Letters to Editor: ਪਾਠਕਾਂ ਦੇ ਖ਼ਤ
ਕੌਕਰੋਚ ਜਨਤਾ ਪਾਰਟੀ ਮਾਣਯੋਗ ਚੀਫ ਜਸਟਿਸ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ‘ਕੌਕਰੋਚ’ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਾੜਾ ਮਕਸਦ ਨਹੀਂ ਸੀ, ਪਰ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਅਭਿਜੀਤ ਦੀਪਕੇ...
ਕੌਕਰੋਚ ਜਨਤਾ ਪਾਰਟੀ
ਮਾਣਯੋਗ ਚੀਫ ਜਸਟਿਸ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ‘ਕੌਕਰੋਚ’ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਮਾੜਾ ਮਕਸਦ ਨਹੀਂ ਸੀ, ਪਰ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਅਭਿਜੀਤ ਦੀਪਕੇ ਨੇ ਇੱਕ ਰਚਨਾਤਮਕ ਕਦਮ ਚੁੱਕਦਿਆਂ ਔਨਲਾਈਨ ‘ਕੌਕਰੋਚ ਜਨਤਾ ਪਾਰਟੀ’ ਦਾ ਗਠਨ ਕਰ ਦਿੱਤਾ। ਇਸ ਸੰਕੇਤਕ ਪਾਰਟੀ ਦਾ ਮਕਸਦ ਸੱਤਾ ਤੋਂ ਜਵਾਬਦੇਹੀ ਮੰਗਣਾ ਹੈ, ਜਿਵੇਂ ਕਿ ਦੇਸ਼ ਦਾ ਪੈਸਾ ਕਿੱਥੇ ਖ਼ਰਚ ਹੋ ਰਿਹਾ ਹੈ? ਕਿਸੇ ਵੀ ਸੇਵਾਮੁਕਤ ਜੱਜ ਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ, ਸੰਸਦ ਵਿੱਚ ਔਰਤਾਂ ਲਈ 33 ਫ਼ੀਸਦੀ ਦੀ ਬਜਾਏ 50 ਫ਼ੀਸਦੀ ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਵੋਟਾਂ ਦੀ ਨਿਰਪੱਖ ਗਿਣਤੀ ਯਕੀਨੀ ਬਣਾਈ ਜਾਵੇ। ਅਜਿਹਾ ਨਾ ਹੋਣ ’ਤੇ ਚੋਣ ਕਮਿਸ਼ਨ ਵਿਰੁੱਧ ਠੋਸ ਕਦਮ ਚੁੱਕੇ ਜਾਣ ਅਤੇ ਮੀਡੀਆ ਨੂੰ ਪੂਰੀ ਤਰ੍ਹਾਂ ਸੁਤੰਤਰ ਰੱਖਿਆ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਆਗੂ ਪਾਰਟੀ ਬਦਲਦਾ ਹੈ ਤਾਂ ਉਸ ਉੱਤੇ 20 ਸਾਲ ਤੱਕ ਚੋਣ ਲੜਨ ’ਤੇ ਪਾਬੰਦੀ ਹੋਣੀ ਚਾਹੀਦੀ ਹੈ। ਇਹ ਸਭ ਦਰਸਾਉਂਦਾ ਹੈ ਕਿ ਜੇਕਰ ਦੇਸ਼ ਦਾ ਨੌਜਵਾਨ ਵਰਗ ਜਾਗਰੂਕ ਹੋ ਜਾਵੇ ਤਾਂ ਸਿਆਸਤ ਸਹੀ ਦਿਸ਼ਾ ਵਿੱਚ ਚੱਲ ਸਕਦੀ ਹੈ।
ਰੌਬਿਨਦੀਪ ਕੌਰ
ਸਫ਼ਾਈ ਕਾਮਿਆਂ ਦਾ ਸੰਘਰਸ਼
ਲੇਖ ‘ਸਫ਼ਾਈ ਕਰਮਚਾਰੀਆਂ ਦਾ ਸੰਘਰਸ਼’ ਦਰਅਸਲ ਸਫ਼ਾਈ ਕਰਮਚਾਰੀਆਂ ਦੇ ਜੀਵਨ ਦੀ ਦਰਦ ਭਰੀ ਕਹਾਣੀ ਪੇਸ਼ ਕਰਦਾ ਹੈ। ਆਪਣੀਆਂ ਹੱਕੀ ਮੰਗਾਂ ਲਈ ਸਫ਼ਾਈ ਕਰਮਚਾਰੀਆਂ ਵੱਲੋਂ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਸਾਡੇ ਸਿਸਟਮ ਦੇ ਮੂੰਹ ’ਤੇ ਇੱਕ ਚਪੇੜ ਹੈ। ਆਜ਼ਾਦੀ ਦੇ 79 ਸਾਲ ਬੀਤਣ ਤੋਂ ਬਾਅਦ ਵੀ ਜੇਕਰ ਇੱਕ ਸਫ਼ਾਈ ਕਰਮੀ ਨੂੰ ਉਸ ਦਾ ਪਰਿਵਾਰ ਪਾਲਣ ਜਿੰਨੀ ਵੀ ਤਨਖਾਹ ਨਹੀਂ ਮਿਲਦੀ ਤਾਂ ਉਹ ਤਾਂ ਅੱਜ ਵੀ ਗੁਲਾਮ ਹੀ ਹੈ, ਜੋ ਸਦੀਆਂ ਤੋਂ ਸਮਾਜਿਕ ਤੇ ਆਰਥਿਕ ਨਾਬਰਾਬਰੀ ਦੀ ਪੀੜਾ ਹੰਢਾ ਰਿਹਾ ਹੈ। ਜੇਕਰ ਇਨ੍ਹਾਂ ਸਫ਼ਾਈ ਕਰਮੀਆਂ ਦੀ ਆਵਾਜ਼ ਸਰਕਾਰਾਂ ਨੇ ਨਾ ਸੁਣੀ ਤਾਂ ਗੰਦਗੀ ਤੋਂ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਕਾਰਨ ਆਮ ਲੋਕਾਂ ਦੀ ਆਵਾਜ਼ ਜ਼ਰੂਰ ਖਾਮੋਸ਼ ਹੋਣ ਲੱਗ ਜਾਵੇਗੀ।
ਸੁਖਵਿੰਦਰ ਸਿੰਘ ਅਟਵਾਲ, ਪਿੰਡ ਬਾਠਾਂ, ਅਮਰਗੜ੍ਹ
ਕੀ ਪੰਜਾਬ ਆਪਣੀ ਪਛਾਣ ਗੁਆ ਰਿਹੈ?
ਪੰਜਾਬ ਨੂੰ ਕਦੇ ਖੁਸ਼ਹਾਲੀ ਅਤੇ ਹਰਿਆਲੀ ਲਈ ਜਾਣਿਆ ਜਾਂਦਾ ਸੀ, ਪਰ ਅੱਜ ਦਿਲ ’ਚ ਇੱਕ ਸਵਾਲ ਉੱਠਦਾ ਹੈ ਕਿ ਕੀ ਪੰਜਾਬ ਆਪਣੀ ਅਸਲੀ ਪਛਾਣ ਗੁਆ ਰਿਹਾ ਹੈ? ਇੱਕ ਪਾਸੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਦੂਜੇ ਪਾਸੇ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ। ਕਿਸਾਨ, ਜੋ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ, ਕਰਜ਼ਿਆਂ ਅਤੇ ਘੱਟ ਆਮਦਨ ਕਾਰਨ ਪ੍ਰੇਸ਼ਾਨ ਹਨ। ਪਾਣੀ ਦਾ ਪੱਧਰ ਘਟ ਰਿਹਾ ਹੈ ਅਤੇ ਖੇਤਾਂ ਦੀ ਹਰਿਆਲੀ ਮੁੱਕਦੀ ਜਾ ਰਹੀ ਹੈ। ਲੋਕ ਹੁਣ ਆਪਸੀ ਪਿਆਰ ਅਤੇ ਏਕਤਾ ਤੋਂ ਵੀ ਦੂਰ ਜਾ ਰਹੇ ਹਨ। ਅਜੇ ਵੀ ਉਮੀਦ ਬਾਕੀ ਹੈ। ਪੰਜਾਬ ਦੀ ਮਿੱਟੀ ਵਿੱਚ ਅੱਜ ਵੀ ਉਹ ਤਾਕਤ ਹੈ ਜੋ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦੀ ਹੈ। ਇਕੱਠੇ ਹੋ ਕੇ ਸਹੀ ਦਿਸ਼ਾ ਵਿੱਚ ਕਦਮ ਚੁੱਕਣ ਦੀ ਲੋੜ ਹੈ।
ਅਰਸ਼ਪ੍ਰੀਤ ਕੌਰ, ਜਲੰਧਰ ਸ਼ਹਿਰ
ਸਮਾਜ ਸੋਚ ਬਦਲੇ
18 ਮਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਧੀਆਂ ਨਾਲ ਧ੍ਰੋਹ ਕਿਉਂ’ ਪੜ੍ਹੀ, ਜਿਸ ਵਿੱਚ ਲਿੰਗ ਅਨੁਪਾਤ ਘਟਣ ਬਾਰੇ ਚਿੰਤਾ ਜਤਾਈ ਹੈ। ਸੂਬੇ ਵਿੱਚ ਲੜਕੀਆਂ ਦੀ ਗਿਣਤੀ ਘੱਟ ਹੋਣ ਲਈ ਸਾਡਾ ਮਰਦ ਪ੍ਰਧਾਨ ਸਮਾਜ ਜ਼ਿੰਮੇਵਾਰ ਹੈ। ਜਾਇਦਾਦ ਦੇ ਵਾਰਿਸ ਦੀ ਖਾਹਿਸ਼, ਲੜਕੀ ਦੇ ਸਹੁਰੇ ਲਾਲਚੀ, ਮੁੰਡਾ ਨਸ਼ੇੜੀ ਮਿਲ ਜਾਵੇ ਜਾਂ ਕੁੜੀ ਭੱਜ ਕੇ ਵਿਆਹ ਕਰਵਾ ਲਵੇ ਤਾਂ ਮਾਂ-ਪਿਉ ਨੂੰ ਸਮਾਜ ਜਿਊਣ ਨਹੀਂ ਦਿੰਦਾ। ਜਦੋਂ ਸਮਾਜ ਦੀ ਸੋਚ ਬਦਲੇਗੀ ਅਤੇ ਜਬਰ-ਜਨਾਹ ਵਰਗਾ ਅਪਰਾਧ ਕਰਨ ਵਾਲੇ ਪੁਰਸ਼ਾਂ ਨੂੰ ਖ਼ੁਦ ਉਨ੍ਹਾਂ ਦੇ ਪਰਿਵਾਰ ਪੁਲੀਸ ਦੇ ਹਵਾਲੇ ਕਰਨਗੇ ਤਾਂ ਹੀ ਮਾਹੌਲ ਬਦਲ ਸਕੇਗਾ। ਇਸ ਕਰਕੇ ਸਮਾਜ ਦੇ ਲੋਕਾਂ ਨੂੰ ਇਸ ਪ੍ਰਤੀ ਸੰਜੀਦਗੀ ਨਾਲ ਵਿਚਾਰ ਕਰਕੇ ਇਸ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ
(2)
18 ਮਈ ਦੇ ਅੰਕ ’ਚ ਦੋਵੇਂ ਹੀ ਸੰਪਾਦਕੀਆਂ ‘ਧੀਆਂ ਨਾਲ ਧ੍ਰੋਹ ਕਿਉਂ’ ਅਤੇ ਕੈਪਟਾਗਨ ਖ਼ਤਰੇ ਦੀ ਘੰਟੀ’ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਮਸਲਿਆਂ ਨੂੰ ਉਜਾਗਰ ਕਰਦੇ ਹਨ। ਸੰਪਾਦਕੀ ‘ਧੀਆਂ ਨਾਲ ਧ੍ਰੋਹ ਕਿਉਂ’ ਵਿੱਚ ਜਿੱਥੇ ਬਾਲੜੀਆਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ, ਉੱਥੇ ਸਮਾਜ ਦਾ ਧੀਆਂ ਪ੍ਰਤੀ ਪੁਰਾਣਾ ਨਜ਼ਰੀਆ ਬਦਲਿਆ ਹੈ। ਲੜਕੀਆਂ ਹੁਣ ਕਮਾਉਣ ਲੱਗੀਆਂ ਹਨ ਅਤੇ ਮਾਣਮੱਤੇ ਅਹੁਦਿਆਂ ਤੇ ਬਿਰਾਜਮਾਨ ਹਨ, ਪਰ ਹਾਲੇ ਵੀ ਪੁੱਤਰ ਮੋਹ ਕਿਤੇ ਨਾ ਕਿਤੇ ਉਨ੍ਹਾਂ ਨੂੰ ਪਿੱਛੇ ਧੱਕ ਰਿਹਾ ਹੈ। ਦੂਜੀ ਸੰਪਾਦਕੀ ਵਿੱਚ ਚੁੱਕਿਆ ਗਿਆ ਮੁੱਦਾ ਬੇਹੱਦ ਸੰਵੇਦਨਸ਼ੀਲ ਹੈ। ਦੇਸੀ ਨਸ਼ਿਆਂ ਦੀ ਥਾਂ ਕੌਮਾਂਤਰੀ ਰਸਾਇਣਕ ਨਸ਼ਿਆਂ ਦੀ ਬਰਾਮਦਗੀ ਜਿੱਥੇ ਸਾਡੀਆਂ ਖੁਫ਼ੀਆ ਏਜੰਸੀਆਂ ਦੀ ਸਫ਼ਲਤਾ ਹੈ, ਉੱਥੇ ਹੀ ਸੰਪਾਦਕੀ ਵਿੱਚ ਸੁਝਾਏ ਹੱਲ ਵੀ ਸ਼ਲਾਘਾਯੋਗ ਹਨ।
ਚਮਕੌਰ ਸਿੰਘ ਬਾਘੇਵਾਲੀਆ, ਬਾਘਾ ਪੁਰਾਣਾ
ਪੰਜਾਬੀ ਬੋਲੀ ਦਾ ਅਹਿਦ
17 ਮਈ ਦੇ ‘ਸੋਚ ਸੰਗਤ’ ਕਾਲਮ ਹੇਠ ਪਾਲੀ ਭੁਪਿੰਦਰ ਸਿੰਘ ਦੀ ਰਚਨਾ ‘ਗੁਆਚੀ ਪੰਜਾਬੀ ਤੇ ਵਿਆਕਰਣ ਦੀ ਭਾਲ’ ਨੇ ਪਾਠਕਾਂ ਨੂੰ ਸੋਚੀਂ ਪਾ ਦਿੱਤਾ ਹੈ। ਲੇਖਕ ਨੇ ਜੋਗਾ ਸਿੰਘ (ਡਾ.) ਦੀ ਈ-ਬੁੱਕ ‘ਆਓ ਵਿਆਕਰਣ ਲੱਭੀਏ’ ਦਾ ਹਵਾਲਾ ਦਿੰਦਿਆਂ ਪੰਜਾਬੀ ਭਾਸ਼ਾ ਵਿੱਚ ਲਗਾਤਾਰ ਨਿਘਾਰ ਦੀ ਗੱਲ ਕੀਤੀ ਹੈ। ਲੇਖ ਵਿੱਚ ਬਹੁਤ ਹੀ ਮੁਸ਼ਕਿਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਪੋਥੀ ਸ਼ਬਦ, ਮਤਬਲ ਆਦਿ ਸ਼ਬਦਾਂ ਦੀ ਵਰਤੋਂ ਅਟਪਟਾ ਜਿਹਾ ਲੱਗਦਾ ਹੈ। ਇਸ ਪੋਥੀ ਵਿੱਚ ਅੱਗੇ ਪੰਜ ਪੋਥੀਆਂ (ਭਾਗ) ਹੋਰ ਹਨ। ਪੰਜਵੀਂ ਪੋਥੀ ਪੰਜਾਬੀ ਭਾਸ਼ਾ ਦੇ ਚੋਵੇ ਤੱਕ ਭਾਵ ਮੱਧਕਾਲ ਤਕ ਪਹੁੰਚ ਕਰਦੀ ਹੈ। ਭਾਸ਼ਾ ਨੂੰ ਪ੍ਰਫੁੱਲਿਤ ਹੋਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨ। ਇਸ ਕਾਰਜ ਲਈ ‘ਭਾਖਾ’ ਲੈਣ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਪੋਥੀ ਮੁਤਾਬਿਕ ਧੁਨੀਆਂ ਤੋਂ ਰੂਪਗ੍ਰਾਮ ਬਣਦੇ ਹਨ ਅਤੇ ਸਹਿਜ ਰੂਪਗ੍ਰਾਮ ਤੋਂ ਬੋਲ ਹੋਂਦ ਵਿੱਚ ਆਉਂਦੇ ਹਨ। ਇਸੇ ਅੰਕ ’ਚ ‘ਦਸਤਕ’ ਪੰਨੇ ’ਤੇ ਬਾਬਾ ਨਜ਼ਮੀ ਨੇ ਪੰਜਾਬੀ ਮਾਂ-ਬੋਲੀ ਦੇ ਸੰਤ ਸਿਪਾਹੀ ਸੁਰਜੀਤ ਪਾਤਰ ਨੂੰ ਉਨ੍ਹਾਂ ਦੀ ਬਰਸੀ ’ਤੇ ਫੋਨ ਰਾਹੀਂ ਬੜੀ ਸ਼ਿੱਦਤ ਨਾਲ ਯਾਦ ਕੀਤਾ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਮਹਿਲਾਂ ਦਾ ਸਿਰਜਣਹਾਰ
15 ਮਈ ਦੇ ਅੰਕ ਵਿੱਚ ਜਤਿੰਦਰ ਭੁੱਚੋ ਦਾ ਲੇਖ ‘ਮਹਿਲਾਂ ਦੇ ਸਿਰਜਣਹਾਰ ਖ਼ੁਦ ਬੇਘਰ ਕਿਉਂ?’ ਸਮਾਜਿਕ ਨਾ-ਬਰਾਬਰੀ ਤੇ ਕਿਰਤੀ ਵਰਗ ਦੀ ਤ੍ਰਾਸਦੀ ਨੂੰ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਦਾ ਹੈ। ਰਾਤ ਭਰ ਮਿਹਨਤ-ਮਜ਼ਦੂਰੀ ਕਰਕੇ ਅੱਖਾਂ ਵਿੱਚ ਪਈ ‘ਸੱਲ’ ਦੀ ਪੀੜ ਸਹਿਣਾ ਅਤੇ ਫਿਰ ਅਗਲੇ ਦਿਨ ਕਾਲਜ ਦੀ ਪੜ੍ਹਾਈ ਜਾਰੀ ਰੱਖਣੀ, ਅਜੋਕੇ ਦੌਰ ਦੇ ਨੌਜਵਾਨਾਂ ਲਈ ਇੱਕ ਵੱਡੀ ਪ੍ਰੇਰਨਾ ਹੈ। ਬੜੀ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਦੂਜਿਆਂ ਲਈ ਸੁਪਨਿਆਂ ਦੇ ਘਰ ਉਸਾਰਨ ਵਾਲਾ ਮਿਸਤਰੀ ਜਾਂ ਮਜ਼ਦੂਰ ਅਕਸਰ ਖ਼ੁਦ ਇੱਕ ਪੱਕੀ ਛੱਤ ਲਈ ਉਮਰ ਭਰ ਜੱਦੋ-ਜਹਿਦ ਕਰਦਾ ਰਹਿੰਦਾ ਹੈ।
ਨਰਿੰਦਰ ਸਿੰਘ ਗਦਰਾਣਾ, ਪਿੰਢ ਗਦਰਾਣਾ
ਨੀਟ ਰਾਜਾਂ ਦੇ ਹਵਾਲੇ ਕਰੋ
ਇਹ ਪਹਿਲੀ ਵਾਰ ਨਹੀਂ ਹੈ ਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਪ੍ਰੀਖਿਆਵਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਨੀਟ ਦਾ ਪ੍ਰਸ਼ਨ ਪੱਤਰ ਲੀਕ ਹੋਇਆ ਹੈ। ਇਸ ਸਥਿਤੀ ਨੇ ਲੱਖਾਂ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਦਾ ਭਰੋਸਾ ਵੀ ਤੋੜਿਆ ਹੈ। ਵਾਰ ਵਾਰ ਪੇਪਰ ਲੀਕ ਹੋਣ ਕਾਰਨ ਨੈਸ਼ਨਲ ਟੈਸਟਿੰਗ ਏਜੰਸੀ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਰਾਜਾਂ ਨੂੰ ਆਪਣੇ ਮੈਡੀਕਲ ਦਾਖਲਾ ਟੈਸਟ ਕਰਵਾਉਣ ਲਈ ਖ਼ੁਦਮੁਖ਼ਤਿਆਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਦੇਸ਼ ਭਰ ਵਿੱਚ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਬਹਾਲ ਕਰਨ ਅਤੇ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ
(2)
ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 8 ਮਈ ਨੂੰ ਲਈ ਗਈ ਕੌਮੀ ਮੈਡੀਕਲ ਪ੍ਰੀਖਿਆ ਵਿੱਚ ਹੋਈ ਧੋਖੇਧੜੀ ਕਾਰਨ ਪ੍ਰੀਖਿਆ ਰੱਦ ਕਰ ਕੇ ਡੇਢ ਮਹੀਨਾ ਲੇਟ ਕਰਨਾ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਬਹੁਤ ਦੁਖਦਾਈ ਖ਼ਬਰ ਹੈ। ਇਸ ਸਬੰਧੀ ਗੁਨਾਹਗਾਰ ਅਧਿਕਾਰੀਆਂ ਨੂੰ ਸਿਰਫ਼ ਮੁਅੱਤਲ ਕਰਨ ਦੀ ਬਜਾਇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਇਸ ਸਾਲ ਇਹ ਦੁਰਘਟਨਾ ਨਾ ਵਾਪਰਦੀ ਜੇਕਰ 2024 ਵਿੱਚ ਅਜਿਹੀ ਸਾਜ਼ਿਸ਼ ਕਰਨ ਵਾਲੇ ਜੇਲ੍ਹ ’ਚ ਬੈਠੇ ਹੁੰਦੇ। ਲੋਕਾਂ ਨੂੰ ਵੀ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਨੀ ਚਾਹੀਦੀ ਹੈ। ਅਯੋਗ ਨੌਜਵਾਨਾਂ ਨੂੰ ਡਾਕਟਰ ਬਣਨ ਦੇਣਾ ਅਤੇ ਯੋਗ ਨੌਜਵਾਨਾਂ ਨੂੰ ਡਾਕਟਰ ਬਣਨ ਤੋਂ ਰੋਕਣਾ ਦੇਸ਼ ਲਈ ਖਤਰਨਾਕ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

