ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 3 ਦਸੰਬਰ
ਕਿਸਾਨੀ ਸੰਘਰਸ਼ ਦੌਰਾਨ ਹਰ ਸਮੇਂ ਸਰਗਰਮ ਰਹਿਣ ਵਾਲੇ ਪਿੰਡ ਤੋਲਾਵਾਲ ਦੇ ਕਿਸਾਨ ਜੱਗਰ ਸਿੰਘ ਪੁੱਤਰ ਬਚਨ ਸਿੰਘ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਦੱਸਿਆ ਕਿ ਸਾਬਕਾ ਫੌਜੀ ਜੱਗਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਜਥੇਬੰਦੀ ਜੁੜਿਆ ਹੋਇਆ ਸੀ। ਉਹ ਹਰ ਪ੍ਰੋਗਰਾਮ ਵਿੱਚ ਕਿਸਾਨੀ ਗੀਤ ਗਾਉਂਦਾ ਸੀ। ਪਿਛਲੇ ਦਿਨ ਜੱਗਰ ਸਿੰਘ ਦੀ ਸੁਨਾਮ ਵਿਖੇ ਧਰਨੇ ਵਿੱਚ ਕਿਸਾਨੀ ਗੀਤ ਪੇਸ਼ ਕਰਨ ਸਮੇਂ ਸਿਹਤ ਖਰਾਬ ਹੋ ਗਈ ਤੇ ਬੀਤੀ ਰਾਤ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਲੋੜੀਂਦੇ ਕਾਰਵਾਈ ਕਰਨ ਤੇ ਪੋਸਟਮਾਰਟਮ ਤੋਂ ਬਾਅਦ ਇਸ ਕਿਸਾਨ ਦਾ ਅੱਜ ਪਿੰਡ ਤੋਲਾਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਰੀਤਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਭਗਤ ਸਿੰਘ ਸ਼ਾਹਪੁਰ,ਰਾਮਸ਼ਰਨ ਸਿੰਘ ਉਗਰਾਹਾਂ,ਅਜਾਇਬ ਸਿੰਘ ਜਖੇਪਲ,ਦਰਸ਼ਨ ਸਿੰਘ ਤੋਲਾਵਾਲ ਤੇ ਗੁਰਮੇਲ ਸਿੰਘ ਭੱਠਲ ਨੇ ਪੰਜਾਬ ਸਰਕਾਰ ਤੋਂ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।