ਜਥੇਦਾਰ ਗੜਗੱਜ ਦਾ ਹਾਂਗਕਾਂਗ ਵਿੱਚ ਸੰਗਤ ਵੱਲੋਂ ਸਵਾਗਤ
ਅਕਾਲ ਤਖ਼ਤ ਦੇ ਜਥੇਦਾਰ ਤਿੰਨ ਦਿਨਾਂ ਦੇ ਦੌਰੇ ਉਤੇ ਹਾਂਗਕਾਂਗ ਪੁੱਜੇ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਸੱਦੇ ਉੱਤੇ ਤਿੰਨ ਦਿਨਾਂ ਦੇ ਦੌਰੇ ’ਤੇ ਹਾਂਗਕਾਂਗ ਪੁੱਜੇ ਹਨ। ਹਾਂਗਕਾਂਗ ਪੁੱਜਣ ਉੱਤੇ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਜਥੇਦਾਰ ਗੜਗੱਜ ਦਾ ਸਿਰੋਪਾਓ ਤੇ ਹਾਰ ਪਾ ਕੇ ਜੈਕਾਰਿਆਂ ਨਾਲ ਸਵਾਗਤ ਕੀਤਾ।
ਆਪਣੇ ਤਿੰਨ ਦਿਨਾਂ ਦੇ ਦੌਰੇ ਦੌਰਾਨ ਜਥੇਦਾਰ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸੰਗਤ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਅਤੇ ਸਥਾਨਕ ਸੰਗਤ ਤੇ ਨੌਜਵਾਨਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿੱਚ ਸਿੱਖ ਕਰੀਬ 125 ਸਾਲ ਪਹਿਲਾਂ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸੰਨ 1901 ਵਿੱਚ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੀ।
ਜਥੇਦਾਰ ਗੜਗੱਜ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੀ ਇਸ ਦੌਰੇ ਉੱਤੇ ਹਾਂਗਕਾਂਗ ਪੁੱਜੇ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਸਵੰਤ ਸਿੰਘ, ਪ੍ਰਧਾਨ ਨਿਰਮਲ ਸਿੰਘ ਪਟਿਆਲਾ, ਮੀਤ ਪ੍ਰਧਾਨ ਜੁਗਰਾਜ ਸਿੰਘ ਡੁੱਗਰੀ, ਮੈਂਬਰ ਮਹਿੰਦਰ ਸਿੰਘ ਪੱਕੀ, ਸਾਬਕਾ ਪ੍ਰਧਾਨ ਦਲਜੀਤ ਸਿੰਘ ਜ਼ੀਰਾ, ਸਾਬਕਾ ਬੋਰਡ ਮੈਂਬਰ ਬਲਜਿੰਦਰ ਸਿੰਘ ਦਸਮੇਸ਼ ਨਗਰ, ਸਾਬਕਾ ਬੋਰਡ ਮੈਂਬਰ ਜੁਝਾਰ ਸਿੰਘ, ਸਾਬਕਾ ਸਕੱਤਰ ਜਸਕਰਨ ਸਿੰਘ ਵਾਂਦਰ, ਸਾਬਕਾ ਸਕੱਤਰ ਬਲਜੀਤ ਸਿੰਘ, ਸੁਖਚੈਨ ਸਿੰਘ, ਗਗਨਪ੍ਰੀਤ ਸਿੰਘ, ਜੀਵਨ ਸਿੰਘ, ਤੇਜਪਾਲ ਸਿੰਘ, ਨਵਜੀਤ ਸਿੰਘ ਹਾਜ਼ਰ ਸਨ।

