ਕਾਨੂੰਨ ਬਦਲਣਾ ਚਾਹੀਦਾ ਹੈ ਤਾਂ ਕਿ ਮੌਜੂਦਾ ਸੰਸਦ ਮੈਂਬਰ/ਵਿਧਾਇਕ ਦਲਬਦਲੀ ਕਰ ਹੀ ਨਾ ਸਕਣ। ਪਾਰਟੀਆਂ ’ਤੇ ਵੀ ਪਾਬੰਦੀ ਹੋਵੇ ਕਿ ਉਹ ਦੂਜੀਆਂ ਪਾਰਟੀਆਂ ਦੇ ਕਿਸੇ ਵੀ ਸੰਸਦ ਮੈਂਬਰ/ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਨਾ ਕਰਨ। ਅਜਿਹਾ ਕਰਨ ਵਾਲਿਆਂ ਦੇ ਚੋਣ ਲੜਨ ’ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ।

ਸੁਰਿੰਦਰ ਪਾਲ, ਨਿਊ ਚੰਡੀਗੜ੍ਹ

ਨਸ਼ਾ ਸਰਵੇਖਣ

6 ਮਈ ਦੇ ਸੰਪਾਦਕੀ ਪੰਨੇ ’ਤੇ ਨਸ਼ਾ ਸਰਵੇਖਣ ਸਬੰਧੀ ਪੰਜਾਬ ਸਰਕਾਰ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਲਈ ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚ ਜ਼ਿਆਦਾਤਰ ਅਧਿਆਪਕ ਹੋਣਗੇ, ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਨਸ਼ਿਆਂ ਦੀ ਸਮੱਸਿਆ ਬਾਰੇ ਕਈ ਪੱਖਾਂ ਤੋਂ ਜਾਣਕਾਰੀ ਹਾਸਿਲ ਕਰਨ ਮਗਰੋਂ ਸਰਕਾਰ ਇਸ ਦੇ ਹੱਲ ਲਈ ਠੋਸ ਨੀਤੀ ਬਣਾਵੇ। ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ ਵੀ ਨਸ਼ਿਆਂ ਤੋਂ ਬਚਾਉਣ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਕਾਰ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਪਵੇਗਾ।

ਮੇਜਰ ਸਿੰਘ ਨਾਭਾ

ਲਾਇਬ੍ਰੇਰੀ ਜਾਣਾ ਜ਼ਰੂਰੀ

6 ਮਈ ਦੇ ‘ਸਿੱਖਿਆ’ ਪੰਨੇ ’ਤੇ ਛਪਿਆ ਲੇਖ ‘ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ?’ ਵਧੀਆ ਲੱਗਾ। ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਮੌਲਿਕ ਸੋਚ ਅਤੇ ਡੂੰਘੇ ਗਿਆਨ ਲਈ ਲਾਇਬ੍ਰੇਰੀਆਂ ਬਹੁਤ ਜ਼ਰੂਰੀ ਹਨ। ਲਾਇਬ੍ਰੇਰੀਆਂ ਨਾ ਸਿਰਫ਼ ਪੜ੍ਹਨ ਦੀ ਆਦਤ ਪਾਉਂਦੀਆਂ ਹਨ, ਸਗੋਂ ਵਿਚਾਰਧਾਰਕ ਸੁਤੰਤਰਤਾ ਵੀ ਪ੍ਰਦਾਨ ਕਰਦੀਆਂ ਹਨ। ਕਿਤਾਬਾਂ ਮਨੁੱਖ ਦਾ ਅੰਦਰੂਨੀ ਵਿਕਾਸ ਕਰਦੀਆਂ ਹਨ। ਦੂਜੇ ਪਾਸੇ ਪਾਠਕਾਂ ਦੀ ਘਟ ਰਹੀ ਗਿਣਤੀ ਅਤੇ ਵਿਦਿਆਰਥੀਆਂ ਦਾ ਸਿਰਫ਼ ਇਮਤਿਹਾਨਾਂ ਤੱਕ ਸੀਮਤ ਰਹਿ ਜਾਣਾ, ਚਿੰਤਾ ਦਾ ਵਿਸ਼ਾ ਹੈ। ਸਾਨੂੰ ਵੀ ਕੇਰਲਮ ਰਾਜ ਦੀ ਤਰਜ਼ ’ਤੇ ਪੜ੍ਹਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ

ਲਈ ਨਵੀਆਂ ਲਾਇਬ੍ਰੇਰੀਆਂ ਅਤੇ ਮਿਆਰੀ ਸਾਹਿਤ ਦੀ ਉਪਲਬਧਤਾ ਲਾਜ਼ਮੀ ਬਣਾਉਣੀ ਚਾਹੀਦੀ ਹੈ। ਇੱਕ ਸੂਝਵਾਨ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਲਈ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ।

ਡਾਕਟਰ ਮੋਹਨ ਬੇਗੋਵਾਲ, ਈ-ਮੇਲ

ਛੱਜੂ ਦਾ ਚੁਬਾਰਾ

2 ਮਈ ਦੇ ਅੰਕ ਵਿੱਚ ਜਗਜੀਤ ਸਿੰਘ ਲੋਹਟਬੱਦੀ ਦੇ ਲੇਖ ‘ਛੱਜੂ ਦਾ ਚੁਬਾਰਾ’ ਵਿੱਚ ਵਿਸ਼ਾ ਚੋਣ, ਸ਼ਬਦ ਚੋਣ ਅਤੇ ਗੱਲ ਕਹਿਣ ਦਾ ਅੰਦਾਜ਼ ਸਭ ਕੁਝ ਕਮਾਲ ਦਾ ਹੈ। ਆਪਣੇ ਘਰ ਨਾਲ ਮੋਹ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਹੁੰਦਾ, ਪਰਿੰਦੇ ਵੀ ਦਿਨ ਭਰ ਲੰਮੀਆਂ ਉਡਾਰੀਆਂ ਲਾਉਣ ਤੋਂ ਬਾਅਦ ਸ਼ਾਮ ਨੂੰ ਆਪਣੇ ਆਲ੍ਹਣਿਆਂ ਵੱਲ ਹੀ ਪਰਤਦੇ ਹਨ। 1990ਵਿਆਂ ਵਿੱਚ ਜਦੋਂ ਅਸੀਂ ਆਪਣਾ ਪਿੰਡ ਵਾਲਾ ਘਰ ਛੱਡ ਕੇ ਸ਼ਹਿਰ ਆ ਕੇ ਵਸੇ ਤਾਂ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਰਹਿਣ ਲੱਗੀ। ਮੇਰਾ ਮਨ ਵਾਰ ਵਾਰ ਆਪਣੇ ਪੁਰਾਣੇ ਘਰ ਜਾਣ ਲਈ ਅਹੁਲਦਾ ਰਿਹਾ। ਸਾਲਾਂਬੱਧੀ ਮੈਂ ਇਸ ਸਚਾਈ ਨੂੰ ਸਵੀਕਾਰ ਨਾ ਕਰ ਸਕਿਆ ਕਿ ਹੁਣ ਅਸੀਂ ਹਮੇਸ਼ਾ ਲਈ ਪਿੰਡ ਵਾਲਾ ਘਰ ਛੱਡ ਆਏ ਹਾਂ। ਇਸੇ ਅੰਕ ਵਿੱਚ ਦਲਬੀਰ ਸਿੰਘ ਧਾਲੀਵਾਲ ਦੀ ਰਚਨਾ ‘ਅੰਬਰ ਛੂੰਹਦੀਆਂ ਧੀਆਂ ਦੀ ਪਰਵਾਜ਼’ ਵੀ ਵਧੀਆ ਰਚਨਾ ਹੈ। ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਉੱਚੇ ਮੁਕਾਮ ਹਾਸਿਲ ਕਰਨ ਵਾਲੀਆਂ ਇਹ ਬੱਚੀਆਂ ਸਾਰਿਆਂ ਦੇ ਸਨਮਾਨ ਤੇ ਸਤਿਕਾਰ ਦੀਆਂ ਹੱਕਦਾਰ ਹਨ।

ਨਾਇਬ ਸਿੰਘ ਪੰਨੀਵਾਲਾ, ਮਲੋਟ (ਸ੍ਰੀ ਮੁਕਤਸਰ ਸਾਹਿਬ)

ਰਾਜ ਸਭਾ ਮੈਂਬਰਾਂ ਦੀ ਪਲਟੀ

ਦੇਸ਼ ਦੇ ਲੋਕਤੰਤਰ ਵਿੱਚ ਵੋਟਾਂ ਦੇ ਮਹੱਤਵ ਬਾਰੇ ਬੜਾ ਪ੍ਰਚਾਰ ਕੀਤਾ ਜਾਂਦਾ ਹੈ। ਜਦੋਂ ਲੋਕ ਸਭਾ ਚੋਣਾਂ ਵਿੱਚ ਇੱਕ ਆਗੂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲੋਕ ਨਕਾਰ ਦਿੰਦੇ ਹਨ ਤਾਂ ਉਹੀ ਆਗੂ ਲੋਕ ਫ਼ਤਵੇ ਨੂੰ ਮਨਜ਼ੂਰ ਨਾ ਕਰ ਕੇ ਦੂਜੀ ਪਾਰਟੀ ਵਿੱਚ ਜਾ ਰਲਦਾ ਹੈ ਤਾਂ ਜੋ ਉਸ ਨੂੰ ਮੰਤਰੀ ਬਣਾਇਆ ਜਾਵੇ। ਫਿਰ ਵੋਟ ਦੀ ਕੀ ਅਹਿਮੀਅਤ ਰਹਿ ਗਈ? ਅਜਿਹਾ ਆਗੂ ਲੋਕਾਂ ਨੂੰ ਮੂੰਹ ਚਿੜਾਉਂਦਾ ਹੋਇਆ ਆਪਣੀ ਨਵੀਂ ਪਾਰਟੀ ਦੇ ਗੁਣਗਾਨ ਵੀ ਕਰਦਾ ਹੈ। ਮੇਰੀ ਸਮਝ ਅਨੁਸਾਰ ਅਜਿਹੇ ਹਾਰੇ ਹੋਏ ਆਗੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ ਅਤੇ ਲੋਕ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਰਤਨ ਸਿੰਘ ਭੰਡਾਰੀ, ਧੂਰੀ

Advertisement
×