DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਿਜੀਟਲ ਦੌਰ ਬਨਾਮ ਲਿਖਣ ਸ਼ੈਲੀ

24 ਜੂਨ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਬਲਵਿੰਦਰ ਸਿੰਘ ਦਾ ਲੇਖ ‘ਡਿਜੀਟਲ ਦੌਰ ਵਿੱਚ ਮੱਠੀ ਪੈਂਦੀ ਲਿਖਣ-ਸ਼ੈਲੀ’ ਅਜੋਕੇ ਯੁੱਗ ਦੀ ਕਰੂਰ ਸਚਾਈ ਹੈ। ਲਿਖਣ ਪ੍ਰਤੀ ਬੱਚਿਆਂ ਦੀ ਵਧ ਰਹੀ ਉਦਾਸੀਨਤਾ ਨਾ ਸਿਰਫ਼ ਉਨ੍ਹਾਂ ਲਈ ਨੁਕਸਾਨਦੇਹ ਹੈ, ਸਗੋਂ ਖ਼ਤਰਨਾਕ ਵੀ...

  • fb
  • twitter
  • whatsapp
  • whatsapp
Advertisement

24 ਜੂਨ ਦੇ ਅੰਕ ’ਚ ‘ਸਿੱਖਿਆ ਪੰਨੇ’ ’ਤੇ ਬਲਵਿੰਦਰ ਸਿੰਘ ਦਾ ਲੇਖ ‘ਡਿਜੀਟਲ ਦੌਰ ਵਿੱਚ ਮੱਠੀ ਪੈਂਦੀ ਲਿਖਣ-ਸ਼ੈਲੀ’ ਅਜੋਕੇ ਯੁੱਗ ਦੀ ਕਰੂਰ ਸਚਾਈ ਹੈ। ਲਿਖਣ ਪ੍ਰਤੀ ਬੱਚਿਆਂ ਦੀ ਵਧ ਰਹੀ ਉਦਾਸੀਨਤਾ ਨਾ ਸਿਰਫ਼ ਉਨ੍ਹਾਂ ਲਈ ਨੁਕਸਾਨਦੇਹ ਹੈ, ਸਗੋਂ ਖ਼ਤਰਨਾਕ ਵੀ ਹੈ। ਜਦੋਂ ਬੱਚੇ 90-95 ਫ਼ੀਸਦੀ ਨੰਬਰ ਅੰਗਰੇਜ਼ੀ ਸਕੂਲਾਂ ’ਚੋਂ ਲੈ ਕੇ ਕਾਲਜ ਵਿੱਚ ਦਾਖ਼ਲਾ ਲੈਂਦੇ ਹਨ ਤਾਂ ਪਹਿਲੇ ਸਾਲ ਹੀ ਉਹ 50 ਫ਼ੀਸਦੀ ’ਤੇ ਆ ਜਾਂਦੇ ਹਨ। ਕਾਰਨ ਦੋ ਹਨ: ਪਹਿਲਾ, ਪ੍ਰਸ਼ਨਾਂ ਦਾ ਔਬਜੈਕਟਿਵ ਤੇ ਸਬਜੈਕਟਿਵ ਹੋਣਾ ਤੇ ਦੂਸਰਾ, ਵਿਸ਼ਲੇਸ਼ਣਾਤਮਕ ਪ੍ਰਸ਼ਨਾਂ ਲਈ ਲਿਖਣ ਦਾ ਬਿਲਕੁਲ ਅਭਿਆਸ ਨਾ ਹੋਣਾ। ਇਸ ਲਈ ਜ਼ਰੂਰੀ ਹੈ ਕਿ ਸਕੂਲ ਪੱਧਰ ਤੋਂ ਹੀ ਬੱਚਿਆਂ ਦੇ ਲਿਖਣ ਅਭਿਆਸ ਅਤੇ ਲਿਖਣ ਕਲਾ ਵੱਲ ਧਿਆਨ ਦਿੱਤਾ ਜਾਵੇ। ਕਲਮਾਂ ਜਾਂ ਜ਼ੈੱਡ ਨਿੱਭ ਵਾਲੇ ਪੈੱਨ ਲਿਖਣ ਦੀ ਰਫ਼ਤਾਰ ਵੀ ਵਧਾਉਂਦੇ ਸਨ ਤੇ ਲਿਖਾਈ ਸੁਧਾਰਦੇ ਵੀ ਸਨ। ਇਸੇ ਤਰ੍ਹਾਂ ਮੇਜਰ ਸਿੰਘ ਮੱਟਰਾਂ ਦਾ ਟੇਬਲ ਫੈਨ ਲੈਣ ਲਈ ਭੂਤ ਬਣਨ ਵਾਲਾ ਮਿਡਲ ਦਿਲਚਸਪ ਲੱਗਿਆ। ਬਚਪਨ ਵਿੱਚ ਕੀਤੀਆਂ ਸ਼ਰਾਰਤਾਂ ਜੀਵਨ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਬਣ ਜਾਂਦੀਆਂ ਹਨ।

ਡਾ. ਤਰਲੋਚਨ ਕੌਰ, ਪਟਿਆਲਾ

Advertisement

27 ਜੂਨ ਦੇ ‘ਸਤਰੰਗ’ ਪੰਨੇ ’ਤੇ ਸੁਰਜੀਤ ਜੱਸਲ ਦਾ ‘ਪੁਰਾਤਨ ਸੰਗੀਤਕ ਵਿਰਾਸਤ ਦਾ ਪਹਿਰੇਦਾਰ ਬਲਜੀਤ ਟੰਡਨ ਮਾਣਕਿਆਂ’ ਬਾਰੇ ਲੇਖ ਪੜ੍ਹ ਕੇ ਮਨ ’ਚ ਖਿਆਲ ਆਇਆ ਕਿ ਅੱਜ ਵੀ ਬਲਜੀਤ ਟੰਡਨ ਵਰਗੇ ਜਨੂੰਨੀ, ਸਿਰੜੀ ਤੇ ਸਿਦਕੀ ਬੰਦੇ ਮੌਜੂਦ ਹਨ, ਜਿਹੜੇ ਗੀਤ-ਸੰਗੀਤ ਦੇ ਤਵਿਆਂ/ਰਿਕਾਰਡਾਂ ਵਰਗੀ ਅਨਮੋਲ ਵਿਰਾਸਤ ਨੂੰ ਸਾਂਭੀ ਬੈਠੇ ਹਨ। ਸਾਡੀਆਂ ਸੱਭਿਆਚਾਰਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਚਾਹੀਦੈ ਕਿ ਉਹ ਵਿਰਸੇ ਦੀ ਸੰਭਾਲ ਕਰਨ ਵਾਲੇ ਬੰਦਿਆਂ ਦੀ ਵਿੱਤੀ ਮਦਦ ਕਰਨ। ਅੰਗਰੇਜ਼ ਸਿੰਘ ਵਿਰਦੀ ਦਾ ‘ਲਾਹੌਰ ਦੇ ਫਿਲਮ ਸਟੂਡੀਓ: ਸੁਨਹਿਰੇ ਯੁੱਗ ਤੋਂ ਉਜਾੜੇ ਤੱਕ’ ਅਤੇ ਕੁਲਵਿੰਦਰ ਸਿੰਘ ਬਿੱਟੂ ਦਾ ‘ਸਾਂਸੂ ਤੇ ਪਰੀਆਂ’ ਰਚਨਾਵਾਂ ਵੀ ਕਾਬਿਲ-ਏ-ਤਾਰੀਫ਼ ਹਨ।

Advertisement

ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)

ਜਦੋਂ ਬੂਥ ਕੈਪਚਰ ਹੋਇਆ

27 ਜੂਨ ਦੇ ਨਜ਼ਰੀਆ ਪੰਨੇ ’ਤੇ ਸੁਰਜੀਤ ਸਿੰਘ ਸਹਿਣਾ ਦਾ ਮਿਡਲ ‘ਜਦੋਂ ਸਾਡਾ ਬੂਥ ਕੈਪਚਰ ਹੋਇਆ’ ਵਧੀਆ ਰਚਨਾ ਹੈ। ਉਦੋਂ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸੀ ਤੇ ਕੋਈ ਵੋਟ ਪਾਉਣ ਨਹੀਂ ਸੀ ਆਇਆ। ਕੁਝ ਥਾਈਂ ਕਾਮਰੇਡਾਂ ਨਾਲ ਸਬੰਧਿਤ ਲੋਕ ਸਿਰਾਂ ’ਤੇ ਕਫਨ ਬੰਨ੍ਹ ਕੇ ਗਰੁੱਪਾਂ ਵਿੱਚ ਵੋਟ ਪਾਉਣ ਆਉਂਦੇ ਸਨ; ਉਹ ਵੀ ਨਾਅਰੇ ਮਾਰਦੇ ਹੋਏ, ਜਿਨ੍ਹਾਂ ਨੇ ਜੰਗੀਰ ਸਿੰਘ ਜੋਗੇ ਵਰਗਿਆਂ ਨੂੰ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਐੱਮ ਐੱਲ ਏ ਬਣਾ ਦਿੱਤਾ ਸੀ। ਉਦੋਂ ਦੇ ਹਾਲਾਤ ਨੂੰ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ।

ਗੁਰਮੀਤ ਸਿੰਘ ਮਾਨ, ਈ-ਮੇਲ

ਕਿਵੇਂ ਤੈਅ ਹੋਵੇ ਨਾਗਰਿਕਤਾ

26 ਜੂਨ ਦੇ ਨਜ਼ਰੀਆ ਪੰਨ ’ਤੇ ਸੰਪਾਦਕੀ ‘ਕਿਵੇਂ ਤੈਅ ਹੋਵੇ ਨਾਗਰਿਕਤਾ’ ਪੜ੍ਹਿਆ। ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਕਿ ਪਾਸਪੋਰਟ ਭਾਰਤੀ ਨਾਗਰਿਕਤਾ ਦਾ ਪੱਕਾ ਸਬੂਤ ਨਹੀਂ ਹੈ, ਦੇਸ਼ ਦੇ ਕਰੋੜਾਂ ਨਾਗਰਿਕਾਂ ਨੂੰ ਬੇਯਕੀਨੀ ਦੇ ਮਾਹੌਲ ’ਚ ਧੱਕਣ ਵਾਲਾ ਹੈ। ਆਮ ਬੰਦਾ ਪਾਸਪੋਰਟ ਬਣਾਉਣ ਲਈ ਪੁਲੀਸ ਪੜਤਾਲ ਦੀ ਲੰਮੀ ਤੇ ਜਟਿਲ ਪ੍ਰਕਿਰਿਆ ਵਿੱਚੋਂ ਲੰਘਦਾ ਹੈ। ਜੇਕਰ ਸਰਕਾਰ ਵੱਲੋਂ ਇੰਨੀ ਬਾਰੀਕੀ ਨਾਲ ਜਾਂਚ ਕਰ ਕੇ ਜਾਰੀ ਕੀਤਾ ਦਸਤਾਵੇਜ਼ ਵੀ ਨਾਗਰਿਕਤਾ ਦਾ ਪੱਕਾ ਸਬੂਤ ਨਹੀਂ ਮੰਨਿਆ ਜਾ ਸਕਦਾ ਤਾਂ ਫਿਰ ਸਰਕਾਰ ਦਾ ਇਹ ਬਿਆਨ ਆਮ ਲੋਕਾਂ ਦੇ ਗਲੇ ਨਹੀਂ ਉਤਰਦਾ। ਆਖ਼ਰ ਕਿਹੜਾ ਕਾਗਜ਼ ਨਾਗਰਿਕਤਾ ਦਾ ਪੱਕਾ ਸਬੂਤ ਮੰਨਿਆ ਜਾਵੇਗਾ? ਪਾਸਪੋਰਟ, ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ ਜਾਂ ਜਨਮ ਸਰਟੀਫਿਕੇਟ, ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਦਸਤਾਵੇਜ਼ ਨੂੰ ਕਾਨੂੰਨੀ ਤੌਰ ’ਤੇ ਅੰਤਿਮ ਸਬੂਤ ਨਾ ਮੰਨਣਾ ਸਰਕਾਰ ਦੇ ਅੜੀਅਲ ਰਵੱਈਏ ਨੂੰ ਦਰਸਾਉਂਦਾ ਹੈ। ਇਸ ਨਾਲ ਆਮ ਲੋਕਾਂ ਦੇ ਮਨਾਂ ਵਿੱਚ ਆਪਣੀ ਹੀ ਮਾਤ-ਭੂਮੀ ’ਤੇ ਬੇਗ਼ਾਨੇ ਹੋਣ ਦਾ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ। ਜਦੋਂ ਸਰਕਾਰ ਕੋਲ ਹਰ ਇੱਕ ਨਾਗਰਿਕ ਦਾ ਪੂਰਾ ਬਾਇਓਮੀਟ੍ਰਿਕ ਡੇਟਾ ਮੌਜੂਦ ਹੈ ਤਾਂ ਨਾਗਰਿਕਤਾ ਦੇ ਸਬੂਤ ਲਈ ਕੋਈ ਇੱਕ ਪੱਕਾ ਦਸਤਾਵੇਜ਼ ਨਾ ਹੋਣਾ ਪ੍ਰਸ਼ਾਸਨਿਕ ਢਿੱਲ-ਮੱਠ ਹੈ। ਸਰਕਾਰ ਰਾਜਨੀਤਕ ਬਹਿਸਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਹਰ ਨਾਗਰਿਕ ਦੀ ਪਛਾਣ ਤੈਅ ਕਰਨ ਲਈ ਪਾਰਦਰਸ਼ੀ ਅਤੇ ਸਪੱਸ਼ਟ ਨਿਯਮ ਬਣਾਵੇ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ।

ਗੁਰਬਾਜ਼ ਸਿੰਘ, ਹੁਸਨਰ (ਸ੍ਰੀ ਮੁਕਤਸਰ ਸਾਹਿਬ)

ਸਿੱਖਿਆ ਖੇਤਰ ’ਚ ਨਿਘਾਰ

26 ਜੂਨ ਦੇ ਨਜ਼ਰੀਆ ਪੰਨੇ ’ਤੇ ਕੁਲਵੰਤ ਰਿਖੀ ਦਾ ਲੇਖ ਰੂਹ ਨੂੰ ਝੰਜੋੜਨ ਵਾਲਾ ਸੀ ਕਿ ਕਿਸ ਤਰ੍ਹਾਂ ਬਲਵਾਨ ਨਾਮ ਦਾ ਨੌਜਵਾਨ ਨੌਕਰੀ ਦੀ ਝਾਕ ਵਿੱਚ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ। ਸਿੱਖਿਆ ਦੇ ਨਾਮ ’ਤੇ ਢੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਸਿੱਖਿਆ ਦੇ ਖੇਤਰ ’ਚ ਡੂੰਘਾ ਨਿਘਾਰ ਆ ਚੁੱਕਾ ਹੈ। ਸਰਕਾਰ ਜਦੋਂ ਯੋਜਨਾਵਾਂ ਬਣਾਉਂਦੀ ਹੈ ਤਾਂ ਉਸ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਕਿਸੇ ਪ੍ਰਾਜੈਕਟ ਵਿੱਚ 10 ਸਾਲ ਕੰਮ ਕਰਨ ਵਾਲਾ ਅਤੇ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਦੇ ਕੇ ਫਿਰ ਉਹ ਇਨਸਾਨ ਅੱਗੇ ਕਿਸੇ ਪਾਸੇ ਜੋਗਾ ਨਹੀਂ ਰਹੇਗਾ, ਉਸ ਲਈ ਉਸ ਨੂੰ ਘੱਟੋ-ਘੱਟ ਸਨਮਾਨਯੋਗ ਤਨਖਾਹ ਤਾਂ ਦਿੱਤੀ ਜਾਵੇ। ਗੁਰਪ੍ਰੀਤ ਸਿੰਘ ਬਰਾੜ, ਬਠਿੰਡਾ

ਅਪਰਾਧਿਕ ਘਟਨਾਵਾਂ ਚਿੰਤਾ ਦਾ ਵਿਸ਼ਾ

25 ਜੂਨ ਦੇ ਅੰਕ ’ਚ ਜ਼ਮੀਨੀ ਵਿਵਾਦ ਕਾਰਨ ਚਾਰ ਜਾਨਾਂ ਜਾਣ ਵਾਲੀ ਖ਼ਬਰ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਰਿਸ਼ਤੇ ਵਿੱਚ ਲਗਦੀ ਚਾਚੀ, 13 ਸਾਲ ਦੇ ਲੜਕੇ ਅਤੇ ਦੋਸਤ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲੈਣ ਤੋਂ ਪਤਾ ਲੱਗਦਾ ਹੈ ਕਿ ਮਨਾਂ ’ਚ ਵੈਰ-ਵਿਰੋਧ ਵਧਣ ਕਰਕੇ ਮਾਨਸਿਕ ਸੰਤੁਲਨ ਕਾਇਮ ਨਹੀਂ ਰਹਿੰਦਾ। ਲੋਕਾਂ ਨੂੰ ਪਿਆਰ, ਮਿਲਵਰਤਣ ਬਣਾਈ ਰੱਖਣ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਪਟਿਆਲਾ/ਸੰਗਰੂਰ ਪੰਨੇ ’ਤੇ ਖ਼ਬਰ ਛਪੀ ਕਿ ਫ਼ੌਜੀ ਨੇ ਆਪਣੀ ਪਤਨੀ ਨੂੰ ਕਾਰ ਸਮੇਤ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ ਹੈ। ਆਪਣੇ ਹੀ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਲੈਣ ਵਾਲੀ ਗੱਲ ਬਹੁਤ ਗੰਭੀਰ ਵਿਸ਼ਾ ਹੈ। 24 ਜੂਨ ਦੀ ਸੰਪਾਦਕੀ ‘ਫੋਨ ਭੰਨਣਾ ਹੱਲ ਨਹੀਂ’ ਵਿੱਚ ਸਹੀ ਲਿਖਿਆ ਹੈ ਕਿ ਨੂਹ ਜ਼ਿਲ੍ਹੇ ਦੇ ਸਾਹਮਣੇ ਅਸਲ ਚੁਣੌਤੀ ਜ਼ਿੰਮੇਵਾਰੀ ਨਾਲ ਵਿਚਰਨ ਦੀ ਹੈ। ਸਾਈਬਰ ਅਪਰਾਧਾਂ ’ਚ ਪਿੰਡ ਦਾ ਨਾਂ ਆਉਣ ਵਿੱਚ ਸਮਾਰਟ ਫੋਨਾਂ ਦਾ ਕਸੂਰ ਨਹੀਂ ਸਗੋਂ ਨੌਜਵਾਨਾਂ ਨੂੰ ਚੰਗੀ ਸਿੱਖਿਆ ਨਾ ਮਿਲਣਾ ਹੈ। ਸਮਝਦਾਰ ਬੰਦੇ ਕੋਲ ਸਮਾਰਟ ਫੋਨ ਹੋਵੇ ਤਾਂ ਸਾਈਬਰ ਅਪਰਾਧ ਕਰਨ ਦਾ ਗਿਆਨ ਹੋਣ ਦੇ ਬਾਵਜੂਦ ਉਹ ਠੱਗੀ ਮਾਰਨ ਵਾਲੇ ਰਸਤੇ ਨਹੀਂ ਪੈਂਦਾ। ਬੇਸਮਝ ਇਨਸਾਨ ਬੇਈਮਾਨੀ ਕਰਕੇ ਅਪਰਾਧ ਕਰਨ ਦੇ ਮੌਕੇ ਲੱਭਦਾ ਰਹਿੰਦਾ ਹੈ। ਸਾਰੇ ਨੌਜਵਾਨਾਂ ਨੇ ਤਾਂ ਗ਼ਲਤੀ ਨਹੀਂ ਕੀਤੀ, ਪਰ ਫੋਨ ਭੰਨਣ ਦੇ ਫ਼ੈਸਲੇ ਨੇ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ। ਸਿਰਫ਼ ਨੂਹ ਜ਼ਿਲ੍ਹੇ ਨੂੰ ਹੀ ਨਹੀਂ, ਸਗੋਂ ਧੋਖਾਧੜੀ ਲਈ ਤਕਨਾਲੋਜੀ ਦੀ ਵਰਤੋਂ ਨਾ ਕਰਨ ਪ੍ਰਤੀ ਸਾਰਿਆਂ ਨੂੰ ਜਾਗਰੂਕ ਕਰਨਾ ਲਾਜ਼ਮੀ ਹੈ।

ਸੋਹਣ ਲਾਲ ਗੁਪਤਾ, ਪਟਿਆਲਾ

ਵਧੀਆ ਉਪਰਾਲਾ

ਮੇਜਰ ਸਿੰਘ ਦੀ ਰਚਨਾ ‘ਜਦੋਂ ਟੇਬਲ ਫੈਨ ਲੈਣ ਲਈ ਭੂਤ ਬਣਿਆ’ ਪੜ੍ਹੀ। ਇਸੇ ਨਾਲ ਮਿਲਦੀ-ਜੁਲਦੀ ਘਟਨਾ ਬਿਆਨ ਕਰ ਰਿਹਾ ਹਾਂ। ਸਿਪਾਹੀ ਲੱਖਾ ਸਿੰਘ ਨੇ ਬੂਟਾ ਸਿੰਘ ਨੂੰ ਚੰਡੀਗੜ੍ਹ ਵਾਸਤੇ ਸਫ਼ਰ ਕਰਨ ਲਈ ਬੱਸ ਦਾ ਵਾਊਚਰ ਦਿੱਤਾ, ਜੋ ਉਸ ਦੇ ਨਾਂ ’ਤੇ ਜਾਰੀ ਸੀ। ਮੈਂ ਮਜ਼ਾਕ ’ਚ ਕਿਹਾ ਕਿ ਜਿਹੜਾ ਵਾਊਚਰ ਤੂੰ ਬੂਟਾ ਸਿੰਘ ਨੂੰ ਦਿੱਤਾ ਹੈ, ਉਹ ਫੜਿਆ ਗਿਆ ਹੈ। ਇਸ ਸੁਣ ਕੇ ਉਹ ਹੈਰਾਨ ਹੋਇਆ। ਮੈਂ ਉਸ ਨਾਲ ਮਜ਼ਾਕ ਕੀਤਾ ਸੀ ਤੇ ਉਹ ਫ਼ਿਕਰ ਵਿੱਚ ਸਾਰੀ ਰਾਤ ਨਹੀਂ ਸੁੱਤਾ। ਅਗਲੇ ਦਿਨ ਜਦੋਂ ਉਸ ਨੂੰ ਪਤਾ ਲੱਗਾ ਕਿ ਮੈਂ ਮਜ਼ਾਕ ਕੀਤਾ ਸੀ ਤਾਂ ਉਸ ਨੇ ਇਸ ਗੱਲ ਦਾ ਬਹੁਤ ਗੁੱਸਾ ਕੀਤਾ। ਮੈਂ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹਾ ਮਜ਼ਾਕ ਕਰਨ ਤੋਂ ਤੌਬਾ ਕੀਤੀ। ਮਜ਼ਾਕ ਕੋਈ ਵੀ ਅਜਿਹਾ ਨਾ ਕਰੋ, ਜਿਸ ਨਾਲ ਕਿਸੇ ਦੀ ਜਾਨ ਖ਼ਤਰੇ ਵਿੱਚ ਪਵੇ।

ਗੁਰਮੀਤ ਸਿੰਘ ਵੇਰਕਾ

ਵਿਗਿਆਨਕ ਸੋਚ ਅਪਣਾਉਣ ਦਾ ਹੋਕਾ

17 ਜੂਨ ਦੇ ਅੰਕ ’ਚ ਮਦਨ ਬੰਗੜ ਦਾ ਮਿਡਲ ‘ਅੰਧਵਿਸ਼ਵਾਸ ਦਾ ਵਗਦਾ ਦਰਿਆ’ ਰਾਹੀਂ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਹੋਕਾ ਦਿੱਤਾ ਗਿਆ ਹੈ। ਤਰਕਸ਼ੀਲ ਸੁਸਾਇਟੀ ਪਿਛਲੇ ਚਾਰ ਦਹਾਕਿਆਂ ਤੋਂ ਪਾਖੰਡੀ ਬਾਬਿਆਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਵਿੱਚ ਫਸਣ ਤੋਂ ਬਚਾਉਣ ਲਈ ਵਿਗਿਆਨਕ ਸੋਚ ਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਆ ਰਹੀ ਹੈ। ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਹਰ ਸਾਲ ਧਾਰਮਿਕ ਰੂੜੀਵਾਦੀ ਰਸਮਾਂ ਅਤੇ ਮੂਰਤੀ ਵਿਸਰਜਨ ਕਾਰਨ ਜਿੱਥੇ ਨਦੀਆਂ, ਦਰਿਆ ਅਤੇ ਸਮੁੰਦਰਾਂ ਨੂੰ ਪਲੀਤ ਕੀਤਾ ਜਾਂਦਾ ਹੈ, ਉੱਥੇ ਹੀ ਸੈਂਕੜੇ ਲੋਕ ਅਜਿਹੇ ਅੰਧ-ਵਿਸ਼ਵਾਸ ਕਾਰਨ ਆਪਣੀਆਂ ਕੀਮਤੀ ਜਾਨਾਂ ਅਜਾਈਂ ਗੁਆ ਬੈਠਦੇ ਹਨ। ਪੰਜਾਬ ’ਚ ਅੰਧ-ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਲੋੜ ਹੈ।

ਸੁਮੀਤ ਸਿੰਘ, ਅੰਮ੍ਰਿਤਸਰ।

Advertisement
×