DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਇਬ੍ਰੇਰੀ ਦਾ ਮਹੱਤਵ

6 ਮਈ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਵਿਨੋਦ ਕੁਮਾਰ ਦਾ ਲੇਖ ‘ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ?’ ਜਾਣਕਾਰੀ ਭਰਪੂਰ ਸੀ। ਅਜੋਕੇ ਸਮੇਂ ਵਿੱਚ ਸਕੂਲੀ ਸਿੱਖਿਆ ਤੋਂ ਹੀ ਲਾਇਬ੍ਰੇਰੀ ਦਾ ਮਹੱਤਵ ਮਨਫ਼ੀ ਹੋ ਰਿਹਾ ਹੈ। ਜਿਨ੍ਹਾਂ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਦਿਆਰਥੀਆਂ ਨੂੰ...

  • fb
  • twitter
  • whatsapp
  • whatsapp
Advertisement

6 ਮਈ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਵਿਨੋਦ ਕੁਮਾਰ ਦਾ ਲੇਖ ‘ਲਾਇਬ੍ਰੇਰੀ ਜਾਣਾ ਜ਼ਰੂਰੀ ਕਿਉਂ?’ ਜਾਣਕਾਰੀ ਭਰਪੂਰ ਸੀ। ਅਜੋਕੇ ਸਮੇਂ ਵਿੱਚ ਸਕੂਲੀ ਸਿੱਖਿਆ ਤੋਂ ਹੀ ਲਾਇਬ੍ਰੇਰੀ ਦਾ ਮਹੱਤਵ ਮਨਫ਼ੀ ਹੋ ਰਿਹਾ ਹੈ। ਜਿਨ੍ਹਾਂ ਸਿੱਖਿਆ ਸ਼ਾਸਤਰੀਆਂ ਨੇ ਆਪਣੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦਾ ਮਹੱਤਵ ਦੱਸਣਾ ਸੀ, ਉਹ ਖ਼ੁਦ ਲਾਇਬ੍ਰੇਰੀ ਨਾ ਜਾ ਕੇ ਤੇ ਮੋਬਾਈਲ ਰਾਹੀਂ ਸੋਸ਼ਲ ਮੀਡੀਆ ਦੀ ਸ਼ੋਭਾ ਵਧਾ ਕੇ ਸਮਾਂ ਵਿਅਰਥ ਗੁਆ ਰਹੇ ਹਨ। ਜੇਕਰ ਵਿਦਿਆਰਥੀ ਅਧਿਆਪਕ ਦੇ ਹੱਥ ’ਚ ਕਿਤਾਬ ਦੇਖੇਗਾ ਤਾਂ ਉਹ ਵੀ ਕਿਤਾਬ ਵੱਲ ਆਕਰਸ਼ਿਤ ਹੋਵੇਗਾ। ਲੇਖਕ ਲਾਇਬ੍ਰੇਰੀਆਂ ਬਾਰੇ ਚਿੰਤਤ ਹੈ ਪਰ ਜ਼ਮੀਨੀ ਹਕੀਕਤ ਅਨੁਸਾਰ ਸਰਕਾਰ ਦੇ ਬਹੁਤ ਸਾਰੇ ਸਿੱਖਿਆ ਸੰਸਥਾਨ ਅੱਜ ਵੀ ਲਾਇਬ੍ਰੇਰੀ ਤੇ ਲਾਇਬ੍ਰੇਰੀਅਨਾਂ ਤੋਂ ਸੱਖਣੇ ਹਨ।

ਮਹਾਵੀਰ ਸਿੰਘ ਸੰਧੂ, ਬਠਿੰਡਾ

Advertisement

ਬੰਗਾਲ ’ਚ ਸੱਤਾ ਤਬਦੀਲੀ

Advertisement

5 ਮਈ ਦੇ ਅੰਕ ਵਿੱਚ ਸ਼ਿਖਾ ਮੁਖਰਜ਼ੀ ਦਾ ਲੇਖ ‘ਬੰਗਾਲ ’ਚ ‘ਖੇਲਾ’ ਖ਼ਤਮ’ ਪੜ੍ਹਿਆ। 15 ਸਾਲਾਂ ਤੋਂ ਰਾਜ ਕਰ ਰਹੀ ਸੱਤਾਧਾਰੀ ਪਾਰਟੀ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਏਨੀ ਬੁਰੀ ਤਰ੍ਹਾਂ ਹਾਰ ਹੋਵੇਗੀ। ਸੱਤਾਧਾਰੀ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਵਿਗੜੀ ਹੋਈ ਕਾਨੂੰਨ ਵਿਵਸਥਾ, ਮਹਿਲਾਵਾਂ ਦੀ ਅਸੁਰੱਖਿਆ, ਪਾਰਟੀ ਦੇ ਲੀਡਰਾਂ ਦੀ ਮਨਮਾਨੀ ਤੇ ਉਦਯੋਗਿਕ ਧੰਦਿਆਂ ਦਾ ਬੰਦ ਹੋਣਾ ਰਿਹਾ। ਰਿਕਾਰਡ ਮਤਦਾਨ ਸਰਕਾਰ ਪ੍ਰਤੀ ਗੁੱਸੇ ਦੀ ਝਲਕ ਸੀ। ਪੱਛਮੀ ਬੰਗਾਲ ਵਿੱਚ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਬਣਨ ਨਾਲ ਕੇਂਦਰ ਤੇ ਰਾਜ ਸਰਕਾਰ ਦੀਆਂ ਨੀਤੀਆਂ ਵਿੱਚ ਇਕਸਾਰਤਾ ਆਵੇਗੀ ਤੇ ਉਮੀਦ ਹੈ ਕਿ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।

ਚਰਨਜੀਤ ਸਿੰਘ ਮੁਕਤਸਰ, ਸ੍ਰੀ ਮੁਕਤਸਰ ਸਾਹਿਬ

ਕਾਨੂੰਨ ਦੇ ਹੱਥ

3 ਮਈ ਦੇ ਅੰਕ ਵਿੱਚ ਛਪੀ ਉਹ ਤਸਵੀਰ ਦੇਖ ਕੇ ਬਹੁਤ ਅਫ਼ਸੋਸ ਹੋਇਆ, ਜਿਸ ਵਿੱਚ ਮੱਧ ਪ੍ਰਦੇਸ਼ ਦੇ ਭੁਪਾਲ ਵਿੱਚ ਇੱਕ ਪ੍ਰਦਰਸ਼ਨਕਾਰੀ ਨੂੰ ਪੁਲੀਸ ਵਾਲਾਂ ਤੋਂ ਫੜ ਕੇ ਹਟਾ ਰਹੀ ਹੈ। ਆਵਾਜ਼ ਬੁਲੰਦ ਕਰਨਾ ਭਾਰਤ ਦੇ ਹਰ ਨਾਗਰਿਕ ਦਾ ਹੱਕ ਹੈ ਅਤੇ ਇਸ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਫ਼ੈਸਲਾ ਕਰਨ ਦਾ ਹੱਕ ਨਿਆਂਪਾਲਿਕਾ ਨੂੰ ਹੈ। ਪੁਲੀਸ ਵੀ ਵਰਦੀ ਦੇ ਰੋਅਬ ’ਚ ਕਈ ਵਾਰ ਆਮ ਲੋਕਾਂ ਨਾਲ ਧੱਕਾ ਕਰਦੀ ਹੈ। ਜੇਕਰ ਵਾਲਾਂ ਤੋਂ ਫੜ ਕੇ ਲਿਜਾਏ ਜਾ ਰਹੇ ਪ੍ਰਦਰਸ਼ਨਕਾਰੀ ਦਾ ਕਸੂਰ ਵੀ ਹੋਵੇ, ਫਿਰ ਵੀ ਉਸ ਨੂੰ ਲਿਜਾਣ ਦਾ ਤਰੀਕਾ ਗ਼ਲਤ ਜਾਪਿਆ। ਤਸਵੀਰ ਦੇਖ ਕੇ ਲੱਗਦਾ ਹੈ ਕਿ ਕਾਨੂੰਨ ਸਿਰਫ਼ ਆਮ ਲੋਕਾਂ ਲਈ ਹੈ ਅਤੇ ਕਾਨੂੰਨ ਦੀ ਕੁੜਿੱਕੀ ਵਿੱਚ ਛੋਟੀਆਂ ਮੱਛੀਆਂ ਤਾਂ ਫਸ ਜਾਂਦੀਆਂ ਹਨ, ਪਰ ਵੱਡੀਆਂ ਮੱਛੀਆਂ ਇਸ ਵਿੱਚੋਂ ਆਸਾਨੀ ਨਾਲ ਨਿਕਲ ਜਾਂਦੀਆਂ ਹਨ। ਜੇਕਰ ਪ੍ਰਦਰਸ਼ਨਕਾਰੀ ਗ਼ੈਰ-ਕਾਨੂੰਨੀ ਤੌਰ ’ਤੇ ਬੈਠੇ ਹਨ ਤਾਂ ਦੇਸ਼ ਵਿੱਚ ਹੋਰ ਬਹੁਤ ਕੁਝ ਗ਼ੈਰ-ਕਾਨੂੰਨੀ ਹੋ ਰਿਹਾ ਹੈ। ਪੁਲੀਸ ਅਤੇ ਪ੍ਰਸ਼ਾਸਨ ਆਪਣੀ ਡਿਊਟੀ ਕਰੇ ਅਤੇ ਬਾਕੀ ਕੰਮ ਨਿਆਂਪਾਲਿਕਾ ’ਤੇ ਛੱਡ ਦਿੱਤਾ ਜਾਵੇ।

ਰਜਵਿੰਦਰਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਲੱਦਾਖ ਦੇ ਨਵੇਂ ਜ਼ਿਲ੍ਹੇ

29 ਅਪਰੈਲ ਦੇ ਅੰਕ ਵਿੱਚ ਲੱਦਾਖ ਦੇ ਨਵੇਂ ਬਣਾਏ ਗਏ ਜ਼ਿਲ੍ਹਿਆਂ ਬਾਰੇ ਸੰਪਾਦਕੀ ਲੇਖ ਪੜ੍ਹਿਆ। ਸਥਾਨਕ ਲੋਕਾਂ ਦੀ ਸਭ ਤੋਂ ਮਹੱਤਵਪੂਰਨ ਤੇ ਪਹਿਲੀ ਮੰਗ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਸੂਚੀ ਵਿੱਚ ਸ਼ਾਮਿਲ ਕਰਨ ਦੀ ਹੈ। ਲੱਦਾਖ ਦੇ ਲੋਕਾਂ ਨੇ ਸੋਨਮ ਵਾਂਗਚੁਕ ਦੀ ਅਗਵਾਈ ਵਿੱਚ ਜ਼ਬਰਦਸਤ ਅੰਦੋਲਨ ਕੀਤਾ ਤੇ ਕੇਂਦਰ ਸਰਕਾਰ ਨੇ ਸੰਗੀਨ ਅਪਰਾਧਾਂ ਤਹਿਤ ਵਾਂਗਚੁਕ ਨੂੰ ਜੇਲ੍ਹ ਵਿੱਚ ਡੱਕ ਕੇ ਇਸ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਨੂੰ ਡਰ ਹੈ ਕਿ ਕੇਂਦਰ ਸਰਕਾਰ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਲੱਦਾਖ ਵਿੱਚ ਵਿਕਾਸ ਦੇ ਨਾਂ ਹੇਠ ਪਹਾੜੀਆਂ ਵੰਡ ਦੇਵੇਗੀ ਤੇ ਫਿਰ ਹਿਮਾਚਲ ਵਾਂਗ ਇੱਥੇ ਵੀ ਵਿਨਾਸ਼ਕਾਰੀ ਵਰਤਾਰੇ ਵਾਪਰ ਸਕਦੇ ਹਨ। ਇਸੇ ਸੰਪਾਦਕੀ ਦੇ ਉੱਪਰ ਅਡਲਾਈ ਸਟੀਵਨਸਨ ਦੇ ਛਪੇ ‘ਅੱਜ ਦੇ ਵਿਚਾਰ’ ਤੋਂ ਕੇਂਦਰ ਨੂੰ ਸੇਧ ਲੈਣੀ ਚਾਹੀਦੀ ਹੈ।

ਅਦਿੱਤਿਆਜੀਤ ਸਿੰਘ ਸਿੱਧੂ, ਬਠਿੰਡਾ

ਨਸ਼ਿਆਂ ਖ਼ਿਲਾਫ਼ ਲੜਾਈ

27 ਅਪਰੈਲ ਦੀ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਲੜਾਈ’ ਪੜ੍ਹੀ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਔਰਤਾਂ ਵੱਲੋਂ ਰਾਤ ਨੂੰ ਠੀਕਰੀ ਪਹਿਰਾ ਲਗਾ ਕੇ ਵੀ ਨਸ਼ਿਆਂ ਨੂੰ ਨੱਥ ਪਾਉਣ ਲਈ ਟੀਚਾ ਮਿਥਿਆ ਗਿਆ ਹੈ। ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵੱਲ ਤੋਰਨ ਲਈ ਦਬਾਅ ਪਾਇਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਚਿੱਟਾ ਵਿਰੋਧੀ ਅਤੇ ਮਹਿਲਾ ਮੰਡਲਾਂ ਦਾ ਸਵਾਗਤਯੋਗ ਕਦਮ ਹੈ, ਪਰ ਇਨ੍ਹਾਂ ਕਾਰਵਾਈਆਂ ਨੂੰ ਜ਼ਮੀਨੀ ਪੱਧਰ ’ਤੇ ਸਹਿਯੋਗ ਮਿਲਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਵਿੱਚ ਨਸ਼ਾ ਤਸਕਰਾਂ ਵੱਲੋਂ ਦਿੱਤੀਆਂ ਜਾਂਦੀਆਂ ਧਮਕੀਆਂ ਅਤੇ ਹੋਰ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਚਾਇਤਾਂ ਵੱਲੋਂ ਕਾਫ਼ੀ ਹੰਭਲਾ ਮਾਰਿਆ ਜਾ ਰਿਹਾ ਹੈ। ਪੰਜਾਬ ਸੂਬੇ ਨੂੰ ਵੀ ਸਬਕ ਲੈਣ ਦੀ ਲੋੜ ਹੈ। ਪੰਜਾਬ ਵਿੱਚ ਵੀ ਕਈ ਜਗ੍ਹਾ ’ਤੇ ਪੰਚਾਇਤਾਂ ਨੇ ਨਸ਼ਾ ਤਸਕਰਾਂ ਨੂੰ ਪੁਲੀਸ ਦੇ ਹਵਾਲੇ ਕੀਤਾ ਹੈ। ਸਮਾਜਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸ਼ਿਮਲੇ ਦੀਆਂ ਔਰਤਾਂ ਸਾਡੇ ਸਾਰਿਆਂ ਲਈ ਪ੍ਰੇਰਨਾਸਰੋਤ ਹਨ, ਜਿਨ੍ਹਾਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਸੂਬਾਈ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਜਿਹੀਆਂ ਪਹਿਲਕਦਮੀਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

ਸੰਜੀਵ ਸਿੰਘ ਸੈਣੀ, ਮੁਹਾਲੀ

ਅੱਖਾਂ ਦੀ ਤੰਦਰੁਸਤੀ

27 ਅਪਰੈਲ ਦੇ ਅੰਕ ’ਚ ਸੁਖਮੰਦਰ ਸਿੰਘ ਤੂਰ ਵੱਲੋਂ ਅੱਖਾਂ ਦੀ ਤੰਦਰੁਸਤੀ ਲਈ ਬਹੁਤ ਵਧੀਆ ਗੱਲਾਂ ਲਿਖੀਆਂ ਗਈਆਂ ਹਨ। ਬਹੁਗਿਣਤੀ ਸਕੂਲਾਂ ਦੇ ਕਮਰਿਆਂ ਵਿੱਚ ਰੌਸ਼ਨੀ ਘੱਟ ਹੋਣ ਕਰਕੇ ਬੱਚਿਆਂ ਨੂੰ ਐਨਕਾਂ ਲੱਗ ਰਹੀਆਂ ਹਨ। ਦਿਨ ਦੀ ਰੌਸ਼ਨੀ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ। ਬਜ਼ੁਰਗ ਲੋਕਾਂ ਨੂੰ ਬਿਜਲੀ ਦੀ ਰੌਸ਼ਨੀ ਦੀ ਬਜਾਏ ਸੂਰਜ ਦੇ ਚਾਨਣ ਵਿੱਚ ਅਖ਼ਬਾਰ ਪੜ੍ਹਨਾ ਚਾਹੀਦਾ ਹੈ। ਪੁਰਾਣੇ ਸਮੇਂ ਦੇ ਲੋਕਾਂ ਦੀਆਂ ਅੱਖਾਂ ਠੀਕ ਰਹਿਣ ਦਾ ਇਹ ਵੀ ਵੱਡਾ ਕਾਰਨ ਸੀ। ਵਿਦਿਆਰਥੀਆਂ ਨੂੰ ਪੜ੍ਹਨ ਵਾਸਤੇ ਟੇਬਲ ਲੈਂਪ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਅੱਖਾਂ ’ਤੇ ਦਬਾਅ ਨਹੀਂ ਪੈਂਦਾ।

ਸੋਹਣ ਲਾਲ ਗੁਪਤਾ, ਪਟਿਆਲਾ

ਗਿਆ ਗੁਜ਼ਰਿਆ

ਲੇਖ ‘ਗਿਆ ਗੁਜ਼ਰਿਆ’ ਸਮਾਜ ਦੇ ਮਿਹਨਤ-ਮਜ਼ਦੂਰੀ ਕਰ ਕੇ ਜੀਵਨ ਬਸਰ ਕਰਨ ਵਾਲੇ ਤਬਕੇ ਦੇ ਰੱਜੀਆਂ ਨੀਅਤਾਂ ਵਾਲੇ ਕਾਮਿਆਂ ਦੀ ਬਾਤ ਪਾਉਂਦਾ ਹੈ। ਅਖੌਤੀ ਉੱਚ ਸ਼੍ਰੇਣੀ ਅਤੇ ਧਨਾਢ ਵਰਗ ਦੇ ਲੋਕਾਂ ਦੀ ਲੋਭ ਤੇ ਸਮਾਜਿਕ ਕਦਰਾਂ ਕੀਮਤਾਂ ਵਿਹੂਣੀ ਸੋਚ ਕਾਰਨ ਅੱਜ-ਕੱਲ੍ਹ ਸਮਾਜ ਨੈਤਿਕਤਾ ਦੇ ਰਸਾਤਲ ਵੱਲ ਜਾ ਰਿਹਾ ਹੈ। ਹੱਥੀਂ ਮਿਹਨਤ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲਾ ਕਾਮਾ ਆਪਣੇ ਸਵੈ-ਮਾਣ ਦੇ ਪ੍ਰਗਟਾਵੇ ਨਾਲ ਸਮਾਜ ਵਿੱਚ ਸਤਿਕਾਰ ਦਾ ਪਾਤਰ ਬਣਦਾ ਹੈ ਅਤੇ ਰਿਸ਼ਵਤਖੋਰੀ ਤੇ ਗ਼ੈਰ-ਦਿਆਨਤਦਾਰੀ ਵਾਲਾ ਕਰਮਚਾਰੀ ਤ੍ਰਿਸਕਾਰ ਨਾਲ ਦੇਖਿਆ ਜਾਂਦਾ ਹੈ।

- ਅਵਤਾਰ ਸਿੰਘ ਭੁੱਲਰ, ਬਾਬਾ ਬਕਾਲਾ

ਧਰਤੀ ਬਨਾਮ ਪਲਾਸਟਿਕ

23 ਅਪਰੈਲ ਦੇ ਅੰਕ ’ਚ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦੇ ਲੇਖ ‘ਧਰਤੀ ਬਨਾਮ ਪਲਾਸਟਿਕ’ ਵਿੱਚ ਵਾਤਾਵਰਨ ਪ੍ਰਦੂਸ਼ਿਤ ਕਰ ਰਹੇ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਪਿੰਡਾਂ, ਸ਼ਹਿਰਾਂ ਦੀਆਂ ਧਰਮਸ਼ਾਲਾਵਾਂ ਵਿੱਚ ਵਿਆਹ ਸਮੇਂ ਵਰਤਣ ਲਈ ਪਿੱਤਲ ਦੇ ਭਾਂਡੇ, ਕਰਾਕਰੀ ਸਾਂਝੀ ਖਰੀਦ ਲਈ ਜਾਂਦੀ ਸੀ। ਹੁਣ ਮੈਰਿਜ ਪੈਲੇਸਾਂ ਵਿੱਚ ਵਿਆਹ ਹੋਣ ਲੱਗ ਪਏ ਹਨ। ਇੱਕ ਵਿਅਕਤੀ ਜੇ 20 ਚੀਜ਼ਾਂ ਖਾਂਦਾ ਹੈ ਤਾਂ ਉਹ ਪਲਾਸਟਿਕ ਦੀਆਂ 20 ਪਲੇਟਾਂ, 20 ਚਮਚੇ ਵਰਤ ਲੈਂਦਾ ਹੈ। ਵਿਆਹ ਭੁਗਤਾਉਣ ਤੋਂ ਬਾਅਦ ਖਾਣੇ ਦੀ ਜੂਠ ਅਤੇ ਪਲਾਸਟਿਕ ਦਾ ਵੱਡਾ ਢੇਰ ਲੱਗ ਜਾਂਦਾ ਹੈ। ਪਸ਼ੂਆਂ ਦੇ ਪੇਟ ਵਿੱਚ ਵੀ ਉਹ ਪਲਾਸਟਿਕ ਚਲਾ ਜਾਂਦਾ ਹੈ। ਪਲਾਸਟਿਕ ਪੂਰੀ ਤਰ੍ਹਾਂ ਬੰਦ ਕਰਕੇ ਧੋਏ ਜਾਣ ਵਾਲੇ ਭਾਂਡਿਆਂ ਦੀ ਵਰਤੋਂ ਕਰਨ ਨਾਲ ਵਿਆਹਾਂ ’ਤੇ ਖਰਚਾ ਘਟੇਗਾ ਅਤੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਅ ਰਹੇਗਾ।

ਸੋਹਣ ਲਾਲ ਗੁਪਤਾ, ਪਟਿਆਲਾ

ਮੈਥੋਂ ਭੁੱਲ ਹੋ ਗਈ

18 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਜੀਤ ਹਰਜੀਤ ਦਾ ਮਿਡਲ ‘ਮੈਥੋਂ ਭੁੱਲ ਹੋ ਗਈ’ ਪੜ੍ਹਿਆ, ਜਿਸ ਵਿੱਚ ਡਾ. ਰਾਜ ਕੁਮਾਰ ਗਰਗ ਦੀ ਸਵੈ-ਜੀਵਨੀ ’ਤੇ ਆਧਾਰਿਤ ਪੁਸਤਕ ‘ਤੱਤੀ ਰੇਤ’ ਦਾ ਜ਼ਿਕਰ ਹੈ। ਆਪਣੇ ਆਪ ਨੂੰ ਸਾਹਿਤ ਨਾਲ ਜੋੜ ਕੇ ਰੱਖਣਾ ਪ੍ਰੇਰਨਾਦਾਇਕ ਹੈ। ਡਾ. ਰਾਜ ਕੁਮਾਰ ਗਰਗ ਦਾ ਜਨਮ ਬੇਸ਼ੱਕ ਧਨਾਢ ਪਰਿਵਾਰ ਵਿੱਚ ਹੋਇਆ ਪਰ ਉਨ੍ਹਾਂ ਦੀ ਸੰਘਰਸ਼ਮਈ ਜ਼ਿੰਦਗੀ ਹਰ ਆਮ ਵਿਅਕਤੀ ਨੂੰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੈ।

ਸ.ਸ. ਰਮਲਾ, ਸੰਗਰੂਰ

Advertisement
×