ਪੇਂਡੂ ਖੇਤਰ ਨੂੰ ਅਜੇ ਵੀ ਮੀਂਹ ਦੀ ਉਡੀਕ
ਫ਼ਾਜ਼ਿਲਕਾ ਹੋਇਆ ਜਲ-ਥਲ; ਮੌਨਸੂਨ ਦੀ ਰਫ਼ਤਾਰ ਮੱਠੀ ਪੈਣ ਕਾਰਨ ਕਿਸਾਨਾਂ ਦੀ ਖੇਤੀ ਲਾਗਤ ਵਧੀ
ਲੰਮੇ ਸਮੇਂ ਤੋਂ ਔੜ ਮਗਰੋਂ ਭਾਵੇਂ ਅੱਜ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਹੈ ਪਰ ਪਿੰਡ ਵਾਸੀ ਹਾਲੇ ਮੀਂਹ ਦੀ ਉਡੀਕ ’ਚ ਹਨ। ਸ਼ਹਿਰ ਵਾਸੀ ਰਾਕੇਸ਼ ਕੁਮਾਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਅਤਿ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਸਨ। ਦੂਜੇ ਪਾਸੇ ਸਰਹੱਦੀ ਪਿੰਡ ਝੰਗੜਭੈਣੀ ਦੇ ਨੌਜਵਾਨ ਕਿਸਾਨ ਸੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਮੀਂਹ ਨਹੀਂ ਪਿਆ ਅਤੇ ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ ਹਨ।
ਇਸੇ ਦੌਰਾਨ ਪਾਵਰਕੌਮ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਵੱਧ ਰਹੀ ਸੀ ਅਤੇ ਬਹੁਤ ਵੱਡੀ ਸਮੱਸਿਆ ਆ ਰਹੀ ਸੀ।
ਫਾਜ਼ਿਲਕਾ ’ਚ ਭਾਵੇਂ ਅੱਜ ਮੀਂਹ ਪਿਆ ਹੈ ਪਰ ਮਾਲਵਾ ਖੇਤਰ ਵਿੱਚ ਇਸ ਵਾਰ ਮੌਨਸੂਨ ਦੀ ਰਫ਼ਤਾਰ ਮੱਠੀ ਰਹਿਣ ਕਾਰਨ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਚਿੰਤਾ ਵੱਧਣ ਲੱਗੀ ਹੈ। ਖ਼ਾਸ ਕਰਕੇ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਵਰਗੇ ਜ਼ਿਲ੍ਹਿਆਂ ਵਿੱਚ ਹਾਲੇ ਤੱਕ ਲੋੜ ਅਨੁਸਾਰ ਮੀਂਹ ਨਾ ਪੈਣ ਕਾਰਨ ਖੇਤਾਂ ਵਿੱਚ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਟਿਊਬਵੈੱਲਾਂ ’ਤੇ ਵੱਧ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਬਿਜਲੀ ਦੀ ਖਪਤ ਅਤੇ ਖੇਤੀ ਦੀ ਲਾਗਤ ਵਿੱਚ ਵੀ ਵਾਧਾ ਹੋ ਰਿਹਾ ਹੈ।

