Letter to the Editor: ਪਾਠਕਾਂ ਦੇ ਖ਼ਤ
ਗ਼ਰੀਬੀ ਅੱਗੇ ਸੁਪਨੇ ਢੇਰੀ ਪਹਿਲੀ ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਫ਼ੀਸ ਅੱਗੇ ਢੇਰੀ ਹੋਏ ਸੁਪਨੇ’ ਪੜ੍ਹ ਕੇ ਮਨ ਬਹੁਤ ਪ੍ਰੇਸ਼ਾਨ ਹੋਇਆ। ਪੰਜ ਹੋਣਹਾਰ ਬੱਚੇ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਪਰ ਗ਼ਰੀਬੀ ਉਨ੍ਹਾਂ ਦੀਆਂ ਆਸਾਂ...
ਗ਼ਰੀਬੀ ਅੱਗੇ ਸੁਪਨੇ ਢੇਰੀ
ਪਹਿਲੀ ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਫ਼ੀਸ ਅੱਗੇ ਢੇਰੀ ਹੋਏ ਸੁਪਨੇ’ ਪੜ੍ਹ ਕੇ ਮਨ ਬਹੁਤ ਪ੍ਰੇਸ਼ਾਨ ਹੋਇਆ। ਪੰਜ ਹੋਣਹਾਰ ਬੱਚੇ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਨੀਟ ਦੀ ਪ੍ਰੀਖਿਆ ਪਾਸ ਕੀਤੀ ਪਰ ਗ਼ਰੀਬੀ ਉਨ੍ਹਾਂ ਦੀਆਂ ਆਸਾਂ ’ਤੇ ਬਿਜਲੀ ਬਣ ਕੇ ਡਿੱਗੀ। ਘਰ ਦੇ ਹਾਲਾਤ ਇੰਨੇ ਸਾਜ਼ਗਾਰ ਨਹੀਂ ਸਨ ਕਿ ਮਾਪੇ ਡਾਕਟਰੀ ਦੀ ਪੜ੍ਹਾਈ ਲਈ ਉਨ੍ਹਾਂ ਦੀ ਫ਼ੀਸ ਭਰ ਸਕਣ। ਇਹ ਪੰਜ ਬੱਚੇ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀ ਹਨ। ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਜਿਹੜੇ ਮਾਪੇ ਬੱਚਿਆਂ ਦੀਆਂ ਫ਼ੀਸਾਂ ਨਹੀਂ ਭਰ ਸਕਦੇ, ਉਨ੍ਹਾਂ ਦੀ ਬਾਂਹ ਫੜੇ। ਉਨ੍ਹਾਂ ਦੀ ਯੋਗਤਾ ਨੂੰ ਗਾਰੰਟੀ ਮੰਨ ਕੇ ਸਰਕਾਰੀ ਬੈਂਕਾਂ ਤੋਂ ਕਰਜ਼ੇ ਮਨਜ਼ੂਰ ਕਰਵਾਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਯੋਗ ਸਿੱਖ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਮਦਦ ਕਰਨੀ ਚਾਹੀਦੀ ਹੈ। ਦਾਨੀ ਸੱਜਣ ਇਨ੍ਹਾਂ ਗ਼ਰੀਬ, ਨਿਤਾਣੇ ਅਤੇ ਮਜਬੂਰ ਬੱਚਿਆਂ ਦੀ ਬਾਂਹ ਫੜਨ।
ਬਲਰਾਜ ਸਿੰਘ ਬਰਾੜ, ਦਿਉਣ ਖੇੜਾ (ਸ੍ਰੀ ਮੁਕਤਸਰ ਸਾਹਿਬ)
ਦਾਜ ਵਿਰੁੱਧ ਜੰਗ
29 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਦਾਜ ਵਿਰੁੱਧ ਜੰਗ’ ਪੜ੍ਹੀ। ਦਾਜ ਦੀ ਸਮੱਸਿਆ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਦਾਜ ਦੀ ਲਾਹਨਤ ਕਾਰਨ ਕਈ ਸੱਜ-ਵਿਆਹੀਆਂ ਮੁਟਿਆਰਾਂ ਖ਼ੁਦਕੁਸ਼ੀ ਕਰ ਚੁੱਕੀਆਂ ਹਨ ਅਤੇ ਕਈਆਂ ਨੂੰ ਸਹੁਰਿਆਂ ਵੱਲੋਂ ਜ਼ਿੰਦਾ ਸਾੜ ਦਿੱਤਾ ਗਿਆ। ਕਈ ਬੇਕਸੂਰ ਮੁਟਿਆਰਾਂ ਜ਼ਹਿਰ ਦੇ ਕੇ ਮਾਰ ਦਿੱਤੀਆਂ ਗਈਆਂ। ਸੰਪਾਦਕੀ ’ਚ ਦੇਸ਼ ਦੀਆਂ ਅਦਾਲਤਾਂ ਦੀ ਢਿੱਲੀ ਕਾਰਵਾਈ ਬਾਰੇ ਜ਼ਿਕਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ‘ਰਾਜ ਬਨਾਮ ਅਜਮਲ ਬੇਗ’ ਕੇਸ ਦੇ ਫ਼ੈਸਲੇ ਨੂੰ 24 ਸਾਲ ਲੱਗ ਗਏ। ਅਜਿਹੇ ਕੇਸ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਵੀ ਕਰਦੇ ਹਨ। ਚਾਹੀਦਾ ਤਾਂ ਇਹ ਹੈ ਕਿ ਡਿਜੀਟਲ ਕੋਰਟ ਮੈਨੇਜਮੈਂਟ ਸਿਸਟਮ ਦੀ ਵਰਤੋਂ ਕੀਤੀ ਜਾਵੇ। ਅਜਿਹੇ ਕੇਸਾਂ ਵਿੱਚ ਨਿਰਪੱਖ ਪੜਤਾਲ ਕਰਨੀ ਵੀ ਜ਼ਰੂਰੀ ਹੈ। ਕਈ ਵਾਰ ਬੇਕਸੂਰ ਲੋਕਾਂ ਉੱਤੇ ਵੀ ਦਾਜ ਦੇ ਝੂਠੇ ਕੇਸ ਦਰਜ ਕਰਵਾ ਦਿੱਤੇ ਜਾਂਦੇ ਹਨ। ਝੂਠੇ ਕੇਸ ਦਰਜ ਕਰਵਾਉਣ ਵਾਲਿਆਂ ਵਿਰੁੱਧ ਸਖ਼ਤ ਸਜ਼ਾ ਦਾ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਜੋ ਦਾਜ ਦੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ।
ਬਲਬੀਰ ਸਿੰਘ ਦਿਲਦਾਰ, ਪਟਿਆਲਾ
ਵਿੱਤੀ ਸਮੱਸਿਆ
29 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ‘ਪੰਜਾਬ ਦੇ ਵਿੱਤੀ ਪੁਨਰ-ਨਿਰਮਾਣ ਦੀ ਲੋੜ’ ਪੰਜਾਬ ਦੀ ਵਿੱਤੀ ਹਾਲਤ ਬਾਰੇ ਗੰਭੀਰ ਚਰਚਾ ਪੇਸ਼ ਕਰਦਾ ਹੈ। ਅੰਕੜਿਆਂ ਅਤੇ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ਵਿੱਤੀ ਸਮੱਸਿਆ ਸਿਰਫ਼ ਵਧਦੇ ਕਰਜ਼ੇ ਤੱਕ ਸੀਮਿਤ ਨਹੀਂ ਸਗੋਂ ਆਮਦਨ ਅਤੇ ਖਰਚੇ ਦੇ ਲਗਾਤਾਰ ਅਸੰਤੁਲਨ ਨਾਲ ਜੁੜੀ ਹੋਈ ਹੈ। ਸਰਕਾਰ ਨੂੰ ਇਸ ਮੁੱਦੇ ਨੂੰ ਤੁਰੰਤ ਗੰਭੀਰਤਾ ਨਾਲ ਲੈਂਦਿਆਂ ਇੱਕ ਲੰਮੇ ਸਮੇਂ ਦੀ ਵਿੱਤੀ ਪੁਨਰ-ਨਿਰਮਾਣ ਨੀਤੀ ਤਿਆਰ ਕਰਨੀ ਚਾਹੀਦੀ ਹੈ। ਗ਼ੈਰ-ਜ਼ਰੂਰੀ ਖਰਚਿਆਂ ਵਿੱਚ ਕਟੌਤੀ, ਸਬਸਿਡੀਆਂ ਨੂੰ ਯੋਗ ਲਾਭਪਾਤਰੀਆਂ ਤੱਕ ਸੀਮਿਤ ਕਰਨਾ, ਟੈਕਸ ਵਸੂਲੀ ਅਤੇ ਟੈਕਸ ਅਦਾਇਗੀ ਵਿੱਚ ਸੁਧਾਰ, ਸਰਕਾਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਵਧਾਉਣਾ ਅਤੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੀ ਇਸ ਦੇ ਮੁੱਖ ਹਿੱਸੇ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਕਰਜ਼ੇ ਦੀ ਵਰਤੋਂ ਖ਼ਪਤ ਦੀ ਬਜਾਏ ਉਤਪਾਦਕ ਪੂੰਜੀ ਨਿਵੇਸ਼ ਲਈ ਕੀਤੀ ਜਾਵੇ। ਪੰਜਾਬ ਨੂੰ ਰਾਜਨੀਤਕ ਤੌਰ ’ਤੇ ਮੁਸ਼ਕਿਲ ਪਰ ਆਰਥਿਕ ਤੌਰ ’ਤੇ ਜ਼ਰੂਰੀ ਫ਼ੈਸਲੇ ਲੈਣੇ ਹੀ ਪੈਣਗੇ।
ਡਾ. ਮਨੀ ਸ਼ਰਮਾ, ਚਮਕੌਰ ਸਾਹਿਬ
ਦੁਖਦਾਈ ਖ਼ਬਰ
29 ਅਗਸਤ ਦੇ ਅੰਕ ’ਚ ‘ਤਿੰਨ ਭੈਣਾਂ ਦੇ ਭਰਾ ਦੀ ਸੜਕ ਹਾਦਸੇ ’ਚ ਮੌਤ’ ਹੋਣ ਦੀ ਖ਼ਬਰ ਸੀ। ਹਰੇਕ ਸਾਲ ਸੜਕ ਹਾਦਸਿਆਂ ’ਚ ਹੋ ਰਹੀਆਂ 2 ਲੱਖ ਮੌਤਾਂ ਵਿੱਚੋਂ 90 ਹਜ਼ਾਰ ਮੌਤਾਂ ਬਾਈਕ ਸਵਾਰਾਂ ਦੀਆਂ ਹੁੰਦੀਆਂ ਹਨ। ਬਾਈਕ ਚਾਲਕਾਂ ਨੂੰ ਕਾਰਾਂ, ਬੱਸਾਂ ਆਦਿ ਵੱਡੇ ਵਾਹਨਾਂ ਤੋਂ ਫ਼ਾਸਲਾ ਬਣਾ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਮਾਮੂਲੀ ਜਿਹੀ ਫੇਟ ਵੱਜਣ ਨਾਲ ਜਾਨੀ-ਮਾਲੀ ਨੁਕਸਾਨ ਦੋਪਹੀਆ ਵਾਹਨ ਸਵਾਰਾਂ ਦਾ ਹੋਣਾ ਲਾਜ਼ਮੀ ਹੈ। ਆਪਣੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਬਾਈਕ ਚਾਲਕਾਂ ਨੂੰ ਖ਼ੁਦ ਆਪਣੇ ਵਾਹਨ ਦੀ ਸਪੀਡ ਵੀ ਘੱਟ ਰੱਖਣ ਦੀ ਬਹੁਤ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਸੱਚ ਦੀ ਪਛਾਣ
27 ਅਗਸਤ ਦੇ ਅੰਕ ਵਿੱਚ ਇੰਜ. ਸੰਜੀਵ ਪਰਾਸ਼ਰ ਦਾ ਲੇਖ ‘ਪਲੈਟੋ ਦੀ ਗੁਫ਼ਾ ਤੋਂ ਡਿਜੀਟਲ ਯੁੱਗ ਤੱਕ’ ਪਲੈਟੋ ਦੇ ਸਮੇਂ ਅਤੇ ਮੌਜੂਦਾ ਸਮੇਂ ਵਿੱਚ ਅਗਿਆਨਤਾ ਦੀ ਸਮਾਨਤਾ ਨੂੰ ਦਰਸਾਉਂਦਾ ਹੈ। ਉਸ ਵੇਲੇ ਸੱਚ ਦੀ ਪਛਾਣ ਅਨਪੜ੍ਹਤਾ ਕਾਰਨ ਔਖੀ ਸੀ, ਪਰ ਹੁਣ ਸਥਿਤੀ ਉਸ ਤੋਂ ਵੀ ਜ਼ਿਆਦਾ ਗੰਭੀਰ ਜਾਪਦੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ 95 ਫ਼ੀਸਦੀ ਗ਼ਲਤ ਪ੍ਰਚਾਰ ਕਰ ਰਿਹਾ ਹੈ। ਪਹਿਲਾਂ ਅਨਪੜ੍ਹਤਾ ਕਾਰਨ ਲੋਕਾਂ ’ਚ ਜਾਗਰੂਕਤਾ ਦੀ ਘਾਟ ਸੀ ਤੇ ਹੁਣ ਸਹੀ ਜਾਣਕਾਰੀ ਦੀ ਘਾਟ ਹੈ। ਫੋਨ ਦੀ ਸਕਰੀਨ ’ਤੇ 90 ਫ਼ੀਸਦੀ ਪਰਛਾਵੇਂ ਦਿਖਾਏ ਜਾਂਦੇ ਹਨ, ਜੋ ਅਸਲੀਅਤ ਤੋਂ ਕੋਹਾਂ ਦੂਰ ਹਨ। ਇਸ ਬਿਮਾਰੀ ਤੋਂ ਬੱਚੇ ਵੀ ਨਹੀਂ ਬਚ ਸਕੇ। ਇਸ ਕਾਰਨ ਹੁਣ ਲੋਕ ਮਾਨਸਿਕ ਤੌਰ ’ਤੇ ਬਿਮਾਰ ਹੋ ਰਹੇ ਹਨ। ਬੱਚਿਆਂ ਦੇ ਬੌਧਿਕ ਵਿਕਾਸ ਵਿੱਚ ਇੱਕ ਵੱਡੀ ਖੜੋਤ ਪੈਦਾ ਹੋ ਚੁੱਕੀ ਹੈ। ਜੇਕਰ ਅੱਜ ਅਫ਼ਲਾਤੂਨ ਆ ਜਾਵੇ ਤਾਂ ਮੌਜੂਦਾ ਬੌਧਿਕ ਗਿਆਨ ਨੂੰ ਇਕੱਲਤਾ ਦਾ ਸਰੋਤ ਕਹੇਗਾ। ਇਕੱਲਤਾ ਮਨੁੱਖ ਨੂੰ ਖਾ ਰਹੀ ਹੈ। ਹੁਣ ਲੋੜ ਹੈ ਪਹਿਲਾਂ ਵਾਲੇ ਸਾਂਝੇ ਪਰਿਵਾਰਾਂ ਦੀ ਤਾਂ ਜੋ ਨਰੋਆ ਸਮਾਜ ਉਸਰ ਸਕੇ।
ਸੁਰਿੰਦਰ ਪਾਲ, ਨਿਊ ਚੰਡੀਗੜ੍ਹ
ਆਪਣਾ ਖ਼ੂਨ
18 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਅਮਰਿੰਦਰ ਸਿੰਘ ਮਾਨ ਦਾ ਮਿਡਲ ‘ਆਪਣਾ ਖ਼ੂਨ’ ਪੜ੍ਹ ਕੇ ਮਨ ਝੰਜੋੜਿਆ ਗਿਆ। ਇਹ ਅੱਜ ਦੇ ਸਮਾਜ ਵਿੱਚ ਬਦਲ ਰਹੇ ਰਿਸ਼ਤਿਆਂ ਦੀ ਇੱਕ ਕੌੜੀ ਹਕੀਕਤ ਹੈ। ਜਿਸ ਔਰਤ ਨੇ ਆਪਣੇ ਦਿਓਰ ਅਤੇ ਫਿਰ ਆਪਣੇ ਭਤੀਜੇ ਨੂੰ ਆਪਣਾ ਸਮਝ ਕੇ ਪਿਆਰ ਤੇ ਸਤਿਕਾਰ ਦਿੱਤਾ, ਉਸੇ ਆਪਣੇ ਖ਼ੂਨ ਵੱਲੋਂ ਧੋਖਾ ਮਿਲਣਾ ਮਨ ਨੂੰ ਬਹੁਤ ਦੁਖੀ ਕਰਦਾ ਹੈ। ਇਸ ਲੇਖ ਰਾਹੀਂ ਸਾਹਮਣੇ ਲਿਆਂਦੀ ਗਈ ਕੁਝ ਲੋਕਾਂ ਦੇ ਰਿਸ਼ਤਿਆਂ ਵਿੱਚ ਪੈਸੇ ਅਤੇ ਜ਼ਮੀਨ ਦੀ ਲਾਲਸਾ ਬਹੁਤ ਕੌੜੀ ਹਕੀਕਤ ਦਾ ਅਹਿਸਾਸ ਕਰਵਾਉਂਦੀ ਹੈ। ਇਸ ਲੇਖ ਨੂੰ ਮਾਲਵਾ, ਮਾਝਾ ਜਾਂ ਦੁਆਬਾ ਦੇ ਫ਼ਰਕ ਤੱਕ ਸੀਮਿਤ ਕਰਕੇ ਨਹੀਂ ਦੇਖਣਾ ਚਾਹੀਦਾ ਸਗੋਂ ਇਹ ਤਾਂ ਸਾਡੇ ਸਮੁੱਚੇ ਸਮਾਜ ਦੇ ਉਸ ਬਦਲਦੇ ਚਿਹਰੇ ਵੱਲ ਇਸ਼ਾਰਾ ਕਰਦਾ ਹੈ, ਜਿੱਥੇ ਕਈ ਵਾਰ ਰਿਸ਼ਤਿਆਂ ਨਾਲੋਂ ਪੈਸੇ ਅਤੇ ਜ਼ਮੀਨ ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਅਸੀਂ ਜਿਸ ਨੂੰ ਆਪਣਾ ਖ਼ੂਨ ਕਹਿੰਦੇ ਹਾਂ, ਜੇ ਓਹੀ ਆਪਣਾ ਨਾ ਨਿਕਲੇ ਤਾਂ ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ? ਇਹ ਲੇਖ ਸਾਨੂੰ ਭਾਵੁਕ ਹੀ ਨਹੀਂ ਕਰਦਾ ਸਗੋਂ ਆਪਣੇ ਰਿਸ਼ਤਿਆਂ ਅਤੇ ਸਮਾਜ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਵੀ ਕਰਦਾ ਹੈ।
ਮਹਾਂਵੀਰ ਸਿੰਘ ਸੰਧੂ, ਬਠਿੰਡਾ
ਮਹਿੰਗਾਈ ਲਈ ਜ਼ਿੰਮੇਵਾਰ ਕੌਣ?
ਚੀਨੀ ਦੀ ਕੀਮਤ ਇੱਕ ਮਹੀਨੇ ਵਿੱਚ ਲਗਪਗ 40 ਪ੍ਰਤੀਸ਼ਤ ਵਧ ਗਈ ਹੈ। ਜੁਲਾਈ ਦੇ ਅੱਧ ਵਿੱਚ ਇਹ 45-48 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਅਗਸਤ ਦੇ ਅਖ਼ੀਰ ਤੱਕ ਵਧ ਕੇ 65 ਰੁਪਏ ਹੋ ਗਈ ਤਾਂ ਇਹ ਰਸੋਈ ਦਾ ਸੰਕਟ ਬਣ ਗਿਆ। ਭਾਰਤ ਨੇ 2025 ਤੱਕ ਪੈਟਰੋਲ ਵਿੱਚ ਆਪਣੇ 20 ਪ੍ਰਤੀਸ਼ਤ ਈਥਾਨੌਲ-ਬਲੈਂਡਿੰਗ ਟੀਚੇ ਨੂੰ ਪੂਰਾ ਕਰ ਲਿਆ ਹੈ। ਇਹ ਸਵਾਲ ਪੁੱਛਣਾ ਤਾਂ ਜਾਇਜ਼ ਹੈ ਕਿ ਕੀ ਗੰਨੇ ਨੂੰ ਬਾਲਣ ਟੈਂਕਾਂ ਵੱਲ ਮੋੜਨ ਨਾਲ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ? ਕੇਂਦਰ ਅਤੇ ਰਾਜ ਸਰਕਾਰਾਂ ਨੇ ਐਲਾਨ ਕੀਤਾ ਹੈ ਕਿ ਖੰਡ ਅਤੇ ਪਿਆਜ਼ ਦਾ ਕਾਫ਼ੀ ਸਟਾਕ ਹੈ। ਇਨ੍ਹਾਂ ਖ਼ਪਤਕਾਰੀ ਵਸਤੂਆਂ ਦਾ ਬਫ਼ਰ ਸਟਾਕ ਹੋਣ ਦੇ ਬਾਵਜੂਦ ਚੰਡੀਗੜ੍ਹ ਵਿੱਚ ਪਿਆਜ਼ 60-65 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਵੇਚਿਆ ਜਾ ਰਿਹਾ ਹੈ। ਫਿਰ ਕਥਿਤ ਕਾਲਾਬਾਜ਼ਾਰੀ ਪਿੱਛੇ ਕੌਣ ਹੈ?
ਐੱਸ ਕੇ ਖੋਸਲਾ, ਚੰਡੀਗੜ੍ਹ
ਬਾਬਾ ਗੁਰਦਿੱਤ ਸਿੰਘ
25 ਅਗਸਤ ਦੇ ‘ਵਿਰਾਸਤ’ ਪੰਨੇ ’ਤੇ ਕੁਲਦੀਪ ਸਿੰਘ ਸਾਹਿਲ ਦੇ ਲੇਖ ‘ਕੌਮਾਗਾਟਾਮਾਰੂ ਜਹਾਜ਼ ਦਾ ਨਾਇਕ ਬਾਬਾ ਗੁਰਦਿੱਤ ਸਿੰਘ’ ਵਿੱਚ 20ਵੀਂ ਸਦੀ ਵਿੱਚ ਉਸ ਸਮੇਂ ਦੇ ਜੁਝਾਰੂਆਂ ਨੇ ਇੱਕ ਸਦੀ ਤੋਂ ਵੱਧ ਸਮਾਂ ਪਹਿਲਾਂ ਬਰਤਾਨਵੀ ਅਤੇ ਕੈਨੇਡਾ ਸਰਕਾਰ ਦੇ ਨਸਲੀ ਕਾਨੂੰਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਕਿਉਂਕਿ ਸਰਕਾਰਾਂ ਨਸਲੀ ਅਤੇ ਅੱਤਿਆਚਾਰੀ ਹੋ ਕੇ ਕੰਮ ਕਰਦੀਆਂ ਹਨ। ਲਗਪਗ ਇੱਕ ਸਦੀ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਦੁਖਾਂਤ ਲਈ ਸੰਸਦ ਵਿੱਚ ਅਧਿਕਾਰਤ ਤੌਰ ’ਤੇ ਮੁਆਫ਼ੀ ਮੰਗੀ। ਬਾਬਾ ਗੁਰਦਿੱਤ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਸੰਸਾਰ ਵਿੱਚ ਆਮ ਲੋਕਾਂ ਦੇ ਮਾਰਗ ਦਰਸ਼ਕ ਬਣਦੇ ਹਨ। ਬਾਬਾ ਗੁਰਦਿੱਤ ਸਿੰਘ ਅਤੇ ਲੋਕਾਂ ਦੁਆਰਾ ਦਿੱਤੀਆਂ ਗਈਆਂ ਸ਼ਹੀਦੀਆਂ ਹਮੇਸ਼ਾ ਹੀ ਸੰਸਾਰ ਵਿੱਚ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ। ਨਸਲੀ ਜ਼ੁਲਮ ਕਰਨ ਵਾਲਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਹੀ ਲਾਹਨਤਾਂ ਪਾਉਂਦੀਆਂ ਰਹਿਣਗੀਆਂ।
ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

