Letter to the Editor: ਪਾਠਕਾਂ ਦੇ ਖ਼ਤ
ਵਿੱਤੀ ਸੰਕਟ 28 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ‘ਪੰਜਾਬ ਦੇ ਵਿੱਤੀ ਪੁਨਰ-ਨਿਰਮਾਣ ਦੀ ਲੋੜ’ ਸੂਬੇ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਦਾ ਖੋਜਪੂਰਨ ਅਤੇ ਯਥਾਰਥਵਾਦੀ ਵਿਸ਼ਲੇਸ਼ਣ ਕਰਦਾ ਹੈ। ਇਸ ਵਿੱਚ ਅੰਕੜਿਆਂ ਨਾਲ ਸਪੱਸ਼ਟ ਕੀਤਾ ਗਿਆ...
ਵਿੱਤੀ ਸੰਕਟ
28 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਰਾਜੀਵ ਖੋਸਲਾ ਦਾ ਲੇਖ ‘ਪੰਜਾਬ ਦੇ ਵਿੱਤੀ ਪੁਨਰ-ਨਿਰਮਾਣ ਦੀ ਲੋੜ’ ਸੂਬੇ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਦਾ ਖੋਜਪੂਰਨ ਅਤੇ ਯਥਾਰਥਵਾਦੀ ਵਿਸ਼ਲੇਸ਼ਣ ਕਰਦਾ ਹੈ। ਇਸ ਵਿੱਚ ਅੰਕੜਿਆਂ ਨਾਲ ਸਪੱਸ਼ਟ ਕੀਤਾ ਗਿਆ ਹੈ ਕਿ ਕਿਵੇਂ ਵਧਦੇ ਵਿਆਜ, ਮੁਫ਼ਤ ਸਹੂਲਤਾਂ ਅਤੇ ਪ੍ਰਬੰਧਕੀ ਖਰਚਿਆਂ ਨੇ ਪੰਜਾਬ ਦੇ ਉਤਪਾਦਕ ਪੂੰਜੀ ਨਿਵੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਰਜ਼ਾ ਲੈ ਕੇ ਰੋਜ਼ਾਨਾ ਦੇ ਖਰਚੇ ਪੂਰੇ ਕਰਨ ਦਾ ਇਹ ਚੱਕਰਵਿਊਹ ਰਾਜ ਦੇ ਭਵਿੱਖ ਲਈ ਘਾਤਕ ਹੈ। ਸੂਬੇ ਦੀ ਆਰਥਿਕਤਾ ਨੂੰ ਪਟੜੀ ’ਤੇ ਲਿਆਉਣ ਲਈ ਸਿਆਸੀ ਧਿਰਾਂ ਨੂੰ ਮੁਫ਼ਤ ਸਹੂਲਤਾਂ ਨਾਲ ਜੁੜੇ ਖਰਚਿਆਂ ਦੇ ਨਾਲ-ਨਾਲ ਲੰਮੇ ਸਮੇਂ ਦੀ ਵਿੱਤੀ ਸਥਿਰਤਾ, ਮਜ਼ਬੂਤ ਟੈਕਸ ਢਾਂਚੇ ਅਤੇ ਨਵੇਂ ਉਦਯੋਗਿਕ ਨਿਵੇਸ਼ ’ਤੇ ਵੀ ਧਿਆਨ ਦੇਣਾ ਪਵੇਗਾ। ਸਿਰਫ਼ ਸਖ਼ਤ ਆਰਥਿਕ ਸੁਧਾਰ ਹੀ ਪੰਜਾਬ ਨੂੰ ਇਸ ਵਿੱਤੀ ਸੰਕਟ ’ਚੋਂ ਬਾਹਰ ਕੱਢ ਸਕਦੇ ਹਨ।
ਡਾ. ਮਧੁਰ ਓਝਾ, ਚੰਡੀਗੜ੍ਹ
ਹਿਮਾਲਿਆਈ ਆਫ਼ਤ
ਨੇਪਾਲ ’ਚ ਆਏ ਹੜ੍ਹ ਬਾਰੇ ਸੰਪਾਦਕੀ ‘ਹਿਮਾਲਿਆਈ ਆਫ਼ਤ’ ਪੜ੍ਹਿਆ। ਹਿਮਾਲਿਆਈ ਨਦੀਆਂ ਦੇ ਹੜ੍ਹ ਭਾਵੇਂ ਮੈਦਾਨੀ ਹੜ੍ਹਾਂ ਦੇ ਮੁਕਾਬਲੇ ਬਹੁਤ ਥੋੜ੍ਹੇ ਸਮੇਂ ਲਈ ਹੀ ਆਉਂਦੇ ਹਨ ਪਰ ਲੱਖਾਂ ਟਨ ਪਾਣੀ, ਮਲਬਾ ਅਤੇ ਚੱਟਾਨਾਂ ਕਰਕੇ ਇਹ ਆਪਣੇ ਰਾਹ ਵਿੱਚ ਪੈਂਦੀਆਂ ਬਸਤੀਆਂ, ਪਣ-ਬਿਜਲੀ ਪ੍ਰਾਜੈਕਟਾਂ ਅਤੇ ਬੁਨਿਆਦੀ ਢਾਂਚੇ ਨੂੰ ਤਹਿਸ-ਨਹਿਸ ਕਰਦੇ ਜਾਂਦੇ ਹਨ। ਅੱਜ ਸੈਟੇਲਾਈਟ ਤਕਨਾਲੋਜੀ ਦੇ ਯੁੱਗ ਵਿੱਚ ਜਿੱਥੇ ਧਰਤੀ ਦੇ ਕਿਸੇ ਵੀ ਹਿੱਸੇ ਦੀ ਦਿਨ-ਰਾਤ ਨਿਗਰਾਨੀ ਸੰਭਵ ਹੈ, ਬਾਵਜੂਦ ਇਸ ਦੇ ਹਾਲੇ ਤੱਕ ਨੇਪਾਲ ਵਿੱਚ ਆਏ ਇਸ ਹੜ੍ਹ ਦੇ ਕਾਰਨਾਂ ਬਾਰੇ ਕਿਆਸ ਹੀ ਲਗਾਏ ਜਾ ਰਹੇ ਹਨ। ਭਾਰਤੀ ਹਿਮਾਲਿਆ ਵਿੱਚ ਸੈਂਕੜੇ ਗਲੇਸ਼ੀਅਰ ਝੀਲਾਂ ਅਤੇ ਹਜ਼ਾਰਾਂ ਗਲੇਸ਼ੀਅਰ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹੀ ਰਿਮੋਟ ਸੈਂਸਿੰਗ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ। ਗਲੇਸ਼ੀਅਰ ਦੀ ਸਥਿਤੀ ਦੇ ਸਹੀ ਮੁਲਾਂਕਣ ਲਈ ਗਰਾਊਂਡ ਰਿਪੋਰਟ ਦੀ ਜ਼ਰੂਰਤ ਹੁੰਦੀ ਹੈ, ਜੋ ਇਨ੍ਹਾਂ ਇਲਾਕਿਆਂ ਵਿੱਚ ਪੂਰੇ ਸਾਲ ਦੌਰਾਨ ਸਿਰਫ਼ ਤਿੰਨ-ਚਾਰ ਮਹੀਨੇ ਹੀ ਸੰਭਵ ਹੁੰਦੀ ਹੈ। ਸੈਟੇਲਾਈਟ ਨਿਗਰਾਨੀ ਹੋਣ ਦੇ ਬਾਵਜੂਦ ਗਲੇਸ਼ੀਅਰ ਦੇ ਢਹਿਣ ਦੀ ਸਹੀ ਭਵਿੱਖਬਾਣੀ ਕਰਨਾ ਬਹੁਤ ਮੁਸ਼ਕਿਲ ਰਹਿੰਦਾ ਹੈ। ਸਰਕਾਰਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਸਖ਼ਤ ਨਿਰਮਾਣ ਕੋਡ ਲਾਗੂ ਕਰਨਾ ਚਾਹੀਦਾ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ
(2)
ਨੇਪਾਲ ਦੇ ਰਸੂਵਾ ਵਿੱਚ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ। ਨੇਪਾਲ ਤਬਾਹੀ ’ਚ ਮੌਤਾਂ ਦੀ ਗਿਣਤੀ 788 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਵੱਡੀ ਗਿਣਤੀ ਲੋਕ ਹਾਲੇ ਵੀ ਲਾਪਤਾ ਹਨ। ਦਰਿਆ ਕੰਢੇ ਵਸੀਆਂ ਬਸਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਇੱਕ ਦਰਜਨ ਪਣ-ਬਿਜਲੀ ਪ੍ਰੋਜੈਕਟ ਪ੍ਰਭਾਵਿਤ ਹੋਏ। ਇਸ ਤਬਾਹੀ ਨਾਲ ਰਸੂਵਾ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਕੁਦਰਤ ਸਾਨੂੰ ਜਲ, ਜ਼ਮੀਨ, ਜੰਗਲ ਤੇ ਸਾਫ਼-ਸੁਥਰੀ ਹਵਾ ਦਿੰਦੀ ਹੈ। ਜੰਗਲਾਂ ਦੀ ਕਟਾਈ, ਪਹਾੜਾਂ ਨੂੰ ਕੱਟ ਕੇ ਵੱਡੀਆਂ ਇਮਾਰਤਾਂ ਉਸਾਰਨਾ, ਨਦੀਆਂ ਨਾਲਿਆਂ ਦਾ ਰਾਹ ਡੱਕਣਾ ਅਤੇ ਗ਼ੈਰ-ਯੋਜਨਾਬੱਧ ਉਸਾਰੀਆਂ ਦੇ ਨਤੀਜੇ ਵਜੋਂ ਹੜ੍ਹ ਵਰਗੀਆਂ ਵਿਨਾਸ਼ਕਾਰੀ ਤ੍ਰਾਸਦੀਆਂ ਪੈਦਾ ਹੁੰਦੀਆਂ ਹਨ। ਵਿਕਾਸ ਜ਼ਰੂਰੀ ਹੈ, ਪਰ ਕੁਦਰਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸੰਜੀਵ ਸਿੰਘ ਸੈਣੀ, ਮੁਹਾਲੀ
ਰਿਸ਼ਤਿਆਂ ਬਾਰੇ ਫ਼ੈਸਲੇ
26 ਅਗਸਤ ਦੇ ਨਜ਼ਰੀਆ ਪੰਨੇ ’ਤੇ ਛਪਿਆ ਕੰਵਲਜੀਤ ਕੌਰ ਗਿੱਲ ਦਾ ਲੇਖ ‘ਰਿਸ਼ਤਿਆਂ ਬਾਰੇ ਕਾਨੂੰਨੀ ਫੈਸਲੇ ਦੀ ਸਾਰਥਿਕਤਾ’ ਸਮਾਜ ਵਿੱਚ ਬਦਲ ਰਹੀ ਔਰਤ ਮਰਦ ਦੇ ਰਿਸ਼ਤਿਆਂ ਦੀ ਪ੍ਰਕਿਰਤੀ ਦੇ ਸਬੰਧ ਵਿੱਚ ਗੰਭੀਰ ਸੰਵਾਦ ਰਚਾਉਂਦਾ ਹੈ। ਵਕਤ ਬੀਤਣ ਨਾਲ ਸਾਡੇ ਨੌਜਵਾਨ ਮੁੰਡੇ ਕੁੜੀਆਂ ਦੀ ਸੋਚ ਉੱਪਰ ਪੱਛਮੀ ਸੱਭਿਆਚਾਰ ਹਾਵੀ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਇੱਕ ਨਵਾਂ ਰਿਸ਼ਤਾ ਲਿਵ-ਇਨ-ਰਿਲੇਸ਼ਨ ਹੋਂਦ ਵਿੱਚ ਆ ਗਿਆ ਹੈ। ਭਾਵੇਂ ਨਿਆਂਪਾਲਿਕਾ ਨੇ ਕੁਝ ਸ਼ਰਤਾਂ ਸਹਿਤ ਇਸ ਰਿਸ਼ਤੇ ਨੂੰ ਮਾਨਤਾ ਦੇ ਦਿੱਤੀ ਹੈ ਪਰ ਸਾਡਾ ਸਮਾਜ ਹਾਲੇ ਅਜਿਹੇ ਰਿਸ਼ਤਿਆਂ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਹੈ। ਨਤੀਜੇ ਵਜੋਂ ਕਈ ਤਰ੍ਹਾਂ ਦੀਆਂ ਨਾ-ਖੁਸ਼ਗਵਾਰ ਸਮਾਜਿਕ ਉਲਝਣਾਂ ਖੜ੍ਹੀਆਂ ਹੋ ਜਾਂਦੀਆਂ ਹਨ। ਸੰਪਾਦਕੀ ‘ਹਾਕੀ ਨੇ ਕੀਤਾ ਨਿਰਾਸ਼’ ਵਿੱਚ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਪੁਰਸ਼ ਟੀਮ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਬਾਰੇ ਜ਼ਿਕਰ ਕੀਤਾ ਗਿਆ ਹੈ। ਵੈਸੇ ਇੱਕ ਗੱਲ ਚੰਗੀ ਵੀ ਹੋਈ ਹੈ ਕਿ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਨਾਲ ਹੋਏ ਕ੍ਰਿਕਟ ਮੈਚ ਦੇ ਸਮੇਂ ਜੋ ਕੁੜੱਤਣ ਦੇਖਣ ਨੂੰ ਮਿਲੀ ਸੀ ਇਸ ਵਾਰ ਦਾ ਮਾਹੌਲ ਉਸ ਨਾਲੋਂ ਬਿਲਕੁਲ ਵੱਖਰਾ ਅਤੇ ਖੁਸ਼ਗਵਾਰ ਸੀ।
ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)
ਸੰਤਾਲੀ ਦੇ ਅੱਲੇ ਜ਼ਖ਼ਮ
15 ਅਗਸਤ ਦੇ ਅੰਕ ’ਚ ਛਪਿਆ ਲੇਖ ‘ਆਜ਼ਾਦੀ ਦਾ ਮਘਦਾ ਸੇਕ ਤੇ ਹਿੰਦੋਸਤਾਨੀਅਤ ਦੀ ਸਾਂਝੀ ਰੂਹ’ ਪੜ੍ਹ ਕੇ ਆਤਮਾ ਵਲੂੰਧਰੀ ਗਈ। ਆਜ਼ਾਦੀ ਸਮੇਂ ਹੋਏ ਫ਼ਿਰਕੂ ਕਤਲੇਆਮ ਦਾ ਜ਼ਿੰਮੇਵਾਰ ਇਕੱਲਾ ਡੁੱਬਦਾ ਅੰਗਰੇਜ਼ੀ ਸਾਮਰਾਜ ਨਹੀਂ ਸੀ। ਪੰਜ ਹਜ਼ਾਰ ਸਾਲ ਪੁਰਾਣੀ ਭਾਰਤੀ ਸੰਸਕ੍ਰਿਤੀ ਦੀ ਜਨਨੀ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਛੇਵੀਂ ਸਦੀ ਈਸਵੀ ਪੂਰਵ ਸੋਲ੍ਹ ਮਹਾਜਨਪਦ ਤੱਕ ਹਜ਼ਾਰਾਂ ਸਾਲ ਇਸ ਧਰਤੀ ਦੇ ਵਸਨੀਕ ਆਪਸੀ ਸਮਾਜਿਕ ਸਾਂਝ ਨਾਲ ਇਕੱਠੇ ਵਿਚਰਦੇ ਰਹੇ ਸਨ। ਹਾਲਾਂਕਿ ਉਨ੍ਹਾਂ ਦੇ ਧਰਮ, ਜਾਤ ਅਤੇ ਰੀਤੀ-ਰਿਵਾਜ ਵੱਖ-ਵੱਖ ਸਨ। ਮੁਗ਼ਲ ਸਾਮਰਾਜ ਸਮੇਂ ਵੀ ਫ਼ਿਰਕੂ ਤਾਕਤਾਂ ਨੇ ਸਿਰ ਨਹੀਂ ਚੁੱਕਿਆ। ਅੰਗਰੇਜ਼ਾਂ ਦੀ ‘ਪਾੜੋ ਅਤੇ ਰਾਜ ਕਰੋ’ ਵਾਲੀ ਨੀਤੀ ਵੀ ਸੰਤਾਲੀ ਤੱਕ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਵਿੱਚ ਆਪਸੀ ਫੁੱਟ ਪਾਉਣ ਵਿੱਚ ਜ਼ਿਆਦਾ ਕਾਮਯਾਬ ਨਹੀਂ ਹੋ ਸਕੀ ਸੀ। ਸੰਤਾਲੀ ’ਚ ਫ਼ਿਰਕੂ ਤਾਕਤਾਂ ਰਾਤੋ-ਰਾਤ ਕਿੱਥੋਂ ਪੈਦਾ ਹੋ ਗਈਆਂ? ਸਿਆਸੀ ਪਾਰਟੀਆਂ ਅਤੇ ਲੀਡਰ ਗਾਇਬ ਹੋ ਗਏ। ਮਹਾਤਮਾ ਗਾਂਧੀ ਉਸ ਵਕਤ ਕਲਕੱਤਾ ਵਿੱਚ ਸਨ। ਹਿੰਦੋਸਤਾਨ ਦਾ ਆਖ਼ਰੀ ਵਾਇਸਰਾਏ ਮਾਊਂਟਬੈਟਨ ਅਤੇ ਉਸ ਦੀ ਪਤਨੀ ਐਡਵਿਨਾ ਅੱਗ ਲਾ ਕੇ ਇਸ ਨੂੰ ਪ੍ਰਸ਼ਾਸਨ ਦੇ ਸਹਾਰੇ ਛੱਡ ਕੇ ਲਾਂਭੇ ਹੋ ਗਏ। ਹਜ਼ਾਰਾਂ ਸਾਲਾਂ ਤੋਂ ਇਕੱਠੇ ਰਹਿੰਦੇ ਆ ਰਹੇ ਭਾਈਚਾਰਿਆਂ ’ਤੇ ਇੱਕ ਦੂਜੇ ਦੀ ਵੱਢ-ਟੁੱਕ ਕਰਨ ਦਾ ਭੂਤ ਸਵਾਰ ਹੋ ਗਿਆ। ਲੱਖਾਂ ਬੇਕਸੂਰ ਲੋਕਾਂ ਦਾ ਕਤਲ, ਔਰਤਾਂ ਨਾਲ ਜਬਰ-ਜਨਾਹ, ਬੱਚੇ ਅਤੇ ਬਜ਼ੁਰਗ ਅਣਮਨੁੱਖੀ ਅੱਤਿਆਚਾਰਾਂ ਦੇ ਸ਼ਿਕਾਰ ਹੋਏ। ਘਰ-ਬਾਰ ਉਜਾੜ ਦਿੱਤੇ ਗਏ ਅਤੇ ਇਤਿਹਾਸ ਦੀ ਸਭ ਤੋਂ ਵੱਡੀ ਗਿਣਤੀ ਆਬਾਦੀ ਦੀ ਹਿਜਰਤ ਹੋਈ। ਇਹ ਦਰਦ ਅਤੇ ਸੰਤਾਪ ਉਹੀ ਮਹਿਸੂਸ ਕਰਦੇ ਹਨ, ਜਿਨ੍ਹਾਂ ਨੇ ਇਹ ਆਪਣੇ ਉੱਪਰ ਹੰਢਾਇਆ ਹੁੰਦਾ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਦੁਖਦਾਈ ਘਟਨਾ
ਪਟਿਆਲਾ ਜ਼ਿਲ੍ਹੇ ’ਚ ਪਿੱਟਬੁੱਲ ਕੁੱਤੇ ਵੱਲੋਂ ਹਮਲਾ ਕਰਕੇ ਪਤੀ-ਪਤਨੀ ਦੀ ਕੀਤੀ ਗਈ ਹਾਲਤ ਬਹੁਤ ਦੁਖਦਾਈ ਘਟਨਾ ਹੈ। ਜੇਕਰ ਕੋਈ ਮਦਦ ਨਾ ਕਰਦਾ ਤਾਂ ਸ਼ਾਇਦ ਉਹ ਦੋਵੇਂ ਅੱਜ ਸੰਸਾਰ ਨੂੰ ਅਲਵਿਦਾ ਕਹਿ ਗਏ ਹੁੰਦੇ। ਇਸ ਸਬੰਧੀ ਸਰਕਾਰ ਨੂੰ ਉਚੇਚੇ ਤੌਰ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਹਾਲੇ ਵੀ ਜੇਕਰ ਕਿਸੇ ਨੇ ਪਿੱਟਬੁੱਲ ਜਾਂ ਕੋਈ ਹੋਰ ਅਜਿਹੀ ਨਸਲ ਦਾ ਕੁੱਤਾ ਰੱਖਿਆ ਹੈ ਤਾਂ ਸਰਕਾਰ ਇਸ ’ਤੇ ਪੂਰਨ ਰੂਪ ਵਿੱਚ ਪਾਬੰਦੀ ਲਗਾਵੇ। ਇਸ ਤੋਂ ਇਲਾਵਾ ਘਰਾਂ ਵਿੱਚ ਰੱਖੇ ਪਾਲਤੂ ਕੁੱਤਿਆਂ ਦਾ ਰਿਕਾਰਡ ਵੀ ਔਨਲਾਈਨ ਹੋਣਾ ਚਾਹੀਦਾ ਹੈ। ਸਰਕਾਰ ਨੂੰ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਨੂੰ ਗਲੀਆਂ/ਮੁਹੱਲਿਆਂ ਅਤੇ ਸੜਕਾਂ ਤੋਂ ਹਟਾਉਣ ਲਈ ਸਮਾਜ-ਸੇਵੀ ਸੰਸਥਾਵਾਂ ਅਤੇ ਲੋਕਾਂ ਦਾ ਸਹਿਯੋਗ ਲੈਣਾ ਚਾਹੀਦਾ ਹੈ।
ਕੰਵਰਦੀਪ ਸਿੰਘ ਭੱਲਾ, ਪਿੱਪਲਾਂਵਾਲਾ (ਹੁਸ਼ਿਆਰਪੁਰ)
ਭਾਰਤ-ਪਾਕਿ ਸੁਖਾਵੇਂ ਸੰਬੰਧ
21 ਅਗਸਤ ਦੇ ਨਜ਼ਰੀਆ ਪੰਨੇ ’ਤੇ ਅਭੈ ਸਿੰਘ ਦੀ ਰਚਨਾ ‘ਆਵੇ ਕੋਈ ਠੰਢੀ ਹਵਾ ਦਾ ਬੁੱਲਾ’ ਪੜ੍ਹੀ ਜਿਸ ਵਿੱਚ ਦੋਵਾਂ ਦੇਸ਼ਾਂ ਦੇ ਹਾਕਮਾਂ ਨੂੰ ਆਪਸੀ ਸੰਬੰਧ ਸੁਧਾਰਨ ਦੀ ਅਪੀਲ ਕੀਤੀ ਗਈ ਹੈ, ਜੋ ਕਿ ਕਾਬਿਲੇ ਗ਼ੌਰ ਹੈ। ਭਾਰਤ-ਪਾਕਿ ਦਰਮਿਆਨ ਸੁਖਾਵੇਂ ਅਤੇ ਦੋਸਤਾਨਾ ਸੰਬੰਧਾਂ ਦੀ ਕਾਇਮੀ ਉਪ ਮਹਾਂਦੀਪ ਵਿੱਚ ਅਮਨ, ਵਪਾਰ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਅਹਿਮ ਹੈ। ਭਾਰਤ-ਪਾਕਿ ’ਚ ਅਮਨਪਸੰਦ ਸਬੰਧਾਂ ਦੀ ਕਾਮਨਾ ਕਰਦਿਆਂ ਦੋਵਾਂ ਦੋਸ਼ਾਂ ਦੇ ਲੋਕ, ਲੇਖਕ ਤੇ ਜਥੇਬੰਦੀਆਂ ਵਾਹਗਾ ਬਾਰਡਰ ਸਰਹੱਦ ’ਤੇ ਸ਼ਾਂਤੀ, ਵਪਾਰ ਅਤੇ ਸੱਭਿਆਚਾਰਕ ਉਪਰਾਲਿਆਂ ਜ਼ਰੀਏ ਆਪਸੀ ਕੁੜੱਤਣ ਘਟਾਉਣ ਤੇ ਗੱਲਬਾਤ ਦੀ ਬਹਾਲੀ ’ਤੇ ਜ਼ੋਰ ਦਿੰਦੇ ਹਨ। ਜੰਗ ਦੀ ਬਜਾਏ ਮੱਤਭੇਦ ਮਿਟਾਉਣ ਲਈ ਲਗਾਤਾਰ ਸਿਆਸੀ ਵਾਰਤਾ ਦੀ ਲੋੜ ਹੈ। ਸਰਹੱਦੀ ਵਪਾਰ, ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਅਤੇ ਇਸ ਦੇ ਨਾਲ ਹੀ ਸੱਭਿਆਚਾਰਕ ਸਾਂਝ ਪੈਦਾ ਕਰਨੀ ਚਾਹੀਦੀ ਹੈ। ਭਾਰਤ-ਪਾਕਿ ਦੇ ਹੁਕਮਰਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ।
ਗੁਰਮੀਤ ਸਿੰਘ ਵੇਰਕਾ

