ਪੱਛਮੀ ਕਮਾਨ ਨੇ ਜਿੱਤੀ ਇੰਡੀਅਨ ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ ਦੀ ਟਰਾਫੀ
ਫ਼ੌਜ ਦੀਆਂ ਛੇ ਕਮਾਂਡਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਟੀਮਾਂ ਨੇ ਹਿੱਸਾ ਲਿਆ
ਜਲੰਧਰ ਛਾਉਣੀ ਵਿਖੇ 24 ਜੁਲਾਈ ਤੋਂ 30 ਜੁਲਾਈ 2026 ਤੱਕ ਕਰਵਾਈ ਗਈ ਇੰਡੀਅਨ ਆਰਮੀ ਇੰਟਰ ਕਮਾਂਡ ਹਾਕੀ ਚੈਂਪੀਅਨਸ਼ਿਪ 2026-27 ਵਿੱਚ ਭਾਰਤੀ ਫ਼ੌਜ ਦੇ ਉੱਤਮ ਖਿਡਾਰੀਆਂ ਵਿਚਕਾਰ ਜ਼ਬਰਦਸਤ ਹਾਕੀ ਮੁਕਾਬਲਾ ਦੇਖਣ ਨੂੰ ਮਿਲਿਆ।
ਇਸ ਚੈਂਪੀਅਨਸ਼ਿਪ ਵਿੱਚ ਫ਼ੌਜ ਦੀਆਂ ਛੇ ਕਮਾਂਡਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਟੀਮਾਂ ਨੇ ਹਿੱਸਾ ਲਿਆ, ਜਿਸ ਦਾ ਸਮਾਪਤੀ ਸਮਾਰੋਹ 30 ਜੁਲਾਈ 2026 ਨੂੰ ਵਜਰਾ ਹਾਕੀ ਸਟੇਡੀਅਮ (ਆਰਮੀ ਹਾਕੀ ਨੋਡ), ਜਲੰਧਰ ਛਾਉਣੀ ਵਿਖੇ ਹੋਇਆ। ਇੱਕ ਸਖ਼ਤ ਮੁਕਾਬਲੇ ਵਾਲੇ ਫ਼ਾਈਨਲ ਵਿੱਚ, ਪੱਛਮੀ ਕਮਾਨ ਨੇ ਦੱਖਣੀ ਕਮਾਨ ਨੂੰ 4-2 ਦੇ ਸਕੋਰ ਨਾਲ ਹਰਾ ਕੇ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਂ ਕਰ ਲਈ।
ਵੈਸਟਰਨ ਕਮਾਂਡ ਦੇ ਜਨਰਲ ਅਧਿਕਾਰੀ ਕਮਾਂਡਿੰਗ-ਇਨ-ਚੀਫ਼, ਲੈਫ਼ਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜੇਤੂਆਂ ਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਰਾਫ਼ੀਆਂ ਅਤੇ ਪੁਰਸਕਾਰ ਦਿੱਤੇ।
ਚੈਂਪੀਅਨਾਂ ਅਤੇ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਿਆਂ, ਫੌਜੀ ਕਮਾਂਡਰ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਹੁਨਰ, ਅਨੁਸ਼ਾਸਨ, ਖੇਡ ਭਾਵਨਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਨ ਲਈ ਖਿਡਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਪੇਸ਼ੇਵਰ ਆਚਰਣ ਅਤੇ ਸਫ਼ਲਤਾਪੂਰਵਕ ਆਯੋਜਨ ਲਈ ਪ੍ਰਬੰਧਕਾਂ ਦੀ ਤਾਰੀਫ਼ ਕੀਤੀ।
ਕੌਮੀ ਨਿਰਮਾਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ 'ਤੇ ਭਾਰਤੀ ਫ਼ੌਜ ਦੇ ਦ੍ਰਿਸ਼ਟੀਕੋਣ ਅਤੇ ਯਤਨਾਂ ਨੇ ਕਾਬਲੀਅਤ ਦੀ ਪਛਾਣ ਕਰਨ, ਖੇਡ ਹੁਨਰ ਨੂੰ ਨਿਖਾਰਨ ਅਤੇ ਹਾਕੀ ਸਮੇਤ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਦਾ ਰਾਹ ਪੱਧਰਾ ਕੀਤਾ ਹੈ। ਫ਼ਿਲਹਾਲ, ਭਾਰਤੀ ਫ਼ੌਜ ਦੇ ਪੰਜ ਖਿਡਾਰੀ ਭਾਰਤੀ ਕੌਮੀ ਹਾਕੀ ਕੈਂਪ ਦਾ ਹਿੱਸਾ ਹਨ, ਜਿਨ੍ਹਾਂ ਵਿੱਚ ਨਾਇਬ ਸੂਬੇਦਾਰ ਸੂਰਜ ਕਰਕੇਰਾ, ਹਵਾਲਦਾਰ ਜੀਤਪਾਲ, ਹਵਾਲਦਾਰ ਚਿਰਾਗ, ਹਵਾਲਦਾਰ ਆਰੀਅਨ ਜ਼ੇਸ ਅਤੇ ਹਵਾਲਦਾਰ ਪ੍ਰਭਦੀਪ ਸ਼ਾਮਲ ਹਨ , ਜੋ ਖੇਡ ਵਿੱਚ ਉੱਤਮਤਾ ਅਤੇ ਕੌਮੀ ਨਿਰਮਾਣ ਪ੍ਰਤੀ ਭਾਰਤੀ ਫ਼ੌਜ ਦੀ ਅਟੁੱਟ ਵਚਨਬੱਧਤਾ ਨੂੰ ਬਰਕਰਾਰ ਰੱਖੀ ਬੈਠੇ ਹਨ।

