Letter to the Editor: ਪਾਠਕਾਂ ਦੇ ਖ਼ਤ
ਵਿਰਾਟ, ਵੈਭਵ ਅਤੇ ਕ੍ਰਿਕਟ 2 ਜੂਨ ਦੀ ਸੰਪਾਦਕੀ ਸਭ ਤੋਂ ਪਸੰਦੀਦਾ ਖੇਡ ਕ੍ਰਿਕਟ ਉੱਤੇ ਕੇਂਦਰਿਤ ਹੈ। ਇਸ ਵਿੱਚ ਭਾਰਤ ਦੇ ਉਸ ਖਿਡਾਰੀ (ਵਿਰਾਟ ਕੋਹਲੀ) ਦੀ ਗੱਲ ਕੀਤੀ ਗਈ ਹੈ, ਜਿਹੜਾ 37 ਸਾਲ ਦਾ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਫਿੱਟ ਹੈ...
ਵਿਰਾਟ, ਵੈਭਵ ਅਤੇ ਕ੍ਰਿਕਟ
2 ਜੂਨ ਦੀ ਸੰਪਾਦਕੀ ਸਭ ਤੋਂ ਪਸੰਦੀਦਾ ਖੇਡ ਕ੍ਰਿਕਟ ਉੱਤੇ ਕੇਂਦਰਿਤ ਹੈ। ਇਸ ਵਿੱਚ ਭਾਰਤ ਦੇ ਉਸ ਖਿਡਾਰੀ (ਵਿਰਾਟ ਕੋਹਲੀ) ਦੀ ਗੱਲ ਕੀਤੀ ਗਈ ਹੈ, ਜਿਹੜਾ 37 ਸਾਲ ਦਾ ਹੋਣ ਦੇ ਬਾਵਜੂਦ ਪੂਰੀ ਤਰ੍ਹਾਂ ਫਿੱਟ ਹੈ ਅਤੇ ਨੌਜਵਾਨਾਂ ਤੋਂ ਵੀ ਸਿੱਖਣ ਦੀ ਗੱਲ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰਦਾ ਹੈ। ਆਪਣੇ ਕਰੀਅਰ ਦੇ ਸ਼ੁਰੂ ਵਿੱਚ ਉਹ ਕਾਫ਼ੀ ਮੋਟਾ ਸੀ ਪਰ ਸਮੇਂ ਦੇ ਬੀਤਣ ਨਾਲ ਉਸ ਨੇ ਖ਼ੁਦ ਨੂੰ ਲਗਾਤਾਰ ਫਿੱਟ ਕੀਤਾ ਅਤੇ ਅੱਜ ਉਸ ਮੁਕਾਮ ’ਤੇ ਪਹੁੰਚਿਆ ਹੈ ਜਿੱਥੇ ਉਸ ਕੋਲ ਖੇਡਣ ਦਾ ਸ਼ਾਨਦਾਰ ਹੁਨਰ ਹੈ। ਦੂਜੇ ਪਾਸੇ, ਰਾਜਸਥਾਨ ਰੌਇਲਜ਼ ਦਾ ਪ੍ਰਤਿਭਾਸ਼ਾਲੀ ਖਿਡਾਰੀ ਵੈਭਵ ਸੂਰਿਆਵੰਸ਼ੀ ਹੈ। ਜਿਸ ਉਮਰ ਵਿੱਚ ਵਿਦਿਆਰਥੀ ਸਕੂਲ ਦੀ ਪੜ੍ਹਾਈ ਤੱਕ ਸੀਮਤ ਹੁੰਦੇ ਹਨ, ਉਸ ਉਮਰ ’ਚ ਇਹ ਖਿਡਾਰੀ ਵਿਸ਼ਵ ਪੱਧਰ ਦੇ ਸਰਵਸ਼੍ਰੇਸ਼ਠ ਗੇਂਦਬਾਜ਼ਾਂ ਦੀਆਂ ਗੇਂਦਾਂ ਬਹੁਤ ਸਹਿਜਤਾ ਨਾਲ ਖੇਡਦਾ ਦਿਖਾਈ ਦਿੱਤਾ। ਉਹ ਪੰਜ-ਛੇ ਸਾਲ ਦੀ ਉਮਰ ਤੋਂ ਹੀ ਕ੍ਰਿਕਟ ਦੀ ਤਿਆਰੀ ਕਰਨ ਲੱਗ ਪਿਆ ਸੀ। ਸਪੱਸ਼ਟ ਹੈ ਕਿ ਆਪਣੀ ਸਖ਼ਤ ਮਿਹਨਤ ਦੇ ਜ਼ਰੀਏ ਕੋਈ ਵੀ ਸੁਪਨਾ ਪੂਰਾ ਕੀਤਾ ਜਾ ਸਕਦਾ ਹੈ।
ਚਮਕੌਰ ਸਿੰਘ ਬਾਘੇਵਾਲੀਆ
ਪਾਣੀ ਦੀਆਂ ਬੁਛਾੜਾਂ
1 ਜੂਨ ਦੇ ਅੰਕ ਵਿੱਚ ਛਪੀ ਇਹ ਖ਼ਬਰ ਨਿੰਦਣਯੋਗ ਹੈ ਕਿ ਮੁੱਖ ਮੰਤਰੀ ਦੀ ਕੋਠੀ ਵੱਲ ਜਾ ਰਹੇ ਮੁਲਾਜ਼ਮਾਂ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਰੋਕਦਿਆਂ ਕਈਆਂ ਦੀਆਂ ਪੱਗਾਂ ਲੱਥ ਗਈਆਂ। ਸਰਕਾਰ ਮੁਲਾਜ਼ਮਾਂ ਦੀਆਂ ਕਈ ਅਜਿਹੀਆਂ ਮੰਗਾਂ ਵੀ ਮੰਨਣ ਨੂੰ ਤਿਆਰ ਨਹੀਂ, ਜੋ ਉੱਚ ਅਦਾਲਤ ਦੇ ਫ਼ੈਸਲਿਆਂ ਮੁਤਾਬਕ ਹਨ। ਸਰਕਾਰ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਕਰ ਕੇ ਮੰਗਾਂ ਨੂੰ ਹੱਲ ਕਰਨ ਵੱਲ ਤਰਜੀਹ ਦੇਣੀ ਚਾਹੀਦੀ ਹੈ ਨਾ ਕਿ ਟਕਰਾਅ ਵਾਲੀ ਨੀਤੀ ਅਪਣਾਉਣੀ ਚਾਹੀਦੀ ਹੈ। ਸਰਕਾਰੀ ਕਰਮਚਾਰੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਧਿਆਪਕ ਹਨ, ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਮੇਜਰ ਸਿੰਘ, ਨਾਭਾ
ਪ੍ਰੀਖਿਆ ਤੰਤਰ ਬਨਾਮ ਬੇਈਮਾਨੀ
1 ਜੂਨ ਦੀ ਸੰਪਾਦਕੀ ਵਿੱਚ ਸਾਡੇ ਦੇਸ਼ ਦੀ ਬਿਮਾਰ ਪ੍ਰੀਖਿਆ ਪ੍ਰਣਾਲੀ ਬਾਰੇ ਬੜੀਆਂ ਬੇਬਾਕ ਟਿੱਪਣੀਆਂ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ ਉੱਚ-ਕੋਰਸਾਂ ਦੀਆਂ ਪ੍ਰੀਖਿਆਵਾਂ ਵਿੱਚ ਕਦੇ ਪੇਪਰ ਲੀਕ ਹੋਣ ਅਤੇ ਕਦੇ ਗ਼ਲਤ ਤਰੀਕੇ ਨਾਲ ਪਰਚੇ ਚੈੱਕ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨਾਲ ਇਹ ਜੱਗੋਂ-ਤੇਰ੍ਹਵੀਂ ਹੋ ਰਹੀ ਹੈ। ਅਸਲ ਵਿੱਚ ਸਾਡੇ ਪ੍ਰੀਖਿਆ ਤੰਤਰ ਨੂੰ ਬੇਈਮਾਨੀ ਅਤੇ ਲਾਲਚ ਦੀ ਘਾਤਕ ਬਿਮਾਰੀ ਲੱਗ ਚੁੱਕੀ ਹੈ। ‘ਨਜ਼ਰੀਆ’ ਪੰਨੇ ’ਤੇ ਜਯੋਤੀ ਮਲਹੋਤਰਾ ਨੇ ਵੀ ਪੰਜਾਬ ਚੋਣਾਂ ਬਾਰੇ ਆਪਣੇ ਲੇਖ ਵਿੱਚ ਦਲਬਦਲੂ ਤੇ ਭ੍ਰਿਸ਼ਟ ਹੋ ਚੁੱਕੀ ਰਾਜਨੀਤੀ ਅਤੇ ਰਾਜਨੀਤੀਵਾਨਾਂ ਉੱਤੇ ਤਿੱਖੇ ਨਿਸ਼ਾਨੇ ਸਾਧੇ ਹਨ। ਚੋਣਾਂ ਤੱਕ ਹਾਲੇ ਹਾਲਾਤ ਨੇ ਕਈ ਰੰਗ ਬਦਲਣੇ ਹਨ। ਕਿਸੇ ਵੀ ਪਾਰਟੀ ਦੇ ਚੰਗੇ ਕੰਮਾਂ ਨੂੰ ਸਲਾਹੁਣ ਵਾਲਾ ਸੱਭਿਆਚਾਰ ਹੁਣ ਖ਼ਤਮ ਹੋ ਚੁੱਕਿਆ ਹੈ। ਇਸੇ ਤਰ੍ਹਾਂ 30 ਮਈ ਦੇ ‘ਸਤਰੰਗ’ ਪੰਨੇ ’ਤੇ ਕਮਲਜੀਤ ਨੀਲੋਂ ਦੀ ਬਾਲ ਕਹਾਣੀ ‘ਚੂੰ ਚੂੰ ਦਾ ਭਵਿੱਖ’ ਵੱਡਿਆਂ ਨੂੰ ਵੀ ਬਹੁਤ ਵੱਡਾ ਸੁਨੇਹਾ ਦੇਣ ਵਾਲੀ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿੱਤਰ ਪੰਛੀਆਂ ਤੋਂ ਬਹੁਤ ਦੂਰ ਲੈ ਜਾਵੇਗੀ। ਰਹਿੰਦੀ ਕਸਰ ਮੋਬਾਈਲਾਂ ਦੀ ਲੋੜ ਤੋਂ ਵੱਧ ਵਰਤੋਂ ਨੇ ਪੂਰੀ ਕਰ ਦਿੱਤੀ ਹੈ; ਜੇ ਹਾਲੇ ਵੀ ਨਾ ਸੰਭਲੇ ਤਾਂ ਪਛਤਾਉਣ ਦਾ ਸਮਾਂ ਵੀ ਨਹੀਂ ਮਿਲਣਾ। ‘ਨਜ਼ਰੀਆ’ ਪੰਨੇ ’ਤੇ ਜਨਤਕ ਆਵਾਜਾਈ ਬਾਰੇ ਲੇਖ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੈਦਰਾਬਾਦ ਦੀ ਜਨਤਕ ਰੈਲੀ ਵਿੱਚ ਦਿੱਤੀਆਂ ਸਲਾਹਾਂ ਬਾਰੇ ਬੜੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ ਕਹੀਆਂ ਗਈਆਂ ਹਨ। ਜਨਤਕ ਆਵਾਜਾਈ ਲਈ ਮੈਟਰੋ, ਰੇਲ ਗੱਡੀਆਂ ਜਾਂ ਬੱਸਾਂ ਦਾ ਸੁਚਾਰੂ ਪ੍ਰਬੰਧ ਹੋਣਾ ਜ਼ਰੂਰੀ ਹੈ। ਲੋਕਾਂ ਨੂੰ ਨਿੱਜੀ ਗੱਡੀਆਂ ਛੱਡਣ ਲਈ ਪ੍ਰੇਰਿਤ ਕਰਨ ਵਾਸਤੇ ਮੁਫ਼ਤ ਜਾਂ ਸਸਤੀ ਆਵਾਜਾਈ ਦੇ ਸਾਧਨ ਮੁਹੱਈਆ ਹੋਣੇ ਚਾਹੀਦੇ ਹਨ, ਸਿਰਫ਼ ਭਾਸ਼ਣਾਂ ਨਾਲ ਅਜਿਹਾ ਕੁਝ ਵੀ ਸੰਭਵ ਨਹੀਂ ਹੋ ਸਕਦਾ।
ਡਾ. ਤਰਲੋਚਨ ਕੌਰ, ਪਟਿਆਲਾ
ਪ੍ਰੀਖਿਆ ਪ੍ਰਣਾਲੀ ਦਾ ਜਨਾਜ਼ਾ
1 ਜੂਨ ਦੇ ਸੰਪਾਦਕੀ ‘ਪ੍ਰੀਖਿਆ ਪ੍ਰਣਾਲੀ ਦਾ ਜਨਾਜ਼ਾ’ ਵਿੱਚ ਪ੍ਰੀਖਿਆ ਏਜੰਸੀਆਂ ਵੱਲੋਂ ਵਿਦਿਆਰਥੀਆਂ ਦੀ ਹੋ ਰਹੀ ਖੱਜਲਖ਼ੁਆਰੀ ਸਬੰਧੀ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕੇਂਦਰ ਸਰਕਾਰ ਨੂੰ ਹਲੂਣਾ ਦਿੱਤਾ ਗਿਆ ਹੈ। ‘ਜਨਾਜ਼ਾ’ ਲਫ਼ਜ਼ ਦੀ ਵਰਤੋਂ ਹੀ ਸਰਕਾਰ ਦੀ ਕਾਰਗ਼ੁਜ਼ਾਰੀ ਉੱਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਲਗਾਉਂਦੀ ਹੈ। ਦੂਜੀ ਗੱਲ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਬਾਰੇ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੀ ਖ਼ੁਸ਼ਕਿਸਮਤੀ ਰਹੀ ਸੀ ਕਿ ਉਹ ਭਾਜਪਾ ਨਾਲੋਂ ਕੇਵਲ 0.5 ਫ਼ੀਸਦੀ ਵੱਧ ਵੋਟਾਂ ਲੈ ਕੇ, ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ ਅਤੇ ਸਰਕਾਰ ਬਣਾ ਗਈ। ਸੱਚ ਤਾਂ ਇਹ ਹੈ ਕਿ ਹਿਮਾਚਲ ਵਿੱਚ ਟੱਕਰ ਹਮੇਸ਼ਾ ਕਾਂਟੇ ਦੀ ਹੁੰਦੀ ਹੈ, ਜਿੱਥੇ ਇੱਕ-ਇੱਕ ਵੋਟ ਦਾ ਅੰਤਰ ਵੀ ਬਹੁਤ ਅਹਿਮੀਅਤ ਰੱਖਦਾ ਹੈ। ਜਯੋਤੀ ਮਲਹੋਤਰਾ ਦਾ ਲੇਖ ‘ਪੰਜਾਬ ਚੋਣਾਂ: ਪਿਕਚਰ ਅਭੀ ਬਾਕੀ ਹੈ!’ ਪੜ੍ਹ ਕੇ ਇਉਂ ਲੱਗਿਆ ਜਿਵੇਂ ਪਰਦੇ ਉੱਤੇ ਚੱਲ ਰਹੀ ਕੋਈ ਰਾਜਨੀਤਕ ਫ਼ਿਲਮ ਦੇਖ ਰਹੇ ਹੋਈਏ, ਜਿਸ ਦਾ ਅਗਲਾ ਹਿੱਸਾ ਫ਼ਰਵਰੀ 2027 ਵਿੱਚ ਪੰਜਾਬ ਦੇ ਵੋਟਰ ‘ਸ਼ੂਟ’ ਕਰਨਗੇ। ਸ਼ਹਿਰੀ ਸਥਾਨਕ ਚੋਣਾਂ ਦੇ ਨਤੀਜੇ ਨਿਰਸੰਦੇਹ ਆਮ ਆਦਮੀ ਪਾਰਟੀ ਲਈ ਉਤਸ਼ਾਹਵਰਧਕ ਹਨ ਪਰੰਤੂ ਇਨ੍ਹਾਂ ਨੂੰ ਮੁਕੰਮਲ ਸੰਤੁਸ਼ਟੀ ਵਜੋਂ ਲੈਣਾ ‘ਆਪ’ ਲਈ 2027 ਵਿੱਚ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਸ ਲਈ ਮੌਜੂਦਾ ਸਫ਼ਲਤਾ ਨੂੰ 2027 ਦੀ ਜਿੱਤ ਦੀ ਗਾਰੰਟੀ ਮੰਨਣ ਦੀ ਬਜਾਏ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਿਲੰਡਰਾਂ ਦੀ ਕੀਮਤ ਵਿੱਚ ਵਾਧਾ
ਹਾਲ ਹੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 53 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਛੋਟੇ ਵਪਾਰੀਆਂ, ਹੋਟਲ ਮਾਲਕਾਂ ਅਤੇ ਆਮ ਲੋਕਾਂ ਉੱਤੇ ਵਾਧੂ ਆਰਥਿਕ ਬੋਝ ਪਿਆ ਹੈ। ਪਹਿਲਾਂ ਹੀ ਅਸਮਾਨੀ ਚੜ੍ਹ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਘਰੇਲੂ ਬਜਟ ਪੂਰੀ ਤਰ੍ਹਾਂ ਹਿੱਲ ਚੁੱਕਾ ਹੈ। ਗੈਸ ਦੀਆਂ ਵਧਦੀਆਂ ਕੀਮਤਾਂ ਕਾਰਨ ਖਾਣ-ਪੀਣ ਦੀਆਂ ਵਸਤੂਆਂ ਅਤੇ ਹੋਰ ਸੇਵਾਵਾਂ ਦੇ ਮਹਿੰਗੇ ਹੋਣ ਦਾ ਖ਼ਦਸ਼ਾ ਵੀ ਵਧ ਗਿਆ ਹੈ। ਸਰਕਾਰ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ।
ਅਰਸ਼ਪ੍ਰੀਤ ਕੌਰ, ਜਲੰਧਰ ਸ਼ਹਿਰ
’27 ਦਾ ਫ਼ਤਵਾ ਹਾਲੇ ਧੁੰਦਲਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਵੱਲੋਂ ‘ਵੋਟਰ ਪਕੜੋ’ ਮੁਹਿੰਮ ਤਾਂ ਨਿਰਵਿਘਨ ਚਾਲੂ ਹੈ ਪਰ 2027 ਦਾ ਸਿਆਸੀ ਫ਼ਤਵਾ ਹਾਲੇ ਧੁੰਦਲਾ ਦਿਖਾਈ ਦੇ ਰਿਹਾ ਹੈ। ਸਿਆਸੀ ਪਾਰਟੀਆਂ ਬਿਗਾਨੇ ਨੇਤਾਵਾਂ (ਢਿੱਲੇ ਬਲਦਾਂ) ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਨਿੱਜੀ ਰੰਗ ਵਿੱਚ ਰੰਗ ਰਹੀਆਂ ਹਨ ਅਤੇ ਵੋਟਰਾਂ ਨੂੰ ਸਬਜ਼ਬਾਗ ਦਿਖਾ ਕੇ ਭਰਮਾਉਣ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਦੀ ਮੌਜੂਦਾ ਵੋਟਰ ਸੂਚੀ, ਵਾਰਡਬੰਦੀ ਅਤੇ ‘ਪੰਨਾ ਪ੍ਰਮੁੱਖ’ ਦਾ ਗਣਿਤ ਅਜੇ ਹੋਰ ਬਦਲੇਗਾ ਕਿਉਂਕਿ ਸੂਬੇ ਵਿੱਚ ਚੋਣ ਸੁਧਾਰ ਜਾਂ ਹੱਦਬੰਦੀ ਦੀ ਪ੍ਰਕਿਰਿਆ ਅਜੇ ਅੱਧਵਾਟੇ ਹੈ। 2027 ਦੀਆਂ ਚੋਣਾਂ ਬੈਲੇਟ ਪੇਪਰ ਦੀ ਬਜਾਏ ਈ ਵੀ ਐੱਮ ਰਾਹੀਂ ਹੋਣੀਆਂ ਹਨ। ਮੌਜੂਦਾ ਸਿਆਸੀ ਹਾਲਾਤ ਵਿੱਚ ਦੋ ਗੱਲਾਂ ਸਾਫ਼ ਹੋਈਆਂ ਹਨ: ਪਹਿਲੀ ਇਹ ਕਿ ਵੋਟਰਾਂ ਦੇ ਇੱਕ ਹਿੱਸੇ ਉੱਤੇ ਪੁਰਾਣੀ ਕਬੀਲਾਈ ਸੋਚ ਹਾਲੇ ਵੀ ਹਾਵੀ ਹੈ ਅਤੇ ਦੂਜੀ ਇਹ ਕਿ 2027 ਦੀਆਂ ਚੋਣਾਂ ਲਈ ਅਕਾਲੀ ਦਲ ਅਤੇ ਬੀ ਐੱਸ ਪੀ ਵਿਚਾਲੇ ਚੋਣ ਸਮਝੌਤੇ ਦਾ ਰਸਤਾ ਸਾਫ਼ ਨਜ਼ਰ ਆ ਰਿਹਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਯੁੱਗ ਦਾ ਅੰਤ ਕਿਉਂ?
29 ਮਈ ਦੇ ਸੰਪਾਦਕੀ ਪੰਨੇ ’ਤੇ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਦੀ ਰਚਨਾ ‘ਬਸ਼ੀਰ ਬਦਰ: ਰੁਮਾਨੀ ਤੇ ਮਖ਼ਮਲੀ ਸ਼ਾਇਰੀ ਦੇ ਯੁੱਗ ਦਾ ਅੰਤ’ ਪੜ੍ਹਨ ਨੂੰ ਮਿਲੀ। ਲੇਖਕ ਨੇ ਬਸ਼ੀਰ ਬਦਰ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਜੀਵਨ ਸੰਘਰਸ਼ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ ਪਰ ਇਸ ਦਾ ਸਿਰਲੇਖ ਬਹੁਤਾ ਢੁਕਵਾਂ ਨਹੀਂ ਜਾਪਦਾ। ਅਕਸਰ ਹੈਰਾਨੀ ਹੁੰਦੀ ਹੈ ਕਿ ਜਦੋਂ ਵੀ ਕੋਈ ਨਾਮਵਰ ਅਦਾਕਾਰ, ਸਾਹਿਤਕਾਰ, ਸਿਆਸਤਦਾਨ ਜਾਂ ਕੋਈ ਹੋਰ ਅਜ਼ੀਮ ਸ਼ਖ਼ਸੀਅਤ ਇਸ ਸੰਸਾਰ ਤੋਂ ਰੁਖ਼ਸਤ ਹੁੰਦੀ ਹੈ, ਤਾਂ ਹਮੇਸ਼ਾ ਇਹੀ ਸ਼ਬਦ ਲਿਖ ਦਿੱਤੇ ਜਾਂਦੇ ਹਨ ਕਿ ‘ਇੱਕ ਯੁੱਗ ਦਾ ਅੰਤ ਹੋ ਗਿਆ।’ ਇਹ ਆਖ ਕੇ ਅਸੀਂ ਅਸਲ ਵਿੱਚ ਉਸ ਸ਼ਖ਼ਸੀਅਤ ਦੇ ਕੱਦ ਨੂੰ ਬੌਣਾ ਕਰਦੇ ਹਾਂ ਅਤੇ ਉਸ ਨਾਲੋਂ ਆਪਣਾ ਸਬੰਧ ਤੋੜ ਲੈਂਦੇ ਹਾਂ। ਬਸ਼ੀਰ ਬਦਰ ਆਪਣੀਆਂ ਲਾਜਵਾਬ ਰਚਨਾਵਾਂ ਰਾਹੀਂ ਸਦਾ ਸਾਡੇ ਦਰਮਿਆਨ ਜਿਊਂਦੇ ਰਹਿਣਗੇ। ਪਾਠਕ ਉਨ੍ਹਾਂ ਦੀਆਂ ਲਿਖਤਾਂ ਨੂੰ ਹਮੇਸ਼ਾ ਪੜ੍ਹਦੇ ਰਹਿਣਗੇ, ਖੋਜਾਰਥੀ ਉਨ੍ਹਾਂ ਦੀ ਸ਼ਾਇਰੀ ਉੱਤੇ ਆਪਣੇ ਖੋਜ-ਪ੍ਰਬੰਧ ਲਿਖਣਗੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਹੋਰ ਦੇਸੀ-ਵਿਦੇਸ਼ੀ ਭਾਸ਼ਾਵਾਂ ਵਿੱਚ ਤਰਜਮੇ ਹੁੰਦੇ ਰਹਿਣਗੇ। ਬਸ਼ੀਰ ਬਦਰ ਆਪਣੇ ਸ਼ਬਦਾਂ ਦੇ ਰੂਪ ਵਿੱਚ ਹਰ ਯੁੱਗ ਅੰਦਰ ਜੀਵਤ ਰਹਿਣਗੇ। ਇਸ ਲਈ ਉਨ੍ਹਾਂ ਦੇ ਸੰਸਾਰ ਤੋਂ ਜਾਣ ਨਾਲ ਯੁੱਗ ਦਾ ਅੰਤ ਨਹੀਂ, ਬਲਕਿ ਉਨ੍ਹਾਂ ਦੀ ਸ਼ਾਇਰੀ ਦੇ ਇੱਕ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ।
ਡਾ. ਸਤਿੰਦਰ ਸਿੰਘ, ਪਟਿਆਲਾ
