Canada News: ਕਿਸਾਨੀ ਸੰਘਰਸ਼ ਬਾਰੇ ਸੁਰਿੰਦਰ ਗਿੱਲ ਦੀ ਪੁਸਤਕ ਰਿਲੀਜ਼
ਕਿਸਾਨੀ ਦਰਦ ਦੀ ਪਹਿਲੀ ਇਤਿਹਾਸਕ ਦਸਤਾਵੇਜ਼ ਹੈ ਪੁਸਤਕ: ਡਾ. ਸੰਘਾ
Canada News: ਕੈਨੇਡੀਅਨ ਸਾਹਿਤ ਸਭਾ ਵੱਲੋਂ ਪੰਜਾਬ ਮੂਲ ਦੀ ਕਵਿੱਤਰੀ ਤੇ ਉੱਘੀ ਕਥਾਕਾਰ ਸੁਰਿੰਦਰਜੀਤ ਕੌਰ ਗਿੱਲ ਦੀ ਪੁਸਤਕ ‘ਅੱਖੀਂ ਡਿੱਠਾ ਭਾਰਤੀ ਕਿਸਾਨ ਅੰਦੋਲਨ’ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਡਾ. ਜਗਮੋਹਨ ਸਿੰਘ ਸੰਘਾ, ਭੁਪਿੰਦਰ ਦੁਲੇ, ਕਿਰਪਾਲ ਸਿੰਘ ਪੰਨੂ, ਪਰਮਜੀਤ ਸਿੰਘ ਢਿੱਲੋਂ, ਮਲੂਕ ਸਿੰਘ ਕਾਹਲੋਂ, ਪੁਸਤਕ ਦੀ ਲੇਖਿਕਾ ਸੁਰਿੰਦਰਜੀਤ ਕੌਰ ਗਿੱਲ ਆਦਿ ਮੌਜੂਦ ਸਨ ।
ਪੁਸਤਕ ਬਾਰੇ ਬੋਲਦਿਆਂ ਡਾ. ਜਗਮੋਹਨ ਸਿੰਘ ਸੰਘਾ ਨੇ ਕਿਹਾ ਕਿ ਇਹ ਕਿਤਾਬ ਭਾਰਤ ਦੇ ਕਿਸਾਨ ਸੰਘਰਸ਼ ਬਾਰੇ ਇੱਕ ਇਤਿਹਾਸਕ ਦਸਤਾਵੇਜ਼ ਹੈ ਜਿਸ ਨੂੰ ਆਧਾਰ ਬਣਾ ਕੇ ਖੋਜਾਰਥੀ ਇਸ ਲਾਸਾਨੀ ਸੰਘਰਸ਼ ਦੀ ਬਾਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਂਦੇ ਰਹਿਣਗੇ। ਭਾਰਤ ਦੇ ਇਤਿਹਾਸ ਵਿੱਚ ਕਿਸਾਨਾਂ ਵਲੋਂ ਇੰਨਾ ਵੱਡਾ ਸੰਘਰਸ਼ ਪਹਿਲਾਂ ਨਹੀਂ ਲੜਿਆ ਗਿਆ ਅਤੇ ਸਫਲਤਾ ਹਾਸਲ ਕਰਨ ਤੋਂ ਬਾਅਦ ਹੀ ਸਮਾਪਤ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਤੇ ਬਹੁਤ ਕਿਤਾਬਾਂ ਹੋਰ ਵੀ ਛੱਪ ਚੁੱਕੀਆਂ ਹਨ ਪਰ ਇਸ ਕਿਤਾਬ ਵਿੱਚ ਸਮੇਂ ਦਾ ਸੱਚ ਪਰੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਲੋਖਿਕਾ ਅੰਦੋਲਨ ਸਮੇਂ ਖੁਦ ਕੈਨੇਡਾ ਤੋ ਜਾ ਕੇ ਦਿੱਲੀ ਵਿੱਚ ਸ਼ਾਮਲ ਰਹੀ।
ਮਲੂਕ ਸਿੰਘ ਕਾਹਲੋਂ ਨੇ ਕਿਹਾ ਕਿ ਮੈਡਮ ਗਿੱਲ ਨੇ ਸੰਘਰਸ਼ ਸਮੇਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਤਜਰਬੇ ਖੁਦ ਹੰਡਾਏ ਜਿਨਾਂ ਰਾਹੀਂ ਕਿਸਾਨਾਂ ਨੂੰ ਉੱਥੇ ਪੇਸ਼ ਆਈਆਂ ਪ੍ਰੇਸ਼ਾਨੀਆਂ ਦਾ ਵਿਸਥਾਰ ਪੂਰਵਕ ਵਰਨਣ ਇਸ ਕਿਤਾਬ ਵਿੱਚ ਮਿਲਿਆ ਹੈ।
ਕਿਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਕਿਤਾਬ ਦੀ ਕਰਤਾ ਸਾਰੇ ਪਿੰਡਾਂ ਵਿਚ ਗਈ ਜਿਸ ਕਰਕੇ ਕਿਸਾਨ ਸੁਆਣੀਆਂ ਦੇ ਦੁੱਖ ਅਤੇ ਉਤਸ਼ਾਹ ਦੇ ਤਜਰਬੇ ਵੀ ਸਾਂਝੇ ਕੀਤੇ ਗਏ। ਭੁਪਿੰਦਰ ਦੁਲੇ ਨੇ ਕਿਹਾ ਕਿ ਕਿਤਾਬ ਵਿਚ ਸੰਘਰਸ਼ ਦੌਰਾਨ ਰਚੀਆਂ ਗਈਆਂ ਕਵਿਤਾਵਾਂ ਵੀ ਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਸੰਘਰਸ਼ ਦੀ ਜਜ਼ਬਾਤੀ ਗਤੀ ਤੇ ਸੂਝ ਨਾਲ ਜੁੜੀਆਂ ਹੋਈਆਂ ਹਨ ।
ਸੁਰਿੰਦਰਜੀਤ ਗਿੱਲ ਨੇ ਦੱਸਿਆ ਕਿ ਉਹ ਖੁਦ ਕਿਸਾਨ ਦੀ ਧੀ ਹੈ। ਉਸ ਨੇ ਕੈਨੇਡਾ ਦੀ ਤਰਜ਼ੇ ਜ਼ਿੰਦਗੀ ਦੀ ਥਾਂ ਦਿੱਲੀ ਵਿੱਚ ਜਲੀਲ ਹੋ ਕਿਸਾਨੀ ਜ਼ਿੰਦਗੀ ਨੂੰ ਤਰਜੀਹ ਦਿੱਤੀ।
ਰਹਿਣ ਸਹਿਣ ਦੇ ਕਸ਼ਟ ਝੱਲੇ ਪਰ ਸਫਲਤਾ ਹਾਸਲ ਹੋਣ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਕਿਤਾਬ ਕਿਸਾਨਾਂ ਨਾਲ ਬੈਠ ਕੇ ਦਿੱਲੀ ਵਿੱਚ ਹੀ ਲਿਖੀ ਗਈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਹਰਿਆਣਾ ਦੇ ਪਿੰਡਾਂ ਵਿੱਚ ਵੀ ਗਈ ਜਿੱਥੇ ਪਿੱਛੇ ਰਹਿ ਗਈਆਂ ਕਿਸਾਨ ਸੁਆਣੀਆਂ ਤੇ ਬੱਚਿਆਂ ਦੇ ਹਾਵ ਭਾਵਾਂ ਨੂੰ ਨੇੜੇ ਹੋ ਕੇ ਵੇਖਿਆ। ਉਸ ਲਈ ਉਹ ਨਾਭੁੱਲਣ ਯੋਗ ਪਲ ਹਨ।
ਪਰਮਜੀਤ ਸਿੰਘ ਢਿੱਲੋਂ ਨੇ ਆਏ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ।

