Letter to the Editor: ਪਾਠਕਾਂ ਦੇ ਖ਼ਤ
ਪੀ ਐੱਮ ਕੇਅਰਜ਼ ਫੰਡ 20 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਪੀ ਐੱਮ ਕੇਅਰਜ਼ ਫੰਡ’ ਪੜ੍ਹ ਕੇ ਇਹ ਕਿਹਾ ਜਾ ਸਕਦਾ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੀਆਂ ਗੱਲਾਂ ਕਹਿਣ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਹਨ, ਪਰ ਹਕੀਕਤ ਉਦੋਂ ਸਾਹਮਣੇ ਆਉਂਦੀ ਹੈ...
ਪੀ ਐੱਮ ਕੇਅਰਜ਼ ਫੰਡ
20 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਪੀ ਐੱਮ ਕੇਅਰਜ਼ ਫੰਡ’ ਪੜ੍ਹ ਕੇ ਇਹ ਕਿਹਾ ਜਾ ਸਕਦਾ ਹੈ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੀਆਂ ਗੱਲਾਂ ਕਹਿਣ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਹਨ, ਪਰ ਹਕੀਕਤ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਜ਼ਿੰਦਗੀ ਵਿੱਚ ਇਨ੍ਹਾਂ ’ਤੇ ਅਮਲ ਦਾ ਵੇਲਾ ਆਉਂਦਾ ਹੈ। ਪੀ ਐੱਮ ਕੇਅਰਜ਼ ਫੰਡ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਫਿਰ ਵੀ ਜਨਤਕ ਕਹਿ ਕੇ ਇਸ ਨੂੰ ਜਨਤਕ ਨਿਗਰਾਨੀ ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਇਸ ਉੱਤੇ ਸੂਚਨਾ ਦਾ ਅਧਿਕਾਰ ਐਕਟ 2005 ਲਾਗੂ ਨਹੀਂ ਹੁੰਦਾ। ਇਹ ਤੱਥ ਹੀ ਆਪਣੇ ਆਪ ਵਿੱਚ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਭ ਸਹੀ ਨਹੀਂ ਹੈ। ਪੰਜਾਬੀ ’ਚ ਕਹਾਵਤ ਹੈ- ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਚੋਣਾਂ ’ਚ ਕਾਲਾ ਧਨ
19 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਚੋਣਾਂ ਵਿੱਚ ਕਾਲਾ ਧਨ’ ਵਿੱਚ ਸੁਪਰੀਮ ਕੋਰਟ ਦੀ ਇਹ ਟਿੱਪਣੀ ਬਿਲਕੁਲ ਸਹੀ ਲੱਗੀ ਕਿ ਚੋਣਾਂ ਵਿੱਚ ਕਾਲੇ ਧਨ ਦੀ ਵਰਤੋਂ ਜਮਹੂਰੀਅਤ ਨੂੰ ਕਮਜ਼ੋਰ ਕਰਦੀ ਹੈ। ਲੋਕ ਸਭਾ ਚੋਣਾਂ ਵੇਲੇ ਕਾਰਾਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ, ਪਰ ਵਿਧਾਨ ਸਭਾ ਚੋਣਾਂ ਵੇਲੇ ਕਿਉਂ ਨਹੀਂ? ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦਾ ‘ਆਪ’, ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਕਾਲਾ ਧਨ ਦੀ ਵਰਤੋਂ ਦੇ ਹੋਰ ਬਹੁਤ ਤਰੀਕੇ ਹਨ, ਜਿਵੇਂ ਆਦਮੀਆਂ ਲਈ ਸ਼ਰਾਬ, ਔਰਤਾਂ ਲਈ ਕੋਲਡ ਡਰਿੰਕਸ ਅਤੇ ਸੂਟ ਵਗੈਰਾ! ਚੋਣਾਂ ਜਿੱਤਣ ਦੇ ਇਰਾਦੇ ਨਾਲ ਧਰਮ ਅਤੇ ਜਾਤਾਂ ਦੇ ਆਧਾਰ ’ਤੇ ਵੋਟਾਂ ਮੰਗਣੀਆਂ ਕਾਲੇ ਧਨ ਤੋਂ ਵੀ ਵੱਧ ਗ਼ਲਤ ਅਤੇ ਜਮਹੂਰੀਅਤ ਵਿਰੋਧੀ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਸਖ਼ਤ ਮਿਹਨਤ ਕਰਨ ਦਾ ਸੁਨੇਹਾ
ਨਜ਼ਰੀਆ ਪੰਨੇ ’ਤੇ ਨਾਇਬ ਸਿੰਘ ਪੰਨੀਵਾਲੀਆ ਦਾ ਲੇਖ ਦ੍ਰਿੜ ਇਰਾਦਾ ਰੱਖਣ ਅਤੇ ਸਖ਼ਤ ਮਿਹਨਤ ਕਰਨ ਦਾ ਸੁਨੇਹਾ ਦਿੰਦਾ ਹੈ। ਉਹ ਸੰਸਾਰ ਪ੍ਰਸਿੱਧ ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਦੇ ਮੁੱਖ ਪਾਤਰ ਦਾ ਹਵਾਲਾ ਦੇ ਕੇ ਨਿਸ਼ਚੇ ਕਰ ਅਪਨੀ ਜੀਤ ਕਰੋਂ ਦੀ ਧਾਰਨਾ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਦਾ ਹੈ। ਉਹ ਆਪਣੀਆਂ ਬੇਟੀਆਂ ਦੇ ਸਿਦਕ ਅਤੇ ਮਿਹਨਤ ਨਾਲ ਪੜ੍ਹਾਈ ਵਿੱਚ ਅੱਗੇ ਵਧਣ ਦੀਆਂ ਮਿਸਾਲਾਂ ਰਾਹੀਂ ਮਿਹਨਤ ਦੇ ਸੰਕਲਪ ’ਤੇ ਜ਼ੋਰ ਦਿੰਦਾ ਹੈ। ਇਉਂ ਕਰਦਾ ਹੋਇਆ ਲੇਖਕ ਟਪਲਾ ਵੀ ਖਾ ਜਾਂਦਾ ਹੈ ਕਿ ਉਨ੍ਹਾਂ ਦੀ ਕਿਸਮਤ ਨੇ ਵੀ ਸਾਥ ਦਿੱਤਾ। ਇਸ ਤਰ੍ਹਾਂ ਦੇ ਵਿਰੋਧਾਭਾਸ ਤੋਂ ਬਚਣ ਦੀ ਲੋੜ ਹੈ।
ਰਣਬੀਰ ਰਾਣਾ, ਬਠਿੰਡਾ
ਨਸ਼ਿਆਂ ਦਾ ਘੁਣ
18 ਅਗਸਤ ਦੇ ਅੰਕ ’ਚ ਪ੍ਰਕਾਸ਼ਿਤ ਮਨਮੀਤ ਕੱਕੜ ਦਾ ਲੇਖ ‘ਨੌਜਵਾਨਾਂ ਨੂੰ ਨਸ਼ਿਆਂ ਦੀ ਘੁਣ: ਮਲੂਕ ਮਨ ਪੜ੍ਹਨ ਦੀ ਲੋੜ’ ਵਧੀਆ ਲੱਗਿਆ। ਅੱਜ ਦਾ ਨੌਜਵਾਨ ਉਦਾਸੀ, ਨਿਰਾਸ਼ਾ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਪੜ੍ਹਾਈ ਦੇ ਦਬਾਅ ਆਦਿ ਕਾਰਨ ਨਸ਼ਿਆਂ ਵੱਲ ਖਿੱਚਿਆ ਜਾ ਰਿਹਾ ਹੈ। ਨਸ਼ੇ ਮਨੁੱਖ ਦੀ ਸਿਹਤ, ਸੁਪਨੇ ਤੇ ਇਕਾਗਰਤਾ ਖ਼ਤਮ ਕਰ ਦਿੰਦੇ ਹਨ। ਇਸ ਲਈ ਸਕੂਲਾਂ-ਕਾਲਜਾਂ ਵਿੱਚ ਪ੍ਰੋਫੈਸ਼ਨਲ ਕਾਊਂਸਲਿੰਗ ਸੈੱਲ ਬਣਾਏ ਜਾਣ, ਮਾਪਿਆਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨਾਲ ਦੋਸਤਾਨਾ ਵਤੀਰਾ ਰੱਖਿਆ ਜਾਵੇ, ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇ, ਖੇਡਾਂ, ਕਿਤਾਬਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਧਾਈਆਂ ਜਾਣ। ਵਿਦਿਆਰਥੀਆਂ ’ਤੇ ਅੰਕਾਂ ਦਾ ਬੋਝ ਪਾਉਣ ਦੀ ਥਾਂ ਉਨ੍ਹਾਂ ਦੀ ਸਿਹਤ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਪਿਆਰ ਅਤੇ ਸਮਝ ਨਾਲ ਹੀ ਅਸੀਂ ਨੌਜਵਾਨ ਪੀੜ੍ਹੀ ਨੂੰ ਬਚਾ ਸਕਦੇ ਹਾਂ। ਵਿਦਿਅਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਮਾਸਟਰ ਪਰਮਵੇਦ, ਸੰਗਰੂਰ
ਆਪਣਾ ਖ਼ੂਨ ?
ਅਮਰਿੰਦਰ ਸਿੰਘ ਮਾਨ ਦਾ ਲੇਖ ‘ਆਪਣਾ ਖ਼ੂਨ’ ਪੜ੍ਹ ਕੇ ਬਹੁਤ ਦੁੱਖ ਹੋਇਆ ਕਿ ਅੱਜਕੱਲ੍ਹ ਲੋਕ ਕਿੰਨੇ ਮਤਲਬੀ ਹੋ ਗਏ ਹਨ। ਇੱਕ ਰੱਬ ਨੇ ਬਜ਼ੁਰਗ ਨਾਲ ਧੱਕਾ ਕੀਤਾ। ਫਿਰ ਜਿਨ੍ਹਾਂ ਨਾਲ ਧੀ ਵਿਆਹ ਕੇ ਰਿਸ਼ਤਾ ਜੋੜਿਆ, ਉਹ ਵੀ ਭੁੱਖ ਵਿਖਾਉਣ ਲੱਗ ਪਏ। ਉਹ ਜਿਸ ਨੂੰ ਆਪਣਾ ਖ਼ੂਨ ਸਮਝਦੀ ਸੀ, ਉਹ ਵੀ ਲਾਲਚੀ ਨਿਕਲਿਆ। ਫਿਰ ਕੋਈ ਕਿਵੇਂ ਕਿਸੇ ’ਤੇ ਭਰੋਸਾ ਕਰ ਸਕਦਾ ਹੈ?
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ
ਨਾਂਹ ਦਾ ਮਤਲਬ ਨਾਂਹ
ਲੇਖ ‘ਨਾਂਹ ਦਾ ਮਤਲਬ ਨਾਂਹ ਹੁੰਦਾ ਹੈ’ ਪੜ੍ਹ ਕੇ ਦੁੱਖ ਹੋਇਆ ਕਿ ਅੱਜ ਵੀ ਔਰਤਾਂ ਨੂੰ ਵਿਰੋਧ ਪ੍ਰਗਟ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਸੰਵਿਧਾਨ ਨੇ ਔਰਤਾਂ ਨੂੰ ਬਰਾਬਰ ਦਾ ਹੱਕ ਦਿੱਤਾ ਹੈ, ਪਰ ਸਾਡੇ ਮਰਦ ਪ੍ਰਧਾਨ ਸਮਾਜ ਨੇ ਕਦੇ ਵੀ ਔਰਤਾਂ ਨੂੰ ਬਰਾਬਰੀ ਨਾਲ ਨਹੀਂ ਜਿਊਣ ਦਿੱਤਾ। ਉਦਾਹਰਣ ਵਜੋਂ, ਹੁਣ ਔਰਤਾਂ ਪੰਚਾਇਤੀ ਚੋਣਾਂ ਜਿੱਤ ਕੇ ਸਰਪੰਚ ਤਾਂ ਬਣ ਜਾਂਦੀਆਂ ਹਨ, ਪਰ ਅਸਲੀਅਤ ਵਿੱਚ ਸਰਪੰਚੀ ਉਨ੍ਹਾਂ ਦੇ ਪਤੀ ਹੀ ਕਰਦੇ ਹਨ। ਆਜ਼ਾਦੀ ਦੇ 76 ਸਾਲ ਗੁਜ਼ਰ ਜਾਣ ਤੋਂ ਬਾਅਦ 2023 ਵਿੱਚ ਔਰਤਾਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਲਈ ਲੋਕ ਸਭਾ ਵਿੱਚ ਔਰਤਾਂ ਲਈ ਰਾਖਵਾਂਕਰਨ ਬਿੱਲ ਪਾਸ ਕਰਨਾ ਪਿਆ। ਜੇਕਰ ਅਸਲ ਵਿੱਚ ਔਰਤਾਂ ਨੂੰ ਬਰਾਬਰ ਦਾ ਰੁਤਬਾ ਦੇਣਾ ਹੈ ਤਾਂ ਸਭ ਤੋਂ ਪਹਿਲਾਂ ਇਸ ਮਰਦ ਪ੍ਰਧਾਨ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ।
ਪ੍ਰਿੰ. ਤਰਸੇਮ ਸਿੰਘ (ਸੇਵਾਮੁਕਤ), ਮੁਕੇਰੀਆਂ (ਹੁਸ਼ਿਆਰਪੁਰ)
ਸਕੂਲ ਪੱਧਰੀ ਹੰਭਲਾ
ਸੰਪਾਦਕੀ ‘ਨਸ਼ੇ ਰੋਕਣ ਲਈ ਇੱਕ ਹੋਰ ਹੰਭਲਾ’ ਵਿੱਚ ਸਹੀ ਲਿਖਿਆ ਗਿਆ ਹੈ ਕਿ ਅਧਿਆਪਕਾਂ ਵੱਲੋਂ ਨੁਕਤਾਚੀਨੀ ਕਰਨ ਦੀ ਬਜਾਏ ਵਿਦਿਆਰਥੀਆਂ ਦੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬਹੁਗਿਣਤੀ ਬੱਚਿਆਂ ਦੇ ਪਿਤਾ ਨਸ਼ੇ ਕਰਦੇ ਹਨ, ਜਿਸ ਕਰਕੇ ਵਿਦਿਆਰਥੀ ਮਾਨਸਿਕ ਬੋਝ ਦਾ ਸ਼ਿਕਾਰ ਹੋ ਜਾਂਦੇ ਹਨ। ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਨਾਉਣਾ ਹੁੰਦਾ ਹੈ, ਇਸ ਲਈ ਨਸ਼ਿਆਂ ਵਾਲੇ ਗ਼ਲਤ ਰਾਹ ’ਤੇ ਪੈਣ ਤੋਂ ਰੋਕਣਾ ਪੜ੍ਹਾਈ ਕਰਾਉਣ ਨਾਲੋਂ ਵੀ ਵੱਧ ਮਹੱਤਵ ਰੱਖਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਆਚਰਣ ਦੀ ਪਰਖ
12 ਅਗਸਤ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਕੱਪੜੇ ਨਹੀਂ, ਆਚਰਣ ਦੀ ਪਰਖ’ ਰਾਹੀਂ ਹਾਈ ਕੋਰਟ ਨੇ ਔਰਤਾਂ ਦੇ ਹੱਕ ਵਿੱਚ ਇੱਕ ਚੰਗਾ ਫ਼ੈਸਲਾ ਸੁਣਾਇਆ ਹੈ, ਜੋ ਸਵਾਗਤਯੋਗ ਹੈ। ਜੇ ਪਹਿਰਾਵੇ ਤੋਂ ਹੀ ਔਰਤਾਂ ਦੇ ਚਰਿੱਤਰ ਦੀ ਪਰਖ ਹੁੰਦੀ ਹੋਵੇ ਤਾਂ ਪੱਛਮੀ ਦੇਸ਼ਾਂ ਵਿੱਚ ਤਾਂ ਬਲਾਤਕਾਰਾਂ ਦੀ ਗਿਣਤੀ ਵਾਲੀ ਕੋਈ ਹੱਦ ਹੀ ਨਾ ਹੋਵੇ। ਅਸਲ ਵਿੱਚ ਲੱਚਰਤਾ ਪਹਿਰਾਵੇ ਵਿੱਚ ਨਹੀਂ ਸਗੋਂ ਲੋਕਾਂ ਦੀ ਮਾਨਸਿਕਤਾ ਵਿੱਚ ਹੈ। ਸਮਾਂ ਦਿਨੋਂ-ਦਿਨ ਬਦਲ ਰਿਹਾ ਹੈ। ਮਰਦਾਂ ਦੀ ਤਰ੍ਹਾਂ ਔਰਤਾਂ ਨੂੰ ਵੀ ਮਨਮਰਜ਼ੀ ਮੁਤਾਬਿਕ ਰਹਿਣ ਦੀ ਤੇ ਵਿਚਰਨ ਦੀ ਆਜ਼ਾਦੀ ਚਾਹੀਦੀ ਹੈ।
ਗੁਰਜਿੰਦਰ ਸਿੰਘ, ਸਾਹਦੜਾ (ਸ਼ਹੀਦ ਭਗਤ ਸਿੰਘ ਨਗਰ)
ਹਰਫ਼ ਸਾਂਭਦਿਆਂ ਮਿਟਾਉਂਦਿਆਂ
13 ਅਗਸਤ ਦੇ ਨਜ਼ਰੀਆ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਹਰਫ਼ ਸਾਂਭਦਿਆਂ ਮਿਟਾਉਂਦਿਆਂ’ ਪੜ੍ਹ ਕੇ ਬਹੁਤ ਦੁੱਖ ਹੋਇਆ। ਇਹ ਉਹੀ ਪਾਸ਼ ਹੈ…ਜਿਸਦੀ ਆਪਣੇ ਪਿੰਡ ਤਲਵੰਡੀ ਸਲੇਮ ਵਿੱਚ ਬਣੀ ਯਾਦਗਾਰ ਨੂੰ ਤੋੜਨ ਅਤੇ ਉਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਯਾਦਗਾਰ ’ਤੇ ਪਾਸ਼ ਤੇ ਹੰਸਰਾਜ ਨੂੰ 38 ਸਾਲਾਂ ਤੋਂ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਯਾਦ ਵਿੱਚ ਉਥੇ ਰੰਗਮੰਚ ਬਣਾਇਆ ਗਿਆ ਹੈ। ਇਹ ਯਾਦਗਾਰ ਪਿੰਡ ਦੀ ਪੰਚਾਇਤੀ ਜਮੀਨ ’ਤੇ ਬਣਾਈ ਗਈ ਹੈ। ਲੇਖਕ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਹੋਣਾ ਬਣਦਾ ਹੈ ਕਿ ਆਪਣੇ ਹਿੱਸੇ ਦੇ ਪਲਾਂ ਨੂੰ ਹਾਸਿਲ ਕਰਨ ਲਈ ਸਮੇਂ ਦਾ ਕਹਿਰ ਜਰਨ ਤੇ ਉਸ ਕਹਿਰ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਜੇ ਪਾਸ਼ ਤੇ ਹੰਸਰਾਜ ਦੀ ਯਾਦਗਾਰ ਤੇ ਉਸ ਸਥਾਨ ਨਾਲ ਛੇੜਛਾੜ ਬੰਦ ਨਾ ਕੀਤੀ ਗਈ ਤਾਂ ਪੰਜਾਬ ਦੇ ਲੇਖਕ, ਕਿਰਤੀ, ਕਿਸਾਨ, ਕਾਮੇ, ਮੁਲਾਜ਼ਮ ਸਮਾਜਿਕ ਕਾਰਕੁਨ ਇਕੱਠੇ ਹੋਕੇ ਸੰਘਰਸ਼ ਕਰਨਗੇ ਕਿਉਂਕਿ 1970ਵਿਆਂ ’ਚ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਸੰਤ ਸੰਧੂ, ਫਤਹਜੀਤ ਅਮਰਜੀਤ ਚੰਦਨ, ਦਰਸ਼ਨ ਖਟਕੜ, ਕਰਤਾਰ ਕੈਂਥ ਆਦਿ ਕਵੀਆਂ ਦੀ ਕਵਿਤਾ ਨੇ ਹੀ ਪੰਜਾਬੀ ਸਾਹਿਤ ਵਿੱਚ ਉਹ ਸਾਂਝੀ ਜ਼ਮੀਨ ਪੈਦਾ ਕੀਤੀ ਹੈ, ਜਿਸ ’ਤੇ ਕਿਰਤੀ ਤੇ ਬੁੱਧੀਜੀਵੀ ਇਕੱਠੇ ਹੋ ਕੇ ਵਿਚਰ ਸਕਦੇ ਹਨ।
ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

