DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Letter to the Editor: ਪਾਠਕਾਂ ਦੇ ਖ਼ਤ

ਸ਼ਾਂਤੀਪੂਰਨ ਹੱਲ ਦੀ ਲੋੜ ਐੱਲ ਪੀ ਯੂ, ਫਗਵਾੜਾ ਵਿੱਚ ਹੋਏ ਵਿਦਿਆਰਥੀ ਪ੍ਰਦਰਸ਼ਨ ਦੀ ਸਥਿਤੀ ਗੰਭੀਰ ਹੋਣ ਕਾਰਨ ਯੂਨੀਵਰਸਿਟੀ ਨੂੰ 10 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਘਟਨਾ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ।...

  • fb
  • twitter
  • whatsapp
  • whatsapp
Advertisement

ਸ਼ਾਂਤੀਪੂਰਨ ਹੱਲ ਦੀ ਲੋੜ

ਐੱਲ ਪੀ ਯੂ, ਫਗਵਾੜਾ ਵਿੱਚ ਹੋਏ ਵਿਦਿਆਰਥੀ ਪ੍ਰਦਰਸ਼ਨ ਦੀ ਸਥਿਤੀ ਗੰਭੀਰ ਹੋਣ ਕਾਰਨ ਯੂਨੀਵਰਸਿਟੀ ਨੂੰ 10 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਘਟਨਾ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਲਾਸਾਂ ਬੰਦ ਹੋਣ ਨਾਲ ਵਿਦਿਆਰਥੀਆਂ ਨੂੰ ਆਪਣਾ ਸਿਲੇਬਸ ਪੂਰਾ ਕਰਨ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਗੱਲਬਾਤ ਰਾਹੀਂ ਉਨ੍ਹਾਂ ਦਾ ਹੱਲ ਕੱਢਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਵੀ ਆਪਣੀਆਂ ਮੰਗਾਂ ਸ਼ਾਂਤੀਪੂਰਨ ਅਤੇ ਕਾਨੂੰਨੀ ਢੰਗ ਨਾਲ ਰੱਖਣੀਆਂ ਚਾਹੀਦੀਆਂ ਹਨ। ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਸਮੱਸਿਆ ਦਾ ਹੱਲ ਨਹੀਂ ਨਿਕਲਦਾ, ਸਗੋਂ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸੰਸਥਾ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ। ਮੈਨੂੰ ਆਸ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦਾ ਜਲਦੀ ਹੱਲ ਕਰੇਗਾ ਅਤੇ ਯੂਨੀਵਰਸਿਟੀ ਵਿੱਚ ਸ਼ਾਂਤੀਪੂਰਨ ਵਿਦਿਅਕ ਮਾਹੌਲ ਮੁੜ ਸਥਾਪਿਤ ਹੋਵੇਗਾ।

ਅਰਸ਼ਪ੍ਰੀਤ ਕੌਰ, ਜਲੰਧਰ

Advertisement

ਜਮਹੂਰੀਅਤ ਦਾ ਅਸਲ ਰਾਹ

24 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਜਸਟਿਸ ਦੀਪਕ ਗੁਪਤਾ ਦਾ ਲੇਖ ‘ਜਮਹੂਰੀਅਤ ਦਾ ਅਸਲ ਰਾਹ’ ਸੁਪਰੀਮ ਕੋਰਟ ਨੂੰ ਆਪਣੀ ਸਾਖ਼ ਬਚਾਉਣ ਲਈ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇੱਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਵਿੱਚ ਫ਼ੈਸਲੇ ਸਿਰਫ਼ ਮੁੱਖ ਚੋਣ ਕਮਿਸ਼ਨਰ ਵੱਲੋਂ ਆਪਣੇ ਸਾਥੀ ਚੋਣ ਕਮਿਸ਼ਨਰਾਂ ਨਾਲ ਬਿਨਾਂ ਕਿਸੇ ਗੱਲਬਾਤ ਜਾਂ ਸਲਾਹ ਮਸ਼ਵਰੇ ਤੋਂ ਬਗੈਰ ਲਏ ਜਾ ਰਹੇ ਸਨ। ਸਿਰਫ਼ ਇੱਕ ਵੋਟ ਦਾ ਅਧਿਕਾਰ ਹੀ ਸੀ, ਜਿਸਨੂੰ ਅਸੀਂ ਤਕਰੀਬਨ ਹਰ ਨਾਗਰਿਕ ਨੂੰ ਦੇਣ ’ਚ ਕਾਮਯਾਬ ਹੋਏ ਸੀ, ਹੁਣ ਉਸ ’ਤੇ ਵੀ ਪ੍ਰਸ਼ਨ ਚਿੰਨ ਲੱਗ ਗਿਆ ਹੈ। ਦੇਸ਼ ਸੁਪਰੀਮ ਕੋਰਟ ਵੱਲ ਧਿਆਨ ਨਾਲ ਦੇਖ ਰਿਹਾ ਹੈ ਕਿ ਕੀ ਉਹ ਆਪਣਾ ਬਣਦਾ ਰੋਲ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਆਮ ਨਾਗਰਿਕ ਦਾ ਵਿਸ਼ਵਾਸ ਹਾਸਿਲ ਕਰਨ ਲਈ ਅਦਾ ਕਰੇਗਾ?

Advertisement

ਧਰਮਵੀਰ ਚੌਧਰੀ, ਨਵਾਂਸ਼ਹਿਰ

(2)

ਸਾਬਕਾ ਜਸਟਿਸ ਦੀਪਕ ਗੁਪਤਾ ਨੇ ਸੁਪਰੀਮ ਕੋਰਟ ਨੂੰ ਚਿਤਾਵਨੀ ਦਿੱਤੀ ਹੈ ਕਿ ਅਦਾਲਤ ਨੂੰ ਆਪਣੀ ਗੁਆਚੀ ਹੋਈ ਸ਼ਾਨ, ਭਾਵ ਨਿਆਂਪਾਲਿਕਾ ਵੀ ਵਿਧਾਨਪਾਲਿਕਾ ਅਤੇ ਰਾਜਪਾਲਿਕਾ ਦੇ ਬਰਾਬਰ ਹੱਕਦਾਰ ਹੈ, ਨੂੰ ਵਾਪਸ ਹਾਸਲ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਯਾਦ ਰਹੇ ਸਾਲ 1974 ਵਿੱਚ ਇੰਦਰਾ ਗਾਂਧੀ ਨੇ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੂੰ ਦਰਕਿਨਾਰ ਕਰਕੇ ਇੱਕ ਜੂਨੀਅਰ ਜੱਜ ਨੂੰ ਚੀਫ਼ ਜਸਟਿਸ ਬਣਾਇਆ ਸੀ। ਦੋ ਚੋਣ ਕਮਿਸ਼ਨਰਾਂ ਨੇ 14 ਵਾਰ ਮੁੱਖ ਚੋਣ ਕਮਿਸ਼ਨਰ ਦੇ ਕੰਮਾਂ ’ਤੇ ਅਸਿਹਮਤੀ ਪ੍ਰਗਟਾਈ ਹੈ, ਇਸ ਤੋਂ ਵੱਡੀ ਬੇਸ਼ਰਮੀ ਕੀ ਹੋ ਸਕਦੀ ਹੈ?

ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਦਵਾਈਆਂ ਦੀ ਅੰਨ੍ਹੇਵਾਹ ਵਰਤੋਂ

24 ਸਤੰਬਰ ਦਾ ਸੰਪਾਦਕੀ ‘ਦਵਾਈਆਂ ਦੀ ਅੰਨ੍ਹੇਵਾਹ ਦੁਰਵਰਤੋਂ’ ਜ਼ਮੀਨੀ ਹਕੀਕਤ ਬਿਆਨ ਕਰਦਾ ਹੈ। ਸਾਡਾ ਸਿਹਤ ਢਾਂਚਾ ਲਾਲਚ ਨਾਂ ਦੀ ਗੰਭੀਰ ਬਿਮਾਰੀ ਦਾ ਖ਼ੁਦ ਹੀ ਮਰੀਜ਼ ਹੈ। ਮਲਟੀ ਸਪੈਸ਼ਲਿਸਟ ਹਸਪਤਾਲਾਂ ਦੇ ਡਾਕਟਰ ਬਿਨਾਂ ਕਲਚਰ ਦੀ ਰਿਪੋਰਟ ਦੇਖੇ ਐਂਟੀਬਾਇਓਟਿਕ ਤਜਵੀਜ਼ ਕਰਦੇ ਦੇਖੇ ਗਏ ਹਨ, ਜਿਨ੍ਹਾਂ ਨੂੰ ਬੈਕਟੀਰੀਆ ਟਾਕਰਾ ਦੇ ਕੇ ਬੇਅਸਰ ਕਰ ਦਿੰਦਾ ਹੈ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਚਿੱਠੀ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਕਿਸੇ ਇੱਕ ਨੂੰ ਦੋਸ਼ ਦੇਣ ਦੀ ਬਜਾਏ ਸਮੁੱਚੇ ਸਮਾਜ ਨੂੰ ਆਪਣੀ ਚੇਤਨਾ ਅਤੇ ਨੈਤਿਕਤਾ ਦਾ ਪੱਧਰ ਉੱਚਾ ਕਰਨਾ ਹੋਵੇਗਾ ਤਾਂ ਕਿਤੇ ਜਾ ਕੇ ਦਵਾਈਆਂ ਦੀ ਅੰਨ੍ਹੇਵਾਹ ਦੁਰਵਰਤੋਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਜਗਰੂਪ ਸਿੰਘ, ਉਭਾਵਾਲ

ਔਰਤ ਦੀ ਬੇਵਸੀ

23 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਮਿਡਲ ‘ਰੰਡੀਆਂ ਵਰਗਾ ਜੀਵਨ’ ਜਿੱਥੇ ਨਸ਼ੇ ਕਾਰਨ ਬਰਬਾਦ ਹੋ ਰਹੀ ਜਵਾਨੀ ਦੀ ਮੂੰਹ-ਬੋਲਦੀ ਤਸਵੀਰ ਪੇਸ਼ ਕਰਦੈ, ਉੱਥੇ ਨਸ਼ੇ ਦੀ ਲਤ ਵਿੱਚ ਫਸੀ ਨਿਕੰਮੀ ਔਲਾਦ ਨਾਲ ਮਜ਼ਬੂਰ ਮਾਪਿਆਂ ਦੀ ਧੀ ਨੂੰ ਨਰੜ ਦੇਣਾ ਔਰਤ ਦੀ ਬੇਵਸੀ ਦੀ ਤ੍ਰਾਸਦੀ ਨੂੰ ਵੀ ਬਾਖ਼ੂਬੀ ਬਿਆਨ ਕਰਦਾ ਹੈ। ਕੁੜੀ ਵੱਲੋਂ ਕਹੀ ਇਹ ਗੱਲ ਕਿ ਉਸ ਨੂੰ ਵੀ ਚਿੱਟੇ ਦੀ ਚਾਟ ’ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਭਿਆਨਕ ਹਕੀਕਤ ਨੂੰ ਉਜਾਗਰ ਕਰਦੀ ਹੈ। ਕਿਸੇ ਬੇਗਾਨੀ ਧੀ ਦੇ ਮਾਪਿਆਂ ਨੂੰ ਭੁਲੇਖੇ ਵਿੱਚ ਰੱਖ ਕੇ ਉਸ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਰਿਸ਼ਤਾ ਕਰਦੇ ਸਮੇਂ ਕੁੜੀ ਦੇ ਮਾਪੇ ਸਿਰਫ਼ ਪੈਸਾ ਹੀ ਨਾ ਦੇਖਣ, ਸਗੋਂ ਪਰਿਵਾਰ ਅਤੇ ਮੁੰਡੇ ਦੇ ਚਾਲ-ਚਲਣ ਦੀ ਪੂਰੀ ਪੜਤਾਲ ਕਰ ਕੇ ਆਪਣੀ ਧੀ ਦੀ ਕਾਬਲੀਅਤ ਅਤੇ ਸੁਭਾਅ ਦੇ ਅਨੁਕੂਲ ਯੋਗ ਵਰ ਦੀ ਚੋਣ ਕਰਨ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

(2)

ਮੋਹਨ ਸ਼ਰਮਾ ਦਾ ਲੇਖ ‘ਰੰਡੀਆਂ ਵਰਗਾ ਜੀਵਨ’ ਚਿੱਟੇ ਦੀ ਦਲਦਲ ’ਚ ਫਸੇ ਨੌਜਵਾਨਾਂ ਬਾਰੇ ਜਾਣਕਾਰੀ ਦਿੰਦਾ ਹੈ। ਸਾਡੀ ਨੌਜਵਾਨੀ ਨਸ਼ੇ ਦੀ ਦਲਦਲ ’ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ ਹੈ। ਇਸ ਨਸ਼ੇ ਨੇ ਪੰਜਾਬੀ ਨੌਜਵਾਨਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਅਜਿਹੇ ਨਸ਼ੇ ਦੇ ਆਦੀ ਨੌਜਵਾਨ ਦਾ ਵਿਆਹ ਕਰ ਕੇ ਦੂਜਿਆਂ ਦੀਆਂ ਧੀਆਂ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ।

ਜਸਬੀਰ ਸਿੰਘ, ਦੱਧਾਹੂਰ (ਲੁਧਿਆਣਾ)

ਨਿਰਮੋਹੇ ਹੋ ਰਹੇ ਲੋਕ

21 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਗੁਰਮਲਕੀਅਤ ਸਿੰਘ ਕਾਹਲੋਂ ਦਾ ਲੇਖ ‘ਹਮਸਾਇਆਂ ਦੀ ਅਪਣੱਤ’ ਪੜ੍ਹਿਆ। ਸੱਚ ਹੀ ਕਿਸੇ ਜਾਣਕਾਰ ਨਾਲ ਆਮ ਜਿਹੀ ਮਿਲਣੀ ਕਿੰਨੀ ਖ਼ਾਸ ਹੋ ਨਿਬੜਦੀ ਹੈ। ਰਸਤੇ ਵਿੱਚ ਕੋਈ ਜਾਣਕਾਰ ਮਿਲ ਜਾਵੇ ਤਾਂ ਉਸ ਵਕਤ ਆਈ ਮੁਸਕਾਨ ਸਾਰੇ ਦਿਨ ਨੂੰ ਰੌਸ਼ਨ ਕਰ ਦਿੰਦੀ ਹੈ। ਦੁਨੀਆ ਵਿੱਚ ਪਿਆਰ ਜਿਹੀ ਕੋਈ ਸ਼ੈਅ ਨਹੀਂ ਹੈ। ਇਸ ਨੂੰ ਅਖੌਤ ਦੇ ਤੌਰ ’ਤੇ ਵਰਤਣ ਦੇ ਨਾਲ-ਨਾਲ ਸਾਨੂੰ ਇਸ ’ਤੇ ਅਮਲ ਕਰਨ ਦੀ ਲੋੜ ਹੈ। ਨਿਰਮੋਹੇ ਹੋ ਰਹੇ ਲੋਕਾਂ ਦੇ ਦੌਰ ਵਿੱਚ ਆਪਣੇ ਦਿਲ ਵਿੱਚ ਸਭਨਾਂ ਲਈ ਅਪਣੱਤ ਤੇ ਪਿਆਰ ਬਣਾਏ ਰੱਖਣ ਦੀ ਲੋੜ ਹੈ। ਦੇਸ਼ ਦੀ ਵੰਡ ਨੇ ਕ‌ਈ ਦਿਲਾਂ ਵਿੱਚ ਜ਼ਹਿਰ ਘੋਲਿਆ, ਪਰ ਜ਼ਿੰਦਾਦਿਲਾਂ ਦੇ ਦਿਲ ਮਨੁੱਖ ਨੂੰ ਮਨੁੱਖ ਤੋਂ ਵੱਖ ਹੋਣ ਦੀ ਇਜਾਜ਼ਤ ਨਹੀਂ ਦਿੰਦੇ। ਦਿਲ ਦੇ ਰਿਸ਼ਤੇ ਕਿੰਨੇ ਵਾਰੀ ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਵੱਧ ਅਤੇ ਖ਼ਾਸ ਹੋ ਜਾਂਦੇ ਹਨ, ਤਾਂ ਹੀ ਤਾਂ ਹਮਸਾਇਆਂ ਨਾਲ ਹੋਈ ਮੁਲਾਕਾਤ ਉਮਰਾਂ ਤੱਕ ਨਿਭ ਸਕੀ।

ਦਿਲਪ੍ਰੀਤ ਕੌਰ, ਜੀਵਨਪੁਰਾ (ਸ਼ਾਹਪੁਰ)

ਮਹਾਨ ਇਮਾਰਤਸਾਜ਼

15 ਸਤੰਬਰ ਦੇ ‘ਵਿਰਾਸਤ’ ਅੰਕ ਵਿੱਚ ਲਖਵਿੰਦਰ ਸਿੰਘ ਦੀ ਰਚਨਾ ‘ਮਹਾਨ ਇਮਾਰਤਸਾਜ਼ ਭਾਈ ਰਾਮ ਸਿੰਘ’ ਪੜ੍ਹੀ। ਉਸ ਵਿੱਚ ਭਾਈ ਰਾਮ ਸਿੰਘ ਦੇ ਜੀਵਨ, ਪ੍ਰਤਿਭਾ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਭਰਪੂਰ ਵੇਰਵਾ ਪੇਸ਼ ਕੀਤਾ ਗਿਆ ਹੈ। ਉਸ ਦੌਰ ਵਿੱਚ ਅੰਗਰੇਜ਼ਾਂ ਨੇ ਉਨ੍ਹਾਂ ਦੀ ਵਿਲੱਖਣ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਦੀ ਕਲਾ ਨੂੰ ਇੰਗਲੈਂਡ ਤੱਕ ਮਾਨਤਾ ਮਿਲੀ। ਭਾਈ ਰਾਮ ਸਿੰਘ ਨੇ ਓਸਬੋਰਨ ਹਾਊਸ ਦੇ ਦਰਬਾਰ ਰੂਮ ਨਾਲ ਵੀ ਕੰਮ ਕੀਤਾ। ਉਸ ਸਮੇਂ ਅੰਗਰੇਜ਼ਾਂ ਨੇ ਭਾਈ ਰਾਮ ਸਿੰਘ ਦੀ ਪ੍ਰਤਿਭਾ ਨੂੰ ਪਛਾਣ ਕੇ ਵੱਡੇ ਕੰਮਾਂ ਲਈ ਮੌਕੇ ਦਿੱਤੇ। ਅੱਜ ਵੀ ਵਿਲੱਖਣ ਸਮਰੱਥਾ ਵਾਲੇ ਹੁਨਰਮੰਦ ਬੱਚੇ ਅਤੇ ਨੌਜਵਾਨ ਮੌਜੂਦ ਹਨ। ਲੋੜ ਹੈ ਇਨ੍ਹਾਂ ਪ੍ਰਤਿਭਾਵਾਂ ਦੀ ਪਛਾਣ ਕੀਤੀ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਵਿਲੱਖਣ ਪ੍ਰਤਿਭਾਵਾਂ ਦੀ ਪਛਾਣ ਲਈ ਪਾਰਦਰਸ਼ੀ ਪ੍ਰਣਾਲੀ ਬਣਾਈ ਜਾਵੇ, ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਦੇਸ਼ ਦੇ ਵਿਕਾਸ ਨਾਲ ਜੁੜੇ ਖੇਤਰਾਂ ਵਿੱਚ ਉਨ੍ਹਾਂ ਦੀ ਸਮਰੱਥਾ ਦਾ ਸਹੀ ਇਸਤੇਮਾਲ ਕੀਤਾ ਜਾਵੇ।

ਮਹਾਵੀਰ ਸਿੰਘ ਸੰਧੂ, ਬਠਿੰਡਾ

ਸਾਬਕਾ ਸੈਨਿਕ ਅਤੇ ਪ੍ਰਸ਼ਾਸਕੀ ਸੁਧਾਰ

ਸੰਪਾਦਕੀ ‘ਸਾਬਕਾ ਸੈਨਿਕਾਂ ਦੀ ਖੱਜਲ ਖੁਆਰੀ’ ਨੂੰ ਦੇਖਦਿਆਂ ਕੌਮੀ ਅਖੰਡਤਾ, ਪ੍ਰਭੂਸੱਤਾ ਤੇ ਸੁਰੱਖਿਆ ਸੰਰਚਨਾ ਦੀ ਰਖਵਾਲੀ ਲਈ ਜੀਵਨ ਸਮਰਪਿਤ ਕਰਨ ਵਾਲੇ ਸੈਨਿਕਾਂ ਦੇ ਪੈਨਸ਼ਨਰੀ ਅਧਿਕਾਰਾਂ ਦੀ ਉਲੰਘਣਾ ਪ੍ਰਸ਼ਾਸਨਿਕ ਸੰਵੇਦਨਹੀਣਤਾ ਦੀ ਹੱਦ ਹੋ ਨਿੱਬੜੀ ਹੈ। ਕੇਂਦਰੀ ਪ੍ਰਸ਼ਾਸਨ ਵੱਲੋਂ ਨਿਆਂਇਕ ਨਿਰਣਿਆਂ ਵਿਰੁੱਧ ਦਾਇਰ ਕੀਤੀਆਂ ਗਈਆਂ ਅਪੀਲਾਂ ਤੇ ਉਨ੍ਹਾਂ ਦੀ ਲੰਮੀ ਕਾਨੂੰਨੀ ਪ੍ਰਕਿਰਿਆ ਇਹ ਸਾਬਿਤ ਕਰਦੀ ਹੈ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੀ ਅਧਿਕਾਰ ਲੈਣ ਲਈ ਕਿੰਨੀਆਂ ਮੁਸ਼ਕਿਲਾਂ ’ਚੋਂ ਗੁਜ਼ਰਨਾ ਪੈ ਰਿਹਾ ਹੈ। ਸੁਪਰੀਮ ਕੋਰਟ ਨੇ ਵੀ ਅਜਿਹੀ ਪ੍ਰਵਿਰਤੀ ਦੇ ਸੰਦਰਭ ’ਚ ਨਿਆਂਸੰਗਤ ਮੁਆਵਜ਼ੇ ਅਤੇ ਹੱਕਾਂ ਨੂੰ ਉਜਾਗਰ ਕੀਤਾ ਹੈ। ਨਿਰੰਤਰ ਮੁਕੱਦਮੇਬਾਜ਼ੀ ਪੀੜਤ ਸੈਨਿਕਾਂ ਨੂੰ ਮਾਨਸਿਕ ਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਕਰਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਸਬੰਧਿਤ ਸੈਨਿਕਾਂ ਦੇ ਪੈਨਸ਼ਨ ਦੇ ਅਧਿਕਾਰਾਂ ਦੀ ਪਾਲਣਾ ਕਰਕੇ ਉਨ੍ਹਾਂ ਨੂੰ ਮਾਨਸਿਕ ਪੀੜਾ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ।

ਮਾਸਟਰ ਜਸਪਾਲ, ਅਰਨੀਵਾਲਾ (ਫਾਜ਼ਿਲਕਾ)

Advertisement
×