DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪਾਠਕਾਂ ਦੇ ਖ਼ਤ

ਸਾਹਿਤ ਦਾ ਉਦੇਸ਼ 7 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਨਵਦੀਪ ਸਿੰਘ ਝੁਨੀਰ ਦਾ ਮਿਡਲ ‘ਛਲਕਦੀਆਂ ਅੱਖਾਂ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਸਾਹਿਤ ਦਾ ਉਦੇਸ਼ ਮਹਿਜ਼ ਮਨੋਰੰਜਨ ਨਹੀਂ ਸਗੋਂ ਮਨੁੱਖਤਾ ਦੀ ਹੋਂਦ ਨੂੰ ਬਣਾਈ ਰੱਖਣਾ ਵੀ ਹੈ। ਮਿਡਲ ਵਿੱਚ ਇੱਕ...

  • fb
  • twitter
  • whatsapp
  • whatsapp
Advertisement

ਸਾਹਿਤ ਦਾ ਉਦੇਸ਼

7 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਨਵਦੀਪ ਸਿੰਘ ਝੁਨੀਰ ਦਾ ਮਿਡਲ ‘ਛਲਕਦੀਆਂ ਅੱਖਾਂ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਸਾਹਿਤ ਦਾ ਉਦੇਸ਼ ਮਹਿਜ਼ ਮਨੋਰੰਜਨ ਨਹੀਂ ਸਗੋਂ ਮਨੁੱਖਤਾ ਦੀ ਹੋਂਦ ਨੂੰ ਬਣਾਈ ਰੱਖਣਾ ਵੀ ਹੈ। ਮਿਡਲ ਵਿੱਚ ਇੱਕ ਵਿਦਿਆਰਥਣ ਦਾ ਕਹਾਣੀ ਦੇ ਪਾਤਰ ਲਈ ਭਾਵੁਕ ਹੋਣਾ ਨੈਤਿਕ ਮੁੱਲਾਂ ਦੇ ਬਣੇ ਰਹਿਣ ਦੀ ਨਿਸ਼ਾਨੀ ਹੈ। ਮਨੋਭਾਵਾਂ ਨੂੰ ਸੰਵਾਰਨ ਵਿੱਚ ਸਾਹਿਤ ਦਾ ਵੱਡਾ ਮਹੱਤਵ ਹੁੰਦਾ ਹੈ, ਜਿਸ ਦੀ ਥਾਂ ਹੋਰ ਕੁਝ ਵੀ ਨਹੀਂ ਲੈ ਸਕਦਾ। ਸਮਾਜ ਨੂੰ ਜਾਣਨ ਲਈ ਉਸ ਸਮਾਜ ਨਾਲ ਜੁੜੇ ਸਾਹਿਤ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਅਜੋਕੇ ਸਮੇਂ ਵਿੱਚ ਵੀ ਅਜਿਹੇ ਬਹੁਤ ਵਿਦਿਆਰਥੀ ਹਨ, ਜੋ ਸਾਹਿਤ ਨਾਲ ਮਹਿਜ਼ ਸਿਲੇਬਸ ਪੂਰਾ ਕਰਨ ਲਈ ਨਹੀਂ ਸਗੋਂ ਚੰਗਾ ਇਨਸਾਨ ਬਣਨ ਲਈ ਵੀ ਜੁੜਦੇ ਹਨ।

ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

Advertisement

(2)

ਨਵਦੀਪ ਸਿੰਘ ਝੁਨੀਰ ਦਾ ਲੇਖ ‘ਛਲਕਦੀਆਂ ਅੱਖਾਂ’ ਪੜ੍ਹਿਆ ਅਤੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਹੋਣ ਨਾਤੇ ਇਹ ਰਚਨਾ ਮੇਰੇ ਦਿਲ ਨੂੰ ਛੂਹ ਗਈ। ਲੇਖਕ ਨੇ ਜਮਾਤ ਦੇ ਜਿਸ ਮਾਹੌਲ ਅਤੇ ਵਿਦਿਆਰਥਣ ਦੀ ਸੰਵੇਦਨਸ਼ੀਲਤਾ ਦਾ ਵਰਣਨ ਕੀਤਾ ਹੈ, ਉਹ ਬੇਹੱਦ ਸੰਜੀਦਾ ਅਤੇ ਮਿਸਾਲੀ ਹੈ। ਅਜੀਤ ਕੌਰ ਦੀ ਕਹਾਣੀ ‘ਇੱਕ ਪੈਰ ਘੱਟ ਤੁਰਨਾ’ ਤੋਂ ਇਲਾਵਾ ਸੁਜਾਨ ਸਿੰਘ ਦੀ ਕਹਾਣੀ ‘ਮੋਤੀ’, ਕੋਮਲ ਸਿੰਘ ਦੀ ਕਹਾਣੀ ‘ਗੱਗੂ’ ਅਤੇ ਹਰਭਜਨ ਸਿੰਘ ਹੁੰਦਲ ਦੀ ਕਵਿਤਾ ‘ਗੁਲਾਬ ਦੀ ਫ਼ਸਲ’ ਪੜ੍ਹਾਉਂਦਿਆਂ ਅਕਸਰ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਅਜਿਹੀ ਹੀ ਭਾਵੁਕ ਅਵਸਥਾ ਵਿੱਚੋਂ ਗੁਜ਼ਰਦੇ ਹਨ। ਇਹ ਲੇਖ ਸਾਬਿਤ ਕਰਦਾ ਹੈ ਕਿ ਸਾਹਿਤ ਪੜ੍ਹਨ ਵਾਲੇ ਬੱਚਿਆਂ ਦੇ ਕੋਮਲ ਮਨਾਂ ਅੰਦਰ ਦੂਜਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਣ ਦੀ ਵੱਡੀ ਸਮਰੱਥਾ ਹੁੰਦੀ ਹੈ।

Advertisement

ਵੀਰਪਾਲ ਕੌਰ, ਇਬਰਾਹਿਮਪੁਰ (ਹੁਸ਼ਿਆਰਪੁਰ)

ਭਾਰਤ-ਪਾਕਿਸਤਾਨ ਵਪਾਰ

ਭਾਰਤ ਅਤੇ ਪਾਕਿਸਤਾਨ ਦਾ ਇਤਿਹਾਸ ਦੁਖਦਾਈ ਰਿਹਾ ਹੈ, ਪਰ ਇਸ ਇਤਿਹਾਸ ਦਾ ਅਸਰ ਵਪਾਰ, ਸੰਪਰਕ ਅਤੇ ਮਨੁੱਖੀ ਰਿਸ਼ਤਿਆਂ ’ਤੇ ਨਹੀਂ ਪੈਣ ਦੇਣਾ ਚਾਹੀਦਾ। ਵਿਡੰਬਨਾ ਇਹ ਹੈ ਕਿ ਅਫ਼ਗ਼ਾਨਿਸਤਾਨ ਅਤੇ ਭਾਰਤ ਵਿਚਕਾਰ ਵਪਾਰ ਹਜ਼ਾਰਾਂ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਗੁਜਰਾਤ ਸਮੇਤ ਪੱਛਮੀ ਸਮੁੰਦਰੀ ਰਸਤਿਆਂ ਰਾਹੀਂ ਤਾਂ ਹੋ ਰਿਹਾ ਹੈ, ਜਦੋਂਕਿ ਭੂਗੋਲਿਕ ਤੌਰ ’ਤੇ ਸਭ ਤੋਂ ਨੇੜਲਾ ਥਲ ਮਾਰਗ ਪੰਜਾਬ ਅੱਜ ਵੀ ਕੱਟਿਆ ਹੋਇਆ ਹੈ। ਅਟਾਰੀ ਕਦੇ ਅਫ਼ਗ਼ਾਨ ਫ਼ਲਾਂ, ਸੁੱਕੇ ਮੇਵਿਆਂ ਅਤੇ ਹੋਰ ਵਸਤਾਂ ਦੇ ਵਪਾਰ ਦਾ ਸਥਾਪਿਤ ਮਾਰਗ ਸੀ। ਸਿਆਸੀ ਰਿਸ਼ਤਿਆਂ ’ਚ ਕੁੜੱਤਣ ਆਉਣ ਦੀ ਕੀਮਤ ਦੋਵਾਂ ਪਾਸਿਆਂ ਦੇ ਪੰਜਾਬੀਆਂ ਦੀ ਰੋਜ਼ੀ-ਰੋਟੀ ਅਤੇ ਆਪਸੀ ਸੰਪਰਕ ਨੂੰ ਕਿਉਂ ਚੁਕਾਉਣੀ ਪਵੇ? ਪੰਜਾਬ ਰਾਹੀਂ ਸਰਹੱਦ ਪਾਰ ਵਪਾਰ ਨੂੰ ਪੜਾਅਵਾਰ ਮੁੜ ਖੋਲ੍ਹਿਆ ਜਾਣਾ ਚਾਹੀਦਾ ਹੈ। ਪੂਰੀ ਜਾਂਚ, ਡਿਜੀਟਲ ਦਸਤਾਵੇਜ਼ੀਕਰਨ, ਖ਼ੁਫੀਆ ਜਾਣਕਾਰੀ ਆਧਾਰਿਤ ਨਿਗਰਾਨੀ ਅਤੇ ਮਾਲ ਦੀ ਪੂਰੀ ਆਵਾਜਾਈ ਦਾ ਪਤਾ ਲਗਾਉਣ ਦੀ ਵਿਵਸਥਾ ਯਕੀਨੀ ਬਣਾਈ ਜਾਵੇ। ਭਾਰਤ ਅਤੇ ਪਾਕਿਸਤਾਨ ਨੂੰ ਵਪਾਰ ਰਾਹੀਂ ਆਪਣੇ ਹਿੱਤ ਸਾਧਣੇ ਸਿੱਖਣੇ ਪੈਣਗੇ।

ਬ੍ਰਿਜ ਭੂਸ਼ਣ ਗੋਇਲ, ਲੁਧਿਆਣਾ

ਅਧਿਆਪਕ ਦਾ ਰੁਤਬਾ

5 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਮਨਪ੍ਰੀਤ ਸਿੰਘ ਦਾ ਲੇਖ ‘ਤਕਨੀਕੀ ਯੁੱਗ ਅਤੇ ਅਧਿਆਪਕ ਦਾ ਰੁਤਬਾ’ ਪੜ੍ਹਿਆ। ਅਧਿਆਪਕ ਦਿਵਸ ਸਿਰਫ਼ ਅਧਿਆਪਕਾਂ ਤੱਕ ਹੀ ਸੀਮਿਤ ਨਹੀਂ ਰੱਖਣਾ ਚਾਹੀਦਾ ਕਿਉਂਕਿ ਹਰ ਮਨੁੱਖ ਕੋਈ ਨਾ ਕੋਈ ਕੰਮ ਧੰਦਾ ਜ਼ਰੂਰ ਕਰਦਾ ਹੈ। ਅਸਲ ਵਿੱਚ ਹਰ ਕਿੱਤੇ ਵਿੱਚ ਹੀ ਨਵੀਂ ਪੀੜ੍ਹੀ ਨੂੰ ਹੁਨਰ ਸਿਖਾਉਣ ਦਾ ਕੰਮ ਜੋ ਲੋਕ ਕਰਦੇ ਹਨ, ਉਹ ਅਧਿਆਪਕ ਹੀ ਹੁੰਦੇ ਹਨ। ਇਹ ਕੰਮ ਹਰ ਕੋਈ ਨਹੀਂ ਕਰ ਸਕਦਾ, ਸਿਰਫ਼ ਉਹ ਲੋਕ ਹੀ ਕਰਦੇ ਹਨ ਜਿਨ੍ਹਾਂ ਕੋਲ ਹੋਰਨਾਂ ਨੂੰ ਸਮਝਾਉਣ ਦੀ ਇੱਛਾ ਅਤੇ ਕਲਾ ਹੁੰਦੀ ਹੈ। ਅਜਿਹੀ ਬਿਰਤੀ ਵਾਲੇ ਲੋਕ ਹੀ ਆਪਣੇ ਕਿੱਤੇ ਦਾ ਆਨੰਦ ਮਾਣ ਸਕਦੇ ਹਨ। ਕੁਝ ਨਵਾਂ ਸਿੱਖਣ ਲਈ ਜਨੂੰਨੀ ਅਤੇ ਹਾਸਲ ਕੀਤੇ ਗਿਆਨ ਤੇ ਤਜਰਬੇ ਨੂੰ ਹੋਰਾਂ ਨਾਲ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲਾ ਹੀ ਅਸਲੀ ਅਧਿਆਪਕ ਹੋ ਸਕਦਾ ਹੈ।

ਪ੍ਰੋ. ਨਵਜੋਤ ਸਿੰਘ, ਪਟਿਆਲਾ

(2)

ਮਨਪ੍ਰੀਤ ਸਿੰਘ ਦਾ ਲੇਖ ‘ਤਕਨੀਕੀ ਯੁੱਗ ਅਤੇ ਅਧਿਆਪਕ ਦਾ ਰੁਤਬਾ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਜਦੋਂਕਿ ਅਧਿਆਪਕ ਉਸ ਦੀ ਸ਼ਖ਼ਸੀਅਤ ਤਰਾਸ਼ ਕੇ ਉਸ ਦੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ। ਮੌਜੂਦਾ ਸਮੇਂ ’ਚ ਭਾਵੇਂ ਨਵੀਆਂ ਤਕਨੀਕਾਂ ਨੇ ਗਿਆਨ ਦੇ ਮਾਧਿਆਮਾਂ ਨੂੰ ਬੇਹੱਦ ਵਿਸ਼ਾਲ ਕਰ ਦਿੱਤਾ ਹੈ ਪਰ ਕਿਸੇ ਵੀ ਦੇਸ਼ ਦੀ ਤਰੱਕੀ, ਖੁਸ਼ਹਾਲੀ ਤੇ ਸੱਭਿਆਚਾਰ ਦੀ ਨੀਂਹ ਉੱਥੋਂ ਦੇ ਅਧਿਆਪਕਾਂ ਵੱਲੋਂ ਬਾਲ ਮਨਾਂ ਵਿੱਚ ਰੱਖੀ ਜਾਂਦੀ ਹੈ। ਅਧਿਆਪਕ ਪੜ੍ਹਾਉਣ ਦੇ ਨਾਲ-ਨਾਲ ਬੱਚਿਆਂ ਨੂੰ ਜੀਵਨ ਜਿਊਣ ਦੀ ਜਾਚ ਵੀ ਸਿਖਾਉਂਦੇ ਹਨ। ਮੌਜੂਦਾ ਸਮੇਂ ’ਚ ਅਧਿਆਪਕ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਕਈ ਗੁਣਾ ਵਧ ਗਈ ਹੈ। ਅੱਜ ਉਸ ਦਾ ਫ਼ਰਜ਼ ਮਹਿਜ ਪਾਠਕ੍ਰਮ ਪੂਰਾ ਕਰਨਾ ਨਹੀਂ ਸਗੋਂ ਬੱਚੇ ਨੂੰ ਬਦਲਦੇ ਸਮਾਜ ਅਤੇ ਹਰ ਤਰ੍ਹਾਂ ਦੇ ਹਾਲਾਤ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰਨਾ ਵੀ ਹੈ। ਵਿਦਿਆਰਥੀਆਂ ’ਚ ਤਰਕਸ਼ੀਲ ਸੋਚ, ਸਿਰਜਣਾਤਮਿਕਤਾ, ਅਨੁਸ਼ਾਸਨ, ਸਹਿਣਸ਼ੀਲਤਾ, ਇਮਾਨਦਾਰੀ, ਮਿਹਨਤ ਤੇ ਮਨੁੱਖਤਾ ਦੀ ਕਦਰ ਵਰਗੇ ਗੁਣ ਪੈਦਾ ਕਰਨੇ ਵੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।

ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

(3)

5 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਮਨਪ੍ਰੀਤ ਸਿੰਘ, ਪ੍ਰਿੰ. ਨਵਲੀਨ ਕੌਰ ਅਤੇ ਡਾ. ਕੁਲਦੀਪ ਸਿੰਘ ਤਿੰਨਾਂ ਦੇ ਲੇਖ ਅਧਿਆਪਕ ਦਿਵਸ ਉੱਤੇ ਅਧਿਆਪਕਾਂ ਨੂੰ ਸੰਪੂਰਨ ਸਤਿਕਾਰ ਦੇਣ ਵਾਲੇ ਹਨ। ਕਦੇ ਸਮਾਂ ਸੀ ਜਦੋਂ ਸਿਰਫ਼ ਅਧਿਆਪਕ ਹੀ ਗਿਆਨ ਦਾ ਵੱਡਾ ਸਰੋਤ ਸਨ। ਅੱਜ ਤਕਨੀਕੀ ਯੁੱਗ ਵਿੱਚ ਗਿਆਨ ਦੇ ਅਨੇਕਾਂ ਸਾਧਨ ਬਣ ਗਏ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਧਿਆਪਕ ਦੀ ਲੋੜ ਘਟ ਗਈ ਹੈ। ਹੁਣ ਤਾਂ ਸਗੋਂ ਅਧਿਆਪਕ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਤਕਨੀਕੀ ਸਾਧਨਾਂ ਤੋਂ ਪ੍ਰਾਪਤ ਗਿਆਨ ਸਹੀ-ਗ਼ਲਤ, ਸੱਚ-ਝੂਠ ਕੁਝ ਵੀ ਹੋ ਸਕਦਾ ਹੈ, ਇਸ ਦੀ ਪੁਣਛਾਣ ਸਿਰਫ਼ ਅਧਿਆਪਕ ਹੀ ਕਰ ਸਕਦਾ ਹੈ। ਇਸ ਲਈ ਅਧਿਆਪਕ ਬੇਲੋੜਾ ਨਹੀਂ ਹੋਇਆ ਸਗੋਂ ਹੋਰ ਮੁੱਲਵਾਨ ਹੋ ਗਿਆ ਹੈ। ਜਾਣਕਾਰੀ ਤੇ ਗਿਆਨ ਵਿੱਚ ਅੰਤਰ ਅਧਿਆਪਕ ਹੀ ਸਮਝਾ ਸਕਦਾ ਹੈ। ਗਿਆਨ ਦੀ ਚਿਣਗ ਤੇ ਚੇਟਕ ਵੀ ਅਧਿਆਪਕ ਹੀ ਲਗਾ ਸਕਦਾ ਹੈ।

ਡਾ. ਤਰਲੋਚਨ ਕੌਰ, ਪਟਿਆਲਾ

ਕੂੜੇ ਦੇ ਢੇਰ

3 ਸਤੰਬਰ ਦੇ ਅੰਕ ਵਿੱਚ ਪਟਿਆਲਾ ਦੇ ‘ਪੌਸ਼’ ਇਲਾਕਿਆਂ ਵਿੱਚ ਕੂੜੇ ਦੇ ਢੇਰਾਂ ਦੀ ਖ਼ਬਰ ਬੇਹੱਦ ਚਿੰਤਾਜਨਕ ਸੀ। ਪਿਛਲੇ ਦਸ ਕੁ ਸਾਲਾਂ ਤੋਂ ਸ਼ਹਿਰ ਦੇ ਕੁਝ ਹੋਰ ਸਥਾਨਾਂ ’ਤੇ ਵੀ ਅਜਿਹੇ ਦ੍ਰਿਸ਼ ਆਮ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਪਿੱਛੇ ਮੂਲ ਕਾਰਨਾਂ ਵਿੱਚੋਂ ਇੱਕ ਸਾਡੇ ਚੰਗੇ ਨਾਗਰਿਕ ਹੋਣ ਦੇ ਬੋਧ ਵਿੱਚ ਕਮੀ ਦਾ ਹੋਣਾ ਵੀ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਆਸੇ-ਪਾਸੇ ਰੁੱਖਾਂ-ਝਾੜੀਆਂ ਦੀ ਰਹਿੰਦ-ਖੂੰਹਦ ਨੂੰ ਕੂੜਾ ਸਮਝ ਕੇ ਉਸ ਵਿੱਚ ਹੀ ਪੌਲੀਥੀਨ, ਪਲਾਸਟਿਕ ਤੇ ਖਾਣ-ਪੀਣ ਦੀਆਂ ਵਸਤਾਂ ਸੁੱਟ ਦਿੱਤੀਆਂ ਜਾਂਦੀਆਂ ਹਨ। ਥਾਵਾਂ ਨੂੰ ਪੱਕਾ ਕਰਨ ਨਾਲ ਇਹ ਗੰਦਗੀ ਹੋਰ ਵਧ ਰਹੀ ਹੈ। ਕੱਚੀ ਥਾਂ ਧੂੜ, ਸੁੱਕੇ ਪੱਤੇ-ਟਾਹਣੀਆਂ ਆਦਿ ਨੂੰ ਆਪਣੇ ਵਿੱਚ ਸਮਾ ਲੈਣ ਦੀ ਸਮਰੱਥਾ ਰੱਖਦੀ ਹੈ, ਪਰ ਹੁਣ ਸੜਕਾਂ ਦੇ ਆਲੇ-ਦੁਆਲੇ ਕੱਚੀ ਥਾਂ ਘਟਦੀ ਜਾ ਰਹੀ ਹੈ। ‘ਮੇਰਾ ਪਟਿਆਲਾ ਮੈਂ ਹੀ ਸੁਆਰਾਂ’ ਚੰਗਾ ਉਪਰਾਲਾ ਹੈ, ਪਰ ਸ਼ਹਿਰ ਵਿੱਚ ਥਾਂ-ਥਾਂ ਗੰਦਗੀ ਤੇ ਬਦਬੂ ਦੇ ਇਸ ਮਾੜੇ ਹਾਲਾਤ ਲਈ ਨਿਗਰਾਨੀ ਦੀ ਕਮੀ ਕਾਰਨ ਸਬੰਧਿਤ ਅਧਿਕਾਰਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ ਬਣਦਾ ਹੈ।

ਸ਼ੋਭਨਾ ਵਿਜ, ਪਟਿਆਲਾ

ਅਧਿਕਾਰੀਆਂ ਦੀ ਲਾਪ੍ਰਵਾਹੀ

4 ਸਤੰਬਰ ਦੇ ਅੰਕ ’ਚ ਨਿਆਂਗਾਓਂ ਦੀ ਸਫ਼ੇਦਾ ਕਲੋਨੀ ਵਿੱਚ ਪਾਣੀ ਦੇ ਇੱਕ ਪੂਲ ਨੇੜੇ ਬਿਜਲੀ ਵਾਲੇ ਖੰਭੇ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਇਕ ਵਿਅਕਤੀ ਨੂੰ ਕਰੰਟ ਲੱਗਿਆ। ਇਸ ਤੋਂ ਪਹਿਲਾਂ 28 ਜੁਲਾਈ ਨੂੰ ਪੰਜਾਬ ’ਵਰਸਿਟੀ ਦੇ ਸਾਊਥ ਕੈਂਪਸ ਵਿੱਚ 27 ਸਾਲਾ ਪੀਐੱਚ ਡੀ ਸਕਾਲਰ ਨੂੰ ਕਰੰਟ ਲੱਗਿਆ ਅਤੇ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਬਹੁਤੀ ਵਾਰ ਅਧਿਕਾਰੀ ਮੰਦਭਾਗੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਹਰਕਤ ਵਿੱਚ ਆਉਂਦੇ ਅਤੇ ਜਾਂਚ ਕਰਦੇ ਹਨ। ਲੋੜ ਹੈ ਕਿ ਸਬੰਧਿਤ ਵਿਅਕਤੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਸ ’ਤੇ ਅਪਰਾਧਿਕ ਲਾਪ੍ਰਵਾਹੀ ਲਈ ਮੁਕੱਦਮਾ ਚਲਾਇਆ ਜਾਵੇ।

ਐੱਸ ਕੇ ਖੋਸਲਾ, ਚੰਡੀਗੜ੍ਹ

Advertisement
×