DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੰਗ ਮਾਨਸਿਕਤਾ ਦੀ ਨਿਸ਼ਾਨੀ

29 ਮਾਰਚ ਦੇ ‘ਦਸਤਕ’ ਪੰਨੇ ’ਤੇ ਰਵਨੀਤ ਕੌਰ ਦੇ ਲੇਖ ਵਿੱਚ ਲੇਖਕਾ ਨੇ ਆਪਣੇ ਬਚਪਨ ਵਿੱਚ ਵੇਖੇ ਬਠਿੰਡੇ ਦੇ ਕਿਲ੍ਹੇ ਤੇ ਗੁਰਦੁਆਰਾ ਹਾਜੀਰਤਨ ਦਾ ਜ਼ਿਕਰ ਕੀਤਾ ਹੈ। ਲੇਖਕਾ ਨੇ ਗੁਰਦੁਆਰੇ ਅਤੇ ਦਰਗ਼ਾਹ ਵਿਚਕਾਰ ਕੱਢੀ ਕੰਧ ਵੇਖ ਕੇ ਹੈਰਾਨੀ ਪ੍ਰਗਟ ਕੀਤੀ...

  • fb
  • twitter
  • whatsapp
  • whatsapp
Advertisement

29 ਮਾਰਚ ਦੇ ‘ਦਸਤਕ’ ਪੰਨੇ ’ਤੇ ਰਵਨੀਤ ਕੌਰ ਦੇ ਲੇਖ ਵਿੱਚ ਲੇਖਕਾ ਨੇ ਆਪਣੇ ਬਚਪਨ ਵਿੱਚ ਵੇਖੇ ਬਠਿੰਡੇ ਦੇ ਕਿਲ੍ਹੇ ਤੇ ਗੁਰਦੁਆਰਾ ਹਾਜੀਰਤਨ ਦਾ ਜ਼ਿਕਰ ਕੀਤਾ ਹੈ। ਲੇਖਕਾ ਨੇ ਗੁਰਦੁਆਰੇ ਅਤੇ ਦਰਗ਼ਾਹ ਵਿਚਕਾਰ ਕੱਢੀ ਕੰਧ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਹੈ। ਇਹ ਕੰਧ ਸਾਡੀ ਤੰਗ ਮਾਨਸਿਕਤਾ ਦੀ ਨਿਸ਼ਾਨੀ ਹੈ। ਜਿਵੇਂ ਸਾਡੇ ਦਿਲਾਂ ਵਿੱਚ ਇਹੋ ਜਿਹੀਆਂ ਕੰਧਾਂ ਨੇ ਫ਼ਿਰਕੂਪੁਣਾ ਪੈਦਾ ਕੀਤਾ, ਉਸ ਦੀ ਦਾਸਤਾਨ ਵੀ ਬਹੁਤ ਲੰਮੀ ਹੈ। ਡਾ. ਮੋਹਨ ਬੇਗੋਵਾਲ ਨੇ ‘ਸ਼ਬਦਾਂ ਦੀ ਖੇਡ’ ਦਾ ਜ਼ਿਕਰ ਕੀਤਾ ਹੈ। ਗੁਰੂ ਜੀ ਨੇ ਸ਼ਬਦ ਨੂੰ ਬਹੁਤ ਵੱਡੀ ਵਡਿਆਈ ਬਖ਼ਸ਼ੀ ਹੈ। ਸ਼ਬਦ ਗੁਰੂ ਹੈ। ‘ਯੁੱਧ’ ਕਹਾਣੀ ਵਿੱਚ ਛੋਟੇ ਬੱਚਿਆਂ ਦੀ ਜੰਗ ਵਿੱਚ ਮਰੇ ਬਾਪ ਦੀ ਦੁਰਘਟਨਾ ਨੇ ਵਲੂੰਧਰਕੇ ਰੱਖ ਦਿੱਤਾ। ਬੱਚੇ ਕੀ ਜਾਨਣ ਜੰਗ ਕੀ ਹੁੰਦੀ ਹੈ? ਇਰਾਨ-ਅਮਰੀਕਾ ਜੰਗ ਵਿੱਚ ਮਾਨਵਤਾ ਦਾ ਬਹੁਤ ਜ਼ਿਆਦਾ ਘਾਣ ਹੋਇਆ ਹੈ। ਪਰਮਜੀਤ ਢੀਂਗਰਾ ਨੇ ਤੇਲ ਲਈ ਲੜੀ ਜਾ ਰਹੀ ਜੰਗ ਦਾ ਇਤਿਹਾਸ ਖੁੱਲ੍ਹ ਕੇ ਲਿਖਿਆ ਹੈ। ਅਰਵਿੰਦਰ ਜੌਹਲ ਨੇ ਜੰਗ ਵਿੱਚ ਲੜਦੇ ਫ਼ੌਜੀ ਜਵਾਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਹੈਂਕੜਬਾਜ਼ ਹਾਕਮ ਕੀ ਜਾਨਣ ਕਿ ਮਾਵਾਂ ਦੇ ਪੁੱਤ ਕਿਵੇਂ ਮਰਦੇ ਹਨ ? ਸ਼ਾਇਰ ਡਾ. ਜਗਤਾਰ ਦੇ ਜੀਵਨ ਤੇ ਸ਼ਾਇਰੀ ਬਾਰੇ ਮੱਖਣ ਮਾਨ ਦਾ ਲੇਖ ਚੰਗਾ ਲੱਗਾ।

ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ, ਫ਼ਾਜ਼ਿਲਕਾ

Advertisement

ਸੰਵੇਦਨਸ਼ੀਲ ਰਚਨਾਵਾਂ

Advertisement

29 ਮਾਰਚ ਦੇ ‘ਦਸਤਕ’ ਪੰਨੇ ’ਤੇ ਯੂਗੋਸਲਾਵੀਆ ਦੇ ਕਹਾਣੀਕਾਰ ਇਵਾਨ ਕੈਂਕਰ ਦੀ ਕਹਾਣੀ ‘ਯੁੱਧ’ (ਪੰਜਾਬੀ ਰੁਪ: ਜੰਗ ਬਹਾਦਰ ਗੋਇਲ) ਪੜ੍ਹਦਿਆਂ-ਪੜ੍ਹਦਿਆਂ ਪਾਠਕ ਭਾਵੁਕ ਹੋ ਜਾਂਦਾ ਹੈ ਤੇ ਸੋਚਦਾ ਹੈ ਕਿ ਯੁੱਧ ਦਾ ਨਾਂ ਹੀ ਕਿੰਨਾ ਦਿਲ ਨੂੰ ਦਹਿਲਾ ਦੇਣ ਵਾਲਾ ਹੈ। ਯੁੱਧ ਵਿੱਚ ਦੇਸ਼ ਦੀ ਰੱਖਿਆ ਲਈ ਦੁਸ਼ਮਣਾਂ ਨਾਲ ਲੜਦਿਆਂ ਜਦੋਂ ਕੋਈ ਜਵਾਨ ਸ਼ਹੀਦ ਹੋ ਜਾਂਦਾ ਹੈ ਤਾਂ ਪਿੱਛੇ ਉਸ ਦੇ ਬੁੱਢੇ ਮਾਪਿਆਂ, ਉਸ ਦੀ ਜਵਾਨ ਪਤਨੀ ਤੇ ਮਾਸੂਮ ਬੱਚਿਆਂ ਦੇ ਦਿਲ ’ਤੇ ਕੀ ਬੀਤਦੀ ਹੈ, ਉਹ ਤਾਂ ਰੱਬ ਹੀ ਜਾਣਦਾ ਹੈ। ਇਸੇ ਤਰ੍ਹਾਂ ਰਵਨੀਤ ਕੌਰ ਦੀ ‘ਤਫ਼ਰਕੇ ਮਿਟਾਉਣ ਤੋਂ ਕੰਧ ਕੱਢਣ ਤੱਕ’ ਰਚਨਾ ਵੀ ਸੋਚਣ ਲਈ ਮਜਬੂਰ ਕਰਦੀ ਹੈ। ਜਿਵੇਂ ਲੇਖਕਾ ਨੇ ਲਿਖਿਆ ਹੈ ਕਿ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੀ ਰਵਾਇਤ ਤਾਂ ਸਭ ਵਿਤਕਰੇ ਮਿਟਾਉਣ ਵਾਲੀ ਹੈ, ਸਾਡੇ ਪੰਜ ਪੀਰ, ਪੰਜ ਪਿਆਰੇ, ਪੰਜ ਦਰਿਆ ਸਭ ਦੇ ਸਾਂਝੇ ਨੇ, ਫਿਰ ਸਾਡੀ ਸਾਂਝੀ ਵਿਰਾਸਤ ਵਿੱਚ ਇਹ ਕੰਧਾਂ ਕਿਉਂ ? ਰਚਨਾਵਾਂ ਵਿਚਲੇ ਵਿਚਾਰ ਵਿਚਾਰਨਯੋਗ ਹਨ।

ਅਮਰਜੀਤ ਮੱਟੂ, ਭਰੂਰ (ਸੰਗਰੂਰ)

ਜੰਗ ਦੀ ਬਿਸਾਤ

29 ਮਾਰਚ ਦੇ ’ਦਸਤਕ’ ਅੰਕ ਵਿੱਚ ਡਾ. ਪਰਮਜੀਤ ਢੀਂਗਰਾ ਦਾ ਲੇਖ ‘ਤੇਲ ਖ਼ਾਤਰ ਜੰਗ ਦੀ ਬਿਸਾਤ’ ਜਾਣਕਾਰੀ ਭਰਪੂਰ ਤੇ ਸ਼ਲਾਘਾਯੋਗ ਸੀ, ਜਿਸ ਵਿੱਚ ਪੱਛਮੀ ਏਸ਼ੀਆ ਦੇ ਚੱਲ ਰਹੇ ਭਿਆਨਕ ਯੁੱਧ ਦਾ ਵਰਣਨ ਕੀਤਾ ਗਿਆ ਹੈ। ਕੀ ਇਹ ਲੜਾਈ ਸਿਰਫ਼ ਕੱਚੇ ਤੇਲ ਦੇ ਭੰਡਾਰਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ, ਜਿਸ ਵਿੱਚ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ। ਅਮਰੀਕਾ ਵਰਗੇ ਪੂੰਜੀਵਾਦੀ ਦੇਸ਼ ਯੁੱਧ ਦੀ ਆੜ ਹੇਠ ਕੱਚੇ ਤੇਲ ਦੇ ਭੰਡਾਰ ਦੇਸ਼ਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਜੋ ਕਿ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਕੀ ਅਸੀਂ ਅੱਜ ਵੀ ਮੱਧਯੁੱਗ ਵਾਂਗ ਜੰਗਾਂ ਯੁੱਧਾਂ ਵਿੱਚ ਉੱਲਝ ਰਹੇ ਹਾਂ ਤੇ ਅਸੱਭਿਅਕ ਸਮਾਜ ਦੀ ਤਸਵੀਰ ਪੇਸ਼ ਕਰ ਰਹੇ ਹਾਂ।

ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ

ਮਹਾਨ ਯੋਧੇ

22 ਮਾਰਚ ਦੇ ਭਗਤ ਸਿੰਘ ਬਾਰੇ ਸਾਰੇ ਲੇਖ ਅਤੇ ਸੰਪਾਦਕੀ ਸੱਚੇ ਰਾਸ਼ਟਰਵਾਦ ਦੀਆਂ ਮਹਿਕਾਂ ਖਿਲਾਰਦੇ ਪ੍ਰਤੀਤ ਹੁੰਦੇ ਹਨ। ਰਾਸ਼ਟਰਵਾਦ ਦੇਸ਼ ਲਈ ਮਰ ਮਿਟਣ ਦਾ ਨਾਅਰਾ ਬੁਲੰਦ ਕਰਦਾ ਹੈ। ਦੇਸ਼ ਦੀ ਆਜ਼ਾਦੀ ਅਤੇ ਖੁਸ਼ਹਾਲੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਘਰ, ਪਰਿਵਾਰ, ਮਾਂ-ਬਾਪ, ਭੈਣ-ਭਰਾ ਦੇਸ਼ ਉੱਤੋਂ ਵਾਰਨ ਦੀ ਸੋਚ ਰੱਖਦਾ ਹੈ। ਇਨਕਲਾਬ ਦਾ ਜਿਹੜਾ ਝੰਡਾ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਝੁਲਾਇਆ ਸੀ, ਦੇਸ਼-ਭਗਤੀ ਅਤੇ ਸੱਤਾ-ਭਗਤੀ ਦੇ ਫ਼ਰਕ ਵਿੱਚ ਲਾਲ ਲਕੀਰ ਖਿੱਚ ਦਿੰਦਾ ਹੈ, ਪਰੰਤੂ ਅੱਜ ਕੱਲ੍ਹ ਜਿਹੜੇ ਰਾਸ਼ਟਰਵਾਦ ਦੇ ਸੋਹਲੇ ਗਏ ਜਾ ਰਹੇ ਹਨ, ਕੀ ਉਹ ਸੱਚਮੁੱਚ ਰਾਸ਼ਟਰਵਾਦ ਹੈ ਜਾਂ ਸੱਤਾ-ਭਗਤੀ। ਮਨੁੱਖ ਨੂੰ ਮਨੁੱਖ ਤੋਂ ਵੱਖ ਕਰਨ ਵਾਲੀ ਸੋਚ ਰਾਸ਼ਟਰਵਾਦੀ ਹੋ ਹੀ ਨਹੀਂ ਸਕਦੀ। ਆਪਣੀ ਮਾਂ ਦੇ ਪੁੱਤ ਦੀ ਡੋਲੀ ਲਿਆਉਣ ਦੇ ਸੁਪਨਿਆਂ ਨੂੰ ਚਕਨਾਚੂਰ ਕਰਕੇ ਦੇਸ਼ ਦੇ ਸੁਪਨਿਆਂ ਨੂੰ ਸਜਾਉਣ ਵਾਲੇ ਸ਼ਹੀਦਾਂ ਨੂੰ ਦਿਲੋਂ ਸਲਾਮ। ਬੰਗਾਲ ਦੇ ਦੋ ਭੁੱਲੇ-ਵਿਸਰੇ ਸ਼ਹੀਦਾਂ ਨੂੰ ਮੁੜ ਯਾਦ ਕਰਨਾ ਚੰਗਾ ਉਪਰਾਲਾ ਹੈ। ਭਗਤ ਸਿੰਘ ਦਾ ਮੌਤ ਤੋਂ ਨਹੀਂ, ਬਲਕਿ ਸਕੇ ਸੰਬੰਧੀਆਂ ਨੂੰ ਮਿਲਣ ਤੋਂ ਘਬਰਾਉਣਾ ਕਿ ‘ਕਿਤੇ ਮੈਂ ਡੋਲ ਨਾ ਜਾਵਾਂ’ ਸਿਤਮ ਦੀ ਇੰਤਹਾ ਹੀ ਤਾਂ ਹੈ।

ਡਾ. ਤਰਲੋਚਨ ਕੌਰ, ਪਟਿਆਲ਼ਾ

ਸ਼ਹੀਦੀ ਦਿਹਾੜੇ ਸਬੰਧੀ

ਭਾਰਤ ਦੀ ਆਜ਼ਾਦੀ ’ਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜੋ ਯੋਗਦਾਨ ਪਾਇਆ ਗਿਆ, ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੱਖਾਂ ਤਸੀਹੇ ਸਹਿੰਦਿਆਂ ਹੋਇਆਂ ਆਜ਼ਾਦੀ ਦੀ ਲੜਾਈ ਲਈ ਨੌਜਵਾਨਾਂ ਅੰਦਰ ਜੋਸ਼ ਭਰਨ ਲਈ ਅਨੇਕਾਂ ਕਾਰਜ ਕੀਤੇ ਸਨ। ਸ਼ਹੀਦ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਸੀ। ਇਸੇ ਗਿਆਨ ਸਦਕਾ ਭਗਤ ਸਿੰਘ ਨੇ ਛੋਟੀ ਉਮਰ ’ਚ ਵੱਡੇ ਕਾਰਜ ਕਰ ਕੇ ਵੱਡਾ ਨਾਮਣਾ ਖੱਟਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਸੀ। ਸਾਡੀ ਨੌਜਵਾਨ ਪੀੜ੍ਹੀ ਦਿਨੋਂ-ਦਿਨ ਕਿਤਾਬਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਨੂੰ ਯਾਦ ਤਾਂ ਕਰਦੀ ਹੈ ਪਰ ਉਨ੍ਹਾਂ ਦੇ ਦੱਸੇ ਹੋਏ ਮਾਰਗ ’ਤੇ ਨਹੀਂ ਚੱਲਦੀ। ਆਓ, ਅਸੀਂ ਭਗਤ ਸਿੰਘ ਅਤੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਵੱਜੋਂ ਕੋਈ ਅਜਿਹਾ ਪ੍ਰਣ ਕਰੀਏ, ਜਿਸ ਨਾਲ ਸਾਡਾ ਅਤੇ ਸਾਡੇ ਭੈਣ ਭਰਾਵਾਂ ਦਾ ਜੀਵਨ ਸੰਵਾਰਿਆ ਜਾ ਸਕੇ। ਸਾਡੇ ਵਲੋਂ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ।

ਪਰਮਜੀਤ ਸੰਧੂ, ਥੇਹ ਤਿੱਖਾ (ਗੁਰਦਾਸਪੁਰ)

ਲਾਹੇਵੰਦ ਲੇਖ

15 ਮਾਰਚ ਦੇ ‘ਸੋਚ ਸੰਗਤ’ ਸਫ਼ੇ ਤੋਂ ਡਾ. ਕ੍ਰਿਸ਼ਨ ਕੁਮਾਰ ਰੱਤੂ ਦਾ ਲੇਖ ਪੜ੍ਹਨ ਨੂੰ ਮਿਲਿਆ। ਇਸ ਵੇਲੇ ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਹਮਲੇ ਮਗਰੋਂ ਭੜਕੀ ਜੰਗ ਕਾਰਨ ਆਮ ਲੋਕਾਂ ਦਾ ਚੌਤਰਫ਼ਾ ਘਾਣ ਹੋ ਰਿਹਾ ਹੈ। ਬੇਗੁਨਾਹ ਬੱਚੇ, ਔਰਤਾਂ ਜੰਗ ਦੀ ਭੇਟ ਚੜ੍ਹੇ ਹਨ। ਲਾਇਬ੍ਰੇਰੀਆਂ ਤੇ ਸ਼ਾਨਦਾਰ ਇਮਾਰਤਾਂ ਤਬਾਹ ਹੋ ਰਹੀਆਂ ਹਨ। ਇਸ ਸਮੇਂ ਦੁਨੀਆ ਦੀ ਖ਼ਾਮੋਸ਼ੀ ਮਨੁੱਖਤਾ ਲਈ ਨਮੋਸ਼ੀ ਹੈ। ਫਾਰਸੀ ਸ਼ਾਇਰ ਰੂਮੀ ਅਤੇ ਸ਼ੇਖ ਸਾਦੀ ਸਮੇਤ ਫੈਜ਼ ਅਹਿਮਦ ਫੈਜ਼ ਆਦਿ ਦੀ ਪਿਆਰ, ਮੋਹ ਅਤੇ ਮੁਹੱਬਤ ਨਾਲ ਜਿਊਣ ਦੀ ਹਦਾਇਤ ਅਤਾ ਫਰਮਾਈ ਹੈ ਜੋ ਸਹੀ ਢੰਗ ਤਰੀਕਾ ਹੈ। ਮਾਨਵੀ ਜੀਵਨ ਵਿੱਚ ਅਮੁੱਲ ਸਥਾਨ ਰੱਖਦੇ ਸਾਹਿਤ, ਸੱਭਿਆਚਾਰ ਅਤੇ ਕਲਾਕਾਰੀ ਦੀ ਹੋਣ ਵਾਲੀ ਤਬਾਹੀ ਨੂੰ ਆਉਣ ਵਾਲੀਆ ਨਸਲਾਂ ਨੂੰ ਵਾਂਝਿਆ ਰਹਿਣਾ ਪੈਂਦਾ ਹੈ, ਜਿਹੜੀ ਖ਼ਤਰਨਾਕ ਕਿਸਮ ਦੀ ਗੁਲਾਮੀ ਬਣੀ ਰਹਿੰਦੀ ਹੈ।

ਡਾ. ਪੰਨਾ ਲਾਲ ਮੁਸਤਫਾਬਾਦੀ, ਚੰਡੀਗੜ੍ਹ

Advertisement
×