ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜੂਨ
ਭਾਰਤੀ ਫ਼ੌਜ, ਸਰਕਾਰੀ ਅਧਿਕਾਰੀਆਂ ਤੇ ਭਾਜਪਾ ਆਗੂਆਂ ਨੇ ਅੱਜ ਇਥੇ ਵੱਖ ਵੱਖ ਥਾਵਾਂ ’ਤੇ ਯੋਗ ਦਿਵਸ ਮਨਾਇਆ। ਉਧਰ ਕਰੋਨਾ ਦੇ ਵੱਧ ਰਹੇ ਪ੍ਰਭਾਵ ਅਤੇ ਤਾਲਾਬੰਦੀ ਕਾਰਨ ਆਮ ਲੋਕਾਂ ਨੇ ਯੋਗ ਦਿਵਸ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ।
ਜਲੰਧਰ ਛਾਉਣੀ ਵਿੱਚ ਵਜਰਾ ਕੋਰ ਨੇ ਅੱਜ ‘ਘਰ ਵਿੱਚ ਯੋਗ-ਪਰਿਵਾਰ ਦੇ ਨਾਲ ਯੋਗ’ ਨਾਅਰੇ ਹੇਠ 6ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ। ਵਜਰਾ ਕੋਰ ਦੇ ਸਾਰੇ ਅਧਿਕਾਰੀ ਸਵੇਰ ਆਪਣੇ ਪਰਿਵਾਰਾਂ ਨਾਲ ਵੱਖ-ਵੱਖ ਡਿਜ਼ੀਟਲ ਪਲੇਟਫਰਾਮਾਂ ਦੀ ਵਰਤੋਂ ਕਰਦੇ ਹੋਏ ਇਸ ਕੌਮਾਂਤਰੀ ਯੋਗ ਦਿਵਸ ਵਿੱਚ ਸ਼ਾਮਿਲ ਹੋਏ।
ਵਜਰਾ ਕੋਰ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਅਤੇ ਵਜਰਾ ਕੋਰ ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਦੀ ਜ਼ੋਨਲ ਪ੍ਰਧਾਨ ਨੰਦਨੀ ਸ਼ਰਮਾ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਆਖੀਰ ਵਿੱਚ ਸਾਰਿਆਂ ਨੇ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਮੰਨਣ ਦਾ ਸੰਕਲਪ ਲਿਆ।
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਸੈਂਟਰਲ ਟਾਊਨ ਵਾਲੇ ਜੱਦੀ ਘਰ ਵਿੱਚ ਹੀ ਆਸਣ ਕੀਤੇ। ਇਸੇ ਤਰ੍ਹਾਂ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਤੇ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ, ਭਾਜਪਾ ਦੇ ਸਾਬਕਾ ਬੁਲਾਰੇ ਰਾਕੇਸ਼ ਸ਼ਾਂਤੀ ਦੂਤ, ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਯੋਗ ਨੂੰ ਕੌਮਾਂਤਰੀ ਪੱਧਰ ’ਤੇ ਮਨਾਉਣ ਲਈ ਸੰਯੁਕਤ ਰਾਸ਼ਟਰ ਕੋਲੋਂ ਪ੍ਰਵਾਨ ਕਰਵਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ।