ਪਾਠਕਾਂ ਦੇ ਖ਼ਤ
ਦਿਲਾਂ ’ਚ ਧੜਕਦੇ ਪਿੰਡ 17 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਹਿੱਸੋਵਾਲ ਦਾ ਮਿਡਲ ‘ਦਿਲਾਂ ਵਿੱਚ ਧੜਕਦੇ ਪਿੰਡ’ ਪੰਜਾਬ ’ਚ ਵੱਸਦੇ ਹਰੇਕ ਬਾਸ਼ਿੰਦੇ ਦੀ ਬਾਤ ਪਾ ਗਿਆ। ਅਸੀਂ ਰੁਜ਼ਗਾਰ ਦੀ ਭਾਲ ਵਿੱਚ ਭਾਵੇਂ ਕਿਤੇ ਵੀ ਚਲੇ ਜਾਈਏ ਦੇਸ਼ ਜਾਂ...
ਦਿਲਾਂ ’ਚ ਧੜਕਦੇ ਪਿੰਡ
17 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਜਗਤਾਰ ਸਿੰਘ ਹਿੱਸੋਵਾਲ ਦਾ ਮਿਡਲ ‘ਦਿਲਾਂ ਵਿੱਚ ਧੜਕਦੇ ਪਿੰਡ’ ਪੰਜਾਬ ’ਚ ਵੱਸਦੇ ਹਰੇਕ ਬਾਸ਼ਿੰਦੇ ਦੀ ਬਾਤ ਪਾ ਗਿਆ। ਅਸੀਂ ਰੁਜ਼ਗਾਰ ਦੀ ਭਾਲ ਵਿੱਚ ਭਾਵੇਂ ਕਿਤੇ ਵੀ ਚਲੇ ਜਾਈਏ ਦੇਸ਼ ਜਾਂ ਵਿਦੇਸ਼ ਪਰ ਪਿੰਡ ਸਾਡੇ ਦਿਲ ਵਿੱਚ ਹਮੇਸ਼ਾ ਵੱਸਿਆ ਰਹਿੰਦਾ ਹੈ। ਜਦੋਂ ਵੀ ਕਿਧਰੇ ਬਾਹਰ ਜਾਈਏ, ਕਿਸੇ ਨੂੰ ਮਿਲਣ ਵੇਲੇ ਸਾਡਾ ਸਭ ਤੋਂ ਪਹਿਲਾ ਸਵਾਲ ਇਹੀ ਹੁੰਦਾ ਹੈ, ‘ਤੁਹਾਡਾ ਪਿੰਡ ਕਿਹੜਾ ਹੈ?’ ਇਸ ਮਿਡਲ ਵਿੱਚ ਦੱਸਿਆ ਗਿਆ ਹੈ ਕਿ ਕੁਝ ਪਿੰਡ ਸ਼ਹਿਰਾਂ ਵਿੱਚ ਹੀ ਸਮਾ ਗਏ ਹਨ ਪਰ ਉਸ ਪਿੰਡ ਦੇ ਵਸਨੀਕ ਕਮਲ ਨਾਂ ਦੇ ਵਿਅਕਤੀ ਨੇ ਆਪਣੇ ਪਿੰਡ ‘ਹੈਬੋਵਾਲ’ ਦਾ ਨਾਂ ਆਪਣੇ ਨਾਮ ਨਾਲ ਲਗਾ ਕੇ ਆਪਣੇ ਚੇਤਿਆਂ ਵਿੱਚ ਪਿੰਡ ਨੂੰ ਪੱਕੇ ਤੌਰ ’ਤੇ ਵਸਾ ਲਿਆ ਹੈ। ਇਹ ਲੇਖ ਪੇਂਡੂ ਸਾਂਝ ਤੇ ਅਪਣੱਤ ਦੀ ਸੁੰਦਰ ਬਾਤ ਪਾਉਂਦਾ ਹੈ।
ਦਵਿੰਦਰ ਕੌਰ ਸੰਧੂ, ਮੋਗਾ
(2)
ਜਗਤਾਰ ਸਿੰਘ ਹਿੱਸੋਵਾਲ ਨੇ ਆਪਣੇ ਲੇਖ ‘ਦਿਲਾਂ ਵਿੱਚ ਧੜਕਦੇ ਪਿੰਡ’ ਵਿੱਚ ਬਹੁਤ ਹੀ ਸਾਦਗੀ ਅਤੇ ਭਾਵਪੂਰਨ ਸ਼ਬਦਾਂ ਰਾਹੀਂ ਆਪਣੇ ਪਿੰਡ ਨਾਲ ਜੁੜੇ ਪਿਆਰ ਅਤੇ ਮੋਹ ਨੂੰ ਬਿਆਨ ਕੀਤਾ ਹੈ। ਇਹ ਲੇਖ ਪੜ੍ਹਦਿਆਂ ਮੈਨੂੰ ਆਪਣੇ ਪੁਰਖਿਆਂ ਦੇ ਪਿੰਡ ਦੀ ਯਾਦ ਆ ਗਈ। ਸਾਡੇ ਬਜ਼ੁਰਗ 1947 ਦੀ ਵੰਡ ਵੇਲੇ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਦੇ ਪਿੰਡ ‘ਜੰਬਰ’ ਨੂੰ ਛੱਡ ਕੇ ਭਾਰਤ ਆ ਵੱਸੇ ਸਨ। ਅੱਸੀ ਸਾਲ ਬੀਤਣ ਦੇ ਬਾਵਜੂਦ ਅਸੀਂ ਆਪਣੇ ਉਸ ਪਿੰਡ ਦਾ ਨਾਂ ਬੜੇ ਮਾਣ ਨਾਲ ਲੈਂਦੇ ਹਾਂ। ਜ਼ਿਲ੍ਹਾ ਬਠਿੰਡਾ ਦੇ ਪਿੰਡ ਜਗਾ ਰਾਮਤੀਰਥ ਵਿੱਚ ਸਾਡੀ ਪੰਚਾਇਤ ਦਾ ਨਾਂ ਵੀ ‘ਜੰਬਰ ਬਸਤੀ’ ਰੱਖਿਆ ਗਿਆ ਹੈ, ਜੋ ਸਾਡੇ ਪੁਰਖਿਆਂ ਦੀ ਮਿੱਟੀ ਨਾਲ ਜੁੜੇ ਅਟੁੱਟ ਰਿਸ਼ਤੇ ਦੀ ਨਿਸ਼ਾਨੀ ਹੈ। ਇਹ ਲੇਖ ਸਿਰਫ਼ ਪਿੰਡਾਂ ਦੀ ਗੱਲ ਨਹੀਂ ਕਰਦਾ ਸਗੋਂ ਆਪਣੀਆਂ ਜੜ੍ਹਾਂ, ਵਿਰਾਸਤ ਅਤੇ ਯਾਦਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੰਦਾ ਹੈ।
ਮਹਾਵੀਰ ਸਿੰਘ ਸੰਧੂ, ਬਠਿੰਡਾ
ਲੈਂਡ ਪੂਲਿੰਗ ਨੀਤੀ
14 ਜੁਲਾਈ ਦੇ ਮੁੱਖ ਪੰਨੇ ਦੀ ਖ਼ਬਰ ‘ਲੈਂਡ ਪੂਲਿੰਗ: ਕਿਸਾਨਾਂ ਨੂੰ ਪਲੋਸਣ ਦੀ ਕੋਸ਼ਿਸ਼’ ਪੜ੍ਹੀ। ਪੰਜਾਬ ਸਰਕਾਰ ਜ਼ਮੀਨਾਂ ਹਥਿਆਉਣ ਲਈ ਕਈ ਹੱਥਕੰਡੇ ਵਰਤ ਰਹੀ ਹੈ। ਪਹਿਲਾਂ ਬਣੀਆਂ ਕਲੋਨੀਆਂ ਕਾਫ਼ੀ ਸਮੇਂ ਤੋਂ ਗਾਹਕਾਂ ਦੀ ਉਡੀਕ ਵਿੱਚ ਹਨ। ਅਜਿਹੀ ਹਾਲਤ ਵਿੱਚ ਹੋਰ ਕਲੋਨੀਆਂ ਉਸਾਰ ਕੇ ਵਾਹੀਯੋਗ ਜ਼ਮੀਨ ਕਿਉਂ ਬਰਬਾਦ ਕੀਤੀ ਜਾ ਰਹੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸਰਕਾਰ ਨੂੰ ਖੇਤੀ ਦੇ ਸਾਰੇ ਸਾਧਨ ਸੁਰੱਖਿਅਤ ਰੱਖਣੇ ਚਾਹੀਦੇ ਹਨ ਨਾ ਕਿ ਨਿੱਜੀ ਲਾਭਾਂ ਕਰਕੇ ਖੇਤੀਯੋਗ ਜ਼ਮੀਨ ਘਟਾਉਣ ਬਾਰੇ ਸੋਚਣਾ ਚਾਹੀਦਾ ਹੈ।
ਇੰਜੀ. ਹਰਭਜਨ ਸਿੰਘ ਸਿੱਧੂ, ਬਠਿੰਡਾ
ਅਭੁੱਲ ਯਾਦ
14 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਮਨਜੀਤ ਮਾਨ ਦੀ ਰਚਨਾ ‘ਅਭੁੱਲ ਯਾਦ’ ਦਿਲ ਨੂੰ ਛੂਹਣ ਵਾਲੀ ਲਿਖਤ ਹੈ। ਜਦੋਂ ਜਗਦੀਪ ਨੇ ਸਾਦਗੀ ਨਾਲ ਕਿਹਾ, ‘ਸਰ ਜੀ, ਮੈਂ ਤਾਂ ਜੂਨ ਦੀਆਂ ਛੁੱਟੀਆਂ ਵਿੱਚ ਆਪਣੇ ਬੇਬੇ-ਬਾਪੂ ਨਾਲ ਝੋਨਾ ਲਵਾਵਾਂਗਾ... ਝੋਨੇ ਵਾਲੇ ਪਾਣੀ ਵਿੱਚ ਨਹਾਉਣ ਦਾ ਬਹੁਤ ਮਜ਼ਾ ਆਉਂਦਾ ਹੈ’ ਤਾਂ ਇਹ ਸਿਰਫ਼ ਇੱਕ ਬੱਚੇ ਦਾ ਜਵਾਬ ਨਹੀਂ ਸੀ ਸਗੋਂ ਪੇਂਡੂ ਪੰਜਾਬ ਦੇ ਅਨੇਕਾਂ ਬੱਚਿਆਂ ਦੀ ਜ਼ਿੰਦਗੀ ਦੀ ਹਕੀਕਤ ਸੀ। ਲੇਖਕ ਨੇ ਇਸ ਇੱਕ ਘਟਨਾ ਰਾਹੀਂ ਬੱਚਿਆਂ ਦੇ ਮਨੋਵਿਗਿਆਨ, ਮਿਹਨਤ ਪ੍ਰਤੀ ਉਨ੍ਹਾਂ ਦੇ ਸਹਿਜ ਰਵੱਈਏ ਅਤੇ ਵੱਖ-ਵੱਖ ਸਮਾਜਿਕ ਹਾਲਾਤ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਉਜਾਗਰ ਕੀਤਾ ਹੈ।
ਸ਼ਰਨਜੀਤ ਕੌਰ ਸੰਘੇੜਾ (ਬਰਨਾਲਾ)
ਜ਼ਖ਼ਮ ਭਰਨ ਦਾ ਵੇਲਾ
13 ਜੁਲਾਈ ਦੇ ਅੰਕ ’ਚ ਜਯੋਤੀ ਮਲਹੋਤਰਾ ਦਾ ਲੇਖ ‘ਜ਼ਖਮਾਂ ਨੂੰ ਭਰਨ ਦਾ ਵੇਲਾ’ ਪੜ੍ਹਿਆ। ਲੇਖਕਾ ਵੱਲੋਂ 1947 ਵਿੱਚ ਹੋਈ ਦੇਸ਼ ਵੰਡ ਅਤੇ ਪੰਜਾਬ ਵਿੱਚ ਉੱਭਰੇ ਖਾੜਕੂਵਾਦ ਤੋਂ ਉਪਜੇ ਦੁਖਾਂਤ ਦੀ ਗੱਲ ਕੀਤੀ ਗਈ ਹੈ। ਦੋਹਾਂ ਘਟਨਾਵਾਂ ਦਾ ਪਿਛੋਕੜ ਵੱਖਰਾ ਹੈ ਪਰ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਕੜੀ ਇੱਕੋ ਹੈ। ਲੇਖ ਸੰਤੁਲਿਤ ਨਜ਼ਰੀਆ ਪਾਠਕਾਂ ਸਾਹਮਣੇ ਰੱਖਦਾ ਹੈ। ਇਹ ਕੌੜਾ ਸੱਚ ਹੈ ਕਿ ਅਸੀਂ ਆਪਣਾ ਪੱਖ ਰੱਖਦੇ ਹੋਏ ਦੂਸਰੇ ਲੋਕਾਂ ਦਾ ਦੁਖਾਂਤ ਅਤੇ ਪੱਖ ਅੱਖੋਂ-ਪਰੋਖੇ ਕਰਦੇ ਹਾਂ। ‘ਸਤਲੁਜ’ ਫਿਲਮ ਬਾਰੇ ਅਜਿਹਾ ਕਹਿਣ ਦਾ ਜੇਰਾ ਬਿਲਕੁਲ ਸਹੀ ਬਿਆਨੀ ਹੈ। ਭਾਜਪਾ ਆਗੂ ਆਪਣੀ ਤੂਤੀ ਇਸ ਤਰ੍ਹਾਂ ਵਜਾਉਂਦੇ ਹਨ ਕਿ ਤੱਥਾਂ ਨੂੰ ਹਵਾ ’ਚ ਉਡਾ ਦਿੰਦੇ ਹਨ। ਰਵਨੀਤ ਬਿੱਟੂ ਨੇ ਸੈਂਸਰ ਦੇ ਹੁਕਮ ਨਾਲ ਇਹੋ ਕੀਤਾ। ਕਿਸੇ ਵੀ ਵਿਸ਼ੇ ’ਤੇ ਖੁੱਲ੍ਹ ਕੇ ਗੱਲ ਕਰਨੀ ਸਾਡੀ ਸੌੜੀ ਮਾਨਸਿਕਤਾ ਵਿੱਚ ਹੀ ਨਹੀਂ ਹੈ। ਜਦੋਂ ਫ਼ਿਰਕਾਪ੍ਰਸਤੀ ਅੱਲੇ ਜ਼ਖ਼ਮਾਂ ਨੂੰ ਜਾਣਬੁੱਝ ਕੇ ਕੁਰੇਦੇ ਜਾਣ ਤਾਂ ਉਨ੍ਹਾਂ ਨੂੰ ਕੌਣ ਭਰ ਸਕਦਾ ਹੈ। ਭਾਈਚਾਰਕ ਸਾਂਝ ਦੀਆਂ ਗੱਲਾਂ ਭਾਵੇਂ ਅਸੀਂ ਲੱਖ ਕਰੀ ਜਾਈਏ।
ਜਗਰੂਪ ਸਿੰਘ, ਉਭਾਵਾਲ
‘ਸਤਲੁਜ’ ਫਿਲਮ ’ਤੇ ਚਰਚਾ
‘ਸਤਲੁਜ’ ਫਿਲਮ ਦੇ ਆਨਲਾਈਨ ਪ੍ਰਸਾਰਣ ’ਤੇ ਕੇਂਦਰ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ 48 ਘੰਟਿਆਂ ਬਾਅਦ ਹੀ ਜ਼ੀ-5 ਨੇ ਫ਼ਿਲਮ ਸਤਲੁਜ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਪੰਜਾਬ ’ਚ 80-90 ਦੇ ਦਹਾਕਿਆਂ ’ਚ ਵਾਪਰੇ ਘਟਨਾਕ੍ਰਮ ਨੂੰ ‘ਸਤਲੁਜ’ ਫ਼ਿਲਮ ਰਾਹੀਂ ਦਿਖਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਨੇ 1980 ਤੋਂ 1995 ਦੇ ਦਹਾਕਿਆਂ ’ਚ ਅਜਿਹਾ ਖੂਨੀ ਦੌਰ ਦੇਖਿਆ। ਉਨ੍ਹਾਂ ਵੇਲਿਆਂ ਵਿੱਚ ਹਜ਼ਾਰਾਂ ਬੇਗੁਨਾਹ ਨਾਗਰਿਕ, ਪੱਤਰਕਾਰ, ਅਧਿਆਪਕ, ਸਰਕਾਰੀ ਕਰਮਚਾਰੀ, ਧਾਰਮਿਕ ਆਗੂ, ਚੜ੍ਹਦੀ ਨੌਜਵਾਨੀ ਹਿੰਸਾ ਦਾ ਸ਼ਿਕਾਰ ਬਣੀ। ਉਸ ਵੇਲੇ ਖਾੜਕੂਵਾਦ ਸਿਖਰਾਂ ’ਤੇ ਸੀ। ਪੁਲੀਸ ਵੱਲੋਂ ਝੂਠੇ ਮੁਕਾਬਲਿਆਂ ਰਾਹੀਂ ਬੇਕਸੂਰ ਨੌਜਵਾਨਾਂ ਨੂੰ ਮਾਰ ਦਿੱਤਾ ਗਿਆ। ਫਿਲਮ ਸਤਲੁਜ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ’ਤੇ ਆਧਾਰਿਤ ਹੈ। ਉਨ੍ਹਾਂ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਕੀਤੇ ਗਏ ਕੰਮਾਂ ਨੇ ਦੇਸ਼, ਵਿਦੇਸ਼ਾਂ ਵਿੱਚ ਚਰਚਾ ਨੂੰ ਨਵਾਂ ਰੁਖ਼ ਦਿੱਤਾ। ਅੱਜ ਦੀ ਨੌਜਵਾਨੀ ਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਮਿਲਣੀ ਚਾਹੀਦੀ ਹੈ। ਜਸਵੰਤ ਸਿੰਘ ਖਾਲੜਾ ਨੇ ਸੱਚ ’ਤੇ ਪਹਿਰਾ ਦਿੱਤਾ ਜਿਸ ਦੀ ਕੀਮਤ ਉਨ੍ਹਾਂ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਅਦਾ ਕੀਤੀ। ਸੈਂਸਰ ਬੋਰਡ ਵੱਲੋਂ ਪਿੱਛੇ ਜਿਹੇ ਕਸ਼ਮੀਰ ਫਾਈਲ, ਕੇਰਲਾ ਸਟੋਰੀ ਵਰਗੀਆਂ ਫਿਲਮਾਂ ਨੂੰ ਤਾਂ ਮਨਜ਼ੂਰੀ ਦੇ ਦਿੱਤੀ ਗਈ ਪਰ ‘ਸਤਲੁਜ’ ਫਿਲਮ ਨੂੰ ਨਹੀਂ ਦਿੱਤੀ। ਇਤਿਹਾਸ ਨਾਲ ਜੁੜੀਆਂ ਅਜਿਹੀਆਂ ਫਿਲਮਾਂ ਨੂੰ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਕਵਿਤਾਵਾਂ ਦੀ ਕਮਾਈ
11 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਮਦਨ ਬੰਗੜ ਦੀ ਰਚਨਾ ‘ਕਵਿਤਾਵਾਂ ਦੀ ਕਮਾਈ’ ਪੜ੍ਹਦਿਆਂ ਉਹ ਲਾਈਨ ਚੇਤੇ ਆ ਗਈ ‘ਉਹ ਸਭ ਦੇ ਦਿਲਾਂ ਦੀਆਂ ਜਾਣੇ, ਰਾਮ ਕਿਹੜਾ ਨਿਆਣੈ...’ ਰਚਨਾ ਵਿਚਲੇ ਲੇਖਕ ਦੀ ਮਾਂ ਨੂੰ ਕਈ ਸਰਦੇ-ਪੁੱਜਦੇ ਘਰਾਂ ਵਿੱਚ ਜਾਣ ਦੇ ਬਾਵਜੂਦ ਜਦੋਂ ਭੂਆ ਦੇ ਕਫ਼ਨ ਲਈ 1,000 ਰੁਪਏ ਵੀ ਨਹੀਂ ਮਿਲਦੇ ਤਾਂ ਉਦਾਸ ਅਤੇ ਪ੍ਰੇਸ਼ਾਨ ਹੋਏ ਮਾਂ-ਪੁੱਤ ਨੂੰ ਅਚਾਨਕ ਅਖ਼ਬਾਰਾਂ ਵਿੱਚ ਛਪੀਆਂ ਕਵਿਤਾਵਾਂ ਦੇ ਮਿਹਨਤਾਨੇ ਵਜੋਂ 1,100 ਰੁਪਏ ਪਿੰਡ ਦੇ ਡਾਕੀਏ ਰਾਹੀਂ ਮਿਲ ਜਾਂਦੇ ਹਨ। ਉਦੋਂ ਉਨ੍ਹਾਂ ਨੇ ਸ਼ੁਕਰਾਨੇ ਵਜੋਂ ਜ਼ਰੂਰ ਕਿਹਾ ਹੋਵੇਗਾ ਕਿ ‘ਰੱਬਾ ਗ਼ਰੀਬਾਂ ਦੀ ਲਾਜ ਰੱਖ ਲਈ’। ‘ਸਤਰੰਗ’ ਪੰਨੇ ’ਤੇ ਵਿਕਾਸ ਵਰਮਾ ਦੀ ਰਚਨਾ ‘ਰੰਗ ਮੰਚ ਤੋਂ ਫ਼ਿਲਮਾਂ ਤੱਕ ਸੁਨੀਤਾ ਧੀਰ’, ਬਲਦੇਵ ਸਿੰਘ ਬੇਦੀ ਵੱਲੋਂ ਲਿਖਿਆ ‘ਸੁਰਾਂ ਦਾ ਸ਼ਰੀਫ਼ ਦੀਦਾਰ ਸਿੰਘ ਪਰਦੇਸੀ’ ਅਤੇ ਮਨਮੋਹਨ ਸਿੰਘ ਦਾਊਂ ਦੀ ਬਾਲ ਕਹਾਣੀ ‘ਧੀਆਂ ਘਰ ਦਾ ਚਾਨਣ’ ਬੇਹੱਦ ਕਾਬਿਲ-ਏ-ਤਾਰੀਫ਼ ਅਤੇ ਗੌਰ ਕਰਨ ਯੋਗ ਲਿਖਤਾਂ ਹਨ।
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਮਨ ਦੀ ਸ਼ਾਂਤੀ
13 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਪ੍ਰੀਤ ਸਿੰਘ ਵਿੱਕੀ ਦਾ ਮਿਡਲ ‘ਮਨ ਦੀ ਸ਼ਾਂਤੀ’ ਬੇਹੱਦ ਭਾਵਪੂਰਨ ਅਤੇ ਸਹਿਜ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ ਹੈ। ਲੇਖ ਪੜ੍ਹਦਿਆਂ ਮੈਨੂੰ ਆਪਣੀ ਜ਼ਿੰਦਗੀ ਦੇ ਬੀਤੇ ਪੜਾਵਾਂ ਦੀ ਯਾਦ ਆਈ। ਮਾਤਾ-ਪਿਤਾ ਦੀ ਘੱਟ ਆਮਦਨ ਹੋਣ ’ਤੇ ਵੀ ਮਿਹਨਤ ਤੇ ਸੰਜਮ ਵਿੱਚ ਰਹਿ ਕੇ ਜੀਵਨ ਬਸਰ ਕੀਤਾ। ਹਰ ਨਵੀਂ ਚੀਜ਼ ਆਉਣ ’ਤੇ ਘਰ ਵਿੱਚ ਵਿਆਹ ਵਰਗਾ ਚਾਅ ਹੁੰਦਾ ਸੀ। ਉਸ ਸਮੇਂ ਦੂਜਿਆਂ ਦੀ ਚਮਕ-ਦਮਕ ਦੇਖ ਕੇ ਕਰਜ਼ਾ ਚੁੱਕ ਕੇ ਸੁੱਖ-ਸਹੂਲਤਾਂ ਇਕੱਠੀਆਂ ਕਰਨ ਦੀ ਦੌੜ ਨਹੀਂ ਸੀ। ਲੋਕ ਸਬਰ ਤੇ ਸੰਤੋਖ ਦੀ ਜ਼ਿੰਦਗੀ ਬਿਤਾਉਂਦੇ ਸਨ। ਅੱਜ ਦੀ ਪੀੜ੍ਹੀ ਨੇ ਸਾਰੀਆਂ ਸੁੱਖ-ਸਹੂਲਤਾਂ ਬਚਪਨ ਤੋਂ ਹੀ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਆਪਣੇ ਵਡੇਰਿਆਂ ਨੂੰ ਮਿਹਨਤ ਕਰਦਿਆਂ ਨਹੀਂ ਦੇਖਿਆ। ਅੰਤ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਗੱਲ ਮਨ ਨੂੰ ਛੂਹ ਗਈ। ਅਸਲ ਵਿੱਚ ਸੰਤੁਸ਼ਟੀ ਇਸੇ ਵਿੱਚ ਹੈ ਕਿ ਜੋ ਕੁਝ ਸਾਡੇ ਕੋਲ ਹੈ, ਉਹ ਅਜੇ ਵੀ ਅਨੇਕਾਂ ਲੋਕਾਂ ਲਈ ਸੁਪਨਾ ਬਣਿਆ ਹੋਇਆ ਹੈ।
ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

