ਪਾਲ ਸਿੰਘ ਨੌਲੀ
ਜਲੰਧਰ, 17 ਅਪਰੈਲ
ਬੇਮੌਸਮੀ ਮੀਂਹ ਨਾਲ ਜਿੱਥੇ ਮੰਡੀਆਂ ਵਿੱਚ ਲਿਆਂਦੀ ਕਣਕ ਭਿੱਜ ਗਈ ਹੈ ਉਥੇ ਖੇਤਾਂ ਵਿੱਚ ਕਣਕਾਂ ਵੱਢ ਰਹੀਆਂ ਕੰਬਾਈਨਾਂ ਵੀ ਖੜ੍ਹ ਗਈਆਂ ਹਨ। ਦੁਪਹਿਰ ਬਾਅਦ ਆਏ ਤੇਜ਼ ਮੀਂਹ ਨੇ ਕਿਸਾਨਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਮੀਂਹ ਰੁਕਣ ਦੇ ਬਾਵਜੂਦ ਤੇਜ਼ ਹਵਾਵਾਂ ਲਗਾਤਾਰ ਚੱਲਦੀਆਂ ਰਹੀਆਂ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੀ ਸੋਨੇ ਰੰਗੀ ਕਣਕ ਨੂੰ ਬਚਾਉਣ ਲਈ ਮਾਰਕੀਟ ਕਮੇਟੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਣਕ ਦੇ ਢੇਰਾਂ ਨੂੰ ਢਕਣ ਲਈ ਲੋੜੀਂਦੀਆਂ ਤਰਪਾਲਾਂ ਉਪਲਬੱਧ ਕਰਵਾਈਆਂ ਗਈਆਂ ਹਨ। ਸਰਕਾਰੀ ਅਧਿਕਾਰੀਆਂ ਨੇ ਜਲੰਧਰ ਸ਼ਹਿਰ ਵਾਲੀ ਮੰਡੀ ਵਿੱਚ ਤਰਪਾਲਾਂ ਦਾ ਪੂਰਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਹੈ।
ਜ਼ਿਲ੍ਹੇ ਵਿੱਚ 132 ਦੇ ਕਰੀਬ ਮੰਡੀਆਂ ਤੇ ਖਰੀਦ ਕੇਂਦਰ ਬਣਾਏ ਗਏ ਹਨ। ਪੇਂਡੂ ਇਲਾਕਿਆਂ ਦੀਆਂ ਬਹੁਤੀਆਂ ਮੰਡੀਆਂ ਵਿੱਚ ਤਰਪਾਲਾਂ ਦੀ ਘਾਟ ਕਰਨ ਕਿਸਾਨਾਂ ਦੀ ਕਣਕ ਭਿੱਜ ਗਈ ਹੈ। ਲੋਹੀਆਂ ਮੰਡੀ ਵਿੱਚ ਬਹੁਤ ਸਾਰੇ ਕਿਸਾਨਾਂ ਨੇ ਦੋਸ਼ ਲਾਇਆ ਕਿ ਤਰਪਾਲਾਂ ਨਾ ਹੋਣ ਕਾਰਨ ਉਨ੍ਹਾਂ ਦੀਆਂ ਕਣਕਾਂ ਭਿੱਜੀਆਂ ਹਨ। ਆਰਜ਼ੀ ਤੌਰ ’ਤੇ ਬਣਾਏ ਖਰੀਦ ਕੇਂਦਰਾਂ ਵਿੱਚ ਵੀ ਤਰਪਾਲਾਂ ਦੀ ਘਾਟ ਰੜਕਦੀ ਰਹੀ। ਲੋਹੀਆਂ ਮੰਡੀ ਵਿੱਚ ਕਣਕ ਵੇਚਣ ਆਏ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਤਰਪਾਲਾਂ ਦਾ ਪ੍ਰਬੰਧ ਕਰਨ ਦੇ ਦਾਅਵੇ ਤਾਂ ਜ਼ਰੂਰ ਕੀਤੇ ਹਨ ਪਰ ਇਹ ਪ੍ਰਬੰਧ ਪੂਰੇ ਨਹੀਂ ਪੈ ਰਹੇ।
ਉਧਰ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਬੋਰਡ ਅਤੇ ਖ਼ਰੀਦ ਏਜੰਸੀਆਂ ਦੇ ਅਮਲੇ ਵੱਲੋਂ ਕਣਕ ਦੇ ਢੇਰਾਂ ਅਤੇ ਬੋਰਿਆਂ ਨੂੰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਢੱਕ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣੇ ਨਾ ਕਰਨਾ ਪਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਹੀ ਸਮੁੱਚੇ ਅਮਲੇ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਕਰਨ ਲਈ ਵਚਨਬੱਧ ਹੈ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਵਿੱਚ ਅੱਜ ਮੀਂਹ ਕਾਰਨ ਕਣਕ ਦੀ ਫਸਲ ਨੂੰ ਡਾਢਾ ਨੁਕਸਾਨ ਹੋਇਆ ਹੈ| ਮੌਸਮ ਵਿੱਚ ਨਮੀ ਕਰਕੇ ਪਹਿਲਾਂ ਹੀ ਮੰਡੀ ਵਿੱਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਅੱਜ ਬਾਅਦ ਦੁਪਹਿਰ ਚਲੀਆਂ ਤੇਜ਼ ਹਵਾਵਾਂ ਤੇ ਮੀਂਹ ਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ। ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਬੰਡਾਲਾ ਤੋਂ ਕਣਕ ਲੈ ਕੇ ਆਏ ਕਿਸਾਨ ਮੋਹਕਮ ਸਿੰਘ ਅਤੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਤਰਪਾਲਾਂ ਦਾ ਪ੍ਰਬੰਧ ਨਾ ਦੇ ਬਰਾਬਰ ਹੈ| ਇਸ ਬਾਰਸ਼ ਨੇ ਆਉਂਦੇ ਤਿੰਨ ਦਿਨਾਂ ਲਈ ਕਣਕ ਦੀ ਵਾਢੀ ਲੇਟ ਕਰ ਦਿੱਤੀ ਹੈ| ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਬਾਰਸ਼ ਝਬਾਲ, ਸਰਾਏ ਅਮਾਨਤ ਖਾਂ, ਸੁਰਸਿੰਘ, ਖਾਲੜਾ, ਰਾਜੋਕੇ, ਖੇਮਕਰਨ, ਵਲਟੋਹਾ, ਹਰੀਕੇ, ਸਰਹਾਲੀ, ਨੌਸ਼ਹਿਰਾ ਪੰਨੂਆਂ, ਬਾਲਾਚੱਕ, ਗੋਹਲਵੜ੍ਹ, ਦੋਬੁਰਜੀ ਸਣੇ ਜ਼ਿਲ੍ਹੇ ਦੇ ਕਈ ਭਾਗਾਂ ਵਿੱਚ ਪਈ ਹੈ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ।
ਐਤਵਾਰ ਨੂੰ ਵੀ ਮੀਂਹ ਪੈਣ ਦੇ ਆਸਾਰ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਅੱਜ ਸਮੁੱਚੇ ਖੇਤਰ ਵਿੱਚ ਪਏ ਮੀਂਹ ਕਾਰਨ ਮੰਡੀਆਂ ਵਿੱਚ ਕਣਕ ਨੂੰ ਭਾਰੀ ਨੁਕਸਾਨ ਹੋਇਆ। ਮੌਸਮ ਵਿਭਾਗ ਅਨੁਸਾਰ 18 ਅਪਰੈਲ ਨੂੰ ਮੀਂਹ ਦੇ ਆਸਾਰ ਹਨ ਤੇ ਕਿਸਾਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਸਾਂਭਣ ’ਚ ਲੱਗੇ ਹੋਏ ਸਨ। ਇਲਾਕੇ ਵਿੱਚ ਲਗਪਗ ਪੰਜਾਹ ਫ਼ੀਸਦੀ ਕਣਕ ਦੀ ਕਟਾਈ ਹੋ ਚੁੱਕੀ ਹੈ। ਕਿਸਾਨ ਜਰਨੈਲ ਸਿੰਘ ਲਾਧੂਪੁਰ ਅਤੇ ਸਾਥੀਆਂ ਨੇ ਕਿਹਾ ਕਿ ਅਗੇਤੀਆਂ ਕਣਕਾਂ ਦੀ ਕਟਾਈ ਲਗਪਗ ਹੋ ਚੁੱਕੀ ਹੈ ਅਤੇ ਗੰਨੇ ਵਾਲੇ ਖੇਤਾਂ ਵਿੱਚ ਬੀਜੀ ਹੋਈ ਕਣਕ ਅਜੇ ਹਰੀ ਹੈ। ਇਸ ਦੇ ਚੱਲਦਿਆਂ ਬਲਾਕ ਕਾਹਨੂੰਵਾਨ ਵਿੱਚ ਵੱਡੇ ਪੱਧਰ ਉੱਤੇ ਪਛੇਤੀ ਕਣਕ ਦੀ ਕਟਾਈ ਅਜੇ ਬਾਕੀ ਹੈ। ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਪੈਂਦੀਆਂ ਦਾਣਾ ਮੰਡੀਆਂ ਬਜਾੜ, ਗੁਨੋਪੁਰ, ਕੋਟ ਧੁੰਦਲਾ ਆਦਿ ਵਿੱਚ ਫੜ ਕੱਚੇ ਹੋਣ ਕਾਰਨ ਕਣਕ ਨੁਕਸਾਨੀ ਗਈ ਹੈ। ਬਰਸਾਤ ਕਾਰਨ ਮਾਯੂਸ ਹੋਏ ਆੜ੍ਹਤੀ ਇਕਬਾਲ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ ਨੇ ਕਿਹਾ ਕਿ ਮੀਂਹ ਤੇ ਝੱਖੜ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਹਮੇਸ਼ਾਂ ਹੀ ਨੁਕਸਾਨ ਉਠਾਉਣਾ ਪੈਂਦਾ ਹੈ।
ਫਤਿਆਬਾਦ ਦੀ ਅਨਾਜ ਮੰਡੀ ਵਿੱਚ ਪਾਣੀ ਭਰਿਆ
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਦਾਣਾ ਮੰਡੀ ਫਤਿਆਬਾਦ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੰਡੀ ਵਿੱਚ ਕਈ ਥਾਂ ਪਾਣੀ ਖੜ੍ਹਾ ਹੋ ਗਿਆ। ਕਿਸਾਨਾਂ ਨੇ ਕਣਕ ਨੂੰ ਬਚਾਉਣ ਲਈ ਕਾਫੀ ਜਦੋਂਜਹਿਦ ਕੀਤੀ। ਮੰਡੀ ਦਾ ਪੱਧਰ ਨੀਵਾਂ ਹੋਣ ਕਾਰਨ ਪਾਣੀ ਖੜ੍ਹ ਗਿਆ। ਕਿਸਾਨ ਅਮਰਜੀਤ ਸਿੰਘ, ਨੱਥਾ ਸਿੰਘ, ਜੱਸਾ ਸਿੰਘ, ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੁੱਕੀ ਹੋਈ ਕਣਕ ਮੁੜ ਖਰਾਬ ਹੋ ਗਈ। ਉਨ੍ਹਾਂ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਮੰਡੀ ਅੰਦਰ ਪੱਕਾ ਸ਼ੈੱਡ ਬਣਾਇਆ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਫਤਿਆਬਾਦ ਦੇ ਸੈਕਟਰੀ ਹਰਬਰਿੰਦਰ ਸਿੰਘ ਨੇ ਕਿਹਾ ਕਿ ਮੰਡੀ ਵਿਚ ਕਿਸੇ ਕਿਸੇ ਜਗ੍ਹਾ ਨਿਵਾਣ ਕਾਰਨ ਪਾਣੀ ਭਰ ਜਾਂਦਾ ਹੈ ਤੇ ਕਿਸਾਨਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆਵੇ, ਇਸ ਲਈ ਸਾਰੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।