DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Letter to the Editor: ਪਾਠਕਾਂ ਦੇ ਖ਼ਤ

ਭਲੇ ਸਮੇਂ ਦੀਆਂ ਗੱਲਾ 30 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਪਤੰਗ ਦੀ ਰਚਨਾ ‘ਕੱਚੀ ਧਾਮ ਪੱਕੀ ਧਾਮ’ ਪੜ੍ਹਦਿਆਂ ਆਪਣੇ ਪੁਰਾਣੇ ਰੀਤੀ-ਰਿਵਾਜ, ਆਪਸੀ ਭਾਈਚਾਰਕ ਸਾਂਝ, ਭੋਲੇ-ਭਾਲੇ ਤੇ ਅਣਖੀ ਲੋਕ, ਸਾਦਗੀ ਭਰਿਆ ਰਹਿਣ-ਸਹਿਣ, ਅਪਣੱਤ ਭਰੀ ਮਹਿਮਾਨਨਿਵਾਜ਼ੀ ਆਦਿ ਸਭ ਕੁਝ ਫਿਲਮ...

  • fb
  • twitter
  • whatsapp
  • whatsapp
featured-img featured-img
Letter to the Editor
Advertisement

ਭਲੇ ਸਮੇਂ ਦੀਆਂ ਗੱਲਾ

30 ਜੂਨ ਦੇ ਨਜ਼ਰੀਆ ਪੰਨੇ ’ਤੇ ਅਵਤਾਰ ਸਿੰਘ ਪਤੰਗ ਦੀ ਰਚਨਾ ‘ਕੱਚੀ ਧਾਮ ਪੱਕੀ ਧਾਮ’ ਪੜ੍ਹਦਿਆਂ ਆਪਣੇ ਪੁਰਾਣੇ ਰੀਤੀ-ਰਿਵਾਜ, ਆਪਸੀ ਭਾਈਚਾਰਕ ਸਾਂਝ, ਭੋਲੇ-ਭਾਲੇ ਤੇ ਅਣਖੀ ਲੋਕ, ਸਾਦਗੀ ਭਰਿਆ ਰਹਿਣ-ਸਹਿਣ, ਅਪਣੱਤ ਭਰੀ ਮਹਿਮਾਨਨਿਵਾਜ਼ੀ ਆਦਿ ਸਭ ਕੁਝ ਫਿਲਮ ਵਾਂਗ ਅੱਖਾਂ ਸਾਹਮਣੇ ਘੁੰਮਣ ਲੱਗਿਆ। ਉਹ ਸਮਾਂ ਕਿੰਨਾ ਚੰਗਾ ਅਤੇ ਕਿੰਨੇ ਚੰਗੇ ਲੋਕ ਸਨ, ਪਰ ਹੁਣ ਸਭ ਕੁਝ ਬਦਲ ਗਿਐ... ਨਾ ਉਹ ਭਾਈਚਾਰਕ ਸਾਂਝ, ਨਾ ਉਹ ਲੋਕ ਤੇ ਨਾ ਹੀ ਹੁਣ ਉਹ ਭਲਾ ਸਮਾਂ ਹੈ। ਹੁਣ ਨਾ ਕੱਚੀ ਧਾਮ ਨਾ ਪੱਕੀ ਧਾਮ ਤੇ ਨਾ ਹੀ ਹੁਣ ਉਹ ਜਿਗਰੇ ਵਾਲੇ ਸਿਹਤਮੰਦ ਲੋਕ ਹੀ ਰਹੇ ਨੇ...। ਅੱਜਕੱਲ੍ਹ ਵੰਨ-ਸੁਵੰਨੀਆਂ ਬਿਮਾਰੀਆਂ ਨਾਲ ਗ੍ਰਸਤ ਮਰੀਜ਼ ਜ਼ਿਆਦਾ ਮਿਲਦੇ ਹਨ।

ਅਮਰਜੀਤ ਮੱਟੂ, ਭਰੂਰ (ਸੰਗਰੂਰ)

Advertisement

Advertisement

ਪੈਦਲ ਚੱਲਣ ਦਾ ਹੱਕ

22 ਜੂਨ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀਆਂ ‘ਪੈਦਲ ਚੱਲਣ ਦਾ ਹੱਕ’ ਅਤੇ ‘ਦਵਾਈਆਂ ’ਤੇ ਪਾਬੰਦੀ’ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਹੋਈਆਂ ਹਨ। ਸੁਪਰੀਮ ਕੋਰਟ ਵੱਲੋਂ ਨਾਗਰਿਕਾਂ ਦੇ ਸੜਕਾਂ ’ਤੇ ਪੈਦਲ ਚੱਲਣ ਦੇ ਹੱਕ ਵਿੱਚ ਫ਼ੈਸਲਾ ਦਰੁਸਤ ਹੈ। ਸਾਲ 2024 ਵਿੱਚ 36,526 ਪੈਦਲ ਚੱਲਣ ਵਾਲਿਆਂ ਦੀ ਸੜਕ ਹਾਦਸਿਆਂ ਵਿੱਚ ਮੌਤ, ਜੋ ਕਿ ਕੁੱਲ ਸੜਕ ਹਾਦਸਿਆਂ ਦਾ 20.6 ਫ਼ੀਸਦੀ ਬਣਦੀ ਹੈ, ਨੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਹੋਰ ਪੁਖ਼ਤਾ ਕੀਤਾ ਹੈ। ਵਿਕਸਿਤ ਮੁਲਕਾਂ ਵਿੱਚ ਪੈਦਲ ਚੱਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ, ਜਿਸ ਨਾਲ ਪ੍ਰਦੂਸ਼ਣ ਵਰਗੀ ਸਮੱਸਿਆ ਤੋਂ ਛੁਟਕਾਰਾ ਮਿਲਿਆ ਹੈ। ਸਰਕਾਰ ਦੁਆਰਾ 16 ਮਿਸ਼ਰਿਤ ਦਵਾਈਆਂ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਵੀ ਸ਼ਲਾਘਾਯੋਗ ਹੈ। ਜਿਨ੍ਹਾਂ ਦਵਾਈਆਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਅਜਿਹੀਆਂ ਦਵਾਈਆਂ ਨਹੀਂ ਵਿਕਣੀਆਂ ਚਾਹੀਦੀਆਂ। ਸਾਡੇ ਦੇਸ਼ ’ਚ ਭ੍ਰਿਸ਼ਟਾਚਾਰ ਭਾਰੂ ਹੋਣ ਕਾਰਨ ਸਭ ਕੁਝ ਉਵੇਂ ਹੀ ਚੱਲੀ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ’ਤੇ ਲਏ ਗਏ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ।

ਚਮਕੌਰ ਸਿੰਘ ਬਾਘੇਵਾਲੀਆ

ਕਾਬਲੀਅਤ ਫੇਲ੍ਹ

20 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਡਾ. ਕੁਲਦੀਪ ਸਿੰਘ ਦਾ ‘ਨੀਟ ਵਿਵਾਦ’ ਬਾਰੇ ਲਿਖਿਆ ਲੇਖ ਸਾਰਥਕ, ਸਿੱਕੇਬੰਦ ਅਤੇ ਸ਼ਲਾਘਾਯੋਗ ਹੈ। ਲੇਖਕ ਨੇ ਜਿੱਥੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਹੰਢਾਈ ਜਾ ਰਹੀ ਮਾਨਸਿਕ ਪੀੜਾ ’ਤੇ ਚਿੰਤਾ ਜ਼ਾਹਿਰ ਕੀਤੀ ਹੈ, ਉੱਥੇ ਇਸ ਘਪਲੇਬਾਜ਼ੀ ਦਾ ਪਰਦਾਫਾਸ਼ ਵੀ ਕੀਤਾ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ ਕਿ ਮੈਡੀਕਲ ਦਾਖ਼ਲੇ ਸੂਬਾਈ ਸਕੂਲ ਬੋਰਡਾਂ ਦੇ ਅੰਕਾਂ ਦੇ ਆਧਾਰ ’ਤੇ ਹੀ ਹੋਣੇ ਚਾਹੀਦੇ ਹਨ। ‘ਨੈਸ਼ਨਲ ਟੈਸਟਿੰਗ ਏਜੰਸੀ’ ਇੱਕ ਉਲਝਿਆ ਹੋਇਆ ਤਾਣਾ-ਬਾਣਾ ਬਣ ਕੇ ਰਹਿ ਗਈ ਹੈ। ਨੀਟ ਪ੍ਰੀਖਿਆ ਦਾ ਸਭ ਤੋਂ ਮਾੜਾ ਅਸਰ ਪੱਛੜੇ ਅਤੇ ਦਲਿਤ ਵਰਗ ਦੇ ਵਿਦਿਆਰਥੀਆਂ ’ਤੇ ਪੈਂਦਾ ਹੈ ਕਿਉਂਕਿ ਉਨ੍ਹਾਂ ਦੇ ਆਰਥਿਕ ਹਾਲਾਤ ਸੁਖਾਵੇਂ ਨਹੀਂ ਹੁੰਦੇ। ਆਰਥਿਕ ਤੌਰ ’ਤੇ ਖੁਸ਼ਹਾਲ ਵਰਗ ਹੀ ਇਸ ਖੇਤਰ ਵਿੱਚ ਮੱਲਾਂ ਮਾਰ ਜਾਂਦਾ ਹੈ। ਇਨਸਾਫ਼ਪਸੰਦ ਬੁੱਧੀਜੀਵੀਆਂ ਨੇ ‘ਨੀਟ’ ਪ੍ਰੀਖਿਆ ਨੂੰ ‘ਨੀਚਤਾ’ ਦਾ ਨਾਂ ਦਿੱਤਾ ਹੈ। ਇਸ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਲੇਖਕ ਵੱਲੋਂ ਪੰਜਾਬ ਦੇ ਅਧਿਆਪਕਾਂ ’ਤੇ ਲਾਗੂ ਕੀਤੇ ਗਏ ਕੋਠਾਰੀ ਕਮਿਸ਼ਨ ਦਾ ਜ਼ਿਕਰ ਕਰਦਿਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਗਿਆ ਹੈ।

ਸਾਗਰ ਸਿੰਘ ਸਾਗਰ, ਬਰਨਾਲਾ

(2)

ਡਾ. ਕੁਲਦੀਪ ਸਿੰਘ ਦਾ ਲੇਖ ‘ਨੀਟ ਵਿਵਾਦ: ਕਾਬਲੀਅਤ ਫੇਲ੍ਹ’ ਪੜ੍ਹਿਆ। ਜੇਕਰ ਸਰਕਾਰ ਵੱਲੋਂ ਟੈਲੀਗ੍ਰਾਮ ਸਬੰਧੀ ਲਏ ਗਏ ਫ਼ੈਸਲੇ ਦੇ ਤਰਕ ਨੂੰ ਵੇਖਿਆ ਜਾਵੇ ਤਾਂ ਇਹ ਸਾਫ਼ ਲੱਗਦਾ ਹੈ ਕਿ ਅੱਜ ਤਕਨਾਲੋਜੀ ਬੜੀ ਸਫ਼ਾਈ ਨਾਲ ਆਮ ਲੋਕਾਂ ਵਿੱਚ ਸ਼ੱਕ ਅਤੇ ਭੁਲੇਖੇ ਪੈਦਾ ਕਰਨ ਵਿੱਚ ਪਹਿਲਾਂ ਨਾਲੋਂ ਕਿਤੇ ਅੱਗੇ ਲੰਘ ਗਈ ਹੈ। ਇਸ ਕਾਰਨ ਭਵਿੱਖ ਵਿੱਚ ਤਕਨਾਲੋਜੀ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਬਹੁਤ ਔਖਾ ਹੋਣ ਵਾਲਾ ਹੈ। ਕੇਂਦਰੀ ਬੋਰਡਾਂ ਦੇ ਮੁਕਾਬਲੇ ਸਟੇਟ ਬੋਰਡਾਂ ਦੀ ਘਟਦੀ ਅਹਿਮੀਅਤ ਅਤੇ ਸਕੂਲੀ ਸਿੱਖਿਆ ਦੇ ਮੁਕਾਬਲੇ ਕੋਚਿੰਗ ਸੈਂਟਰਾਂ ਦੇ ਵਧਦੇ ਪ੍ਰਭਾਵ ਬਾਰੇ ਜੋ ਸਵਾਲ ਉਠਾਏ ਗਏ ਹਨ, ਉਨ੍ਹਾਂ ਦੇ ਜਵਾਬ ਬੋਰਡ ਪ੍ਰੀਖਿਆਵਾਂ ਅਤੇ ਦਾਖ਼ਲਾ (ਪ੍ਰਵੇਸ਼) ਪ੍ਰੀਖਿਆਵਾਂ ਦੇ ਅੰਤਰ ਵਿੱਚ ਛੁਪੇ ਹੋਏ ਹਨ। ਬੋਰਡ ਪ੍ਰੀਖਿਆਵਾਂ ਹਰ ਵਿਦਿਆਰਥੀ ਦੀ ਯੋਗਤਾ ਪਰਖਣ ਲਈ ਹੁੰਦੀਆਂ ਹਨ, ਜਦੋਂਕਿ ਪ੍ਰਵੇਸ਼ ਪ੍ਰੀਖਿਆਵਾਂ ਉਨ੍ਹਾਂ ਕੋਰਸਾਂ ਲਈ ਹੁੰਦੀਆਂ ਹਨ ਜਿੱਥੇ ਸੀਟਾਂ ਦੇ ਮੁਕਾਬਲੇ ਦਾਖ਼ਲੇ ਦੇ ਚਾਹਵਾਨਾਂ ਦੀ ਗਿਣਤੀ ਸੈਂਕੜੇ ਗੁਣਾ ਜ਼ਿਆਦਾ ਹੁੰਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਉੱਚਕੋਟੀ ਦੇ ਅਦਾਰਿਆਂ ਵਿੱਚ ਦਾਖ਼ਲੇ ਲਈ ਕੇਂਦਰੀ ਏਜੰਸੀ ਵੱਲੋਂ ਲਈ ਜਾਂਦੀ ਪ੍ਰੀਖਿਆ ਹੀ ਸਹੀ ਆਧਾਰ ਹੋ ਸਕਦੀ ਹੈ। ਜਿੱਥੋਂ ਤੱਕ ਸੂਬਿਆਂ ਦੇ ਵਿਦਿਆਰਥੀਆਂ ਦੇ ਸਮਾਜਿਕ ਹਿੱਤਾਂ ਦਾ ਸਵਾਲ ਹੈ, ਹਰੇਕ ਸੂਬਾ ਆਪਣੇ ਹਿੱਸੇ ਦੀਆਂ 50 ਫ਼ੀਸਦੀ ਸੀਟਾਂ ਆਪਣੇ ਸੂਬੇ ਦੇ ਵਿਦਿਆਰਥੀਆਂ ਲਈ ਰਾਖਵੀਆਂ ਰੱਖ ਸਕਦਾ ਹੈ। ਰਾਜ ਸਿੱਖਿਆ ਬੋਰਡਾਂ ਵੱਲੋਂ ਲਏ ਜਾਂਦੇ ਪੇਪਰਾਂ ਵਿੱਚ ਡਿਊਟੀ ਅਮਲੇ ਦੀ ਨਿਗਰਾਨੀ ਅਤੇ ਪੇਪਰ ਚੈਕਿੰਗ ਦੇ ਪੱਧਰ ਵਿੱਚ ਭਾਰੀ ਭਿੰਨਤਾ ਹੁੰਦੀ ਹੈ। ਪੜ੍ਹਾਈ ਦੌਰਾਨ ਹਾਸਲ ਕੀਤੀ ਜਾਣਕਾਰੀ ਦਾ ਅਸਲ ਮੁਲਾਂਕਣ ਤਾਂ ਦੇਸ਼ ਪੱਧਰ ’ਤੇ ਦੂਜੇ ਸੂਬਿਆਂ ਦੇ ਹਮਉਮਰ ਵਿਦਿਆਰਥੀਆਂ ਦੇ ਮੁਕਾਬਲੇ ਤੁਹਾਡੀ ਕਾਰਗੁਜ਼ਾਰੀ ਤੋਂ ਹੀ ਪਤਾ ਲੱਗਦਾ ਹੈ।

ਪ੍ਰੋ. ਨਵਜੋਤ ਸਿੰਘ, ਪਟਿਆਲਾ

ਗਾਇਕੀ ਦਾ ਝੰਡਾਬਰਦਾਰ

ਸ਼ਨਿੱਚਰਵਾਰ, 20 ਜੂਨ ਦੇ ‘ਸਤਰੰਗ’ ਅੰਕ ਵਿੱਚ ਹਰਦਿਆਲ ਸਿੰਘ ਥੂਹੀ ਦਾ ਲੇਖ ‘ਰਵਾਇਤੀ ਗਾਇਕੀ ਦਾ ਝੰਡਾਬਰਦਾਰ ਅਬਦੁਲ ਗੱਫ਼ਾਰ’ ਪੜ੍ਹਿਆ। ਇਹ ਤੂੰਬੇ ਅਲਗੋਜ਼ੇ ਵਾਲਿਆਂ ਦੀ ਗਾਇਕੀ ਸਾਡੀ ਵਿਰਾਸਤ ਹੈ। ਸਾਡੇ ਵੱਡੇ-ਵਡੇਰੇ ਇਸ ਤਰ੍ਹਾਂ ਦੀ ਗਾਇਕੀ ਦਾ ਆਨੰਦ ਮਾਣਦੇ ਰਹੇ ਹਨ। ਅਜੋਕੀ ਸ਼ੋਰ ਸ਼ਰਾਬੇ ਵਾਲੀ ਗਾਇਕੀ ਮਨ ਨੂੰ ਸਕੂਨ ਨਹੀਂ ਦਿੰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਪੁਰਾਤਨ ਤੂੰਬੇ ਅਲਗੋਜ਼ੇ ਵਾਲੇ ਗਾਇਕਾਂ ਨੂੰ ਲੱਭ ਕੇ ਉਨ੍ਹਾਂ ਦਾ ਸਨਮਾਨ ਕਰੇ। ਉਨ੍ਹਾਂ ਦੀ ਵਿੱਤੀ ਸਹਾਇਤਾ ਵੀ ਕੀਤੀ ਜਾਵੇ ਤਾਂ ਜੋ ਉਹ ਸਾਡੀ ਮਾਣਮੱਤੀ ਰਵਾਇਤੀ ਗਾਇਕੀ ਨੂੰ ਸੰਭਾਲ ਕੇ ਰੱਖ ਸਕਣ।

ਬਲਬੀਰ ਸਿੰਘ ਦਿਲਦਾਰ, ਪਟਿਆਲਾ

ਘਾਤਕ ਹਥਿਆਰ

19 ਜੂਨ ਦੇ ‘ਨਜ਼ਰੀਆ’ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਆਧੁਨਿਕ ਯੁੱਗ ਦਾ ਘਾਤਕ ਹਥਿਆਰ ਡਰੋਨ’ ਪੜ੍ਹਿਆ। ਵਿਸ਼ਵ ਪੱਧਰ ’ਤੇ ਆਪਣੀ ਚੌਧਰ ਦੀ ਭੁੱਖ ਲਈ ਬੇਦੋਸ਼ੇ ਲੋਕਾਂ ਦੇ ਖ਼ੂਨ ਦੀ ਹੋਲੀ ਖੇਡਣ ਦਾ ਇਹ ਘਾਤਕ ਵਰਤਾਰਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਲੇਖਕ ਨੇ ਜਿੱਥੇ ਵਿਗਿਆਨਕ ਤਕਨੀਕਾਂ ਨੂੰ ਮਨੁੱਖ ਦਾ ਮਿੱਤਰ ਦੱਸਿਆ ਹੈ, ਉੱਥੇ ਹੀ ਇਹ ਵੀ ਸਾਬਿਤ ਕੀਤਾ ਹੈ ਕਿ ਇਹ ਕਿਸੇ ਦੁਸ਼ਮਣ ਤੋਂ ਘੱਟ ਨਹੀਂ ਹਨ। ਲੇਖਕ ਨੇ ਤੀਰਅੰਦਾਜ਼ੀ ਅਤੇ ਡਰੋਨ ਦਾ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਅਤੇ ਡਰੋਨ ਰਾਹੀਂ ਦੇਸ਼ਾਂ ਦੀ ਆਪਸੀ ਖਹਿਬਾਜ਼ੀ ਕਾਰਨ ਹੁੰਦੇ ਜਾਨੀ-ਮਾਲੀ ਨੁਕਸਾਨ ਦਾ ਹਵਾਲਾ ਵੀ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀ ਤਕਨੀਕ ਦੀ ਮਾਰੂ ਨੀਤੀਆਂ ਵਿੱਚ ਵਰਤੋਂ ਦੇਸ਼ ਦੇ ਨੌਜਵਾਨਾਂ, ਖ਼ਾਸ ਕਰਕੇ ਕੰਢੀ ਖੇਤਰਾਂ (ਜਿੱਥੇ ਪਹਿਲਾਂ ਹੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਭਰਮਾਰ ਹੈ) ਦੇ ਭਵਿੱਖ ’ਤੇ ਬਹੁਤ ਮਾੜਾ ਪ੍ਰਭਾਵ ਪਾਵੇਗੀ। ਲੇਖਕ ਨੇ ਦੇਸ਼ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਹੈ ਕਿ ਅਜਿਹੇ ਘਾਤਕ ਉਪਕਰਨਾਂ ਦੇ ਜ਼ਰੀਏ ਭਟਕੇ ਹੋਏ ਨੌਜਵਾਨ ਹੋਰ ਕੁਰਾਹੇ ਨਾ ਪੈ ਜਾਣ, ਉਨ੍ਹਾਂ ਨੂੰ ਬਚਾਉਣ ਦੀ ਸਖ਼ਤ ਲੋੜ ਹੈ। ਇਸੇ ਲੜੀ ਵਿੱਚ ‘ਡਿਗਰੀਆਂ ਤੋਂ ਪਰ੍ਹੇ’ ਰਚਨਾ ਵਿੱਚ ਜੋਤੀ ਸ਼ਰਮਾ ਨੇ ਵਾਤਾਵਰਨ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਇੱਕ ਛੋਟੇ ਬੱਚੇ ਦੇ ਮਾਧਿਅਮ ਰਾਹੀਂ ਵਾਤਾਵਰਨ ਅਤੇ ਸਾਫ਼-ਸਫ਼ਾਈ ਦੀ ਮਹੱਤਤਾ ਨੂੰ ਸਮਝਾਉਣ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਇਸੇ ਤਰ੍ਹਾਂ ਡਾ. ਸੰਦੀਪ ਘੰਡ ਦਾ ਲੇਖ ‘ਟ੍ਰਿਬਿਊਨ ਚੌਂਕ ਫਲਾਈਓਵਰ’ ਹਾਈਕੋਰਟ ਦੇ ਉਸ ਇਤਿਹਾਸਕ ਫ਼ੈਸਲੇ ਤੋਂ ਜਾਣੂ ਕਰਵਾਉਂਦਾ ਹੈ, ਜੋ ਚੰਡੀਗੜ੍ਹ ਵਰਗੇ ਖ਼ੂਬਸੂਰਤ ਸ਼ਹਿਰ ਦੀ ਹਰਿਆਵਲ, ਵਾਤਾਵਰਨ ਅਤੇ ਇਸ ਦੀ ਅਸਲ ਪਛਾਣ ਨੂੰ ਬਰਕਰਾਰ ਰੱਖਣ ਲਈ ਬਹੁਤ ਅਹਿਮ ਹੈ।

ਮਨਮੋਹਣ ਸਿੰਘ, ਨਾਭਾ (ਪਟਿਆਲਾ)

ਪਾਕਿਸਤਾਨ ਪਿੱਟੇ, ਸਾਨੂੰ ਕੀ?

22 ਜੂਨ ਦੇ ਨਜ਼ਰੀਆ ਪੰਨੇ ’ਤੇ ਜਯੋਤੀ ਮਲਹੋਤਰਾ ਦਾ ਲੇਖ ‘ਪਾਕਿਸਤਾਨ ਪਿੱਟੇ ਆਪਣਾ ਢੰਡੋਰਾ, ਸਾਨੂੰ ਕੀ?’ ਪੜਿ੍ਹਆ। ਲੇਖਿਕਾ ਨੇ ਬੌਲੀਵੁੱਡ ਦੇ ਮੋਢੇ ’ਤੇ ਰੱਖ ਕੇ ਭਾਰਤ ਦੀ ਵਿਦੇਸ਼ ਨੀਤੀ ’ਤੇ ਤਨਜ਼ ਅਤੇ ਮਿਹਣਿਆਂ ਦਾ ਤੀਰ ਮਾਰਿਆ ਹੈ। ਜੇਕਰ ਪਾਕਿਸਤਾਨ ਚੀਨ, ਕਤਰ ਅਤੇ ਹੋਰ ਦੇਸ਼ਾਂ ਨਾਲ ਆਪਣੇ ਅਦਿੱਖ ਸਬੰਧਾਂ ਨੂੰ ਚਲਾਕੀ ਨਾਲ ਵਰਤ ਕੇ ਦੁਨੀਆ ’ਚ ਆਪਣਾ ਦਬਦਬਾ ਵਧਾ ਸਕਦਾ ਹੈ, ਫਿਰ ਕੀ ਕਾਰਨ ਹੈ ਕਿ ਵਿਦੇਸ਼ ਫੇਰੀਆਂ ’ਤੇ ਸਾਡੇ ਪ੍ਰਧਾਨ ਮੰਤਰੀ ਆਪਣੀਆਂ ਜੱਫੀਆਂ ਦਾ ਦੇਸ਼ ਹਿੱਤ ’ਚ ਕੋਈ ਲਾਭ ਨਹੀਂ ਉਠਾ ਸਕੇ। ਅਮਰੀਕਾ-ਇਰਾਨ ਜੰਗ ਦੌਰਾਨ ਅਮਰੀਕਾ ਸਾਡੇ ’ਤੇ ਆਪਣੀ ਮਰਜ਼ੀ ਥੋਪਣ ਤੋਂ ਰਤਾ ਗੁਰੇਜ਼ ਨਹੀਂ ਕਰਦਾ। ਉਸ ਦਾ ਪਿਆਦਾ ਪਾਕਿਸਤਾਨ ਸਾਡੇ ਠਿੱਬੀ ਲਾ ਗਿਆ, ਸਾਨੂੰ ਕੀ? ਦਾ ਪ੍ਰਸ਼ਨ ਸਿਆਸਤ ਦੀ ਅਸਲੀ ‘ਵੱਡੀ ਖੇਡ’ ਬਾਰੇ ਸਵਾਲ ਖੜ੍ਹੇ ਕਰਦਾ ਹੈ। ਮੌਜੂਦਾ ਲੀਡਰਸ਼ਿਪ ਸੁਝਾਅ ਸੁਣਨ ਦੀ ਆਦੀ ਨਹੀਂ ਹੈ ਜਦੋਂਕਿ ਸਲਾਹ ਚੰਗੀ ਦਿੱਤੀ ਗਈ ਹੈ। ਹਾਰ ਸਵੀਕਾਰ ਕਰ ਲੈਣਾ ਵੀ ਵਡੱਪਣ ਦੀ ਨਿਸ਼ਾਨੀ ਹੁੰਦਾ ਹੈ।

ਜਗਰੂਪ ਸਿੰਘ, ਉੱਭਾਵਾਲ

Advertisement
×