DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

ਹੈਮਿਓਪੈਥੀ ਦੀ ਖੋਜ 11 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਡਾ. ਅਮਨਦੀਪ ਕੌਰ ਦੀ ਰਚਨਾ ‘ਡਾ. ਸੈਮੂਅਲ ਹੈਨੀਮਨ ਨੇ ਕੀਤੀ ਸੀ ਹੋਮਿਓਪੈਥੀ ਦੀ ਖੋਜ’ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਹੈਨੀਮਨ ਨੇ ਰਵਾਇਤੀ ਦਵਾਈ ਤੋਂ ਅਸੰਤੁਸ਼ਟ ਹੋ ਕੇ ਇੱਕ ਨਵਾਂ ਇਲਾਜੀ ਸਿਧਾਂਤ...

  • fb
  • twitter
  • whatsapp
  • whatsapp
Advertisement

ਹੈਮਿਓਪੈਥੀ ਦੀ ਖੋਜ

11 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਡਾ. ਅਮਨਦੀਪ ਕੌਰ ਦੀ ਰਚਨਾ ‘ਡਾ. ਸੈਮੂਅਲ ਹੈਨੀਮਨ ਨੇ ਕੀਤੀ ਸੀ ਹੋਮਿਓਪੈਥੀ ਦੀ ਖੋਜ’ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਹੈਨੀਮਨ ਨੇ ਰਵਾਇਤੀ ਦਵਾਈ ਤੋਂ ਅਸੰਤੁਸ਼ਟ ਹੋ ਕੇ ਇੱਕ ਨਵਾਂ ਇਲਾਜੀ ਸਿਧਾਂਤ ਵਿਕਸਿਤ ਕੀਤਾ। ਹੋਮਿਓਪੈਥੀ ਦੇ ਇਸ ਸਿਧਾਂਤ ਨੂੰ ਸਿਮਲੀਆ ਸਿਮਿਲੀਬਸ ਕਿਊਰੇਂਤਰ ਕਿਹਾ ਜਾਂਦਾ ਹੈ। ਉਨ੍ਹਾਂ ਕੁਦਰਤੀ ਪਦਾਰਥਾਂ ਦੀ ਛੋਟੀਆਂ ਖ਼ੁਰਾਕਾਂ ਨਾਲ ਇਲਾਜ ਕਰਨ ਦਾ ਸੁਝਾਅ ਲੱਭਿਆ। ਅੱਜ ਵੀ ਲੋਕ ਆਪਣੀ ਬਿਮਾਰੀ ਦੇ ਹੱਲ ਲਈ ਹੋਮਿਓਪੈਥੀ ’ਤੇ ਭਰੋਸਾ ਕਰਦੇ ਹਨ। ਡਾਕਟਰ ਹੈਨੀਮਨ ਦੀ ਸੋਚ ਤੇ ਖੋਜ ਨੂੰ ਦਿਲੋਂ ਪ੍ਰਣਾਮ ਹੈ।

ਅਵਨੀਤ ਕੌਰ, ਨੌਧਰਾਣੀ (ਮਾਲੇਰਕੋਟਲਾ)

Advertisement

ਸਰਕਾਰ ਦੀ ਬੇਰੁਖ਼ੀ

ਪੰਜਾਬ ਦੇ ਮੁਲਾਜ਼ਮਾਂ ਲਈ ਬਹੁਤ ਹੀ ਨਿਰਾਸ਼ਾਜਨਕ ਸਥਿਤੀ ਹੈ ਕਿ ਜਿਸ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਉਨ੍ਹਾਂ ਦਿਨ-ਰਾਤ ਇੱਕ ਕੀਤਾ, ਉਹੀ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਪ੍ਰਤੀ ਅੜੀਅਲ ਵਤੀਰਾ ਅਪਣਾ ਰਹੀ ਹੈ। ਚੋਣ ਵਾਅਦਿਆਂ ਤੋਂ ਪ੍ਰਭਾਵਿਤ ਹੋ ਕੇ ਮੁਲਾਜ਼ਮ ਵਰਗ ਨੇ ਇਸ ਉਮੀਦ ਨਾਲ ਬਦਲਾਅ ਦਾ ਸਾਥ ਦਿੱਤਾ ਸੀ ਕਿ ਸ਼ਾਇਦ ਹੁਣ ਉਨ੍ਹਾਂ ਨੂੰ ਆਪਣੇ ਡੀ.ਏ. ਅਤੇ ਹੋਰ ਭੱਤਿਆਂ ਲਈ ਸੜਕਾਂ ’ਤੇ ਨਹੀਂ ਉਤਰਨਾ ਪਵੇਗਾ, ਪਰ 2023 ਤੋਂ ਬਾਅਦ ਮਹਿੰਗਾਈ ਭੱਤੇ ਦੀ ਇੱਕ ਵੀ ਕਿਸ਼ਤ ਜਾਰੀ ਨਹੀਂ ਕੀਤੀ ਗਈ। ਸਰਕਾਰ ਦੀ ਇਸ ਬੇਰੁਖ਼ੀ ਕਾਰਨ ਹੁਣ ਮੁਲਾਜ਼ਮਾਂ ਕੋਲ ਅਦਾਲਤਾਂ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਬਚਿਆ। ਹਾਲਾਂਕਿ ਹਾਈ ਕੋਰਟ ਦਾ ਤਾਜ਼ਾ ਫ਼ੈਸਲਾ ਮੁਲਾਜ਼ਮਾਂ ਦੇ ਪੱਖ ਵਿੱਚ ਆਇਆ ਹੈ। ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਮੁਲਾਜ਼ਮਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।

Advertisement

ਚਾਨਣਦੀਪ ਸਿੰਘ ਔਲਖ, ਈ-ਮੇਲ

ਪਾਕਿਸਤਾਨ ਬਨਾਮ ਭਾਰਤ

13 ਅਪਰੈਲ ਦੇ ਅੰਕ ਵਿੱਚ ਜਯੋਤੀ ਮਲਹੋਤਰਾ ਦਾ ਲੇਖ ‘ਪਾਕਿਸਤਾਨ ਬਾਰੇ ਭਾਰਤ ਦੀ ਧਾਰਨਾ’ ਪੜ੍ਹਿਆ। ਲੇਖ ਵਿੱਚ ਪਾਕਿਸਤਾਨ ਬਾਰੇ ਭਾਰਤ ਦੀ ਧਾਰਨਾ ਨੂੰ ਵਿਦੇਸ਼ ਮੰਤਰੀ ਦੀ ਸੋਚ ਅਨੁਸਾਰ ਹੀ ਪੇਸ਼ ਕੀਤਾ ਗਿਆ ਹੈ ਨਾ ਕਿ ਭਾਰਤੀ ਮਾਨਸਿਕਤਾ ਅਨੁਸਾਰ। ਐੱਸ. ਜੈਸ਼ੰਕਰ ਵੱਲੋਂ ਪਾਕਿਸਤਾਨ ਨੂੰ ‘ਦਲਾਲ’ ਕਹਿਣ ਨੂੰ ਦੇਸ਼ ਲਈ ਮਹਿੰਗਾ ਪੈਣਾ ਇਸ ਕਰਕੇ ਦੱਸਿਆ ਹੈ ਕਿ ਉਹ ਮੁਲਕ ਵਿਸ਼ਵ-ਵਿਆਪੀ ਵਾਰਤਾ ਦੀ ਸਾਲਸੀ ਕਰ ਰਿਹਾ ਹੈ। ਲੇਖ ਇਸ ਤਿੱਖੇ ਸ਼ਬਦ ਦੀ ਵਾਜਬੀਅਤ ਨੂੰ ਦਰਸਾਉਂਦਾ ਹੈ ਕਿ ਟਰੰਪ ਸਾਲਸੀ ਕਰਨ ਦੇ ਸੰਦਰਭ ਨੂੰ ਸਮਝਦਾ ਹੋਇਆ ਪਾਕਿਸਤਾਨ ਨੂੰ ਖ਼ੁਸ਼ੀ ਨਾਲ ਦਲਾਲ ਦਰਸਾਉਣ ਦੀ ਖੁੱਲ੍ਹ ਦੇ ਰਿਹਾ ਹੈ। ਪਿਛਲੇ ਇੱਕ ਲੇਖ ‘ਨਾ ਕੋਈ ਵੈਰੀ, ਨਾ ਬੇਗਾਨਾ’ (30 ਮਾਰਚ) ਵਿੱਚ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਨੂੰ ਦਿੱਤੀ ਜਾ ਰਹੀ ਸ਼ਹਿ ਕਰਕੇ ਵਿਦੇਸ਼ ਮੰਤਰੀ ਵੱਲੋਂ ਉਸ ਨੂੰ ‘ਦਲਾਲ’ ਕਹਿਣ ਨੂੰ ਦਰੁਸਤ ਮੰਨਿਆ ਗਿਆ ਸੀ। ਕੋਈ ਵੀ ਗੱਲ ਤਰਕ ਦੇ ਆਧਾਰ ’ਤੇ ਹੀ ਆਖਣੀ ਚਾਹੀਦੀ ਹੈ। ਲੇਖਿਕਾ ਨੇ ਲਿਖਿਆ ਹੈ ਕਿ ਉਸ ਦੇ ਬਹੁਤੇ ਸਹਿਕਰਮੀ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਹਨ ਕਿ ‘ਅੱਜ ਪਾਕਿਸਤਾਨ ਦੀ ਭੂਮਿਕਾ ਦੀ ਵਿਆਖਿਆ ਕਰਦਿਆਂ ਉਸ ਲਈ ਸ਼ਕਤੀਸ਼ਾਲੀ ਸਾਲਸ ਜਾਂ ਅਰਥਹੀਣ ਕਾਸਦ, ਜਾਂ ਮਾੜਚੂ ਮੁੰਡਾ ਜਾਂ ਕਮਜ਼ੋਰ ਮੁਲਕ ਆਦਿ ਵਿੱਚੋਂ ਕਿਹੜਾ ਲਕਬ ਵਰਤਣ?’ ਇਹ ਵਿਚਾਰ ਨਾ ਤਾਂ ਸਾਡੇ ਮੁਲਕ ਦੀ ਸੰਤੁਲਿਤ ਸੋਚ ਨੂੰ ਪੇਸ਼ ਕਰਦੇ ਹਨ ਤੇ ਨਾ ਹੀ ਇਸ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਕੇਵਲ ਪਾਕਿਸਤਾਨ ਹੀ ਅਮਰੀਕੀਆਂ ਦੀ ਚਾਪਲੂਸੀ ਨਹੀਂ ਕਰ ਰਿਹਾ, ਤੀਜੀ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਦੌੜ ਵਿੱਚ ਸ਼ਾਮਿਲ ਹਨ। ਦੋਵਾਂ ਮੁਲਕਾਂ ਵਿੱਚ ਕੁਝ ਰਾਜਨੀਤਕ ਲੋਕ ਫ਼ਿਰਕੂ ਨਫ਼ਰਤ ਦੀਆਂ ਗੱਲਾਂ ਕਰਕੇ ਆਪਣੇ ਮੁਲਕ ਦੇ ਲੋਕਾਂ ਦੇ ਹਮਦਰਦ ਹੋਣ ਦਾ ‘ਦਮ’ ਭਰ ਸਕਦੇ ਹਨ, ਪਰ ਨਫ਼ਰਤੀ ਪੱਖ ਨੂੰ ਪਾਸੇ ਰੱਖਦਿਆਂ ਆਮ ਜਨਤਾ ਨੇ ਆਪਸੀ ਪਿਆਰ ਮੁਹਬੱਤ ਨੂੰ ਬਣਾਇਆ ਹੋਇਆ ਹੈ।

ਕੁਲਵਿੰਦਰ ਸਿੰਘ ਮਲੋਟ, ਮਲੋਟ (ਸ੍ਰੀ ਮੁਕਤਸਰ ਸਾਹਿਬ)

ਜਲ੍ਹਿਆਂਵਾਲੇ ਬਾਗ਼ ਦੀ ਹਵਾ

14 ਅਪਰੈਲ ਨੂੰ ਅਮੋਲਕ ਸਿੰਘ ਦਾ ਲੇਖ ‘ਕੁਝ ਕਹਿ ਰਹੀ ਹੈ ਜਲ੍ਹਿਆਂਵਾਲਾ ਬਾਗ਼ ਦੀ ਹਵਾ’ ਸ਼ਹੀਦਾਂ ਦੇ ਸੁਪਨਿਆਂ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਨਾਲ ਹੀ ਇਹ ਲੇਖ ਸ਼ਹੀਦਾਂ ਦੇ ਰਾਹ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਫ਼ਿਰਕੂ ਰੰਗਤ ਤੋਂ ਬਚਾਉਣ ਦੀ ਮੰਗ ਵੀ ਕਰਦਾ ਹੈ ਤਾਂ ਕਿ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਵਿਅਰਥ ਨਾ ਜਾਏ।

ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ

ਜੀਵਨ ’ਚ ਅਹਿਮ ਹੈ ਸਹਿਯੋਗ

ਮਨੁੱਖ ਇੱਕ ਸਮਾਜਿਕ ਜੀਵ ਹੈ ਤੇ ਮਨੁੱਖੀ ਸਮਾਜ ਵਿੱਚ ਸਹਿਯੋਗ ਦੀ ਬਹੁਤ ਮਹਾਨਤਾ ਹੈ। ਅਸਲ ਵਿੱਚ ਸਮਾਜ ਦੀ ਹੋਂਦ ਮਨੁੱਖਾਂ ਦੇ ਆਪਸੀ ਸਹਿਯੋਗ ਤੋਂ ਉਪਜੀ ਹੈ। ਸਾਨੂੰ ਆਪਣੇ ਸਕੇ ਸਬੰਧੀਆਂ ਨਾਲ ਸਹਿਯੋਗ ਦੀ ਥਾਂ-ਥਾਂ ’ਤੇ ਜ਼ਰੂਰਤ ਪੈਂਦੀ ਹੈ। ਸਹਿਯੋਗ ਤੋਂ ਬਗੈਰ ਸਾਡੀ ਯੋਗਤਾ ਦਾ ਕੋਈ ਫ਼ਾਇਦਾ ਨਹੀਂ ਹੋ ਸਕਦਾ। ਜੇਕਰ ਅਸੀਂ ਲੋਕਾਂ ਨਾਲ ਸਹਿਯੋਗ ਕਰੀਏ ਤਾਂ ਸਾਡਾ ਜਿਊਣਾ ਸੁਖਾਲਾ ਹੋ ਜਾਂਦਾ ਹੈ। ਇਸੇ ਪ੍ਰਕਾਰ ਮਿਲ ਕੇ ਕੀਤੇ ਕੰਮ ਇੱਕ ਤਾਂ ਛੇਤੀ ਮੁੱਕਦੇ ਹਨ, ਦੂਜਾ ਉਨ੍ਹਾਂ ਉੱਪਰ ਸ਼ਕਤੀ ਘੱਟ ਲੱਗਦੀ ਹੈ। ਇਸ ਕਰਕੇ ਸਾਡੇ ਜੀਵਨ ਵਿੱਚ ਸਾਨੂੰ ਇੱਕ-ਦੂਜੇ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਹੈ।

ਦਲਜੀਤ ਕੌਰ, ਦਸੌਂਧਾ ਸਿੰਘ ਵਾਲਾ

ਕਣਕ ਦਾ ਸੰਕਟ

11 ਅਪਰੈਲ ਨੂੰ ਛਪੀ ਸੰਪਾਦਕੀ ‘ਕਣਕ ਦਾ ਸੰਕਟ’ ਪੰਜਾਬ ਵਿੱਚ ਕਣਕ ਨਾਲ ਜੁੜੇ ਸੰਕਟ ਨੂੰ ਉਜਾਗਰ ਕਰਦਾ ਹੈ। ਭਾਵੇਂ ਉਤਪਾਦਨ ਵਧ ਰਿਹਾ ਹੈ, ਪਰ ਗੁਣਵੱਤਾ ਵਿੱਚ ਕਮੀ, ਮੌਸਮੀ ਬਦਲਾਅ ਤੇ ਖੇਤੀਬਾੜੀ ਦੇ ਤਰੀਕਿਆਂ ਕਾਰਨ ਸਮੱਸਿਆਵਾਂ ਵਧ ਰਹੀਆਂ ਹਨ। ਇਹ ਵੀ ਦੱਸਿਆ ਗਿਆ ਹੈ ਕਿ ਬੇਸਮਝੀ ਨਾਲ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਮਿੱਟੀ ਦੀ ਸਿਹਤ ਨੂੰ ਖ਼ਰਾਬ ਕਰ ਰਹੀ ਹੈ। ਇਸ ਨਾਲ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਤਪਾਦਨ ’ਤੇ ਵੀ ਨਕਾਰਾਤਮਕ ਅਸਰ ਪੈਂਦਾ ਹੈ। ਸਰਕਾਰ ਦੀਆਂ ਨੀਤੀਆਂ ਤੇ ਖਰੀਦ ਪ੍ਰਣਾਲੀ ਵਿੱਚ ਖ਼ਾਮੀਆਂ ਵੀ ਸਾਹਮਣੇ ਆਉਂਦੀਆਂ ਹਨ। ਕਿਸਾਨਾਂ ਨੂੰ ਸਮੇਂ ’ਤੇ ਸਹੀ ਭਾਅ ਨਾ ਮਿਲਣ ਕਰਕੇ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੋ ਰਹੇ ਹਨ।

ਜਸ਼ਨਪ੍ਰੀਤ ਕੌਰ, ਚੀਮਾ (ਲੁਧਿਆਣਾ)

ਬੁਲੰਦ ਇਰਾਦੇ

2 ਅਪਰੈਲ ਦੇ ਅੰਕ ਵਿੱਚ ਛਪੇ ਰਸ਼ਪਿੰਦਰਪਾਲ ਕੌਰ ਦੇ ਮਿਡਲ ‘ਸਿਕੰਦਰ’ ਵਿੱਚ ਮਾਂ-ਬੋਲੀ ਦੇ ਸ਼ਬਦਾਂ ਦੀ ਅਨੂਠੀ ਮਿਠਾਸ ਤੇ ਜ਼ਿੰਦਗੀ ਦੀ ਪ੍ਰੇਰਨਾ ਸਮੋਈ ਹੋਈ ਸੀ। ਖ਼ੂਬਸੂਰਤ ਸ਼ਬਦਾਂ ਤੇ ਭਾਵਾਂ ਨਾਲ ਪਰੋਈ ਇਹ ਰਚਨਾ ਮਨ ਨੂੰ ਟੁੰਬਣ ਵਾਲੀ ਸੀ। ਇਸ ਵਿੱਚ ਸਮਾਜ ’ਚ ਪ੍ਰਚਲਿਤ ਰਿਸ਼ਵਤ, ਸੁਆਰਥ ਤੇ ਲਾਲਚ ਜਿਹੀਆਂ ਬੁਰਾਈਆਂ ਦਾ ਜ਼ਿਕਰ ਕਰਦਿਆਂ ਚੰਗਿਆਈ, ਨੇਕੀ ਤੇ ਸਭਨਾਂ ਦੇ ਭਲੇ ਵਾਲੀ ਸੋਚ ਨੂੰ ਉਚਿਆਇਆ ਗਿਆ। ਇਸ ਵਿੱਚ ਇਮਾਨਦਾਰੀ, ਮਿਹਨਤ ਤੇ ਅਸੂਲਾਂ ਲਈ ਜਿਊਣ ਵਾਲਿਆਂ ਦੇ ਰਾਹ ਦੀਆਂ ਔਕੜਾਂ ਦਾ ਵਰਣਨ ਸੀ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਪੈੜਾਂ ਨੂੰ ਪਾਠਕਾਂ ਲਈ ਇੱਕ ਸਬਕ ਵਜੋਂ ਪੇਸ਼ ਕੀਤਾ ਗਿਆ ਸੀ। ਸੱਚਮੁੱਚ ਹੀ ਅਸੂਲਾਂ, ਹੱਕਾਂ ਤੇ ਹਿੱਤਾਂ ਲਈ ਬੁਲੰਦ ਇਰਾਦਿਆਂ ਨਾਲ ਮੰਜ਼ਿਲ ਵੱਲ ਤੁਰਦੇ ਰਹਿਣ ਵਾਲੇ ਜ਼ਿੰਦਗੀ ਦੇ ‘ਸਿਕੰਦਰ’ ਹੋਇਆ ਕਰਦੇ ਹਨ, ਜਿਹੜੇ ਹੋਰਨਾਂ ਨੂੰ ਵੀ ਇਸ ਸੱਚੇ-ਸੁੱਚੇ ਰਾਹ ’ਤੇ ਤੁਰਨ ਲਈ ਪ੍ਰੇਰਨਾਸ੍ਰੋਤ ਬਣਦੇ ਹਨ।

ਅਵੀਤਾਜ ਪ੍ਰੀਤ ਸਿੰਘ, ਚੱਕ ਸੁਹੇਲੇ ਵਾਲਾ (ਫਾਜ਼ਿਲਕਾ)

ਥਾਣੇਦਾਰ ਦਾ ਘਰ

ਨਜ਼ਰੀਆ ਪੰਨੇ ’ਤੇ ਜਗਜੀਤ ਸਿੰਘ ਗਣੇਸ਼ਪੁਰ ਦੀ ਰਚਨਾ ‘ਇਹ ਥਾਣੇਦਾਰ ਦਾ ਘਰ ਨਹੀਂ ਲੱਗਦਾ’ ਸਾਡੀ ਉਲਝੀ ਮਾਨਸਿਕਤਾ ਅਤੇ ਨੈਤਿਕ ਵਰਤਾਰਿਆਂ ਵਿੱਚ ਆਈ ਗਿਰਾਵਟ ਦੀ ਬਾਤ ਪਾਉਂਦੀ ਹੈ। ਅਜੋਕੇ ਸਮੇਂ ਵਿੱਚ ਇਮਾਨਦਾਰੀ ਦਾ ਰਸਤਾ ਚੁਣਨ ਦੀ ਬਜਾਏ ਕੁਝ ਸ਼ਖ਼ਸ ਆਪਣੇ ਅਹੁਦੇ ਦਾ ਫ਼ਾਇਦਾ ਚੁੱਕਦੇ ਹਨ। ਮਿਹਨਤ, ਇਮਾਨਦਾਰੀ, ਦ੍ਰਿੜ੍ਹਤਾ ਤੇ ਸਹਿਣਸ਼ੀਲਤਾ ਵਰਗੇ ਗੁਣ ਵਿਅਕਤੀ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਮਿਲਦੇ ਹਨ ਜੋ ਕਿ ਅੱਗੇ ਚੱਲ ਕੇ ਹੋਰਨਾਂ ਲਈ ਵੀ ਪ੍ਰੇਰਨਾ ਬਣਦੇ ਹਨ। ਬੇਇਨਸਾਫ਼ੀਆਂ, ਠੱਗੀਆਂ ਨਾਲ ਪੈਸੇ ਤੇ ਜ਼ਮੀਨ ਜਾਇਦਾਦ ਬਣਾਉਣ ਦੇ ਗ਼ਲਤ ਰਸਤੇ ਚੁਣ ਕੇ ਵਿਅਕਤੀ ਅਮੀਰ ਜ਼ਰੂਰ ਹੋ ਜਾਂਦਾ ਹੈ, ਪਰ ਉਹ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਇਨਸਾਨੀਅਤ ਤੋਂ ਵਾਂਝਾ ਰਹਿ ਜਾਂਦਾ ਹੈ।

ਇੰਦਰਜੀਤ ਜਵੰਦਾ, ਜਵੰਦਾ (ਫ਼ਤਹਿਗੜ੍ਹ ਸਾਹਿਬ)

Advertisement
×