Letter to the Editor: ਪਾਠਕਾਂ ਦੇ ਖ਼ਤ
ਚੋਣ ਕਮਿਸ਼ਨਰ ’ਤੇ ਗ੍ਰਹਿ... 24 ਸਤੰਬਰ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ‘ਗਿਆਨੇਸ਼ ਕੁਮਾਰ ’ਤੇ ਐੱਸ ਆਈ ਆਰ ਦਾ ਗ੍ਰਹਿ’ ਪੜ੍ਹੀ। ਦਸ ਮਹੀਨਿਆਂ ਵਿੱਚ 14 ਵਾਰ ਚੋਣ ਕਮਿਸ਼ਨਰਾਂ ਦਾ ਇਤਰਾਜ਼ ਪੜ੍ਹ ਕੇ ਬਹੁਤ ਚਿੰਤਾ ਹੋਈ। ਵੋਟਰਾਂ ਨੂੰ ਜੋੜਨ ਅਤੇ ਕੱਟਣ...
ਚੋਣ ਕਮਿਸ਼ਨਰ ’ਤੇ ਗ੍ਰਹਿ...
24 ਸਤੰਬਰ ਦੇ ਮੁੱਖ ਪੰਨੇ ’ਤੇ ਛਪੀ ਖ਼ਬਰ ‘ਗਿਆਨੇਸ਼ ਕੁਮਾਰ ’ਤੇ ਐੱਸ ਆਈ ਆਰ ਦਾ ਗ੍ਰਹਿ’ ਪੜ੍ਹੀ। ਦਸ ਮਹੀਨਿਆਂ ਵਿੱਚ 14 ਵਾਰ ਚੋਣ ਕਮਿਸ਼ਨਰਾਂ ਦਾ ਇਤਰਾਜ਼ ਪੜ੍ਹ ਕੇ ਬਹੁਤ ਚਿੰਤਾ ਹੋਈ। ਵੋਟਰਾਂ ਨੂੰ ਜੋੜਨ ਅਤੇ ਕੱਟਣ ਨੂੰ ਲੈ ਕੇ ਚੋਣ ਕਮਿਸ਼ਨ ਦੇ ਅੰਦਰ ਹੀ ਵੱਡੇ ਝਗੜੇ ਚੱਲਦੇ ਰਹੇ ਹਨ। ਦੋ ਕਮਿਸ਼ਨਰਾਂ ਦੇ ਇਤਰਾਜ਼ ਕਰਨ ਦੇ ਬਾਵਜੂਦ ਬਿਨਾਂ ਦੱਸੇ ਵੋਟਰ ਸੂਚੀਆਂ ਬਦਲਣਾ ਬਹੁਤ ਗ਼ਲਤ ਹੈ। ਵੋਟਰ ਸੂਚੀਆਂ ਵਿੱਚ ਕੋਈ ਵੀ ਗੜਬੜੀ ਆਮ ਨਾਗਰਿਕ ਦੇ ਵੋਟ ਦੇ ਅਧਿਕਾਰ ਨੂੰ ਠੇਸ ਪਹੁੰਚਾਉਂਦੀ ਹੈ। ਸਾਡੇ ਦੇਸ਼ ਵਿੱਚ ਚੋਣਾਂ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਸਰਕਾਰ ਅਤੇ ਅਦਾਲਤ ਨੂੰ ਤੁਰੰਤ ਇਸ ਮਾਮਲੇ ’ਤੇ ਦਖ਼ਲ ਦੇਣਾ ਚਾਹੀਦਾ ਹੈ ਤਾਂ ਜੋ ਚੋਣਾਂ ਦੀ ਨਿਰਪੱਖਤਾ ’ਤੇ ਆਮ ਜਨਤਾ ਦਾ ਵਿਸ਼ਵਾਸ ਬਣਿਆ ਰਹੇ।
ਗੁਰਪ੍ਰੀਤ ਕੌਰ, ਜਲੰਧਰ
ਪਾਣੀਆਂ ਦਾ ਮਸਲਾ
23 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਲੇਖ ‘ਦਰਿਆਈ ਪਾਣੀਆਂ ’ਤੇ ਗ਼ੈਰ-ਸੰਵਿਧਾਨਕ ਫ਼ੈਸਲੇ’ ਪੜ੍ਹਿਆ। ਮਾਹਿਰਾਂ ਮੁਤਾਬਿਕ ਪੰਜਾਬ ਦੀ ਧਰਤੀ ਹੇਠਲਾ ਪਾਣੀ 2040 ਤੱਕ ਖ਼ਤਮ ਹੋਣ ਕੰਢੇ ਪੁੱਜ ਜਾਵੇਗਾ। 1966 ’ਚ ਪੰਜਾਬ ਦੇ ਪੁਨਰਗਠਨ ਦੌਰਾਨ ਸਤਲੁਜ ਤੇ ਬਿਆਸ ਦੇ ਪਾਣੀਆਂ ਨੂੰ ਤਾਂ ਵੰਡ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਪਰ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਨਦੀ ਯਮੁਨਾ, ਜੋ ਹਰਿਆਣੇ ਵਿੱਚ ਰਹਿ ਗਈ ਹੈ, ਨੂੰ ਪਾਣੀਆਂ ਦੀ ਵੰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਜਿਨ੍ਹਾਂ ਸੂਬਿਆਂ ਵਿੱਚੋਂ ਦਰਿਆ ਗੁਜ਼ਰਦਾ ਹੈ, ਉਹੀ ਰਿਪੇਰੀਅਨ ਸੂਬੇ ਹੁੰਦੇ ਹਨ। ਹਰਿਆਣਾ, ਰਾਜਸਥਾਨ ਅਤੇ ਦਿੱਲੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਰਿਪੇਰੀਅਨ ਸੂਬੇ ਨਹੀਂ ਹਨ। ਘੱਗਰ ਬਰਸਾਤੀ ਨਦੀ ਹੈ ਅਤੇ ਇਹ ਰਾਜਸਥਾਨ ਦੇ ਟਿੱਬਿਆਂ ਵਿੱਚ ਖ਼ਤਮ ਹੋ ਜਾਂਦੀ ਹੈ। ਇਹ ਕਿਸੇ ਤਰ੍ਹਾਂ ਸਿੰਧ ਬੇਸਿਨ ਦਾ ਹਿੱਸਾ ਨਹੀਂ ਹੈ। ਜੇਕਰ ਪੰਜਾਬ ਦਾ ਕਿਸਾਨ ਨਹਿਰੀ ਪਾਣੀ ਦੇ ਪੈਸੇ ਦਿੰਦਾ ਹੈ ਤਾਂ ਗ਼ੈਰ-ਮਾਲਕ ਕਿਉਂ ਨਾ ਦੇਣ? ਅੱਜ ਪਾਣੀ ਸਬੰਧੀ ਇੱਕ ਸਮੁੱਚੀ ਨੀਤੀ ਬਣਾਉਣ ਅਤੇ ਪਾਣੀ ਦੀ ਸੁਚੱਜੀ ਵਰਤੋਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਰੰਡੀਆਂ ਵਰਗਾ ਜੀਵਨ
23 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਮੋਹਨ ਸ਼ਰਮਾ ਦਾ ਮਿਡਲ ‘ਰੰਡੀਆਂ ਵਰਗਾ ਜੀਵਨ’ ਪੜ੍ਹਿਆ। ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਚਿੱਟੇ ਨੇ ਕਿੰਨੀਆਂ ਧੀਆਂ ਦੇ ਸੁਹਾਗ ਲੁੱਟੇ, ਭੈਣਾਂ ਵਿਧਵਾ ਕੀਤੀਆਂ, ਮਾਪਿਆਂ ਦੇ ਪੁੱਤਰ ਖੋਹ ਕੇ ਉਨ੍ਹਾਂ ਨੂੰ ਲਾਚਾਰ ਅਤੇ ਬੇਵੱਸ ਜੀਵਨ ਜਿਊਣ ਲਈ ਮਜਬੂਰ ਕੀਤਾ ਹੈ। ਪਤਾ ਨਹੀਂ ਹੋਰ ਵੀ ਕਿੰਨੀਆਂ ਧੀਆਂ-ਭੈਣਾਂ ਪਤੀ ਦੇ ਜਿਊਂਦਿਆਂ ਵੀ ਅਜਿਹੀ ਨਰਕ ਭਰੀ ਵਿਧਵਾਵਾਂ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਗੀਆਂ। ਬਹੁਤ ਸਾਰੀਆਂ ਬੇਕਸੂਰ ਧੀਆਂ-ਭੈਣਾਂ ਜਵਾਨ ਉਮਰੇ ਹੀ ਚਿੱਟੀ ਚੁੰਨੀ ਲੈਣ ਲਈ ਮਜਬੂਰ ਹੋ ਜਾਂਦੀਆਂ ਹਨ। ਸਰਕਾਰਾਂ, ਸਮਾਜ ਸੇਵੀਆਂ, ਸਮਾਜਿਕ ਸੰਸਥਾਵਾਂ ਅਤੇ ਸਿਆਸਤਦਾਨਾਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਪੁੱਟਣ ਲਈ ਮਿਲ ਕੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਸ ਦਲਦਲ ਵਿੱਚ ਫਸੀ ਨੌਜਵਾਨੀ ਨੂੰ ਬਾਹਰ ਕੱਢਿਆ ਜਾ ਸਕੇ।
ਇੰਜੀ. ਸਤਨਾਮ ਸਿੰਘ ਮੱਟੂ, ਬੀਂਬੜ੍ਹ (ਸੰਗਰੂਰ)
ਮੈਂ ਇਕਬਾਲ ਪੰਜਾਬੀ ਦਾ...
23 ਸਤੰਬਰ ਦੇ ‘ਨਜ਼ਰੀਆ’ ਪੰਨੇ ’ਤੇ ਕੁਲਦੀਪ ਸਿੰਘ ਸਾਹਿਲ ਦਾ ਲੇਖ ‘ਮੈਂ ਇਕਬਾਲ ਪੰਜਾਬੀ ਦਾ...’ ਪੜ੍ਹਿਆ। ਬਿਲਕੁਲ ਸੱਚ ਕਿਹਾ ਹੈ ਕਿ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਬੋਲੀ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਜਿਹੜੀਆਂ ਕੌਮਾਂ ਆਪਣੀ ਮਾਂ-ਬੋਲੀ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਅੱਜ ਪੰਜਾਬ ਵਿੱਚ ਹੀ ਪੰਜਾਬੀ ਨੂੰ ਦੂਜੇ ਦਰਜੇ ਦੀ ਭਾਸ਼ਾ ਬਣਾ ਦਿੱਤਾ ਗਿਆ ਹੈ। ਸਰਕਾਰੀ ਦਫ਼ਤਰਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅੰਗਰੇਜ਼ੀ ਦਾ ਬੋਲਬਾਲਾ ਅਤੇ ਮਾਪਿਆਂ ਵੱਲੋਂ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਨਾ, ਇਹ ਸਭ ਪੰਜਾਬੀ ਦੇ ਭਵਿੱਖ ਲਈ ਖ਼ਤਰੇ ਦੀ ਘੰਟੀ ਹੈ। ਇਹ ਮਾਣ ਵਾਲੀ ਗੱਲ ਹੈ ਕਿ ਮਾਂ-ਬੋਲੀ ਪੰਜਾਬੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। 2011 ਤੋਂ ਬਾਅਦ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਚਿੰਤਾ ਵਾਲੀ ਗੱਲ ਹੈ। ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੋਂ ਲਾਜ਼ਮੀ ਕੀਤਾ ਜਾਵੇ ਅਤੇ ਸਰਕਾਰੀ ਕੰਮ-ਕਾਜ 100 ਫ਼ੀਸਦੀ ਪੰਜਾਬੀ ਵਿੱਚ ਹੋਵੇ।
ਮਾਸਟਰ ਪਰਮਵੇਦ, ਸੰਗਰੂਰ
(2)
ਕੁਲਦੀਪ ਸਾਹਿਲ ਦਾ ਲੇਖ ‘ਮੈਂ ਇਕਬਾਲ ਪੰਜਾਬੀ ਦਾ...’ ਪੜ੍ਹਿਆ। ਬਾਬਾ ਸ਼ੇਖ਼ ਫ਼ਰੀਦ ਨੇ ਪੰਜਾਬੀ ਦੀ ਮਜ਼ਬੂਤ ਬੁਨਿਆਦ ਰੱਖੀ। ਪੂਰੀ ਦੁਨੀਆ ਦੀਆਂ 7,000 ਭਾਸ਼ਾਵਾਂ ਵਿੱਚੋਂ ਸਾਡੀ ਮਾਂ-ਬੋਲੀ ਪੰਜਾਬੀ ਨੂੰ ਦਸਵਾਂ ਸਥਾਨ ਹਾਸਿਲ ਹੋ ਗਿਆ ਹੈ। ਭਾਸ਼ਾ ਵਿਭਾਗ ਨੂੰ ਪੰਜਾਬੀ ਲਈ ਹਰ ਸਾਰਥਿਕ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰੇ-ਦਰਬਾਰੇ ਮਾਂ-ਬੋਲੀ ਪੰਜਾਬੀ ਦਾ ਮਾਣ ਹੋ ਸਕੇ। ਅੱਜ ਅਸੀਂ ‘ਬੇਬੇ-ਬਾਪੂ’ ਸ਼ਬਦਾਂ ਤੋਂ ਸ਼ਰਮ ਮਹਿਸੂਸ ਕਰ ਰਹੇ ਹਾਂ। ਅਸੀਂ ਪਹਿਲੀ ਜਮਾਤ ਤੋਂ ਹੀ ਅੰਗਰੇਜ਼ੀ ਨੂੰ ਮਾਣ ਅਤੇ ਪੰਜਾਬੀ ਨੂੰ ਮਜਬੂਰੀ ਬਣਾ ਦਿੱਤਾ ਹੈ। ਇਹ ਸਾਡੀ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਹੈ। ਪੰਜਾਬੀ ਕੋਈ ਵਿਸ਼ਾ ਨਹੀਂ, ਇਹ ਸਾਡੀ ਮਾਂ ਹੈ। ਜੇ ਮਾਂ ਦੀ ਗੋਦ ਵਿੱਚੋਂ ਹੀ ਪੰਜਾਬੀ ਨਿਕਲ ਗਈ ਤਾਂ ਬੱਚਾ ਜੜ੍ਹਾਂ ਤੋਂ ਟੁੱਟ ਜਾਵੇਗਾ। ਸਾਨੂੰ ਹੋਰ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ, ਪਰ ਪੰਜਾਬੀ ਦਾ ਸਤਿਕਾਰ ਸਭ ਤੋਂ ਉੱਪਰ ਰੱਖਣਾ ਪਵੇਗਾ।
ਸੁਖਜੀਤ ਕੌਰ, ਲੁਧਿਆਣਾ
ਹਿਰਦੇਵੇਦਕ ਘਟਨਾ
23 ਸਤੰਬਰ ਦੇ ਅੰਕ ’ਚ ਬਹੁਤ ਹੀ ਦੁਖਦਾਈ ਖ਼ਬਰ ਪੜ੍ਹੀ। ਭਵਾਨੀਗੜ੍ਹ ਦੀ ਬਖੋਪੀਰ ਰੋਡ ’ਤੇ ਸਥਿਤ ਕਲੋਨੀ ਵਿੱਚ ਇੱਕ ਮਾਂ ਵੱਲੋਂ ਆਪਣੇ ਹੀ ਤਿੰਨ ਮਾਸੂਮ ਬੱਚਿਆਂ ਨੂੰ ਮਾਰ ਦੇਣ ਦੀ ਹਿਰਦੇਵੇਦਕ ਘਟਨਾ ਨੇ ਆਸ-ਪਾਸ ਦੇ ਘਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਬੱਚੇ ਆਪਣੇ ਮਾਪਿਆਂ ਨੂੰ ਪੁੱਛ ਰਹੇ ਹਨ ਕਿ ਕੀ ਮੰਮੀ ਵੀ ਆਪਣੇ ਬੱਚਿਆਂ ਨੂੰ ਮਾਰ ਦਿੰਦੀ ਹੈ? ਮਾਪਿਆਂ ਕੋਲੋਂ ਮਾਸੂਮ ਬੱਚਿਆਂ ਦੇ ਇਨ੍ਹਾਂ ਡੂੰਘੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਜੇਕਰ ਸਭ ਤੋਂ ਵੱਧ ਸੁਰੱਖਿਅਤ ਰੱਖਣ ਵਾਲੀ ਮਾਂ ਹੀ ਅਜਿਹਾ ਕੁਝ ਕਰ ਦੇਵੇ ਤਾਂ ਫਿਰ ਬੱਚਿਆਂ ਦੀ ਸੁਰੱਖਿਆ ਕੋਈ ਨਹੀਂ ਕਰ ਸਕਦਾ। ਇਨ੍ਹਾਂ ਤਿੰਨਾਂ ਬੱਚਿਆਂ ਦੀਆਂ ਤਸਵੀਰਾਂ ਸਾਨੂੰ ਪੁੱਛ ਰਹੀਆਂ ਹਨ ਕਿ ਆਖ਼ਰ ਸਾਡਾ ਕਸੂਰ ਕੀ ਸੀ? ਸਾਨੂੰ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਗਈ, ਉਹ ਵੀ ਆਪਣੀ ਹੀ ਮਾਂ ਵੱਲੋਂ? ਇਹ ਸਵਾਲ ਸਾਡੇ ਸਾਰਿਆਂ ਲਈ ਵੀ ਹੈ ਕਿ ਅਸੀਂ ਕਿੱਧਰ ਨੂੰ ਚੱਲ ਪਏ ਹਾਂ?
ਮੇਜਰ ਸਿੰਘ ਮੱਟਰਾਂ
ਦਰਵੇਸ਼ ਰੂਹ ਬਾਬਾ ਸ਼ੇਖ਼ ਫ਼ਰੀਦ
22 ਸਤੰਬਰ ਦੇ ‘ਵਿਰਾਸਤ’ ਪੰਨੇ ’ਤੇ ਜਗਜੀਤ ਸਿੰਘ ਲੋਹਟਬੱਧੀ ਦਾ ਲੇਖ ‘ਦਰਵੇਸ਼ ਰੂਹ ਬਾਬਾ ਸ਼ੇਖ਼ ਫ਼ਰੀਦ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਬਾਬਾ ਸ਼ੇਖ਼ ਫ਼ਰੀਦ ਜੀ ਸ਼ਾਂਤ ਸੁਭਾਅ ਵਾਲੇ, ਮਿੱਠ-ਬੋਲੜੇ ਅਤੇ ਸਬਰ-ਸੰਤੋਖ ਵਾਲੇ ਸਨ। ਬੰਦਗੀ ਦੀ ਖ਼ੈਰ ਮੰਗਣ ਵਾਲੇ ਫ਼ਰੀਦ-ਉਦ-ਦੀਨ ਗੰਜਿ ਸ਼ਕਰ ਨੇ ਅੱਠ ਸਾਲ ਦੀ ਉਮਰ ਵਿੱਚ ਹੀ ਮੁਕੱਦਸ ਕੁਰਾਨ ਸ਼ਰੀਫ਼ ਜ਼ਬਾਨੀ ਯਾਦ ਕਰ ਲਈ ਸੀ ਅਤੇ 15 ਸਾਲ ਦੀ ਉਮਰ ਵਿੱਚ ਹਾਜੀ ਦਾ ਰੁਤਬਾ ਵੀ ਹਾਸਿਲ ਕਰ ਲਿਆ ਸੀ। ਉਨ੍ਹਾਂ ਦਾ ਅਕਸ
ਉੱਚ ਕੋਟੀ ਦੇ ਵਿਦਵਾਨਾਂ ਵਾਲਾ ਹੈ; ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ ਉਹ ਮੁਕਾਮ ਹਾਸਿਲ ਹੈ, ਜੋ ਚੌਸਰ ਨੂੰ ਅੰਗਰੇਜ਼ੀ ਸਾਹਿਤ ਵਿੱਚ ਮਿਲਿਆ ਹੋਇਆ ਹੈ। ਬਾਬਾ ਫ਼ਰੀਦ ਦਾ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਉਸ ਸਮੇਂ ਰਚੇ ਸ਼ਬਦਾਂ ਅਤੇ ਸ਼ਲੋਕਾਂ ਕਰਕੇ ਹੈ। ਉਨ੍ਹਾਂ ਦੀ ਬਾਣੀ ਦਾ ਉੱਚ ਮਿਆਰ ਹੋਣ ਕਾਰਨ ਹੀ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਇਸ ਨੂੰ ਸੰਭਾਲਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਇਕੱਠਾ ਕਰਕੇ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਕਰਕੇ ਅਹਿਮ ਰੁਤਬਾ ਦਿੱਤਾ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
ਗ਼ਰੀਬ ਵਰਗ ਅਤੇ ਮਹਿੰਗਾਈ
ਸਰਕਾਰੀ ਅੰਕੜਿਆਂ ਅਨੁਸਾਰ, ਥੋਕ ਅਤੇ ਪ੍ਰਚੂਨ ਕੀਮਤ-ਆਧਾਰਿਤ ਮਹਿੰਗਾਈ ਭੋਜਨ, ਬਾਲਣ ਅਤੇ ਨਿਰਮਿਤ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਹੋਈ ਹੈ। ਅਸਲ ਵਿੱਚ ਮੌਜੂਦਾ ਮਹਿੰਗਾਈ ਕਿਸੇ ਮੌਸਮੀ ਜਾਂ ਕੁਦਰਤੀ ਸਥਿਤੀ ਕਾਰਨ ਨਹੀਂ ਸਗੋਂ ਇਹ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹੈ। ਕੇਂਦਰ ਸਰਕਾਰ ਅਤੇ ਕਈ ਸੂਬਾਈ ਸਰਕਾਰਾਂ ਨੇ ਐਲਾਨ ਕੀਤਾ ਕਿ ਖੰਡ ਅਤੇ ਪਿਆਜ ਦਾ ਕਾਫ਼ੀ ਭੰਡਾਰ ਹੈ, ਫਿਰ ਵੀ ਇਨ੍ਹਾਂ ਦੋਵੇਂ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਉੱਚੀਆਂ ਕੀਮਤਾਂ ਦੇ ਪਿੱਛੇ ਕੌਣ ਹੈ? ਮਹਿੰਗਾਈ ਅਨੁਸਾਰ ਤਨਖ਼ਾਹਾਂ ਵਿੱਚ ਕੋਈ ਵਾਧਾ ਨਹੀਂ ਹੋਇਆ, ਪਰ ਹਰ ਘਰ ਇਸ ਮਹਿੰਗਾਈ ਦੇ ਪ੍ਰਭਾਵ ਹੇਠ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ

