ਆਲੋਚਨਾ ਬਨਾਮ ਦੇਸ਼ਧ੍ਰੋਹ
ਐਤਵਾਰ, 9 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਰਾਸ਼ਟਰ-ਵਿਰੋਧੀ’ ਦਾ ਲਕਬ ਦਿੰਦੀ ਸੱਤਾ’ ਪੜ੍ਹਿਆ। ਲੇਖਕ ਨੇ ਬਿਲਕੁਲ ਠੀਕ ਕਿਹਾ ਹੈ ਕਿ ਲੋਕਤੰਤਰ ਵਿੱਚ ਸਰਕਾਰ ਦੀ ਆਲੋਚਨਾ ਕਰਨਾ ਦੇਸ਼ਧ੍ਰੋਹ ਨਹੀਂ, ਸਗੋਂ ਸਭ ਤੋਂ ਵੱਡੀ ਦੇਸ਼ ਭਗਤੀ ਹੈ।...
ਐਤਵਾਰ, 9 ਅਗਸਤ ਦੇ ‘ਸੋਚ ਸੰਗਤ’ ਪੰਨੇ ’ਤੇ ਰਾਮਚੰਦਰ ਗੁਹਾ ਦਾ ਲੇਖ ‘ਰਾਸ਼ਟਰ-ਵਿਰੋਧੀ’ ਦਾ ਲਕਬ ਦਿੰਦੀ ਸੱਤਾ’ ਪੜ੍ਹਿਆ। ਲੇਖਕ ਨੇ ਬਿਲਕੁਲ ਠੀਕ ਕਿਹਾ ਹੈ ਕਿ ਲੋਕਤੰਤਰ ਵਿੱਚ ਸਰਕਾਰ ਦੀ ਆਲੋਚਨਾ ਕਰਨਾ ਦੇਸ਼ਧ੍ਰੋਹ ਨਹੀਂ, ਸਗੋਂ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਜਦੋਂ ਵੀ ਕੋਈ ਨਾਗਰਿਕ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ‘ਰਾਸ਼ਟਰ-ਵਿਰੋਧੀ’ ਕਹਿ ਦੇਣਾ ਗ਼ਲਤ ਰੁਝਾਨ ਹੈ। ਬਹੁਤ ਸਾਰੀਆਂ ਮਿਸਾਲਾਂ ਦੇ ਕੇ ਲੇਖਕ ਨੇ ਸਾਬਤ ਕੀਤਾ ਹੈ ਕਿ ਵਿਰੋਧ ਕਰਨਾ ਹਮੇਸ਼ਾ ਹੀ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਹੈ। ਜੇਕਰ ਅਸੀਂ ਅਸਹਿਮਤੀ ਦੀ ਆਵਾਜ਼ ਹੀ ਬੰਦ ਕਰ ਦਿਆਂਗੇ ਤਾਂ ਫਿਰ ਲੋਕਤੰਤਰ ਦੇ ਕੀ ਮਾਅਨੇ ਰਹਿ ਜਾਣਗੇ?
ਮਾਸਟਰ ਪਰਮਵੇਦ, ਸੰਗਰੂਰ
ਵੰਡ ਦੇ ਜ਼ਖ਼ਮ
ਐਤਵਾਰ, 9 ਅਗਸਤ ਦੇ ‘ਦਸਤਕ’ ਅੰਕ ਵਿੱਚ ਆਰ.ਐੱਸ. ਰਾਜਨ (ਪ੍ਰਿੰ.) ਦੀ ਕਹਾਣੀ ‘ਡਾਰੋਂ ਵਿਛੜੀ ਕੂੰਜ’ ਨੇ ਉੱਨੀ ਸੌ ਸੰਤਾਲੀ ਦੀ ਵੰਡ ਦੇ ਜ਼ਖ਼ਮ ਨੂੰ ਇੱਕ ਵਾਰ ਫਿਰ ਉਚੇੜ ਕੇ ਰੱਖ ਦਿੱਤਾ ਹੈ। ਇਹ ਉਹ ਜ਼ਖ਼ਮ ਹੈ, ਜਿਸ ਦੀ ਕੋਈ ਮੱਲ੍ਹਮ ਸ਼ਾਇਦ ਬਣੀ ਹੀ ਨਹੀਂ ਹੈ। ਇਸ ਵੰਡ ਨੇ ਹਜ਼ਾਰਾਂ ਨਸੀਬ ਕੌਰਾਂ ਨੂੰ ਨਸੀਬੋ ਭੱਟੀ ਬਣਾ ਕੇ ਰੱਖ ਦਿੱਤਾ, ਜੋ ਅੱਜ ਵੀ ਆਪਣੀ ਮਿੱਟੀ ਨੂੰ ਮੱਥੇ ਨਾਲ ਲਾਉਣ ਲਈ ਤਰਸ ਰਹੀਆਂ ਹਨ।
ਰਮਿੰਦਰਜੀਤ ਕੌਰ, ਧੂਰੀ (ਸੰਗਰੂਰ)
ਜੰਤਰ ਮੰਤਰ ਦਾ ਅੰਦੋਲਨ
ਐਤਵਾਰ, 9 ਅਗਸਤ ਨੂੰ ਅਰਵਿੰਦਰ ਜੌਹਲ ਦਾ ਲੇਖ ‘ਸਿਆਸਤ ਦੀ ਜੈੱਨ-ਜ਼ੀ ਸੁਰ’ ਵਧੀਆ ਲੱਗਾ। ਜੰਤਰ-ਮੰਤਰ ਦਾ ਅੰਦੋਲਨ ਸਿਆਸਤਦਾਨਾਂ ਦੀ ਬਦਨੀਤੀ ਦਾ ਹੀ ਪ੍ਰਤੀਬਿੰਬ ਹੈ। ਇਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਲਈ ਕਿਸੇ ਨੀਤੀ ਜਾਂ ਵਿਚਾਰਧਾਰਾ ’ਤੇ ਕੰਮ ਕਰਨ ਦੀ ਬਜਾਏ ਕੁਰਸੀਆਂ ’ਤੇ ਬੈਠ ਕੇ ਸਿਰਫ਼ ਸੱਤਾ ਹੀ ਮਾਣੀ ਹੈ । ਜੈੱਨ-ਜ਼ੀ ਉਨ੍ਹਾਂ ਸੰਘਚਾਲਕਾਂ ਤੋਂ ਕੁੱਲ ਬਜਟ ਦਾ 6 ਫ਼ੀਸਦੀ ਹਿੱਸਾ ਸਿੱਖਿਆ ’ਤੇ ਲਗਾਉਣ ਬਾਰੇ ਪੁੱਛ ਰਹੇ ਹਨ, ਜੋ ਕੁੱਲ ਬਜਟ ਦੀ ਮੋਟੀ ਰਾਸ਼ੀ ਨਿੱਜੀ ਸੁਰੱਖਿਆ ਵਿੱਚ ਲਗਾ ਰਹੇ ਹਨ। ਜੇਕਰ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਸੱਚਮੁੱਚ ਹੀ ਜੈੱਨ-ਜ਼ੀ ਦੀਆਂ ਸਮੱਸਿਆਵਾਂ ਨਾਲ ਸਰੋਕਾਰ ਰੱਖਦੇ ਹਨ ਤਾਂ ਸਵਾਲਾਂ ਦੇ ਜਵਾਬ ਘੁੰਮਾ ਫਿਰਾ ਕੇ ਕਿਉਂ ਦੇ ਰਹੇ ਸਨ। ਸੱਤਾਧਾਰੀ ਪਾਰਟੀ ਵੱਲੋਂ ਆਪਣੇ ਹੀ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਜਾਂ ਗਟਰ ਕਹਿਣਾ ਦੇਸ਼ ਦੇ ਮਾਣ ਨੂੰ ਸੱਟ ਮਾਰਨ ਵਾਲੀ ਗੱਲ ਹੈ। ਕੰਗਨਾ ਰਣੌਤ ਵਿੱਚ ਆਪਣੇ ਹੀ ਵਿਚਾਰਾਂ ਪ੍ਰਤੀ ਸਥਿਰਤਾ ਦੀ ਘਾਟ ਨਜ਼ਰ ਆ ਰਹੀ ਹੈ।
ਸੁਖਪਾਲ ਕੌਰ, ਚੰਡੀਗੜ੍ਹ
ਦਿਲਚਸਪ ਲੇਖ
ਐਤਵਾਰ, 2 ਅਗਸਤ ਦੇ ‘ਦਸਤਕ’ ਅੰਕ ਵਿੱਚ ਰਾਮਚੰਦਰ ਗੁਹਾ ਨੇ ਹਿੰਦੀ ਦੀ ਉੱਘੀ ਲੇਖਕਾ ਮੰਨੂ ਭੰਡਾਰੀ ਦੀ ਜ਼ਿੰਦਗੀ ਬਾਰੇ ਬਹੁਤ ਹੀ ਦਿਲਚਸਪ ਲੇਖ ਲਿਖਿਆ ਹੈ। ਇਹ ਵਾਰਤਾ ਪੰਜਾਬੀ ਦੀ ਸਾਹਿਤਕਾਰਾ ਅੰਮ੍ਰਿਤਾ ਪ੍ਰੀਤਮ ਨਾਲ ਮਿਲਦੀ-ਜੁਲਦੀ ਹੈ। ਪਤੀ-ਪਤਨੀ, ਦੋਵਾਂ ਨੂੰ ਹੀ ਇੱਕ-ਦੂਜੇ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਹ ਬਹੁਤ ਜ਼ਰੂਰੀ ਵੀ ਹੈ। ਅਰਵਿੰਦਰ ਜੌਹਲ ਨੇ ਸੰਜਮੀ ਢੰਗ ਨਾਲ ਜੰਤਰ ਮੰਤਰ ਦੇ ਪ੍ਰਦਰਸ਼ਨਕਾਰੀਆਂ ਅਤੇ ਕੁਝ ਸਿਆਸੀ ਆਗੂਆਂ ਵੱਲੋਂ ਵਰਤੀ ਗਈ ਗ਼ਲਤ ਭਾਸ਼ਾ ਦਾ ਜ਼ਿਕਰ ਕੀਤਾ ਹੈ। ਨੌਜਵਾਨ ਪੀੜ੍ਹੀ ਤੇ ਬਜ਼ੁਰਗਾਂ ਦੀ ਭਾਸ਼ਾ ਵਿੱਚ ਅੰਤਰ ਹੋਣਾ ਸੁਭਾਵਿਕ ਹੈ। ਜੰਤਰ ਮੰਤਰ ’ਤੇ ਇਕੱਠੇ ਹੋਏ ਨੌਜਵਾਨ ਮੁੰਡੇ-ਕੁੜੀਆਂ ਪੀੜਤ ਸਨ। ਉਨ੍ਹਾਂ ਦੀ ਮਾਨਸਿਕ ਪੀੜਾ ਨੂੰ ਸਮਝਣ ਵਿੱਚ ਕੇਂਦਰ ਸਰਕਾਰ ਵੱਲੋਂ ਕੁਤਾਹੀ ਅਤੇ ਦੇਰੀ ਹੋਈ ਹੈ। ਭਾਸ਼ਾ ਐਵੇਂ ਹੀ ਨਹੀਂ ਵਿਗੜਦੀ। ਬੇਰੁਜ਼ਗਾਰੀ ਤੇ ਮਾਨਸਿਕ ਪੀੜ ਤਖ਼ਤ ਪਲਟ ਦਿੰਦੀ ਹੈ। ਇਸੇ ਪੰਨੇ ’ਤੇ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਨੇ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਪੱਸ਼ਟ ਕੀਤਾ ਹੈ। ਅਖ਼ਬਾਰ ਦੇ ਸਾਬਕਾ ਸੰਪਾਦਕ ਤੇ ਕਹਾਣੀਕਾਰ ਸਿੱਧੂ ਦਮਦਮੀ ਦਾ ਅੰਮ੍ਰਿਤਾ ਪ੍ਰੀਤਮ ਵੱਲੋਂ ਇਹ ਹੁਣ ਵਾਲਾ ਨਾਮ ਰੱਖਣ ਦੀ ਦਿਲਚਸਪ ਗਾਥਾ ਪੜ੍ਹ ਕੇ ਖ਼ੁਸ਼ੀ ਹੋਈ। ਸਿੱਧੂ ਦਮਦਮੀ ਦੀ ਕਹਾਣੀ ‘ਰਾਤੀਂ ਕੋਚਰੀ ਬੋਲੇ’ ਉੱਤਮ ਕਹਾਣੀ ਹੈ। ਸਿਰਲੇਖ ਤੋਂ ਜਾਪਦਾ ਸੀ ਕਿ ਵਿੱਚ ਕਹਾਣੀ ਹੀ ਦਿੱਤੀ ਹੋਵੇਗੀ, ਪਰ ਚਰਚਾ ਕੇਵਲ ਨਾਮ ਦੀ ਹੈ। ਇਸ ਕਿਸਮ ਦੇ ਹੋਰ ਵੀ ਲੇਖ ਛਪਣੇ ਚਾਹੀਦੇ ਹਨ।
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ
ਨਵੀਂ ਪਛਾਣ: ਜੈੱਨ ਜ਼ੀ
ਐਤਵਾਰ, 2 ਅਗਸਤ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ‘ਭਾਰਤ ਦੀ ਨਵੀਂ ਪਛਾਣ: ਜੈੱਨ ਜ਼ੀ’ ਵਧੀਆ ਤੇ ਪ੍ਰੇਰਣਾਦਾਇਕ ਲੇਖ ਸੀ। ਇਸ ਵਿੱਚ ਇਨਕਲਾਬੀ ਕਵਿਤਾ ਕਾਸਾਮਨ ਦੇ ਸੰਦਰਭ ਰਾਹੀਂ ਬੜਾ ਵੱਡਾ ਸੰਕੇਤ ਦਿਖਾਇਆ ਗਿਆ ਹੈ ਕਿ ਕਿਸੇ ਵੀ ਇਨਕਲਾਬ ਦੀ ਪਹਿਲੀ ਚੰਗਿਆੜੀ ਬੰਦੂਕਾਂ ਤੋਂ ਨਹੀ, ਵਿਚਾਰਾਂ ’ਚੋਂ ਨਿਕਲਦੀ ਹੈ। ਇਸ ਵਿੱਚ ਦਰਜ ਕੀਤਾ ਗਿਆ ਹੈ ਕਿ ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਵਿਰੋਧ ਨਹੀਂ, ਸਗੋਂ ਸੰਵਾਦ ਤੋਂ ਜਨਮਿਆ ਰਚਨਾਤਮਕ ਵਿਰੋਧ ਹੈ। ਜੇ ਵਿਰੋਧ ਸੰਵਿਧਾਨ ਦੀ ਮਰਿਆਦਾ, ਜਮਹੂਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨਾਲ ਜੁੜ ਜਾਵੇ ਤਾਂ ਉਹੀ ਨੌਜਵਾਨ ਸ਼ਕਤੀ ਕਿਸੇ ਵੀ ਦੇਸ਼ ਦਾ ਭਵਿੱਖ ਸੁਨਹਿਰੀ ਬਣਾ ਸਕਦੀ ਹੈ। ਵਿਰੋਧ ਜੇਕਰ ਸੰਵਾਦ ਦਾ ਰੂਪ ਲੈ ਲਵੇ ਤਾਂ ਜਮਹੂਰੀਅਤ ਮਜ਼ਬੂਤ ਹੁੰਦੀ ਹੈ। ਜੇ ਉਹ ਸਿਰਫ਼ ਟਕਰਾਅ ਬਣ ਜਾਵੇ ਤਾਂ ਸਮਾਜ ਵੰਡਿਆ ਜਾਣ ਲੱਗਦਾ ਹੈ। ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਵੀ ਅੱਗੇ ਵਧਾਉਣ ਦੀ ਗੁਹਾਰ ਲਗਾਈ ਗਈ ਹੈ, ਜਿਸ ਦੇ ਸਹਾਰੇ ਲੋਕਤੰਤਰ ਦੀ ਨਵੀਂ ਪਰਿਭਾਸ਼ਾ ਅਤੇ ਭਾਰਤ ਦੀ ਨਵੀਂ ਪਛਾਣ ਵੱਲ ਧਿਆਨ ਦੇਣ ਵਾਲਾ ਪੁਖਤਾ ਸੰਕੇਤ ਵੀ ਦਰਸਾਇਆ ਹੈ। ਕਾਸ਼! ਇਹ ਵਿਚਾਰ ਵੇਲੇ ਦੀ ਹਕੂਮਤ ਦੀ ਸਮਝ ਵਿੱਚ ਆ ਜਾਵੇ! ਆਮੀਨ !
ਡਾ. ਪੰਨਾ ਲਾਲ ਮੁਸਤਫ਼ਾਬਾਦੀ, ਚੰਡੀਗੜ੍ਹ
ਸ਼ਬਦਾਂ ਦੀ ਮਰਿਆਦਾ
‘ਸੋਚ ਸੰਗਤ’ ਪੰਨੇ ’ਤੇ ਛਪਿਆ ਅਰਵਿੰਦਰ ਜੌਹਲ ਦਾ ਲੇਖ ‘ਸ਼ਬਦਾਂ ਦੀ ਮਰਿਆਦਾ’ ਸਮਾਜਿਕ ਅਤੇ ਰਾਜਨੀਤਿਕ ਵਰਤਾਰੇ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਤੇ ਨਿਘਾਰ ਵੱਲ ਜਾ ਰਹੀ ਤਸਵੀਰ ਪੇਸ਼ ਕਰਦਾ ਹੈ। ਅੱਜਕੱਲ੍ਹ ਚੋਣ ਰੈਲੀਆਂ ਅਤੇ ਸੰਸਦ ਅੰਦਰ ਨੇਤਾਵਾਂ ਵੱਲੋਂ ਇੱਕ-ਦੂਜੇ ਲਈ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤਣਾ ਆਮ ਹੋ ਗਿਆ ਹੈ। ਜਦੋਂ ਸਾਡੇ ਰੋਲ ਮਾਡਲ ਅਖਵਾਉਣ ਵਾਲੇ ਆਗੂ ਹੀ ਭਾਸ਼ਾ ਦੀ ਮਰਿਆਦਾ ਭੁੱਲ ਜਾਣਗੇ ਤਾਂ ਨਵੀਂ ਪੀੜ੍ਹੀ ਤੋਂ ਸ਼ਾਲੀਨਤਾ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਰੋਸ ਜਾਇਜ਼ ਹੈ, ਪਰ ਭਾਸ਼ਾਈ ਸੰਜਮ ਹਰ ਪੱਧਰ ’ਤੇ ਜ਼ਰੂਰੀ ਹੈ। ਸਿਆਸਤਦਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੁੱਦਿਆਂ ’ਤੇ ਬਹਿਸ ਹੋਣੀ ਚਾਹੀਦੀ ਹੈ, ਅਭੱਦਰ ਭਾਸ਼ਾ ’ਤੇ ਨਹੀਂ। ਮੀਡੀਆ ਵਿੱਚ ਇੱਕ ਥਿਊਰੀ ਹੈ, ਜਿਸ ਮੁਤਾਬਿਕ ਅਸੀਂ ਜੋ ਸੁਣਦੇ-ਦੇਖਦੇ ਹਾਂ, ਉਸੇ ਦੀ ਨਕਲ ਕਰਦੇ ਹਾਂ। ਹੁਣ ਜਦੋਂ ਪੜ੍ਹੇ-ਲਿਖੇ ਨੇਤਾਵਾਂ ਦੀ ਅਸੱਭਿਅਕ ਭਾਸ਼ਾ ਅਤੇ ਤਨਜ਼ ਅਸੀਂ ਸੁਣਾਂਗੇ ਤਾਂ ਕਰਾਂਗੇ ਵੀ ਉਨ੍ਹਾਂ ਵਾਂਗ ਹੀ।
ਰਤਿਕਾ ਓਬਰਾਏ, ਸੰਗਰੂਰ

