Jalandhar ਵਿੱਚ ਮੋਬਾਈਲ ਦੀ ਦੁਕਾਨ 'ਤੇ ਦੋ ਵਿਅਕਤੀਆਂ ਨੇ ਕੀਤੀ ਫਾਇਰਿੰਗ
ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭਾਰਗਵ ਕੈਂਪ ਵਿੱਚ ਚਾਵਲਾ ਮੋਬਾਈਲ ਦੀ ਦੁਕਾਨ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਗੋਲੀ ਚੱਲਣ ਨਾਲ ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀ ਚਲਾਉਣ ਤੋਂ ਬਾਅਦ ਦੌੜਨ...
ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭਾਰਗਵ ਕੈਂਪ ਵਿੱਚ ਚਾਵਲਾ ਮੋਬਾਈਲ ਦੀ ਦੁਕਾਨ ਦੇ ਬਾਹਰ ਦੋ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਹਨ। ਗੋਲੀ ਚੱਲਣ ਨਾਲ ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀ ਚਲਾਉਣ ਤੋਂ ਬਾਅਦ ਦੌੜਨ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਲੋਕਾਂ ਨੇ ਮੌਕੇ 'ਤੇ ਹੀ ਦਬੋਚ ਲਿਆ ਅਤੇ ਭੀੜ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।
ਦਿਨ-ਦਿਹਾੜੇ ਗੋਲੀ ਚੱਲਣ ਦੀ ਵਾਰਦਾਤ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਪੱਕੇ ਤੌਰ 'ਤੇ ਇੰਤਜ਼ਾਮ ਕਰਨ ਦੀ ਅਪੀਲ ਕੀਤੀ ਹੈ। ਭਾਰਗਵ ਕੈਂਪ ਦੀ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਉਕਤ ਮੁਲਜ਼ਮ ਦੀ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵਿੱਚ ਉਸ ਨੇ ਕਥਿਤ ਤੌਰ ਉੱਤੇ ਮੰਨਿਆ ਹੈ ਕਿ ਉਸ ਨੂੰ ਗੋਲੀ ਚਲਾਉਣ ਬਦਲੇ ਸਿਰਫ਼ 500 ਰੁਪਏ ਮਿਲਣੇ ਸਨ।
ਮੌਕੇ 'ਤੇ ਪਹੁੰਚੇ ਏ ਡੀ ਸੀ ਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਫਿਰੌਤੀ ਮੰਗਣ ਸਬੰਧੀ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੋਬਾਈਲ ਵੇਚਣ ਵਾਲੀ ਦੁਕਾਨ 'ਤੇ ਤਿੰਨ ਗੋਲੀਆਂ ਚਲਾਈਆਂ ਗਈਆਂ ਹਨ।
