DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੜ੍ਹਾਂ ਨੂੰ ਸੱਦਾ

ਪਹਿਲੀ ਅਗਸਤ ਦੇ ਨਜ਼ਰੀਆ ਪੰਨੇ ’ਤੇ ਸਤਨਾਮ ਸਿੰਘ ਸੰਧੂ ਦੇ ਲੇਖ ‘ਹੜ੍ਹਾਂ ਨੂੰ ਸੱਦਾ ਦਿੰਦੇ ਗਾਦ ਨਾਲ ਭਰੇ ਦਰਿਆ’ ਵਿੱਚ ਹੜ੍ਹਾਂ ਦੇ ਮੂਲ ਕਾਰਨ ‘ਗਾਦ’ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਕਾਨੂੰਨ, 1957...

  • fb
  • twitter
  • whatsapp
  • whatsapp
Advertisement

ਪਹਿਲੀ ਅਗਸਤ ਦੇ ਨਜ਼ਰੀਆ ਪੰਨੇ ’ਤੇ ਸਤਨਾਮ ਸਿੰਘ ਸੰਧੂ ਦੇ ਲੇਖ ‘ਹੜ੍ਹਾਂ ਨੂੰ ਸੱਦਾ ਦਿੰਦੇ ਗਾਦ ਨਾਲ ਭਰੇ ਦਰਿਆ’ ਵਿੱਚ ਹੜ੍ਹਾਂ ਦੇ ਮੂਲ ਕਾਰਨ ‘ਗਾਦ’ ’ਤੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ। ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਕਾਨੂੰਨ, 1957 ਤਹਿਤ ਭਾਰਤ ਵਿੱਚ ਦਰਿਆਵਾਂ, ਨਹਿਰਾਂ ਅਤੇ ਸੂਇਆਂ ਵਿੱਚੋਂ ਰੇਤ, ਬਜਰੀ ਅਤੇ ਗਾਦ ਆਦਿ ਕੱਢਣ ਉੱਤੇ ਟੈਕਸ ਲਿਆ ਜਾਂਦਾ ਹੈ। ਪੰਜਾਬ ਅਤੇ ਕੁਝ ਸੂਬਿਆਂ ਵਿੱਚ ਗਾਦ ਅਤੇ ਮਿੱਟੀ ਕੱਢਣ ’ਤੇ ਕਿਸਾਨਾਂ ਤੋਂ ਟੈਕਸ ਨਹੀਂ ਲਿਆ ਜਾਂਦਾ। ਹੜ੍ਹਾਂ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਅਤੇ ਸਾਰਿਆਂ ਸੂਬਿਆਂ ਨੂੰ ਗਾਦ ਅਤੇ ਮਿੱਟੀ ਕੱਢਣ ਉੱਤੇ ਸਾਰੇ ਟੈਕਸ ਮੁਆਫ਼ ਕਰਨੇ ਚਾਹੀਦੇ ਹਨ। ਜਿਨ੍ਹਾਂ ਦਰਿਆਵਾਂ, ਨਹਿਰਾਂ ’ਚ ਬਹੁਤ ਜ਼ਿਆਦਾ ਗਾਦ ਭਰੀ ਹੋਈ ਹੈ, ਉੱਥੇ ਸਰਕਾਰਾਂ ਅਤੇ ਐੱਨ ਜੀ ਓ ਆਦਿ ਨੂੰ ਲੋਕਾਂ ਨੂੰ ਉਤਸ਼ਾਹਿਤ ਕਰਕੇ ਗਾਦ ਕਢਵਾਉਣੀ ਚਾਹੀਦੀ ਹੈ। ਕਾਰ ਸੇਵਾ ਵਾਲੇ ਬਾਬਿਆਂ ਅਤੇ ਹੋਰ ਸੰਸਥਾਵਾਂ ਨੂੰ ਦਰਿਆਵਾਂ ਵਿੱਚੋਂ ਗਾਦ ਕੱਢਣ ਦੀ ਸੇਵਾ ਦਾ ਕੰਮ ਆਰੰਭ ਕਰਨਾ ਚਾਹੀਦਾ ਹੈ।

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

Advertisement

ਇਕਾਗਰਤਾ ਜ਼ਰੂਰੀ

4 ਅਗਸਤ ਦੇ ਨਜ਼ਰੀਆ ਪੰਨੇ ’ਤੇ ਸੋਹਣ ਲਾਲ ਗੁਪਤਾ ਦਾ ਲੇਖ ‘ਇਕਾਗਰਤਾ’ ਪੜ੍ਹਿਆ। ਇਸ ਵਿੱਚ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਵਧੀਆ ਢੰਗ ਨਾਲ ਉਜਾਗਰ ਕੀਤਾ ਗਿਆ ਹੈ। ਖੇਡਣ ਸਮੇਂ ਖੇਡਣ ਦਾ, ਖਾਣ ਵੇਲੇ ਖਾਣੇ ਦਾ, ਡਰਾਈਵਿੰਗ ਵੇਲੇ ਡਰਾਈਵਿੰਗ ਦਾ ਅਤੇ ਪੜ੍ਹਾਈ ਸਮੇਂ ਪੜ੍ਹਾਈ ਦਾ ਭਾਵ ਜਿੱਥੇ ਹੋਵੋ, ਉੱਥੇ ਹੀ ਇਕਾਗਰ ਚਿੱਤ ਹੋਵੋ। ਦਫ਼ਤਰ ਵੇਲੇ ਦਫ਼ਤਰ ਅਤੇ ਘਰ ਵੇਲੇ ਦਫ਼ਤਰ ਭੁਲਾ ਕੇ ਘਰ ਵਿੱਚ ਮਸਤ ਰਹੋ। ਕਿਸੇ ਯਾਰ, ਮਿੱਤਰ ਜਾਂ ਰਿਸ਼ਤੇਦਾਰ ਦੇ ਘਰ ਗਏ ਹੋਵੋ ਤਾਂ ਉੱਥੇ ਮੋਬਾਈਲ ਆਦਿ ਨਾ ਦੇਖੋ ਸਗੋਂ ਉਨ੍ਹਾਂ ਨਾਲ ਇਕਸੁਰ ਹੋ ਕੇ ਇਕਾਗਰ ਚਿੱਤ ਹੋ ਕੇ ਗੱਲਾਂ ਕਰੋ। ਇਹ ਸੱਚ ਹੈ ਕਿ ਮੋਬਾਈਲ, ਰੀਲਜ਼ ਅਤੇ ਸੋਸ਼ਲ ਮੀਡੀਆ ਨੇ ਸਾਡੇ ਨੌਜਵਾਨਾਂ ਦਾ ਧਿਆਨ ਭਟਕਾ ਦਿੱਤਾ ਹੈ। ਆਪਣੇ ਬੱਚਿਆਂ ਨੂੰ ਪੜ੍ਹਾਈ ਵੇਲੇ ਫੋਨ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

Advertisement

ਮਾਸਟਰ ਪਰਮਵੇਦ, ਸੰਗਰੂਰ

ਨਸ਼ਿਆਂ ਦਾ ਵਰਤਾਰਾ

ਨਸ਼ਿਆਂ ਦਾ ਪਸਾਰਾ ਪੂਰੀ ਦੁਨੀਆ ਵਿੱਚ ਹੋ ਚੁੱਕਿਆ ਹੈ। ਪਹਿਲਾਂ ਪੰਜਾਬ ਨੂੰ ਨਸ਼ਿਆਂ ਦਾ ਛੇਵਾਂ ਦਰਿਆ ਕਿਹਾ ਜਾਂਦਾ ਸੀ, ਪਰ ਵਿਕਸਿਤ ਮੁਲਕ ਵੀ ਇਸ ਦੀ ਭੇਂਟ ਚੜ੍ਹਦੇ ਜਾ ਰਹੇ ਹਨ। ਇਸ ਧੰਦੇ ਨਾਲ ਖ਼ਤਰਨਾਕ ਮਾਫ਼ੀਆ ਜੁੜੇ ਹੋਏ ਹਨ, ਜੋ ਕਰੋੜਾਂ ਰੁਪਏ ਬਣਾ ਰਹੇ ਹਨ। ਗੁਆਂਢੀ ਮੁਲਕ ਪਾਕਿਸਤਾਨ ਤੋਂ ਪੰਜਾਬ ਦੀ ਸਰਹੱਦ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਪੰਜਾਬ ਅੰਦਰ ਵੱਡੀ ਗਿਣਤੀ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ। ਸੀਮਾ ਸੁਰੱਖਿਆ ਬਲ ਵੱਲੋਂ ਲਗਾਤਾਰ ਨਿਗਰਾਨੀ ਦੇ ਬਾਵਜੂਦ ਘਟਨਾਵਾਂ ਰੁਕ ਨਹੀਂ ਰਹੀਆਂ। ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਮਹਿਲਾ ਅਤੇ ਉਸ ਦੇ ਸਾਥੀਆਂ ਨੂੰ ਤਕਰੀਬਨ 170 ਕਰੋੜ ਤੋਂ ਵੱਧ ਰੁਪਏ ਦੀ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ, ਜਿਨ੍ਹਾਂ ਵਿੱਚ ਵੱਡੀ ਗਿਣਤੀ ’ਚ ਔਰਤਾਂ, ਨੌਜਵਾਨ ਅਤੇ ਨਾਬਾਲਗ ਸ਼ਾਮਿਲ ਹਨ। ਇਸ ਨੂੰ ਰੋਕਣ ਲਈ ਸੰਜੀਦਾ ਯਤਨਾਂ ਦੀ ਲੋੜ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ

ਮੈਂ ਵਿਦਾ ਹੁੰਦਾ ਹਾਂ...

1 ਅਗਸਤ ਦੇ ਨਜ਼ਰੀਆ ਪੰਨੇ ’ਤੇ ਦਵੀ ਦਵਿੰਦਰ ਕੌਰ ਦੇ ਮਿਡਲ ‘ਮੈਂ ਵਿਦਾ ਹੁੰਦਾ ਹਾਂ’ ਵਿੱਚ 16ਵੇਂ ਸਾਲ ਵਿੱਚ ਹੀ ਸਦੀਵੀ ਵਿਛੋੜਾ ਦੇ ਗਏ ਤਰਕਦੀਪ ਸਿੰਘ ਦੇ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਬਾਰੇ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਜਾਣਕਾਰੀ ਦਿੱਤੀ ਗਈ ਹੈ। ਇਸ ਹੋਣਹਾਰ ਪੁੱਤਰ ਤਰਕਦੀਪ ਸਿੰਘ ਦੀ ਮੌਤ ਦੀ ਦੁਖਦਾਈ ਖ਼ਬਰ ਸੁਣ ਕੇ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਇਸ ਤਰ੍ਹਾਂ ਮਾਸੂਮ ਬੱਚਿਆਂ ਦਾ ਆਪਣੀ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਮੌਤ ਦੇ ਮੂੰਹ ਵਿੱਚ ਪੈ ਜਾਣਾ ਸਾਡੇ ਲਈ ਇੱਕ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਲਾਇਲਾਜ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਨ੍ਹਾਂ ਦੇ ਸ਼ਿਕੰਜੇ ਵਿੱਚ ਅਜਿਹੇ ਹੋਣਹਾਰ ਬੱਚੇ ਆਪਣੀ ਜ਼ਿੰਦਗੀ ਗੁਆ ਰਹੇ ਹਨ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਜਿਹੀਆਂ ਲਾਇਲਾਜ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਇਲਾਜ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ।

ਮੇਜਰ ਸਿੰਘ ਮੱਟਰਾਂ

ਸਰਕਾਰੀ ਯੂਨੀਵਰਸਿਟੀਆਂ

30 ਜੁਲਾਈ ਦੇ ਅੰਕ ’ਚ ਜਗਦੀਪ ਸਿੰਘ ਵਾਈਸ ਚਾਂਸਲਰ, ਪੰਜਾਬੀ ’ਵਰਸਿਟੀ ਦੇ ਲੇਖ ‘ਸਰਕਾਰੀ ਯੂਨੀਵਰਸਿਟੀਆਂ ’ਚ ਨਿਵੇਸ਼ ਦੀ ਲੋੜ’ ਵਿੱਚ ਉਨ੍ਹਾਂ ਵੱਲੋਂ ਤਫ਼ਸੀਲ ਵਿੱਚ ਜ਼ਿਕਰ ਕੀਤਾ ਗਿਆ ਸਰਕਾਰੀ ਯੂਨੀਵਰਸਿਟੀਆਂ ਸਿਰਫ਼ ਅਧਿਆਪਕਾ, ਡਾਕਟਰਾਂ, ਇੰਜੀਨੀਅਰਾਂ, ਪ੍ਰਕਾਸ਼ਕਾਂ, ਉੱਦਮੀਆਂ, ਵਿਗਿਆਨੀਆਂ ਅਤੇ ਹੋਰ ਉੱਚ ਸਿਵਲ ਅਹੁਦਿਆਂ ਦੀਆਂ ਕਈ ਪੀੜ੍ਹੀਆਂ ਨੂੰ ਹੀ ਸਿੱਖਿਆ ਨਹੀਂ ਦਿੰਦੀਆਂ ਸਗੋਂ ਇਹ ਲੋਕ ਭਲਾਈ ਦੇ ਕਾਰਜ ਕਰਨ ਵਾਲੀਆਂ, ਮਾੜੀ ਆਰਥਿਕ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੀਆਂ, ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਤੇ ਸਾਂਝੀਵਾਲਤਾ ਪ੍ਰਤੀ ਸੰਵਿਧਾਨਕ ਵਚਨਬੱਧਤਾ ਬਰਕਰਾਰ ਰੱਖਣ ਵਾਲੀਆਂ ਹੁੰਦੀਆਂ ਹਨ| ਸਰਕਾਰੀ ਯੂਨੀਵਰਸਿਟੀਆਂ ਸੂਬੇ ਦੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਰਹੀਆਂ ਹਨ, ਇਸ ਲਈ ਨਹੀਂ ਕਿ ਇਹ ਡਿਗਰੀਆਂ ਵਾਲੇ ਗ੍ਰੈਜੂਏਟ ਪੈਦਾ ਕਰਦੀਆਂ ਹਨ, ਸਗੋਂ ਇਸ ਲਈ ਕਿ ਇਹ ਨਵੀਆਂ ਸੰਭਾਵਨਾਵਾਂ ਨੂੰ ਸਿਰਜਦੀਆਂ ਹਨ| ਅੱਜ ਸਾਡੇ ਸਾਹਮਣੇ ਸਵਾਲ ਇਹ ਹੈ ਕਿ ਕੀ ਕੇਂਦਰ ਅਤੇ ਸੂਬਾ ਸਰਕਾਰਾਂ ਇਨ੍ਹਾਂ ਤੋਂ ਬਿਨਾਂ ਭਵਿੱਖ ਦੀ ਕਲਪਨਾ ਕਰ ਸਕਦੀਆਂ ਹਨ? ਯੂਨੀਵਰਸਿਟੀਆਂ ਨੂੰ ਸਮੇਂ ਦੇ ਹਾਣੀ ਬਣਨ ਦੇ ਨਾਲ-ਨਾਲ ਵਧੇਰੇ ਜਵਾਬਦੇਹੀ ਵੀ ਅਪਣਾਉਣੀ ਪਵੇਗੀ। ਲੇਖਕ ਨੇ ਸਰਕਾਰੀ ਯੂਨੀਵਰਸਿਟੀਆਂ ਨੂੰ ਚਲਾਉਣ ਲਈ ਸਰਕਾਰ ਅਤੇ ਜਨਤਕ ਸਹਿਯੋਗ ਦੀ ਮੰਗ ਨੂੰ ਬੜੀ ਸ਼ਿੱਦਤ ਨਾਲ ਉਭਾਰਿਆ ਹੈ।

ਹਰਿੰਦਰ ਜੀਤ ਸਿੰਘ, ਬਿਜਲਪੁਰ (ਪਟਿਆਲਾ)

ਨਵਾਂ ਇਤਿਹਾਸ

ਭਾਰਤ ਨੇ 16 ਤਗ਼ਮਿਆਂ ਵਿੱਚੋਂ 7 ਸੋਨੇ ਦੇ ਤਗ਼ਮੇ ਜਿੱਤ ਕੇ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕੀਤਾ ਹੈ। ਇਹ ਉਪਲਬਧੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਇਹ ਸਫ਼ਲਤਾ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਕੋਚਾਂ, ਪਰਿਵਾਰਾਂ ਅਤੇ ਖੇਡ ਸੰਸਥਾਵਾਂ ਦੇ ਯੋਗਦਾਨ ਨੂੰ ਵੀ ਸਲਾਮ ਕਰਨਾ ਬਣਦਾ ਹੈ। ਖਿਡਾਰੀਆਂ ਨੂੰ ਹੋਰ ਵਧੀਆ ਸਹੂਲਤਾਂ, ਸਿਖਲਾਈ ਅਤੇ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਵੀ ਭਾਰਤ ਇਸ ਤਰ੍ਹਾਂ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਰਹੇ। ਪੇਪਰ ਲੀਕ ਦੀਆਂ ਘਟਨਾਵਾਂ ਨੇ ਨੌਜਵਾਨਾਂ ਦਾ ਭਰੋਸਾ ਭਰਤੀ ਪ੍ਰਣਾਲੀ ਤੋਂ ਡਗਮਗਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਉਨ੍ਹਾਂ ਦੀ ਮਿਹਨਤ ਨੂੰ ਵਿਅਰਥ ਕਰਦੀਆਂ ਹਨ। ਜੇ ਸ਼ਾਂਤੀ ਨਾਲ ਆਪਣੀ ਆਵਾਜ਼ ਉਠਾਉਣ ਵਾਲੇ ਵਿਦਿਆਰਥੀਆਂ ’ਤੇ ਸਖ਼ਤੀ ਕੀਤੀ ਜਾਂਦੀ ਹੈ ਤਾਂ ਇਹ ਜਮਹੂਰੀ ਕਦਰਾਂ-ਕੀਮਤਾਂ ਦੇ ਸਬੰਧ ਵਿੱਚ ਚਿੰਤਾ ਦਾ ਵਿਸ਼ਾ ਹੈ। ਉਮੀਦ ਹੈ ਕਿ ਪੇਪਰ ਲੀਕ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਅਰਸ਼ਪ੍ਰੀਤ ਕੌਰ, ਜਲੰਧਰ

ਗ਼ਲਤ ਸ਼ਬਦ ਜੋੜ

29 ਜੁਲਾਈ ਦੇ ਅੰਕ ਵਿੱਚ ਛਪਿਆ ਕੇ ਪੀ ਸਿੰਘ ਦਾ ਮਿਡਲ ‘ਗ਼ਲਤ ਸ਼ਬਦ ਜੋੜ ਅਰਥ ਦਾ ਅਨਰਥ ਕਰ ਦਿੰਦੇ ਨੇ ਕਾਕਾ’ ਖੂਬਸੂਰਤ ਰਚਨਾ ਹੈ। ਪੰਜਾਬੀ ਦੇ ਸਿਰਮੌਰ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਬੜੇ ਭਾਵਪੂਰਤ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ। ਮੈਨੂੰ ਉਨ੍ਹਾਂ ਦੀ ਕਹਾਣੀ ‘ਪ੍ਰਾਹੁਣਾ’ ਬੜੀ ਚੰਗੀ ਲੱਗਦੀ ਸੀ। ਮੈਂ ਉਨ੍ਹਾਂ ਦੀ ‘ਕੁਲਫੀ’ ਕਹਾਣੀ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਸਾਂ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਪ੍ਰਿੰਸੀਪਲ ਜੋਧ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ, ਐੱਸ ਐੱਸ ਅਮੋਲ ਆਦਿ ਸਾਰੇ ਲੇਖਕ ਉੱਚਕੋਟੀ ਦੇ ਵਿਦਵਾਨ ਅਤੇ ਮਹਾਨ ਸਾਹਿਤਕਾਰ ਸਨ। ਇਨ੍ਹਾਂ ਸ਼ਖ਼ਸੀਅਤਾਂ ਬਾਰੇ ਕੁਝ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਂਗ ਹੈ। 30 ਜੁਲਾਈ ਦਾ ਸੰਪਾਦਕੀ ‘ਖਸਤਾ ਹਾਲ ਬੁਨਿਆਦੀ ਢਾਂਚਾ’ ਪਾਠਕਾਂ ਦਾ ਧਿਆਨ ਦੇਸ਼ ਦੀ ਇੱਕ ਅਤਿ ਮਹੱਤਵਪੂਰਣ ਸਮੱਸਿਆ ਵੱਲ ਦਿਵਾਉਂਦਾ ਹੈ। ਨਵੇਂ ਬਣੇ ਪੁਲਾਂ ਦੇ ਢਹਿਣ ਅਤੇ ਨਵੀਆਂ ਬਣੀਆਂ ਸੜਕਾਂ ਦੇ ਧੱਸਣ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਹ ਸਾਰਾ ਕੁਝ ਗ਼ੈਰਮਿਆਰੀ ਸਮੱਗਰੀ ਵਰਤਣ ਅਤੇ ਕਮਜ਼ੋਰ ਯੋਜਨਾਬੰਦੀ ਕਾਰਨ ਹੁੰਦਾ ਹੈ। ਜੇਕਰ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਾਰਜ ਇਸੇ ਤਰ੍ਹਾਂ ਬਗ਼ੈਰ ਉਚਿਤ ਯੋਜਨਾਬੰਦੀ ਦੇ ਹੁੰਦੇ ਰਹੇ ਤਾਂ ਦੇਹਰਾਦੂਨ ਵਰਗੇ ਹਾਦਸੇ ਭਵਿੱਖ ਵਿੱਚ ਵੀ ਵਾਪਰਦੇ ਰਹਿਣਗੇ।

ਨਾਇਬ ਸਿੰਘ ਪੰਨੀਵਾਲੀਆ, ਮਲੋਟ (ਸ੍ਰੀ ਮੁਕਤਸਰ ਸਾਹਿਬ)

Advertisement
×