Letter to the Editor: ਪਾਠਕਾਂ ਦੇ ਖ਼ਤ
ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ 12 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਲੇਖ ‘ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੜ੍ਹ ਕੇ ਜਾਣਕਾਰੀ ਮਿਲਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ...
ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ
12 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਲੇਖ ‘ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੜ੍ਹ ਕੇ ਜਾਣਕਾਰੀ ਮਿਲਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦਾ ਪਾਵਨ ਗ੍ਰੰਥ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਲਈ ਜੀਵਨ ਜਾਚ ਅਤੇ ਆਤਮਿਕ ਸ਼ਾਂਤੀ ਅਤੇ ਆਤਮਿਕ ਮੁਕਤੀ ਦਾ ਰਾਹ ਦਸੇਰਾ ਹੈ। ਇਸ ਦੀ ਬਾਣੀ ਮਨੁੱਖ ਨੂੰ ਅੰਦਰੋਂ ਸ਼ੁੱਧ ਕਰਨ ਦੇ ਨਾਲ ਨਾਲ ਸੱਚਾ ਨਿਮਰ, ਨਿਰਭਉ, ਨਿਰਵੈਰ ਅਤੇ ਦੂਜਿਆਂ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣ ਵਾਲਾ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਗਿਆਨ ਦਾ ਅਜਿਹਾ ਸੋਮਾ ਹੈ, ਜੋ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰੇ ਦਾ ਮਾਰਗ ਦਰਸਾਉਂਦਾ ਹੈ, ਗੁਰੂ ਸਾਹਿਬ ਨੇ ਬਾਣੀ ਦੇ ਗਿਆਨ ਜ਼ਰੀਏ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਵੀ ਦਰਸਾਇਆ ਹੈ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ
ਰੁੱਖਾਂ ਦੀ ਮਹੱਤਤਾ
12 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਹਰਪ੍ਰੀਤ ਸਿੰਘ ਸਵੈਚ ਦੀ ਰਚਨਾ ‘ਤੇ ਸਦਾ ਲਈ ਅਮਰ ਹੋ ਜਾਓ’ ਪੜ੍ਹੀ। ਲੇਖਕ ਨੇ ਰੁੱਖਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਲਿਖ ਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਣਾ ਦਿੱਤੀ ਹੈ। ਰੁੱਖ ਮਨੁੱਖ ਨੂੰ ਆਕਸੀਜਨ ਦਿੰਦੇ ਹਨ। ਮਨੁੱਖ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰ ਆਪਣੇ ਹੀ ਪੈਰਾਂ ’ਤੇ ਕੁਹਾੜੀ ਮਾਰ ਰਿਹਾ ਹੈ। ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਗੁਰਮੀਤ ਸਿੰਘ, ਵੇਰਕਾ
ਕਸੌਲੀ ਦੀ ਚਿਤਾਵਨੀ
10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਕਸੌਲੀ ਦੀ ਚਿਤਾਵਨੀ’ ਵਿੱਚ ਕਸੌਲੀ ਆਪਣੇ ਮਨਮੋਹਕ ਭੂ-ਦ੍ਰਿਸ਼, ਸੁਹਾਵਣੀ ਜਲਵਾਯੂ ਅਤੇ ਵਿਲੱਖਣ ਸੈਲਾਨੀ ਵਿਰਾਸਤ ਸਦਕਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਪਰੰਤੂ ਅਣਵਿਉਂਤਿਆ ਸ਼ਹਿਰੀਕਰਨ, ਅਨਿਯਮਿਤ ਨਿਰਮਾਣ, ਵੱਧ ਸੈਲਾਨੀਆਂ ਦੀ ਆਵਾਜਾਈ ਅਤੇ ਕੁਦਰਤੀ ਸਰੋਤਾਂ ਦੇ ਅਤਿ ਦੋਹਨ ਨੇ ਇਸ ਪ੍ਰਸਥਿਤੀ ਨੂੰ ਗੰਭੀਰ ਸੰਕਟ ਵੱਲ ਧੱਕਿਆ ਹੈ। ਸੀਵਰੇਜ, ਜਲ ਸੰਕਟ, ਕੂੜਾ ਕਰਕਟ ਦੀ ਅਵਿਵਸਥਿਤ ਨਿਕਾਸੀ, ਆਵਾਜਾਈ ਰੁਕਾਵਟ ਤੇ ਵਾਤਾਵਰਨ ਪ੍ਰਦੂਸ਼ਣ ਇਸ ਦੀ ਮੂਲ ਸੁੰਦਰਤਾ ਨੂੰ ਖਰਾਬ ਕਰ ਰਹੇ ਹਨ। ਸਰਕਾਰ ਅਤੇ ਨਾਗਰਿਕਾਂ ਦੇ ਸਹਿਯੋਗ, ਜਵਾਬਦੇਹੀ ਅਤੇ ਪਰਿਵਾਰਕ ਚੇਤਨਾ ਰਾਹੀਂ ਹੀ ਕਸੌਲੀ ਦੀ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਮਾਸਟਰ ਜਸਪਾਲ, ਅਰਨੀਵਾਲਾ (ਫਾਜ਼ਿਲਕਾ)
ਪਾਣੀਆਂ ਦੇ ਝਗੜੇ
10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦਾ ਲੇਖ ‘ਦਰਿਆਈ ਪਾਣੀਆਂ ਦੀ ਵੰਡ ਦੇ ਕੁਝ ਅਣਗੌਲੇ ਪਹਿਲੂ’ ਪੜ੍ਹਿਆ। ਸੰਵਿਧਾਨ ਦੀ ਰਾਜਾਂ ਦੀ ਸੂਚੀ ਵਿੱਚ ਦਰਜ 17 ਨੰਬਰ ਮੱਦ ਕਹਿੰਦੀ ਹੈ ਕਿ ਪਾਣੀ ਨਿਰੋਲ ਤੌਰ ’ਤੇ ਰਾਜਾਂ ਦਾ ਮਾਮਲਾ ਹੈ। ਕੇਂਦਰ ਸਰਕਾਰ ਸਿਰਫ਼ ਰਿਪੇਰੀਅਨ ਰਾਜਾਂ ਵਿਚਾਲੇ ਪਾਣੀ ਦੇ ਝਗੜੇ ਦੇ ਫ਼ੈਸਲੇ ਲਈ ਟ੍ਰਿਬਿਊਨਲ ਬਣਾ ਸਕਦੀ ਹੈ, ਪਰ ਕੋਈ ਫ਼ੈਸਲਾ ਨਹੀਂ ਮੜ੍ਹ ਸਕਦੀ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਉਸ ਨੂੰ ਪੰਜਾਬ ਦੇ ਪਾਣੀਆਂ ਦੇ ਮਾਮਲੇ ’ਚ ਕੇਂਦਰ ਨੂੰ ਗ਼ੈਰਕਾਨੂੰਨੀ ਅਧਿਕਾਰ ਦਿੰਦੀਆਂ ਹਨ। ਲੇਖ ਵਿੱਚ ਰਿਪੇਰੀਅਨ ਕਾਨੂੰਨ ਦੀ ਹਮਾਇਤ ਕਰਨੀ ਤਾਂ ਇਕ ਪਾਸੇ ਰਹੀ ਉਸ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਗਿਆ ਹੈ। ਜਿਸ ਰਾਜ ਵਿੱਚ ਦਰਿਆ ਵਗਦੇ ਹਨ, ਉਨ੍ਹਾਂ ਦੇ ਪਾਣੀਆਂ ’ਤੇ ਪਹਿਲਾ ਹੱਕ ਉਸ ਰਾਜ ਦਾ ਹੁੰਦਾ ਹੈ। ਪੰਜਾਬ ਦੀ ਸਥਿਤੀ ਵੀ ਇਹੋ ਹੈ ਕਿ ਪੰਜਾਬ ਦਾ ਪਾਣੀ ਗ਼ੈਰ-ਰਿਪੇਰੀਅਨ ਗੁਆਂਢੀ ਸੂਬਿਆਂ ਵਿੱਚ ਜਾ ਰਿਹਾ ਹੈ। ਪੰਜਾਬ ਵਿੱਚ ਲੱਖਾਂ ਟਿਊਬਵੈੱਲਾਂ ਰਾਹੀਂ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਕੁਝ ਇਲਾਕੇ ਤਾਂ ਡਾਰਕ ਜ਼ੋਨ ਵੀ ਐਲਾਨੇ ਜਾ ਚੁੱਕੇ ਹਨ। ਸੂਬੇ ਦੀ ਲੋੜ ਪੂਰੀ ਕਰਕੇ ਜੇ ਫਿਰ ਵੀ ਪਾਣੀ ਬਚਦਾ ਹੈ ਤਾਂ ਉਹ ਗ਼ੈਰ-ਰਿਪੇਰੀਅਨ ਰਾਜਾਂ ਨੂੰ ਦੇਣ ਬਦਲੇ ਪੰਜਾਬ ਨੂੰ ਰਾਇਲਟੀ ਮਿਲਣੀ ਚਾਹੀਦੀ ਹੈ।
ਡਾ. ਅਜੀਤਪਾਲ ਸਿੰਘ, ਬਠਿੰਡਾ
ਸੂਹੇ ਸੁਫ਼ਨੇ
9 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਸੂਹੇ ਸੁਫ਼ਨਿਆਂ ਦਾ ਸੂਰਜ’ ਵਧੀਆ ਲੱਗਿਆ। ਇਸ ਵਿੱਚ ਯੁੱਗ ਕਵੀ ਅਵਤਾਰ ਪਾਸ਼ ਦੀ ਕਵਿਤਾ ਤੇ ਉਨ੍ਹਾਂ ਦੇ ਜੀਵਨ ਬਾਰੇ ਬਾਖ਼ੂਬੀ ਜਾਣਕਾਰੀ ਦਿੱਤੀ ਗਈ ਹੈ। ਪਾਸ਼ ਦੀ ਕਵਿਤਾ ਮਨੁੱਖ ਅੰਦਰ ਜਿਊਣ ਦੀ ਆਸ ਪੈਦਾ ਕਰਦੀ ਹੈ ਤੇ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ। ਅਵਤਾਰ ਪਾਸ਼ ਨੇ ਆਪਣੀ ਕਵਿਤਾ ਰਾਹੀਂ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ-ਖਸੁੱਟ ਤੇ ਹਾਸ਼ੀਆਗ੍ਰਸਤ ਲੋਕਾਂ ਦੀ ਗੱਲ ਕੀਤੀ ਹੈ। ਉਸ ਨੇ ਆਪਣੀ ਕਵਿਤਾ ਰਾਹੀਂ ਸੋਨੇ ਦੀ ਸਵੇਰ ਆਉਣ ਅਤੇ ਕਿਰਤੀ ਦੀ ਕੁੱਲੀ ਦੀ ਮਿਨਾਰ ਬਣਨ ਦੀ ਤਾਂਘ ਨੂੰ ਪੇਸ਼ ਕੀਤਾ ਹੈ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਗਲੇਸ਼ੀਅਰਾਂ ਦਾ ਖ਼ਤਰਾ
8 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਗਲੇਸ਼ੀਅਰ ਦਾ ਖ਼ਤਰਾ’ ਪੜ੍ਹਿਆ। ਨੇਪਾਲ ਵਿੱਚ ਜੋ ਜਾਨੀ-ਮਾਲੀ ਨੁਕਸਾਨ ਹੋਇਆ, ਦਿਲ ਕੰਬਾਉਣ ਵਾਲਾ ਹੈ। ਇਸ ਹਾਦਸੇ ’ਚ 1300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਨੇਪਾਲ ’ਚ ਆਏ ਹੜ੍ਹ ਨੇ ਇਲਾਕੇ ਦੇ ਬੁਨਿਆਦੀ ਢਾਂਚੇ ਤੇ ਵੱਡੇ ਵੱਡੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਹੇਠਲੇ ਇਲਾਕਿਆਂ ਵਿੱਚ ਇਹ ਤਬਾਹੀ ਆਫ਼ਤ ਬਣ ਕੇ ਆਈ। ਅਕਸਰ ਪਹਾੜੀ ਖੇਤਰਾਂ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ। ਗਲੇਸ਼ੀਅਰਾਂ ਦਾ ਪਿੱਛੇ ਹਟਣਾ, ਝੀਲਾਂ ਦਾ ਫੈਲਣਾ, ਬੱਦਲ ਫਟਣਾ ਆਦਿ ਆਫ਼ਤਾਂ ਜਦੋਂ ਆਉਂਦੀਆਂ ਹਨ ਤਾਂ ਹੇਠਲੇ ਪਾਸੇ ਵਸੇ ਪਿੰਡਾਂ ਦੇ ਪਿੰਡ ਰੁੜ੍ਹ ਜਾਂਦੇ ਹਨ। ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਵਿਕਾਸ ਕਦੇ ਵੀ ਨੁਕਸਾਨ ਨਹੀਂ ਕਰਦਾ। ਪਹਾੜੀ ਖੇਤਰਾਂ ਵਿੱਚ ਨਦੀਆਂ ਤੇ ਦਰਿਆਵਾਂ ਦੇ ਕੁਦਰਤੀ ਰਾਹ ਖ਼ਤਮ ਕਰ ਕੇ ਵੱਡੇ-ਵੱਡੇ ਹੋਟਲ ਉਸਾਰੇ ਜਾ ਰਹੇ ਹਨ। ਉੱਤਰਾਖੰਡ ਵਿੱਚ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ, ਉਸ ਤੋਂ ਸਬਕ ਨਹੀਂ ਸਿਖਿਆ ਗਿਆ। ਪੈਸੇ ਦੀ ਹੋੜ ਪਿੱਛੇ ਮਨੁੱਖ ਕੁਦਰਤ ਨੂੰ ਤਹਿਸ-ਨਹਿਸ ਕਰ ਰਿਹਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਸਿਸਟਮ ਦੀ ਅਸਫ਼ਲਤਾ
7 ਸਤੰਬਰ ਦੇ ਅੰਕ ’ਚ ਛਪੀ ਖ਼ਬਰ ‘ਦਿੱਲੀ ’ਚ ਪੰਜ ਮੰਜ਼ਿਲਾ ਇਮਾਰਤ ਡਿੱਗੀ’ ਪੜ੍ਹੀ। ਸੱਤਿਆ ਨਿਕੇਤਨ ਦੀ ਇਮਾਰਤ ਡਿੱਗਣਾ ਸਾਡੇ ਸਿਸਟਮ ਦੀ ਅਸਫ਼ਲਤਾ ਹੈ। ਵਿਦਿਆਰਥੀਆਂ ਨਾਲ ਭਰੀ ਇਮਾਰਤ ਦਾ ਡਿੱਗਣਾ ਕੋਈ ਇਕੱਲਾ ਦੁਖਾਂਤ ਨਹੀਂ ਹੈ। ਇਮਾਰਤ, ਜਿਸ ਨੂੰ ਕਥਿਤ ਤੌਰ ’ਤੇ ਸਿਰਫ਼ ਜ਼ਮੀਨੀ-ਪਲੱਸ-ਵਨ ਢਾਂਚੇ ਵਜੋਂ ਮਨਜ਼ੂਰੀ ਦਿੱਤੀ ਗਈ ਸੀ, ਨੂੰ ਬਿਨਾਂ ਕਿਸੇ ਪ੍ਰਵਾਨਗੀ ਦੇ ਇੱਕ ਬਹੁਤ ਉੱਚੇ ਢਾਂਚੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮਾਲਵੀਆ ਨਗਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ। ਇਸ ਇਮਾਰਤ ਨੂੰ ਵੀ ਕਥਿਤ ਤੌਰ ’ਤੇ ਸਿਰਫ਼ ਛੇ ਬੈੱਡ ਅਤੇ ਨਾਸ਼ਤੇ ਵਾਲੇ ਕਮਰੇ ਦੀ ਇਜਾਜ਼ਤ ਸੀ, ਜਿਸ ਨੂੰ 26 ਕਮਰਿਆਂ ਵਾਲੀ ਸਹੂਲਤ ਵਜੋਂ ਚਲਾਇਆ ਜਾ ਰਿਹਾ ਸੀ। ਇਮਾਰਤ ਦੀ ਤਬਾਹੀ, ਜਿਸ ਦੇ ਨਤੀਜੇ ਵਜੋਂ 7 ਪਛਾਣੇ ਗਏ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਮਾਰਤਾਂ ਦੇ ਨਿਯਮਾਂ ਦੀ ਉਲੰਘਣਾ ਦੀ ਸਮੱਸਿਆ ਚਿੰਤਾਜਨਕ ਹੈ। ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਮੌਕੇ ਇਨ੍ਹਾਂ ਦੀ ਮਜ਼ਬੂਤੀ ਅਤੇ ਮਨੁੱਖੀ ਜਾਨਾਂ ਦੀ ਸੁਰੱਖਿਆ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ
ਪਾਣੀ ਦਾ ਪ੍ਰਦੂਸ਼ਿਤ ਹੋਣਾ
10 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਸੁਮੀਤ ਸਿੰਘ ਦਾ ਲੇਖ ‘ਮੂਰਤੀ ਵਿਸਰਜਨ: ਪਾਣੀ ਤੇ ਮਨੁੱਖੀ ਜਾਨਾਂ ਬਚਾਉਣ ਦੀ ਲੋੜ’ ਵਿੱਚ ਚਿੰਤਾ ਪ੍ਰਗਟਾਈ ਗਈ ਹੈ ਕਿ ਮਹਾਰਾਸ਼ਟਰ ਵਾਂਗ ਪੰਜਾਬ ’ਚ ਵੀ ਮੂਰਤੀਆਂ ਨੂੰ ਭਾਖੜਾ ਤੇ ਹੋਰ ਦਰਿਆਵਾਂ ’ਚ ਵਿਸਰਜਨ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਕਰਕੇ ਇਹ ਸਮੱਸਿਆ ਹੌਲੀ-ਹੌਲੀ ਹੋਰ ਵੱਡੀ ਬਣ ਰਹੀ ਹੈ। ਮਹਾਰਾਸ਼ਟਰ ’ਚ ਤਾਂ ਸਮੁੰਦਰ ਤੋਂ ਇਲਾਵਾ ਪਾਣੀ ਦੇ ਕੁੰਡ ਬਣਾ ਕੇ ਮੂਰਤੀਆਂ ਕਿਸ਼ਤੀ ਰਾਹੀਂ ਵਿਸਰਜਿਤ ਕੀਤੀਆਂ ਜਾਂਦੀਆਂ ਹਨ। ਨਗਰ ਨਿਗਮ ਤੇ ਪੁਲੀਸ ਕਰਮਚਾਰੀ ਵਿਸਰਜਨ ਦਾ ਕੰਮ ਸੰਭਾਲਦੇ ਹਨ। ਪੰਜਾਬ ’ਚ ਮੂਰਤੀਆਂ ਤੇ ਪੂਜਾ ਸਮੱਗਰੀ ਦਾ ਵਿਸਰਜਨ ਭਾਖੜਾ ਨਹਿਰ ’ਚ ਕਰਨ ਤੋਂ ਰੋਕਣਾ ਬਹੁਤ ਜ਼ਰੂਰੀ ਹੈ। ਭਾਖੜਾ ਨਹਿਰ ਤੇ ਦਰਿਆਵਾਂ ’ਚ ਹਰੇਕ ਸਾਲ ਮੂਰਤੀ ਵਿਸਰਜਨ ਮੌਕੇ ਪਾਣੀ ’ਚ ਡੁੱਬਣ ਦੀਆਂ ਘਟਨਾਵਾਂ ਵਧਣ ਲੱਗੀਆਂ ਹਨ। ਬੇਸ਼ਕੀਮਤੀ ਜਾਨਾਂ ਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ

