ਪਾਠਕਾਂ ਦੇ ਖ਼ਤ
ਘਰਾਂ ’ਚ ਅਜਬ ਖ਼ਾਮੋਸ਼ੀ 27 ਜੁਲਾਈ ਦੇ ‘ਸਿਹਤ’ ਪੰਨੇ ’ਤੇ ਡਾ. ਕੁਲਜੀਤ ਸਿੰਘ ਮੀਆਂਪੁਰੀ ਦੇ ਲੇਖ ‘ਡਿਜੀਟਲ ਦੌਰ: ਇਕਲਾਪੇ ਕਾਰਨ ਘਰਾਂ ’ਚ ਅਜਬ ਖ਼ਾਮੋਸ਼ੀ’ ਵਿੱਚ ਸਚਾਈ ਲਿਖੀ ਹੈ। ਅਜੋਕੇ ਸਮੇਂ ’ਚ ਘਰ ਬੈਠੇ ਪਰਿਵਾਰਕ ਮੈਂਬਰ ਵੀ ਆਪਸ ਵਿੱਚ ਗੱਲਬਾਤ ਨਹੀਂ...
ਘਰਾਂ ’ਚ ਅਜਬ ਖ਼ਾਮੋਸ਼ੀ
27 ਜੁਲਾਈ ਦੇ ‘ਸਿਹਤ’ ਪੰਨੇ ’ਤੇ ਡਾ. ਕੁਲਜੀਤ ਸਿੰਘ ਮੀਆਂਪੁਰੀ ਦੇ ਲੇਖ ‘ਡਿਜੀਟਲ ਦੌਰ: ਇਕਲਾਪੇ ਕਾਰਨ ਘਰਾਂ ’ਚ ਅਜਬ ਖ਼ਾਮੋਸ਼ੀ’ ਵਿੱਚ ਸਚਾਈ ਲਿਖੀ ਹੈ। ਅਜੋਕੇ ਸਮੇਂ ’ਚ ਘਰ ਬੈਠੇ ਪਰਿਵਾਰਕ ਮੈਂਬਰ ਵੀ ਆਪਸ ਵਿੱਚ ਗੱਲਬਾਤ ਨਹੀਂ ਕਰਦੇ ਸਗੋਂ ਆਪੋ ਆਪਣੇ ਕਮਰੇ ਵਿੱਚ ਮੋਬਾਈਲ ’ਤੇ ਉਂਗਲਾਂ ਮਾਰਦੇ ਨਜ਼ਰੀਂ ਪੈਂਦੇ ਹਨ। ਮਾਤਾ-ਪਿਤਾ ਸ਼ੋਸ਼ਲ ਮੀਡੀਆ ’ਤੇ ਸਕਰੋਲ ਕਰ ਰਹੇ ਹਨ ਅਤੇ ਬੱਚੇ ਔਨਲਾਈਨ ਗੇਮਾਂ ਵਿੱਚ ਮਸਤ ਹਨ। ਰਿਸ਼ਤਿਆਂ ਦੀਆਂ ਤੰਦਾਂ ਵੀ ਮੋਬਾਈਲਾਂ ਨੇ ਢਿੱਲੀਆਂ ਪਾ ਦਿੱਤੀਆਂ ਹਨ। ਬੱਚੇ ਤਾਂ ਖਾਣਾ ਖਾਣ ਸਮੇਂ ਵੀ ਮੋਬਾਈਲ ਵੇਖਦੇ ਹਨ। ਵਾਹਨ ਚਲਾਉਂਦੇ ਲੋਕ ਮੋਬਾਈਲ ਵੇਖਦੇ ਰਹਿੰਦੇ ਹਨ, ਜਿਸ ਕਾਰਨ ਹਾਦਸੇ ਵੀ ਵਾਪਰ ਜਾਂਦੇ ਹਨ। ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਹਟਾ ਕੇ ਖੇਡਾਂ, ਪੜ੍ਹਾਈ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਸੀਂ ਆਪਣੇ ਰਿਸ਼ਤੇ ਗੁਆ ਬੈਠਾਂਗੇ। ਬੱਚਿਆਂ ਨੂੰ ਲਾਇਬਰੇਰੀ ਜਾਣ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਆਓ, ਮੋਬਾਈਲ ਵੇਖਣ ਦੀ ਆਦਤ ਨੂੰ ਘਟਾਈਏ ਅਤੇ ਆਪਣੇ ਗੁਆਚੇ ਹੋਏ ਹਾਸੇ, ਆਪਸੀ ਸਾਂਝ, ਪਿਆਰ ਮੁਹੱਬਤ ਨੂੰ ਮਜ਼ਬੂਤ ਬਣਾਈਏ।
ਬਲਬੀਰ ਸਿੰਘ ਦਿਲਦਾਰ, ਪਟਿਆਲਾ
(2)
ਡਾ. ਕੁਲਜੀਤ ਸਿੰਘ ਮੀਆਂਪੁਰੀ ਦਾ ਲੇਖ ਸਮਾਜ ਵਿੱਚ ਪੱਸਰੀ ਸਕਰੀਨ ਦੀ ਬਿਮਾਰੀ ਬਾਰੇ ਬਾਖ਼ੂਬੀ ਚਰਚਾ ਕਰਦਾ ਹੈ। ਉਸ ਦੀ ਚਿੰਤਾ ਅਤੇ ਚਿੰਤਨ ਘਰਾਂ ਵਿੱਚ ਛੋਟੀ ਸਕਰੀਨ ਕਾਰਨ ਪੈਦਾ ਹੋਈ ਚੁੱਪੀ ਦੀ ਯਥਾਰਥਕ ਤਸਵੀਰ ਪੇਸ਼ ਕਰਦੀ ਹੈ। ਜੇ ਇਸ ਮਹਾਮਾਰੀ ’ਤੇ ਛੇਤੀ ਕਾਬੂ ਨਾ ਪਾਇਆ ਤਾਂ ਇਹ ਸਾਡਾ ਬਹੁਤ ਕੁਝ ਖਾ ਜਾਵੇਗੀ। ਸਾਡੀਆਂ ਰਵਾਇਤੀ ਖੇਡਾਂ, ਕਿਤਾਬਾਂ ਨਾਲ ਦੋਸਤੀ ਅਤੇ ਸਾਡੀ ਸਿਹਤ ਇਸ ਦੇ ਸ਼ਿਕਾਰ ਬਣ ਜਾਣਗੇ। ਇਸ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਰਾਹੀਂ ਜਾਗਰੂਕ ਕਰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਸੀ. ਉਦੈ ਭਾਸਕਰ ਦਾ ਲੇਖ ਮੌਜੂਦਾ ਭ੍ਰਿਸ਼ਟਾਚਾਰ ਨਾਲ ਲਿੱਬੜੇ ਹੋਏ ਸਿੱਖਿਆ ਪ੍ਰਬੰਧ ਬਾਰੇ ਵਧੀਆ ਜਾਣਕਾਰੀ ਦਿੰਦਾ ਹੈ। ਬੇਸ਼ੱਕ ਜੈੱਨ-ਜ਼ੀ ਨੇ ਜੋ ਸਿਆਣਪ ਦਿਖਾਈ ਹੈ, ਉਹ ਵਧਾਈ ਦੇ ਹੱਕਦਾਰ ਹਨ। ਪ੍ਰਾਈਵੇਟ ਸਕੂਲਾਂ, ਕਾਲਜਾਂ ਦਾ ਵਧਦੇ ਜਾਣਾ, ਸਰਕਾਰੀ ਸੰਸਥਾਵਾਂ ਦਾ ਘਟਦੇ ਜਾਣਾ, ਆਰ ਐੱਸ ਐੱਸ ਦੀ ਇਸ ਖੇਤਰ ਵਿੱਚ ਲੋੜੋਂ ਵੱਧ ਦਖ਼ਲਅੰਦਾਜ਼ੀ, ਸਿਫ਼ਾਰਸ਼ੀ ਅਤੇ ਵਧਿਆ ਹੋਇਆ ਪਰਿਵਾਰਵਾਦ ਆਦਿ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ। ਮਿਡਲ ‘ਚੋਰੀ ਵਾਲੇ ਪਪੀਤੇ’ ਨੇ ਬਚਪਨ ਵਿੱਚ ਚੋਰੀ ਤੋੜ ਕੇ ਖਾਧੀਆਂ ਅੰਬੀਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਡਾ. ਤਰਲੋਚਨ ਕੌਰ, ਪਟਿਆਲਾ
(3)
ਡਾ. ਕੁਲਜੀਤ ਮੀਆਂਪੁਰੀ ਨੇ ਡਿਜੀਟਲ ਦੌਰ ਵਿੱਚ ਸਮਾਜ ਨੂੰ ਜਾਗਰੂਕ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਹ ਦੱਸਦੇ ਹਨ ਕਿ ਨੌਜਵਾਨਾਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਮੋਬਾਈਲ ਦੀ ਲਤ ਛੂਤ ਦੀ ਬਿਮਾਰੀ ਵਾਂਗ ਫੈਲ ਗਈ ਹੈ। ਇਸ ਕਾਰਨ ਬੱਚਿਆਂ ਦਾ ਖੇਡਣ-ਕੁੱਦਣ ਵਾਲਾ ਬਚਪਨ ਖੋ ਗਿਆ ਹੈ। ਹਰ ਕੋਈ ਸਾਈਕਲ, ਸਕੂਟਰ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਹੱਥ ਵਿੱਚ ਰੱਖਦਾ ਹੈ, ਜੋ ਜਾਨ ਨੂੰ ਜੋਖ਼ਮ ਵਿੱਚ ਪਾਉਂਦਾ ਹੈ ਅਤੇ ਦੁਰਘਟਨਾਵਾਂ ਨੂੰ ਸੱਦਾ ਦਿੰਦਾ ਹੈ।
ਰਾਮ ਰਤਨ, ਸਮਰਾਲਾ (ਲੁਧਿਆਣਾ)
ਮੌਸਮੀ ਬਿਮਾਰੀਆਂ
27 ਜੁਲਾਈ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਮੌਸਮੀ ਬਿਮਾਰੀਆਂ’ ਨੇ ਗੰਭੀਰ ਸਮੱਸਿਆ ਵੱਲ ਧਿਆਨ ਦਿਵਾਇਆ ਹੈ। ਬਰਸਾਤ ਦੇ ਮੌਸਮ ’ਚ ਪੀਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਲੀਆ, ਦਸਤ, ਹੈਜ਼ਾ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਪੈਂਦਾ ਹੈ। ਬਿਮਾਰੀ ਫੈਲਣ ਤੋਂ ਬਾਅਦ ਇਲਾਜ ਕਰਨ ਨਾਲੋਂ ਪਹਿਲਾਂ ਰੋਕਥਾਮ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ, ਆਲੇ-ਦੁਆਲੇ ਦੀ ਸਫ਼ਾਈ, ਭੋਜਨ ਨੂੰ ਢਕ ਕੇ ਰੱਖਣਾ ਅਤੇ ਸਾਫ਼-ਸੁਥਰੀਆਂ ਆਦਤਾਂ ਅਪਣਾਉਣਾ ਵੀ ਬਿਮਾਰੀਆਂ ਤੋਂ ਬਚਾਅ ਲਈ ਲਾਜ਼ਮੀ ਹੈ। ਸਿਹਤ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਦੀ ਮੁਸਤੈਦੀ ਅਤੇ ਆਮ ਨਾਗਰਿਕਾਂ ਦੇ ਸਾਂਝੇ ਯਤਨਾਂ ਨਾਲ ਹੀ ਇਸ ਚੁਣੌਤੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।
ਡਾਕਟਰ ਮੋਹਨ ਬੇਗੋਵਾਲ, ਅੰਮ੍ਰਿਤਸਰ
ਹਿਰਾਸਤੀ ਤਸ਼ੱਦਦ
25 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਹਿਰਾਸਤੀ ਤਸ਼ੱਦਦ: ਜਵਾਬਦੇਹੀ ਜ਼ਰੂਰੀ’ ਵਿੱਚ ਗੁਰੂਗ੍ਰਾਮ ਦੇ ਸੋਹਣਾ ਖੇਤਰ ਵਿੱਚ ਪੁਲੀਸ ਵੱਲੋਂ ਹੋਏ ਹਿਰਾਸਤੀ ਤਸ਼ੱਦਦ ਦੀ ਤਸਵੀਰ ਬਿਆਨ ਕੀਤੀ ਗਈ ਹੈ। ਆਏ ਦਿਨ ਹਿਰਾਸਤੀ ਮੌਤਾਂ ਤੇ ਤਸ਼ੱਦਦ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੁਲੀਸ ਦਾ ਫ਼ਰਜ਼ ਬਣਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਏ ਤੇ ਪੀੜਤ ਨੂੰ ਇਨਸਾਫ਼ ਮਿਲੇ। ਪੁਲੀਸ ਨੂੰ ਸੁਤੰਤਰ, ਨਿਰਪੱਖ ਅਤੇ ਵਿਗਿਆਨਕ ਢੰਗ ਤਰੀਕੇ ਵਰਤਦਿਆਂ ਦੋਸ਼ੀ ਖ਼ਿਲਾਫ਼ ਪੁਖ਼ਤਾ ਸਬੂਤ ਤੇ ਚਸ਼ਮਦੀਦ ਗਵਾਹ ਜੁਟਾ ਕੇ ਸਮੇਂ ਸਿਰ ਚਲਾਨ ਦੇ ਕੇ ਤਫ਼ਤੀਸ਼ ਕਰਨੀ ਚਾਹੀਦੀ ਹੈ। ਅਦਾਲਤਾਂ ਪੁਖ਼ਤਾ ਦਸਤਾਵੇਜ਼ੀ ਸਬੂਤ ਮੰਗਦੀਆਂ ਹਨ। ਪੁਲੀਸ ਨੂੰ ਮੁਜ਼ਰਿਮ ਨਾਲ ਮੁਜ਼ਰਮ ਵਾਲਾ ਅਤੇ ਫ਼ਰਿਆਦੀ ਨਾਲ ਫ਼ਰਿਆਦੀ ਵਾਲਾ ਸਲੂਕ ਕਰਨਾ ਚਾਹੀਦਾ ਹੈ।
ਗੁਰਮੀਤ ਸਿੰਘ ਵੇਰਕਾ
ਜੈੱਨ-ਜ਼ੀ ਦੀ ਜਿੱਤ
20 ਜੁਲਾਈ ਨੂੰ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਅਗਵਾਈ ਵਿੱਚ ਦਿੱਲੀ ਦੇ ਜੰਤਰ-ਮੰਤਰ ਵਿਖੇ ‘ਨੀਟ’ ਪੇਪਰ ਲੀਕ ਹੋਣ ਵਿਰੁੱਧ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲੈਣ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਸੋਨਮ ਵਾਂਗਚੁਕ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਸਿਹਤ ਵਿਗੜਨ ਕਾਰਨ ਉਸ ਨੂੰ ਕੇਂਦਰੀ ਏਜੰਸੀਆਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿਦਿਆਰਥੀ ਜੰਤਰ-ਮੰਤਰ ’ਤੇ ਇਕੱਠੇ ਹੋਣ ਲੱਗ ਪਏ। ਸੀ ਜੇ ਪੀ ਵੱਲੋਂ ਵਿਦਿਆਰਥੀਆਂ ਨੂੰ 20 ਜੁਲਾਈ ਨੂੰ ਸੰਸਦ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਸੀ। ਵਿਦਿਆਰਥੀਆਂ ਨਾਲ ਪੁਲੀਸ ਦੀਆਂ ਝੜਪਾਂ ਵੀ ਹੋਈਆਂ। ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਗਏ। ਇਸ ਦਬਾਅ ਮਗਰੋਂ ਸਰਕਾਰ ਨੇ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਿਆਉਣ ਦਾ ਫ਼ੈਸਲਾ ਕੀਤਾ ਅਤੇ ‘ਨੀਟ’ ਨਾਲ ਸਬੰਧਿਤ ਫੜੇ ਗਏ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਫਾਸਟ ਟਰੈਕ ਕੋਰਟ ਬਣਾਉਣ ਦਾ ਵੀ ਐਲਾਨ ਕੀਤਾ ਹੈ। ਸਿੱਖਿਆ ਪ੍ਰਣਾਲੀ ਵਿੱਚ ਫੌਰੀ ਸੁਧਾਰ ਕਰਨ ਦੀ ਬੇਹੱਦ ਲੋੜ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਹੜ੍ਹਾਂ ਦੇ ਜ਼ਖ਼ਮ ਹਰੇ?
22 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਪ੍ਰੀਤ ਦਾ ਲੇਖ ‘ਪੰਜਾਬ ਦੀਆਂ ਪੈਲ਼ੀਆਂ ’ਚ ਹੜ੍ਹਾਂ ਦੇ ਜ਼ਖ਼ਮ ਹਰੇ’ ਪੜ੍ਹ ਕੇ ਕਿਸਾਨਾਂ ਦਾ ਦਰਦ ਪ੍ਰਤੱਖ ਨਜ਼ਰ ਆਇਆ। ਸਰਹੱਦੀ ਜ਼ਿਲ੍ਹਿਆਂ ਦਾ ਜਾਨੀ-ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਲੱਖਾਂ ਏਕੜ ਕਣਕ ਦੀ ਫ਼ਸਲ ਦਾ ਤਬਾਹ ਹੋਣਾ, ਅੰਕੜਿਆਂ ਤੋਂ ਵੀ ਪਾਰ ਦੀ ਤ੍ਰਾਸਦੀ ਹੈ। ਜ਼ਮੀਨਾਂ ਉੱਤੇ ਗਾਰ ਦੀ ਮੋਟੀ ਪਰਤ ਹਾਲੇ ਵੀ ਜੰਮੀ ਹੋਈ ਹੈ। ਆੜ੍ਹਤੀਆਂ ਕੋਲੋਂ ਕਿਸਾਨ ਕਬੀਲਦਾਰੀ ਲਈ ਕਰਜ਼ ਲੈਂਦੇ ਸਨ, ਪਰ ਹੁਣ ਉਨ੍ਹਾਂ ਨੂੰ ਆਪਣੇ ਗੁਜ਼ਾਰੇ ਜੋਗੀ ਕਣਕ ਵੀ ਲੈਣੀ ਪੈ ਰਹੀ ਹੈ, ਜੋ ਚਿੰਤਾ ਤੇ ਵਿਚਾਰਨ ਵਾਲਾ ਵਿਸ਼ਾ ਹੈ। ਭਾਵੇਂ ਹੜ੍ਹਾਂ ਤੋਂ ਬਾਅਦ ਸਰਕਾਰੀ ਰਾਹਤ ਸਕੀਮਾਂ ਆਉਂਦੀਆਂ ਹਨ, ਪਰ ਬਹੁਤੀ ਵਾਰੀ ਉਹ ਅਸਲ ਲੋੜਵੰਦਾਂ ਤੱਕ ਨਹੀਂ ਪਹੁੰਚਦੀਆਂ। ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਵਿੱਚੋਂ ਗਾਰ ਚੁਕਾਉਣ ਲਈ ਆਪਣੇ ਸਿਰ ਹੋਰ ਕਰਜ਼ਾ ਚੜ੍ਹਾ ਲਿਆ ਹੈ। ਬਹੁਤੀਆਂ ਜ਼ਮੀਨਾਂ ਦਰਿਆਵਾਂ ਨੇ ਖਾ ਲਈਆਂ ਹਨ। ਅੱਜ ਪ੍ਰਭਾਵਿਤ ਕਿਸਾਨ ਦਿਹਾੜੀਆਂ ਕਰਨ ਲਈ ਮਜਬੂਰ ਹਨ। ਇਸ ਲਈ ਹੜ੍ਹਾਂ ਤੋਂ ਪਹਿਲਾਂ ਪੁਖ਼ਤਾ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹਨ ਤਾਂ ਜੋ ਕਿਸਾਨੀ ਦੇ ਭਵਿੱਖ ਨੂੰ ਬਚਾਇਆ ਜਾ ਸਕੇ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ

