DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਠਕਾਂ ਦੇ ਖ਼ਤ

ਲੋਕਾਂ ਦੀ ਸੁਰੱਖਿਆ ਜ਼ਰੂਰੀ 20 ਮਈ ਦੇ ਅੰਕ ’ਚ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਜ਼ਮੀਰ ਦੀ ਆਵਾਜ਼ ਸੁਣਨ ਵਾਲਾ ਹੈ। ਖੂੰਖ਼ਾਰ ਹੋਏ ਆਵਾਰਾ ਜਾਨਵਰ ਤੋਂ ਬੰਦੇ ਦੀ ਤੇ ਬੱਚਿਆਂ ਦੀ ਰੱਖਿਆ ਲਈ ਦਿੱਤੇ ਜਾਣ ਵਾਲੇ ਨਿਹਾਇਤ ਜ਼ਰੂਰੀ ਅਤੇ ਫ਼ੈਸਲਾਕੁਨ...

  • fb
  • twitter
  • whatsapp
  • whatsapp
Advertisement

ਲੋਕਾਂ ਦੀ ਸੁਰੱਖਿਆ ਜ਼ਰੂਰੀ

20 ਮਈ ਦੇ ਅੰਕ ’ਚ ਕੁੱਤਿਆਂ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਜ਼ਮੀਰ ਦੀ ਆਵਾਜ਼ ਸੁਣਨ ਵਾਲਾ ਹੈ। ਖੂੰਖ਼ਾਰ ਹੋਏ ਆਵਾਰਾ ਜਾਨਵਰ ਤੋਂ ਬੰਦੇ ਦੀ ਤੇ ਬੱਚਿਆਂ ਦੀ ਰੱਖਿਆ ਲਈ ਦਿੱਤੇ ਜਾਣ ਵਾਲੇ ਨਿਹਾਇਤ ਜ਼ਰੂਰੀ ਅਤੇ ਫ਼ੈਸਲਾਕੁਨ ਬਿਆਨ ਦਾ ਵਿਰੋਧ ਕਿਉਂ? ਕਦੇ ਉਨ੍ਹਾਂ ਮਾਵਾਂ ਬਾਰੇ ਸੋਚ ਕੇ ਵੇਖੋ ਜਿਨ੍ਹਾਂ ਨੇ ਰੂੜੀਆਂ ਦੇ ਢੇਰਾਂ ਕੋਲੋਂ ਲੰਘਦਿਆਂ ਜਾਂ ਗਲੀਆਂ ਵਿੱਚ ਖੇਡਦੇ ਆਪਣੇ ਬੱਚੇ ਆਵਾਰਾ ਕੁੱਤਿਆਂ ਤੋਂ ਬਚਾਏ ਹੋਣ। ਮੰਨਿਆ ਕਿ ਕੁੱਤਾ ਵਫ਼ਾਦਾਰ ਜਾਨਵਰ ਹੈ, ਪਰ ਉਸ ਦੀਆਂ ਬਘਿਆੜੀ ਪ੍ਰਵਿਰਤੀਆਂ ਵੀ ਨਾਲ ਹਨ ਜਿਨ੍ਹਾਂ ਦਾ ਸਮੇਂ-ਸਮੇਂ ਜਾਗ ਪੈਣਾ ਮਨੁੱਖ ਦੋਖੀ ਸਾਬਤ ਹੁੰਦਾ ਹੈ। ਸਾਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ।

Advertisement

ਕਮਲੇਸ਼ ਉੱਪਲ, ਪਟਿਆਲਾ

Advertisement

ਸਿਆਸੀ ਤਾਕਤ ਅਤੇ ਦਲ ਬਦਲੀ

14 ਮਈ ਸੰਪਾਦਕੀ ਪੰਨੇ ’ਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਧਨ ਦੌਲਤ, ਸਿਆਸੀ ਤਾਕਤ ਅਤੇ ਦਲ ਬਦਲੀ’ ਜਾਣਕਾਰੀ ਭਰਪੂਰ ਅਤੇ ਸਮੇਂ ਦਾ ਸੱਚ ਹੈ। ਪਿਛਲੇ 78 ਸਾਲਾਂ ਵਿੱਚ ਦੇਸ਼ ਦੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਵਿੱਚ ਅਪਰਾਧਿਕ ਲੋਕਾਂ ਦਾ ਦਖ਼ਲ ਤੇਜ਼ੀ ਨਾਲ ਵਧ ਰਿਹਾ ਹੈ। ਕਰੋੜਪਤੀ ਲੋਕ ਵਿਧਾਨ ਸਭਾ, ਪਾਰਲੀਮੈਂਟ ਵਿੱਚ ਪਹੁੰਚ ਰਹੇ ਹਨ, ਜਿਨ੍ਹਾਂ ਦਾ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬੇਰੁਜ਼ਗਾਰੀ, ਮਹਿੰਗਾਈ, ਸਿਹਤ, ਸਿੱਖਿਆ, ਰੁਜ਼ਗਾਰ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਨੂੰ ਸਿਰਫ਼ ਆਪਣੀ ਕੁਰਸੀ ਕਾਇਮ ਰੱਖਣ ਦਾ ਫ਼ਿਕਰ ਹੈ। ਸਿਆਸਤ ਵਪਾਰ ਬਣ ਗਈ ਹੈ, ਜਦੋਂ ਦਿਲ ਕਰੇ ਜਿਸ ਪਾਰਟੀ ਦਾ ਪੱਲੜਾ ਭਾਰੀ ਹੋਵੇ, ਉਸ ਵਿੱਚ ਸ਼ਾਮਲ ਹੋ ਜਾਂਦੇ ਹਨ। ਵੋਟਾਂ ਵੇਲੇ ਪੈਸਾ ਪਾਣੀ ਵਾਂਗ ਵਹਾਇਆ ਜਾਂਦਾ ਹੈ, ਨਸ਼ੇ ਵੰਡ ਕੇ ਤੇ ਹੋਰ ਤੋਹਫ਼ੇ ਦੇ ਕੇ ਧਨਵਾਨ ਲੋਕ ਜਿੱਤ ਜਾਂਦੇ ਹਨ। ਜਦੋਂ ਤੱਕ ਮਜ਼ਦੂਰਾਂ, ਕਿਸਾਨਾਂ, ਮੱਧਵਰਗੀ ਲੋਕਾਂ ਵਿੱਚ ਜਾਗਰੂਕਤਾ ਨਹੀਂ ਆਉਂਦੀ, ਸਰਮਾਏਦਾਰੀ, ਕਾਰਪੋਰੇਟ ਘਰਾਣਿਆਂ ਵੱਲੋਂ ਲੁੱਟ-ਖਸੁੱਟ ਇਸੇ ਤਰ੍ਹਾਂ ਚੱਲਦੀ ਰਹੇਗੀ। ਜਦੋਂ ਤੱਕ ਕਿਰਤੀ ਕਾਮੇ, ਮਿਹਨਤਕਸ਼ ਅੱਗੇ ਨਹੀਂ ਆਉਣਗੇ, ਲੋਕਾਂ ਦੀ ਪੁੱਗਤ ਵਾਲਾ ਰਾਜ ਨਹੀਂ ਆ ਸਕੇਗਾ।

ਸਤੀਸ਼ ਸਚਦੇਵਾ, ਲੁਧਿਆਣਾ

ਕਮਲ ਦੀ ਕਰੈੱਚ

14 ਮਈ ਦੇ ਨਜ਼ਰੀਆ ਪੰਨੇ ’ਤੇ ਗੁਰਮੇਲ ਸਿੰਘ ਸਿੱਧੂ ਦਾ ਮਿਡਲ ‘ਕਮਲ ਦੀ ਕਰੈੱਚ ਦੇ ਕਬੂਤਰ’ ਵਿੱਚ ਬਜ਼ੁਰਗਾਂ ਦੇ ਰੁਤਬੇ ਅਤੇ ਦੋਹਤਿਆਂ-ਪੋਤਿਆਂ ਪ੍ਰਤੀ ਨਾਨੀਆਂ-ਦਾਦੀਆਂ ਦੇ ਗੂੜ੍ਹੇ ਪਿਆਰ ਦਾ ਬੜਾ ਵਧੀਆ ਵਰਨਣ ਕੀਤਾ ਹੈ। ਬਾਲਾਂ ਦੇ ਪਾਲਣ-ਪੋਸ਼ਣ ਲਈ ਭਾਵੇ ਚੰਗੇ ਤੋਂ ਚੰਗੇ ਤੇ ਆਧੁਨਿਕ ਕਰੈੱਚ ਖੁੱਲ੍ਹ ਜਾਣ, ਪਰ ਦਾਦੀਆਂ-ਨਾਨੀਆਂ ਦੀਆਂ ਮਿੱਠੀਆਂ ਲੋਰੀਆਂ ਦਾ ਨਿੱਘ ਕਿਤੋਂ ਨਹੀਂ ਮਿਲ ਸਕਦਾ। ਵਿਦੇਸ਼ਾਂ ਵਿੱਚ ਵੀ ਨਾਨੀਆਂ-ਦਾਦੀਆਂ ਦੀ ਲੋੜ ਹਮੇਸ਼ਾ ਮਹਿਸੂਸ ਹੁੰਦੀ ਹੈ। ਇਸੇ ਅੰਕ ਵਿੱਚ ਗੁਰਦੇਵ ਸਿੰਘ ਸਿੱਧੂ ਨੇ ਆਪਣੇ ਲੇਖ ‘ਗ਼ਦਰੀਆਂ ਦੇ ਮੁਣਸ਼ੀ ਦਾ ਸਦੀਵੀ ਵਿਛੋੜਾ’ ਰਾਹੀ ਮਰਹੂਮ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਬਹੁ-ਪੱਖੀ ਸ਼ਖ਼ਸੀਅਤ ਅਤੇ ਪੰਜਾਬੀ ਸੱਭਿਆਚਾਰ ਅਤੇ ਇਤਿਹਾਸ ਦੀ ਖੋਜ ਅਤੇ ਸਾਂਭ-ਸੰਭਾਲ ਵਿੱਚ ਪਾਏ ਯੋਗਦਾਨ ਦੀ ਵਧੀਆ ਜਾਣਕਾਰੀ ਦਿੱਤੀ ਹੈ।

ਨਾਇਬ ਸਿੰਘ ਪੰਨੀਵਾਲੀਆਂ, ਮਲੋਟ (ਸ੍ਰੀ ਮੁਕਤਸਰ ਸਾਹਿਬ)

ਪਾਣੀ ਦਾ ਸੰਕਟ

13 ਮਈ ਦੇ ਅੰਕ ’ਚ ਨਜ਼ਰੀਆ ਪੰਨੇ ’ਤੇ ਛਪੇ ਦਵਿੰਦਰ ਕੌਰ ਖੁਸ਼ ਧਾਲੀਵਾਲ ਦੇ ਲੇਖ ‘ਪੰਜਾਬ ’ਚ ਪਾਣੀ ਦਾ ਸੰਕਟ’ ਬਹੁਤ ਗੰਭੀਰ ਤ੍ਰਾਸਦੀ ਵੱਲ ਸੇਧਿਤ ਹੈ। ਇਹ ਵਿਕਰਾਲ ਰੂਪ ਧਾਰਨ ਕਰ ਰਹੀ ਪਾਣੀ ਦੇ ਸੰਕਟ ਦੀ ਤੱਥ ਆਧਾਰਿਤ ਸੱਚਾਈ ਬਿਆਨ ਕਰਦਾ ਹੈ। ਚੌਦਾਂ ਲੱਖ ਤੋਂ ਵੱਧ ਟਿਊਬਵੈੱਲ ਬੇਦਰਦੀ ਨਾਲ ਧਰਤੀ ’ਚੋਂ ਪਾਣੀ ਕੱਢ ਰਹੇ ਹਨ। ਸਾਡੀ ਮੌਜੂਦਾ ਮੁਨਾਫ਼ਾਖੋਰ ਸਿਆਸੀ ਮਨੋਬਿਰਤੀ ਨੇ ਇਸ ਸਾਰੇ ਕੁਦਰਤੀ ਸਰਮਾਏ ਨੂੰ ਢਹਿ-ਢੇਰੀ ਕਰ ਦਿੱਤਾ ਹੈ। ਸਾਡੇ ਛੱਪੜ, ਜੋ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਵਧੀਆ ਸਰੋਤ ਸਨ, ਅਸੀਂ ਆਪਣੀ ਅਗਿਆਨਤਾ ਜਾਂ ਸਿਆਸੀ ਦਾਬੇ ਨਾਲ ਬਿਲਕੁਲ ਨਸ਼ਟ ਕਰ ਲਏ। ਬੇਕਾਰ ਜਾ ਰਹੇ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਦੀ ਠੋਸ ਪ੍ਰਬੰਧਨ ਵਿਧੀ ਅਪਣਾ ਕੇ ਬਹੁਤ ਹੱਦ ਤੱਕ ਇਸ ਵਿਕਰਾਲ ਸੰਕਟ ’ਤੇ ਕਾਬੂ ਪਾਇਆ ਜਾ ਸਕਦਾ ਹੈ। ਸਾਰੇ ਛੱਪੜ ਬਹਾਲ ਕਰਕੇ ਉਨ੍ਹਾਂ ਦੀ ਪੁਟਾਈ ਕੀਤੀ ਜਾਵੇ। ਮੁਫ਼ਤ ਬਿਜਲੀ ’ਤੇ ਵੀ ਕੋਈ ਠੋਸ ਫ਼ੈਸਲਾ ਲਿਆ ਜਾਵੇ ਤਾਂ ਜੋ ਬਿਨਾਂ ਲੋੜ ਤੋਂ ਮੋਟਰਾਂ ਧਰਤੀ ਹੇਠੋਂ ਪਾਣੀ ਨਾ ਕੱਢ ਸਕਣ। ਕੁਲਵਿੰਦਰ ਸਿੰਘ ਮਲੋਟ ਦਾ ਲੇਖ ‘ਤੁਹਾਨੂੰ ਪੜ੍ਹਨਾ ਕਿਉਂ ਨਹੀਂ ਆਉਦਾ?’ ਅਜੋਕੀ ਸਿੱਖਿਆ ਨੀਤੀ ’ਤੇ ਝਾਤ ਪਵਾਉਂਦਾ ਹੈ। ਸਰਕਾਰ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਕੇ ਉਨ੍ਹਾਂ ਤੋਂ ਸਿਰਫ਼ ਵਿੱਦਿਅਕ ਕੰਮ ਹੀ ਲਏ ਜਾਣ।

ਬਲਰਾਜ ਸਿੰਘ ਬਰਾੜ, ਦਿਉਣ ਖੇੜਾ (ਸ੍ਰੀ ਮੁਕਤਸਰ ਸਾਹਿਬ)

(2)

13 ਮਈ ਦੇ ਨਜ਼ਰੀਆ ਪੰਨੇ ’ਤੇ ਲੇਖ ‘ਪੰਜਾਬ ’ਚ ਪਾਣੀ ਦਾ ਸੰਕਟ’ ਪੜ੍ਹਿਆ। ਗਰਮੀਆਂ ’ਚ ਅਜਿਹੇ ਮੁੱਦੇ ’ਤੇ ਚਰਚਾ ਪਾਠਕਾਂ ਨੂੰ ਇਸ ਸੰਕਟ ਦੀ ਗੰਭੀਰਤਾ ਤੋਂ ਜਾਣੂ ਕਰਵਾਉਂਦੀ ਹੈ। ਭਾਵੇਂ ਸਾਡੇ ਦੇਸ਼ ਵਿੱਚ ਮੌਨਸੂਨ ਕਰਕੇ ਜਲ ਭੰਡਾਰਾਂ ਵਿੱਚ ਪਾਣੀ ਦੀ ਮਾਤਰਾ ਦਾ ਘਟਣਾ-ਵਧਣਾ ਕੋਈ ਅਜੀਬ ਵਰਤਾਰਾ ਨਹੀਂ ਹੈ ਪਰ ਹਰ ਆਮ ਇਨਸਾਨ ਨੂੰ ਇਸ ਸੰਕਟ ਦੇ ਹੱਲ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਮਹਾਰਾਸ਼ਟਰ ਦੇ ‘ਟੈਂਕਰ ਮਾਫੀਆ’ ਦਾ ਪੰਜਾਬ ਦੇ ਪਾਣੀ ਸੰਕਟ ਵਿੱਚ ਜ਼ਿਕਰ ਥੋੜ੍ਹਾ ਅਜੀਬ ਲੱਗਾ।

ਪ੍ਰੋ. ਨਵਜੋਤ ਸਿੰਘ, ਪਟਿਆਲਾ

ਕਿਰਤ ਤੇ ਸਰਮਾਏ ਦਾ ਟਕਰਾਅ

12 ਮਈ ਦੇ ਨਜ਼ਰੀਆ ’ਤੇ ਛਪੇ ਪ੍ਰੀਤਮ ਸਿੰਘ ਅਤੇ ਬਿੱਲ ਮੈਕਕੀਥ ਦਾ ਲੇਖ ‘ਕਿਰਤ ਤੇ ਸਰਮਾਏ ਦਾ ਟਕਰਾਅ: ਅਤੀਤ ਤੋਂ ਵਰਤਮਾਨ ਤੱਕ’ ਵਿੱਚ ਸੌ ਸਾਲ ਪਹਿਲਾਂ ਹੋਈ ਜਨਰਲ ਹੜਤਾਲ ਦਾ ਵਿਸ਼ਲੇਸ਼ਣ ਕਰਦਿਆਂ ਪਾਠਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਕਲਾਬੀ ਸੰਘਰਸ਼ਾਂ ਦੇ ਨਤੀਜੇ ਹਮੇਸ਼ਾ ਤਤਕਾਲੀ ਜਾਂ ਸਕਾਰਾਤਮਕ ਹੋਣੇ ਹੀ ਜ਼ਰੂਰੀ ਨਹੀਂ, ਕਈ ਵਾਰ ਅਸਫ਼ਲ ਪ੍ਰਤੀਤ ਹੋਣ ਵਾਲੀਆਂ ਲਹਿਰਾਂ ਵੀ ਡੂੰਘੀਆਂ ਸਿਆਸੀ ਅਤੇ ਆਰਥਿਕ ਤਬਦੀਲੀਆਂ ਦੀ ਨੀਂਹ ਰੱਖਦੀਆਂ ਹਨ, ਜਿਨ੍ਹਾਂ ਦੇ ਪ੍ਰਭਾਵ ਸਦੀਆਂ ਤੱਕ ਮਹਿਸੂਸ ਕੀਤੇ ਜਾਂਦੇ ਹਨ। ਭਾਰਤ ਦੇ ਸੰਦਰਭ ਵਿੱਚ ਉਸ ਜਨਰਲ ਹੜਤਾਲ ਦਾ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ’ਤੇ ਪਿਆ ਅਸਰ, ਇਸ ਦੀ ਸਭ ਤੋਂ ਪ੍ਰਤੱਖ ਮਿਸਾਲ ਹੈ। ਉਨ੍ਹਾਂ ਨੇ ‘ਹਿੰਦੋਸਤਾਨ ਰਿਪਬਲਿਕਨ ਆਰਮੀ’ ਦਾ ਨਾਂ ਬਦਲ ਕੇ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਰੱਖਿਆ, ਜੋ ਸਿਰਫ਼ ਨਾਂ ਦੀ ਤਬਦੀਲੀ ਨਹੀਂ ਸੀ, ਸਗੋਂ ਵਿਚਾਰਧਾਰਕ ਪਰਿਵਰਤਨ ਦਾ ਵੀ ਪ੍ਰਤੀਕ ਸੀ।

ਡਾਕਟਰ ਮੋਹਨ ਬੇਗੋਵਾਲ, ਅੰਮ੍ਰਿਤਸਰ

(2)

ਲੇਖ ‘ਕਿਰਤ ਤੇ ਸਰਮਾਏ ਦਾ ਟਕਰਾਅ: ਅਤੀਤ ਤੋਂ ਵਰਤਮਾਨ ਤੱਕ’ ਵਿੱਚ ਪਹਿਲੀ ਸੰਸਾਰ ਜੰਗ ਵਿੱਚ ਹਾਰੇ ਹੋਏ ਦੇਸ਼ਾਂ ਵੱਲੋਂ ਆਪਣੇ ਦੇਸ਼ਾਂ ਦੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਕਟੌਤੀ ਕਰਕੇ ਮਜ਼ਦੂਰ ਜਮਾਤ ਨੂੰ ਹਨੇਰੇ ਵਿੱਚ ਧੱਕਣ ਦੀ ਕੀਤੀ ਕੋਸ਼ਿਸ਼ ਦਾ ਬਿਰਤਾਂਤ ਪਾਠਕਾਂ ਸਾਹਮਣੇ ਉਜਾਗਰ ਕੀਤਾ ਗਿਆ ਹੈ। ਮਜ਼ਦੂਰ ਵਰਗ ਨੇ ਹੜਤਾਲ ਕਰਕੇ ਆਪਣੇ ਹੱਕਾਂ ’ਤੇ ਪੈ ਰਹੇ ਡਾਕੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਕਾਰਲ ਮਾਰਕਸ ਦੇ ਜਨਮ ਦਿਹਾੜੇ ’ਤੇ ਇਹ ਲੇਖ ਇੱਕ ਚਾਨਣ ਮੁਨਾਰੇ ਵਜੋਂ ਕਿਰਤੀਆਂ ਦਾ ਹੌਸਲਾ-ਅਫ਼ਜ਼ਾਈ ਕਰਦਾ ਦਿਖਾਈ ਦਿੰਦਾ ਹੈ। ਇਸੇ ਲੜੀ ਵਿੱਚ ਬਿੱਕਰ ਸਿੰਘ ਮਾਨ ਦਾ ਮਿਡਲ ‘ਕਰਜ਼ਾ, ਅਣਖ ਅਤੇ ਬਦਲਦੀਆਂ ਕਦਰਾਂ-ਕੀਮਤਾਂ’ ਵਿੱਚ ਇੱਕ ਬੈਂਕ ਮੁਲਾਜ਼ਮ ਅਤੇ ਇੱਕ ਕਰਜ਼ਦਾਰ ਵੱਲੋਂ ਉਸ ਦੇ ਬੈਂਕ ਤੋਂ ਲਏ ਕਰਜ਼ੇ ਦੀ ਵਸੂਲੀ ਕਰਦਾ ਲੇਖ ਹੈ , ਜਿਸ ਵਿੱਚ ਇੱਕ ਬਜ਼ੁਰਗ ਵੱਲੋਂ ਆਪਣੀ ਇੱਜ਼ਤ ਲਈ ਬੈਂਕ ਦਾ ਕਰਜ਼ਾ ਮੋੜਨਾ ਇਮਾਨਦਾਰੀ ਤੇ ਨੈਤਿਕਤਾ ਦਰਸਾਉਂਦਾ ਹੈ।

ਮਨਮੋਹਨ ਸਿੰਘ, ਨਾਭਾ

ਸੇਧ ਦੇਣ ਵਾਲੀ ਬਾਲ ਕਹਾਣੀ

16 ਮਈ ਦੇ ‘ਸਤਰੰਗ’ ਪੰਨੇ ’ਤੇ ਹਰੀ ਕ੍ਰਿਸ਼ਨ ਮਾਇਰ ਦੀ ਬਾਲ ਕਹਾਣੀ ‘ਦਾਦਾ ਜੀ’ ਬੱਚਿਆਂ ਨੂੰ ਸੇਧ ਦੇਣ ਵਾਲੀ ਸੀ। ਆਧੁਨਿਕ ਬਿਮਾਰੀ ਸਕਰੀਨ ਸਮਾਂ, ਮਾਤਾ ਪਿਤਾ ਆਦਿ ਨਾਲ ਸਮਾਂ ਨਾ ਬਿਤਾਉਣ ਵਰਗੀਆਂ ਆਦਤਾਂ ਤੋਂ ਸੁਚੇਤ ਕਰਦੀ ਹੈ। ਇਸੇ ਪੰਨੇ ’ਤੇ ਚੰਨ ਗੁਰਾਇਆ ਵਾਲਾ ਬਾਰੇ ਅਜੀਤ ਖੰਨਾ ਦਾ ਲੇਖ ਵੀ ਵਧੀਆ ਲਿਖਿਆ ਸੀ। ‘ਸਤਰੰਗ’ ਪੰਨਾ ਚਿੱਤਰਕਲਾ ਵਿੱਚ ਰੁਚੀ ਰੱਖਣ ਵਾਲੇ ਬੱਚਿਆਂ ਲਈ ‘ਨੰਨ੍ਹੀ ਦੁਨੀਆ’ ਕਾਰਨ ਖਿੱਚ ਦਾ ਕੇਂਦਰ ਹੁੰਦਾ ਹੈ। ‘ਸਤਰੰਗ’ ਪੰਨੇ ਲਈ ਬੱਚੇ ਸ਼ਨਿਚਰਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਬਲਜਿੰਦਰ ਕੁਮਾਰ, ਮਹਿਲ ਕਲਾਂ।

Advertisement
×