ਕਤਲ ਕੇਸ ਵਿੱਚ ਲੋੜੀਂਦੇ ਦੋ ਸ਼ੂਟਰ ਮੁਕਾਬਲੇ ਤੋਂ ਬਾਅਦ ਕਾਬੂ
ਜਲੰਧਰ ਦਿਹਾਤੀ ਪੁਲੀਸ ਨੇ ਅੱਜ ਆਦਮਪੁਰ ਵਿਖੇ ਹੋਏ ਇੱਕ ਮੁਕਾਬਲੇ ਤੋਂ ਬਾਅਦ ਨੌਜਵਾਨ ਕੇਸਰ ਧਾਮੀ (26) ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੰਦਰ ਸ਼ੇਖਰ, ਵਾਸੀ ਪਿੰਡ ਡਾਵਿਡਾ ਅਹਰਾਣਾ ਅਤੇ ਜਸਪਾਲ ਸਿੰਘ, ਵਾਸੀ...
ਜਲੰਧਰ ਦਿਹਾਤੀ ਪੁਲੀਸ ਨੇ ਅੱਜ ਆਦਮਪੁਰ ਵਿਖੇ ਹੋਏ ਇੱਕ ਮੁਕਾਬਲੇ ਤੋਂ ਬਾਅਦ ਨੌਜਵਾਨ ਕੇਸਰ ਧਾਮੀ (26) ਦੇ ਕਤਲ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਚੰਦਰ ਸ਼ੇਖਰ, ਵਾਸੀ ਪਿੰਡ ਡਾਵਿਡਾ ਅਹਰਾਣਾ ਅਤੇ ਜਸਪਾਲ ਸਿੰਘ, ਵਾਸੀ ਪਿੰਡ ਡਰੋਲੀ ਕਲਾਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਾਬੂ ਕੀਤੇ ਜਾਣ ਮੌਕੇ ਪੁਲੀਸ ਪਾਰਟੀ 'ਤੇ ਗੋਲੀਆਂ ਚਲਾਉਣ ਤੋਂ ਦੌਰਾਨ ਪੁਲੀਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਦੋਵਾਂ ਦੀਆਂ ਲੱਤਾਂ ਵਿੱਚ ਗੋਲੀ ਲੱਗੀ। ਗ਼ੌਰਤਲਬ ਹੈ ਕਿ ਦੋਵਾਂ ਮੁਲਜ਼ਮਾਂ ਨੇ 16 ਜਨਵਰੀ ਦੀ ਦੁਪਹਿਰ ਨੂੰ ਕੇਸਰ ਅਤੇ ਉਸ ਦੇ ਦੋਸਤਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਡਿੱਗਣ ਤੋਂ ਬਾਅਦ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ (.32 ਬੋਰ), 03 ਜ਼ਿੰਦਾ ਕਾਰਤੂਸ, 03 ਖਾਲੀ ਖੋਲ ਅਤੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਸੀਨੀਅਰ ਸੁਪਰਡੈਂਟ ਆਫ ਪੁਲੀਸ (SSP) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਨੇੜੇ ਹੋਏ ਇਸ ਕਤਲ ਸਬੰਧੀ ਥਾਣਾ ਆਦਮਪੁਰ ਵਿਖੇ ਬੀ.ਐਨ.ਐਸ. (BNS) ਦੀਆਂ ਧਾਰਾਵਾਂ 103, 3(5) ਅਤੇ ਅਸਲਾ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪੁਲੀਸ ਟੀਮ ਨੇ ਇਲਾਕੇ ਦੀ ਘੇਰਾਬੰਦੀ ਕੀਤੀ, ਤਾਂ ਹਥਿਆਰ ਬਰਾਮਦ ਕਰਨ ਆਏ ਮੁਲਜ਼ਮਾਂ ਨੇ ਪੁਲੀਸ 'ਤੇ ਫਾਇਰਿੰਗ ਕਰ ਦਿੱਤੀ। ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਤਿੰਨ ਗੋਲੀਆਂ ਵਿੱਚੋਂ ਇੱਕ ਪੁਲੀਸ ਦੀ ਸਕਾਰਪੀਓ ਗੱਡੀ ਨੂੰ ਲੱਗੀ ਅਤੇ ਇੱਕ ਦਰੱਖਤ ਵਿੱਚ ਜਾ ਵੱਜੀ।
ਆਤਮ ਰੱਖਿਆ ਵਿੱਚ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

