ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਲੰਧਰ ਕੈਂਟ ਸਟੇਸ਼ਨ ਦਾ ਕੀਤਾ ਨਿਰੀਖਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਕਰਨਗੇ ਪੁਨਰ-ਵਿਕਾਸ ਪ੍ਰਾਜੈਕਟ ਦਾ ਉਦਘਾਟਨ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਅਧਿਕਾਰੀਆਂ ਨਾਲ ਪੁਨਰ-ਵਿਕਸਿਤ ਜਲੰਧਰ ਕੈਂਟ (ਜੇ ਆਰ ਸੀ) ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਿਤ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ 17 ਜੁਲਾਈ, 2026 ਨੂੰ ਇਸ ਸਟੇਸ਼ਨ ਦੇ ਪੁਨਰ-ਵਿਕਾਸ ਪ੍ਰਾਜੈਕਟ ਦਾ ਉਦਘਾਟਨ ਕਰਨ ਵਾਲੇ ਹਨ।
ਨਿਰੀਖਣ ਦੌਰਾਨ ਰਵਨੀਤ ਬਿੱਟੂ ਨੇ ਯਾਤਰੀ ਸੁਵਿਧਾਵਾਂ ਤੇ ਚੱਲ ਰਹੀਆਂ ਤਿਆਰੀਆਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ ਅਤੇ ਮੁੜ-ਵਿਕਾਸ ਕਾਰਜਾਂ ਦੀ ਗੁਣਵੱਤਾ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਸਟੇਸ਼ਨ ਯਾਤਰੀਆਂ ਦੇ ਸਫ਼ਰ ਨੂੰ ਹੋਰ ਸੁਖਾਲਾ ਅਤੇ ਆਰਾਮਦਾਇਕ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਇਸ ਮੌਕੇ ਕੇਂਦਰੀ ਰਾਜ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਇਤਿਹਾਸਕ ਸੌਗਾਤ ਪ੍ਰਦਾਨ ਕਰਨ ਅਤੇ ਖੇਤਰ ਦੇ ਇੱਕ ਮਹੱਤਵਪੂਰਨ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਯਾਤਰੀ ਸੁਵਿਧਾ ਕੇਂਦਰ ਵਿੱਚ ਤਬਦੀਲ ਕਰਨ ਲਈ ਉਹ ਉਨ੍ਹਾਂ ਦੇ ਰਿਣੀ ਹਨ।
ਲਗਪਗ 110 ਸਾਲ ਪੁਰਾਣੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਪੁਨਰ-ਵਿਕਾਸ ਕਰੀਬ 125 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਪ੍ਰਾਜੈਕਟ ਵਿੱਚ ਸਟੇਸ਼ਨ ਦੀ ਇਤਿਹਾਸਕ ਵਾਸਤੂਕਲਾ (ਆਰਕੀਟੈਕਚਰ) ਨੂੰ ਸੁਰੱਖਿਅਤ ਰੱਖਦੇ ਹੋਏ, ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲੇ ਤੱਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੁਨਰ-ਵਿਕਸਿਤ ਸਟੇਸ਼ਨ ਵਿੱਚ ਵਿਸ਼ਾਲ ਡਬਲ-ਹਾਈਟ ਏਅਰ ਕੌਨਕੋਰਸ, ਮਜ਼ਬੂਤ ਸਟੀਲ ਪਲੇਟਫਾਰਮ ਰੂਫਿੰਗ, ਤਿਲਕਣ-ਰਹਿਤ (ਸਲਿੱਪ-ਰੋਧਕ) ਫਰਸ਼, ਊਰਜਾ ਦੀ ਬਚਤ ਕਰਨ ਵਾਲੀ ਐੱਲ ਈ ਡੀ ਲਾਈਟਿੰਗ, ਸ਼ਹਿਰ ਦੇ ਦੋਵਾਂ ਪਾਸਿਆਂ ਤੋਂ ਸੁਵਿਧਾਜਨਕ ਪ੍ਰਵੇਸ਼ ਦੁਆਰ ਅਤੇ 6 ਮੀਟਰ ਤੇ 9 ਮੀਟਰ ਚੌੜਾਈ ਵਾਲੇ ਦੋ ਨਵੇਂ ਫੁੱਟ ਓਵਰ ਬ੍ਰਿਜ ਵਰਗੀਆਂ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ।
