Yo Yo Honey Singh ਦੇ ਭਤੀਜੇ ਦਿਵਿਤ ਔਲਖ ਦੀ ਸੜਕ ਹਾਦਸੇ ’ਚ ਮੌਤ
Jalandhar road accident: ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦੀ ਮੌਤ ’ਤੇ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Jalandhar road accident: ਰੈਪਰ ਯੋ ਯੋ ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਪੁੱਤਰ ਦੀ ਐਤਵਾਰ ਤੜਕੇ 3 ਵਜੇ ਜਲੰਧਰ ਵਿੱਚ ਸੜਕ ਹਾਦਸੇ ਦੌਰਾਨ ਆਪਣੇ ਇੱਕ ਦੋਸਤ ਸਣੇ ਮੌਤ ਹੋ ਗਈ। ਇਸ ਘਟਨਾ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮ੍ਰਿਤਕਾਂ ਦੀ ਪਛਾਣ ਸਪੀਡ ਰਿਕਾਰਡਸ ਦੇ ਮੈਨੇਜਿੰਗ ਡਾਇਰੈਕਟਰ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ (ਸਾਢੇ 18 ਸਾਲ) ਅਤੇ ਜਲੰਧਰ ਸਥਿਤ ਪੱਪੀ ਸਵੀਟਸ ਦੇ ਮਾਲਕ ਦੇ ਪੋਤੇ ਆਰਵ ਤਲਵਾੜ (19) ਵਜੋਂ ਹੋਈ ਹੈ। ਦਿਵਿਤ ਰੈਪਰ ਹਨੀ ਸਿੰਘ ਦੇ ਚਚੇਰੇ ਭਰਾ ਦਾ ਪੁੱਤਰ ਸੀ। ਇਹ ਹਾਦਸਾ ਜਲੰਧਰ ਵਿੱਚ ਪੁਲੀਸ ਲਾਈਨ ਨੇੜੇ ਫਲਾਈਓਵਰ 'ਤੇ ਵਾਪਰਿਆ।
ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਪਾਰਟੀ ਤੋਂ ਬਾਅਦ ਆਪਣੀ ਵੋਕਸਵੈਗਨ ਜੈਟਾ (Volkswagen Jetta) ਕਾਰ ਵਿੱਚ ਜਾ ਰਹੇ ਸਨ। ਤੇਜ਼ ਰਫ਼ਤਾਰ ਕਾਰ ਨਗਰ ਨਿਗਮ ਦੀ ਖੜ੍ਹੀ ਕੂੜੇ ਵਾਲੀ ਟਰਾਲੀ ਨਾਲ ਜਾ ਟਕਰਾਈ, ਜਿਸ ਨਾਲ ਕਾਰ ਦੇ ਪਰਖੱਚੇ ਉੱਡ ਗਏ। ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਕਾਰ ਵਿੱਚ ਸਵਾਰ ਆਪਣੇ ਬਾਕੀ ਦੋਸਤਾਂ ਨੂੰ ਪਹਿਲਾਂ ਹੀ ਉਤਾਰ ਦਿੱਤਾ ਸੀ।
ਇਸ ਦੁਖਦਾਈ ਘਟਨਾ 'ਤੇ ਹਨੀ ਸਿੰਘ ਨੇ ਇੰਸਟਾਗ੍ਰਾਮ 'ਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ, "ਮੇਰੇ ਭਤੀਜੇ ਦਾ ਜਾਣਾ ਬਹੁਤ ਦੁਖਦਾਈ ਹੈ। ਭੋਲੇਨਾਥ ਮਿਹਰ ਕਰੇ।"
ਇਸ ਦੁਖਾਂਤ ਮਗਰੋਂ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਦਿਨੇਸ਼ ਔਲਖ ਦੇ ਘਰ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਗਾਇਕ ਗਿੱਪੀ ਗਰੇਵਾਲ ਅਤੇ ਅਦਾਕਾਰ ਬਿੰਨੂ ਢਿੱਲੋਂ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ। ਬਿੰਨੂ ਢਿੱਲੋਂ ਨੇ ਕਿਹਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ, ਇੱਕ ਪਿਤਾ ਲਈ ਜਵਾਨ ਪੁੱਤਰ ਦਾ ਵਿਛੋੜਾ ਸਹਿਣਾ ਬਹੁਤ ਔਖਾ ਹੈ।
ਜ਼ਿਕਰਯੋਗ ਹੈ ਕਿ ਦਿਨੇਸ਼ ਔਲਖ ਚੌਪਾਲ ਅਤੇ ਪਿਟਾਰਾ ਟੀਵੀ ਵਰਗੇ ਓਟੀਟੀ ਪਲੇਟਫਾਰਮਾਂ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਨੇ ਖੁਦ ਹਨੀ ਸਿੰਘ ਸਮੇਤ ਦਿਲਜੀਤ ਦੋਸਾਂਝ, ਕਰਨ ਔਜਲਾ, ਸ਼ੈਰੀ ਮਾਨ ਅਤੇ ਸਤਿੰਦਰ ਸਰਤਾਜ ਵਰਗੇ ਕਈ ਦਿੱਗਜ ਗਾਇਕਾਂ ਦੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਚਾਲਕ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਕਾਰ: ਪੁਲੀਸ
ਪੁਲੀਸ ਮੁਤਾਬਕ ਕਾਰ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ, ਜਿਸ ਦੌਰਾਨ ਕਾਰ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਜਾ ਟਕਰਾਈ। ਟੱਕਰ ਤੋਂ ਬਚਣ ਦੀ ਕੋਸ਼ਿਸ਼ ਵਿੱਚ ਕਾਰ ਦਾ ਇੱਕ ਪਾਸਾ ਟਰਾਲੀ ਨਾਲ ਜਾ ਵੱਜਿਆ। ਹਾਦਸੇ ਵਿੱਚ ਕਾਰ ਦਾ ਖੱਬਾ ਪਾਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਪਾਸੇ ਹੀ ਵਿਦਿਤ ਅਤੇ ਆਰਵ ਬੈਠੇ ਸਨ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿੱਚ ਸਵਾਰ ਪੰਜੇ ਨੌਜਵਾਨਾਂ ਦੀ ਉਮਰ 18 ਤੋਂ 19 ਸਾਲ ਦੇ ਵਿਚਕਾਰ ਸੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਤਿੰਨ ਹੋਰ ਨੌਜਵਾਨਾਂ ਦੀ ਪਛਾਣ ਰਾਘਵ ਪੁੰਛੀ (18), ਪੁਸ਼ਕਰ ਸ਼ਾਰਦਾ (18) ਅਤੇ ਇੱਕ ਹੋਰ ਨੌਜਵਾਨ ਵਜੋਂ ਹੋਈ ਹੈ। ਪੁਸ਼ਕਰ ਸ਼ਾਰਦਾ ਵਾਰਡ ਨੰਬਰ 78 ਦੇ ਕੌਂਸਲਰ ਦੀਪਕ ਸ਼ਾਰਦਾ ਦਾ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਕਿ ਰਾਘਵ ਪੁੰਛੀ ਦੇ ਪਿਤਾ ਇਸ ਕਾਰ ਦੇ ਮਾਲਕ ਹਨ।
ਰਿਪੋਰਟਾਂ ਮੁਤਾਬਕ ਇਹ ਨੌਜਵਾਨ ਦੋ ਹੋਰ ਕਾਰਾਂ ਸਕੋਡਾ ਅਤੇ ਥਾਰ ਵਿੱਚ ਸਵਾਰ ਆਪਣੇ ਦੋਸਤਾਂ ਨਾਲ ਰੇਸ ਲਗਾ ਰਹੇ ਸਨ। ਇਨ੍ਹਾਂ ਕਾਰਾਂ ਨੂੰ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦੇ ਪੁੱਤਰ ਦੱਸੇ ਜਾ ਰਹੇ ਨੌਜਵਾਨ ਚਲਾ ਰਹੇ ਸਨ।

