DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੈਪਟਨ ਦੀ ਨਸੀਹਤ

8 ਅਗਸਤ ਨੂੰ ਛਪੇ ਆਪਣੇ ਲੇਖ ‘ਪੰਜਾਬ ਨੂੰ ਖ਼ੌਫ਼ ਦੇ ਇੱਕ ਹੋਰ ਦੌਰ ਦੀ ਲੋੜ ਨਹੀਂ’ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਲੇਖ ਵਿੱਚ ਪੰਜਾਬ ਨੂੰ ਦਰਪੇਸ਼...

  • fb
  • twitter
  • whatsapp
  • whatsapp
Advertisement

8 ਅਗਸਤ ਨੂੰ ਛਪੇ ਆਪਣੇ ਲੇਖ ‘ਪੰਜਾਬ ਨੂੰ ਖ਼ੌਫ਼ ਦੇ ਇੱਕ ਹੋਰ ਦੌਰ ਦੀ ਲੋੜ ਨਹੀਂ’ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਲੇਖ ਵਿੱਚ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਦੱਸਿਆ ਹੈ। ਕੈਪਟਨ ਅਮਰਿੰਦਰ ਦੀ ਭਾਜਪਾ ਨੂੰ ਇਹ ਨਸੀਹਤ ਬਿਲਕੁਲ ਦਰੁਸਤ ਹੈ ਕਿ ਧਰੁਵੀਕਰਨ ਦੀ ਬਜਾਏ ਸੇਵਾ, ਮੇਲ-ਮਿਲਾਪ, ਫੈਡਰਲ ਨਿਆਂ ਅਤੇ ਭਰੋਸੇਯੋਗ ਕਾਰਗੁਜ਼ਾਰੀ ਦੀ ਇੱਕ ਵੱਖਰੀ ਸਿਆਸਤ ਹੀ ਭਾਜਪਾ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਹੈ।

ਧਰਮਵੀਰ ਚੌਧਰੀ, ਨਵਾਂਸ਼ਹਿਰ

Advertisement

ਖ਼ੌਫ਼ ਦਾ ਇੱਕ ਹੋਰ ਦੌਰ !

8 ਅਗਸਤ ਦੇ ਨਜ਼ਰੀਆ ਪੰਨੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲੇਖ ‘ਪੰਜਾਬ ਨੂੰ ਖ਼ੌਫ਼ ਦੇ ਇੱਕ ਹੋਰ ਦੌਰ ਦੀ ਲੋੜ ਨਹੀਂ’ ਵਿੱਚ ਆਪਣੀ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਪੇਸ਼ ਕੀਤਾ ਹੈ। ਖ਼ੌਫ਼ ਮਨੁੱਖ ਨੂੰ ਅੰਦਰੋਂ ਅੰਦਰ ਖ਼ਤਮ ਕਰ ਦਿੰਦਾ ਹੈ। ਪੰਜਾਬ ਵਿੱਚ ਪ੍ਰਾਚੀਨ ਵਿੱਦਿਆ ਕੇਂਦਰ ਤਕਸ਼ਿਲਾ ਦੀ ਤਬਾਹੀ, ਅਰਬ ਅਤੇ ਵਿਦੇਸ਼ੀ ਹਮਲੇ, ਘੱਲੂਘਾਰੇ, ਬ੍ਰਿਟਿਸ਼ ਅੱਤਿਆਚਾਰ, ਦੇਸ਼ ਦੀ ਵੰਡ ਅਤੇ ਅਤਿਵਾਦ ਆਦਿ ਦੇ ਖ਼ਤਰਨਾਕ ਦੌਰ ਨੇ ਆਪਣੇ ਰੰਗ ਦਿਖਾਏ, ਪਰ ਪੰਜਾਬੀਆਂ ਨੇ ਖ਼ਤਰਨਾਕ ਦੌਰ ਵਿੱਚ ਆਪਣੀ ਦੇਸ਼ ਪ੍ਰੇਮ ਦੀ ਭਾਵਨਾ, ਆਪਸੀ ਭਾਈਚਾਰੇ, ਏਕੇ ਅਤੇ ਮਿਲਵਰਤਣ ਨਾਲ ਇਨ੍ਹਾਂ ਖ਼ੌਫ਼ਨਾਕ ਸਥਿਤੀਆਂ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢਿਆ। ਅੱਜ ਪੰਜਾਬ ਨਸ਼ਿਆਂ, ਬੇਰੁਜ਼ਗਾਰੀ, ਸਿਹਤ ਸਮੱਸਿਆਵਾਂ ਤੇ ਬਹੁਤ ਸਾਰੀਆਂ ਮੁਸੀਬਤਾਂ ਨਾਲ ਜੂਝ ਰਿਹਾ ਹੈ। ਹੁਣ ਜੈੱਨ-ਜ਼ੀ ਆਪਣੀ ਨਵੀਂ ਸੋਚ ਨਾਲ ਅੱਗੇ ਆ ਰਹੇ ਹਨ, ਜੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੇ ਅਤੇ ਪੰਜਾਬ ਵਿੱਚ ਕਿਸੇ ਖ਼ੌਫ਼ ਨੂੰ ਨਹੀਂ ਆਉਣ ਦੇਣਗੇ ਅਤੇ ਪੰਜਾਬ ਨੂੰ ਦੁਨੀਆ ਵਿੱਚ ਇੱਕ ਨੰਬਰ ਸੂਬਾ ਬਣਾਉਣਗੇ।

Advertisement

ਜਸਵੰਤ ਸਿੰਘ, ਅੰਬਾਲਾ ਛਾਉਣੀ (ਹਰਿਆਣਾ)

ਭਰੋਸੇ ਦਾ ਸਵਾਲ

5 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਦਿਆਲ ਸਿੰਘ ਕਾਲਜ ਦੇ ਨਾਂ ਬਦਲੀ ਪਿੱਛੇ ਛੁਪੇ ਗੁੱਝੇ ਇਸ਼ਾਰਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜੋ ਸੌ ਫ਼ੀਸਦੀ ਸਹੀ ਹੈ। ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਹਾਕਮਾਂ ਨੇ ਨਾਂ ਬਦਲੀ ਦੀ ਸਿਆਸਤ ਤਹਿਤ ਅਨੇਕਾਂ ਸ਼ਹਿਰਾਂ, ਇਤਿਹਾਸਕ ਵਿਰਾਸਤੀ ਸੰਸਥਾਵਾਂ, ਥਾਵਾਂ ਤੇ ਸੜਕਾਂ ਦੇ ਨਾਂ, ਜੋ ਲੋਕ ਮਨਾਂ ਵਿੱਚ ਖ਼ੂਨ ਵਾਂਗ ਰਚੇ ਹੋਏ ਹਨ, ਨੂੰ ਬਦਲ ਕੇ ਆਪਣੀ ਸੌੜੀ ਸੋਚ ਦਾ ਇਜ਼ਹਾਰ ਕੀਤਾ ਹੈ। ਦਿਆਲ ਸਿੰਘ ਕਾਲਜ ਵੀ ਇਸੇ ਸੋਚ ਦਾ ਸ਼ਿਕਾਰ ਹੋਣ ਜਾ ਰਿਹਾ ਹੈ। ਲੇਖਕਾ ਨੇ ਸੌ ਫ਼ੀਸਦੀ ਖਰੀ ਕਹੀ ਕਿ ਸਰਕਾਰ ਮੌਜੂਦਾ ਪ੍ਰਬੰਧ ਨੂੰ ਠੀਕ ਚਲਾਉਣ ਲਈ ਚੁਣੀ ਹੁੰਦੀ ਹੈ, ਨਾ ਕਿ ਇਤਿਹਾਸਕ ਵਿਰਾਸਤੀ ਸੰਸਥਾਵਾਂ ’ਤੇ ਕਬਜ਼ਾ ਕਰਨ ਲਈ। ਤਿੰਨ ਅਗਸਤ ਦੇ ਅੰਕ ’ਚ ਪ੍ਰੋ. ਜਗਰੂਪ ਕੌਰ ਨੇ ‘ਸਿਹਤ’ ਸਫ਼ੇ ’ਤੇ ਉਦਾਸੀ ਦੇ ਆਲਮ ਵਿੱਚ ਘਿਰੇ ਮਨੁੱਖੀ ਮਨ ਦੇ ਰੋਗ ਨੂੰ ਜੜ੍ਹੋਂ ਫੜਿਆ ਹੈ ਅਤੇ ਇਸ ਨੂੰ ਜੜ੍ਹੋਂ ਖ਼ਤਮ ਕਰਨ ਦੀ ਤਰਕੀਬ ਵੀ ਚੰਗੀ ਦੱਸੀ ਹੈ। ਹਰ ਵਿੱਦਿਅਕ ਅਦਾਰੇ ਵਿੱਚ ਇਸ ਵਿਸ਼ੇ ਨਾਲ ਸਬੰਧਿਤ ਢੁਕਵੇਂ ਸਟਾਫ ਦੀ ਭਰਤੀ ਕੀਤੀ ਜਾਵੇ ਅਤੇ ਮੋਬਾਈਲ ਤੋਂ ਛੁਟਕਾਰੇ ਲਈ ਬੱਚਿਆਂ ਨੂੰ ਮਨੋਰੰਜਨ ਦੀਆਂ ਰਵਾਇਤੀ ਖੇਡਾਂ ਵੱਲ ਵੀ ਮੋੜਿਆ ਜਾ ਸਕਦਾ ਹੈ।

ਭਗਵਾਨ ਸਿੰਘ 18 ਚੱਕ ਵਾਲੇ, ਜਲਾਲਾਬਾਦ (ਫ਼ਾਜ਼ਿਲਕਾ)

(2)

5 ਅਗਸਤ ਦੇ ਅੰਕ ਵਿੱਚ ਪ੍ਰੋ. ਨਵਨੀਤ ਕੌਰ ਦਾ ਲੇਖ ‘ਦਿਆਲ ਸਿੰਘ ਕਾਲਜ: ਵਿਰਸੇ ਤੇ ਭਰੋਸੇ ਦਾ ਸਵਾਲ’ ਅੱਜ ਦੇ ਹਾਲਾਤ ਨੂੰ ਵਰਣਨ ਕਰਦਾ ਹੈ। ਸਾਡੇ ਸਮਾਜ ਦੀ ਇਹ ਕਮਜ਼ੋਰੀ ਹੈ ਕਿ ਪੜਿ੍ਹਆ-ਲਿਖਿਆ ਤਬਕਾ ਮੌਕੇ ’ਤੇ ਪ੍ਰਤੀਕਿਰਿਆ ਨਹੀਂ ਦਿੰਦਾ, ਜਿਸ ਕਰਕੇ ਸਰਕਾਰਾਂ ਇਸ ਤਰ੍ਹਾਂ ਦੇ ਫ਼ੈਸਲੇ ਲੈਂਦੀਆਂ ਹਨ। ਅਜਿਹੇ ਮੁੱਦਿਆਂ ’ਤੇ ਸਮਾਜ ਦੇ ਹਰ ਵਰਗ ਦੀ ਪ੍ਰਤੀਕਿਰਿਆ ਆਉਣੀ ਬੇਹੱਦ ਲਾਜ਼ਮੀ ਹੁੰਦੀ ਹੈ।

ਭੁਪਿੰਦਰ ਸਿੰਘ ਰਾਊਵਾਲ

ਇਕਾਗਰਤਾ ਦੀ ਮਹੱਤਤਾ

4 ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੋਹਨ ਲਾਲ ਗੁਪਤਾ ਦਾ ਮਿਡਲ ‘ਇਕਾਗਰਤਾ’ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਢੁੱਕਵਾਂ ਹੈ। ਅੱਜ ਧਿਆਨ ਭਟਕਾਉਣ ਵਾਲੇ ਅਨੇਕਾਂ ਕਾਰਨ ਮੌਜੂਦ ਹਨ, ਜਿਸ ਕਰਕੇ ਇਕਾਗਰਤਾ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਮਨ ਲਾ ਕੇ ਕੀਤਾ ਗਿਆ ਥੋੜ੍ਹੇ ਸਮੇਂ ਦਾ ਕੰਮ ਵੀ ਬਿਨਾਂ ਇਕਾਗਰਤਾ ਨਾਲ ਕੀਤੇ ਲੰਮੇ ਸਮੇਂ ਦੇ ਕੰਮ ਨਾਲੋਂ ਵੱਧ ਪ੍ਰਭਾਵਸ਼ਾਲੀ ਹੁੰਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਲੇਖ ਵਿੱਚ ਇਕਾਗਰਤਾ ਸਬੰਧੀ ਮੁਣਸ਼ੀ ਵੱਲੋਂ ਕਹੀ ਗਈ ਗੱਲ ਅੱਜ ਹਰ ਵਿਅਕਤੀ ਲਈ ਅਪਣਾਉਣਯੋਗ ਹੈ। ਫੇਰ ਚਾਹੇ ਉਹ ਨੌਕਰੀਪੇਸ਼ਾ ਹੋਵੇ ਜਾਂ ਦੁਕਾਨਦਾਰ।

ਸ਼ਮਿੰਦਰਜੀਤ ਕੌਰ, ਸ੍ਰੀ ਮੁਕਤਸਰ ਸਾਹਿਬ

ਨਿਸਵਾਰਥ ਸੇਵਾ

4 ਅਗਸਤ ਦੇ ‘ਵਿਰਾਸਤ’ ਪੰਨੇ ’ਤੇ ਪ੍ਰਿੰ. ਕੁਲਵੰਤ ਸਿੰਘ ਅਣਖੀ ਦਾ ਲੇਖ ‘ਨਿਸਵਾਰਥ ਸੇਵਾ ਦਾ ਕੇਂਦਰ ਪਿੰਗਲਵਾੜਾ’ ਪੜ੍ਹ ਕੇ ਜਾਣਕਾਰੀ ਮਿਲੀ ਕਿ ਭਗਤ ਪੂਰਨ ਸਿੰਘ ਯਤੀਮਾਂ ਦੀ ਸੇਵਾ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਚੇਤਨਾ ਪ੍ਰਦਾਨ ਕਰਨ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਮਕਸਦ ਦੀ ਪੂਰਤੀ ਲਈ ਸਕੂਲਾਂ-ਕਾਲਜਾਂ ਦੀਆਂ ਖਾਲੀ ਥਾਵਾਂ ਅਤੇ ਸੜਕਾਂ ਦੇ ਕੰਢੇ ਰੁੱਖ ਲਗਾ ਕੇ ਵਾਤਾਵਰਨ ਸ਼ੁੱਧਤਾ ਮੁਹਿੰਮ ਨੂੰ ਹੁਲਾਰਾ ਦਿੰਦੇ ਰਹੇ ਸਨ। ਉਨ੍ਹਾਂ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ ਨਾਲ ਵਾਤਾਵਰਨ ਸਬੰਧੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਮੁਫ਼ਤ ਸਾਹਿਤ ਵੀ ਵੰਡਿਆ।

ਅਮਨਦੀਪ ਦਰਦੀ, ਮੰਡੀ ਅਹਿਮਦਗੜ੍ਹ

ਇੱਕ ਨਵਾਂ ਅਧਿਆਏ

ਦਿੱਲੀ ਦੇ ਜੰਤਰ-ਮੰਤਰ ’ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਜਿੱਤ ਨੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਨੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ। ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸਿਰਫ਼ ਪਹਿਲਾ ਕਦਮ ਸੀ। ਇਸ ਨਾਲ ਸਾਰੇ ਲੋਕਤੰਤਰੀ ਅਤੇ ਧਰਮ-ਨਿਰਪੱਖ ਸੋਚ ਵਾਲੇ ਲੋਕਾਂ ਦੇ ਮਨਾਂ ਵਿੱਚ ਉਮੀਦ ਦੁਬਾਰਾ ਜਾਗ ਪਈ ਹੈ ਕਿ ਸਿਆਸੀ ਮਾਹੌਲ ਨੂੰ ਬਦਲਿਆ ਜਾ ਸਕਦਾ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਲ ਭਰ ਚੱਲੇ ਸੰਘਰਸ਼, ਜਿਸ ਵਿੱਚ ਲਗਪਗ 700 ਲੋਕ ਸ਼ਹੀਦ ਹੋਏ ਸਨ, ਨੇ ਵੀ ਇਹੀ ਸਾਬਿਤ ਕੀਤਾ ਸੀ।

ਐੱਸ ਕੇ ਖੋਸਲਾ, ਚੰਡੀਗੜ੍ਹ

ਭਗਵਾਕਰਨ ਤੇ ਨਿਰਪੱਖਤਾ

3 ਅਗਸਤ ਦੀ ਸੰਪਾਦਕੀ ‘ਹਾਕੀ ਦਾ ਭਗਵਾਕਰਨ’ ਕੇਂਦਰ ਸਰਕਾਰ ਦੀ ਸੰਕੀਰਣਤਾ ਨੂੰ ਦਰਸਾਉਂਦੀ ਹੈ। ਬਿਨਾਂ ਕਿਸੇ ਵਿਚਾਰ ਵਟਾਂਦਰੇ ਤੋਂ ਸਿੱਖਿਆ ਜਗਤ ਦੀ ਤਰ੍ਹਾਂ ਖੇਡ ਜਗਤ ਨੂੰ ਵੀ ਭਗਵਾ ਕਰਨ ਵੱਲ ਇੱਕ ਹੋਰ ਕਦਮ ਹੈ। ਕੇਂਦਰ ਸਰਕਾਰ ਦੀ ਕਾਰਜਸ਼ੈਲੀ ਤੋਂ ਲੱਗਦਾ ਹੈ ਜਿਵੇਂ ਸਰਕਾਰ ਦਾ ਮੁੱਖ ਏਜੰਡਾ ਹੀ ਦੇਸ਼ਵਾਸੀਆਂ ਨੂੰ ਨਿਰਪੱਖਤਾ ਤੋਂ ਦੂਰ ਕਰਨਾ ਹੋਵੇ, ਜੋ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਇਸੇ ਤਰ੍ਹਾਂ ਪਹਿਲੀ ਅਗਸਤ ਦੇ ‘ਨਜ਼ਰੀਆ’ ਪੰਨੇ ’ਤੇ ਸੰਪਾਦਕੀ ‘ਨਿਰਪੱਖਤਾ ਲਾਜ਼ਮੀ’ ਵਿੱਚ ਸੁਪਰੀਮ ਕੋਰਟ ਦਾ ਭਾਰਤ ਸਰਕਾਰ ਨੂੰ ਨਿਰਪੱਖਤਾ ਨਾ ਅਪਣਾਉਣ ’ਤੇ ਕਿੰਤੂ ਕਰਨਾ ਸਰਕਾਰ ਦੀ ਬਦਨੀਤੀ ਦੀ ਪੋਲ ਖੋਲ੍ਹਦਾ ਹੈ। ਸਰਕਾਰ ਨੇ 2014 ਤੋਂ ਬਾਅਦ ਆਪਣੀ ਕਾਰਜ਼ਸ਼ੈਲੀ ’ਚ ਨਿਰਪੱਖਤਾ ਤੋਂ ਦੂਰੀ ਬਣਾਈ ਹੋਈ ਹੈ, ਜਿਵੇਂ ਪ੍ਰਧਾਨ ਮੰਤਰੀ ਭਲਾਈ ਫੰਡ ਨੂੰ ਗੁਪਤ ਕਰਨਾ, ਚੋਣ ਕਮਿਸ਼ਨਰ ਦੀ ਨਿਯੁਕਤੀ ਸਮੇਂ ਸੁਪਰੀਮ ਕੋਰਟ ਦੀ ਸ਼ਮੂਲੀਅਤ ਖ਼ਤਮ ਕਰਕੇ ਆਪਣੀ ਮਰਜ਼ੀ ਦਾ ਚੋਣ ਕਮਿਸ਼ਨਰ ਨਿਯੁਕਤ ਕਰਕੇ ਉਸ ਨੂੰ ਹਰੇਕ ਮੁਕੱਦਮੇਬਾਜ਼ੀ ਤੋਂ ਮੁਕਤ ਕਰਨਾ।

ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)

ਮੈਂ ਵਿਦਾ ਹੁੰਦਾ ਹਾਂ...

1 ਅਗਸਤ ਦੇ ਨਜ਼ਰੀਆ ਪੰਨੇ ’ਤੇ ਦਵੀ ਦਵਿੰਦਰ ਕੌਰ ਦੇ ਮਿਡਲ ‘ਮੈਂ ਵਿਦਾ ਹੁੰਦਾ ਹਾਂ...’ ਵਿੱਚ ਬਿਆਨ ਕੀਤੀ ਤਰਕਦੀਪ ਸਿੰਘ ਦੇ ਸੰਖੇਪ ਜਿਹੇ ਜੀਵਨ ਦੀ ਕਰੁਣਾਮਈ ਕਹਾਣੀ ਪੜ੍ਹ ਕੇ ਅੱਖਾਂ ਆਪ ਮੁਹਾਰੇ ਵਹਿ ਤੁਰੀਆਂ। ਲਾਇਲਾਜ ਬਿਮਾਰੀ ਨਾਲ ਜੂਝ ਰਿਹਾ ਤਰਕਦੀਪ ਆਪਣੀ ਹੋਣੀ ਬਾਰੇ ਸਭ ਕੁਝ ਜਾਣਦਾ ਹੋਇਆ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ ਅਤੇ ਕੁਝ ਨਾ ਕੁਝ ਨਵਾਂ ਕਰਨ ਦੀ ਇੱਛਾ ਮਨ ਵਿੱਚ ਵਸਾਈ ਰੱਖਦਾ ਸੀ। ਉਹ ਜ਼ਿੰਦਗੀ ਦੇ ਮਿਲੇ ਸਾਲ ਰੱਜ ਕੇ ਜਿਊਣਾ ਚਾਹੁੰਦਾ ਸੀ। ਮੈਂ ਇਸ ਪੱਤਰ ਰਾਹੀਂ ਉਸ ਦੇ ਮਾਂ-ਬਾਪ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹਾਂ, ਜਿਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਦੀ ਹਰ ਇੱਛਾ ਪੂਰੀ ਕਰਨ ਦਾ ਯਤਨ ਕੀਤਾ।

ਨਾਇਬ ਸਿੰਘ ਪੰਨੀਵਾਲੀਆ, ਸ੍ਰੀ ਮੁਕਤਸਰ ਸਾਹਿਬ

Advertisement
×