ਅੰਤਰਰਾਜੀ ਗੈਰ ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਦੋ ਵਿਅਕਤੀ ਗ੍ਰਿਫ਼ਤਾਰ; 10 ਪਿਸਤੌਲਾਂ ਬਰਾਮਦ
ਗ੍ਰਿਫਤਾਰ ਕੀਤੇ ਮੁਲਜ਼ਮ ਜਰਮਨੀ ਅਤੇ ਯੂਐਸਏ ਤੋਂ ਸੰਚਾਲਿਤ ਵਿਦੇਸ਼ ਅਧਾਰਤ ਅਪਰਾਧੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ
ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਨੇ ਉੱਤਰ ਪ੍ਰਦੇਸ਼ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਕੋਲੋਂ 7.65 ਐਮਐਮ 10 ਦੇਸੀ ਪਿਸਤੌਲਾਂ ਅਤੇ 20 ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਦਲੇਸ਼ ਕੁਮਾਰ ਉਰਫ ਸੌਰਵ ਕੁਮਾਰ ਉਰਫ ਨੰਨੂ ਵਾਸੀ ਪਿੰਡ ਪਾਂਦਾਪੁਰ, ਅਲੀਗੜ੍ਹ, ਯੂ.ਪੀ. ਅਤੇ ਅਮਿਤ ਚਾਹਰ ਵਾਸੀ ਪਿੰਡ ਬਸੇਰੀ ਚਾਹਰ ਆਗਰਾ, ਯੂ.ਪੀ. ਵਜੋਂ ਹੋਈ ਹੈ। ਪੁਲੀਸ ਮੁਤਾਬਿਕ ਬੀਕੇਆਈ ਦੇ ਦੋ ਕਾਰਕੁੰਨਾਂ ਸੁਖਵਿੰਦਰ ਉਰਫ਼ ਸੰਨੀ ਅਤੇ ਰਾਵਲ ਨੂੰ ਉਨ੍ਹਾਂ ਦੇ ਵਿਦੇਸ਼ੀ ਹੈਂਡਲਰ ਜੱਸੀ ਕੁਲਮ ਦੇ ਨਿਰਦੇਸ਼ਾਂ 'ਤੇ ਬਲਾਚੌਰ ਨੇੜੇ ਤਿੰਨ ਗ੍ਰਨੇਡ ਅਤੇ ਇੱਕ ਆਈਈਡੀ ਖਰੀਦਣ ਅਤੇ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸਨ। ਇਸੇ ਆਈਈਡੀ ਨੂੰ ਬਾਅਦ ਵਿੱਚ ਪੀਐਸ ਨਾਲਾਗੜ੍ਹ, ਹਿਮਾਚਲ ਪ੍ਰਦੇਸ਼ ਵਿਖੇ ਹੋਏ ਧਮਾਕੇ ਵਿੱਚ ਵਰਤਿਆ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਗਾਤਾਰ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਲਜ਼ਮ ਦਲੇਸ਼ ਕੁਮਾਰ ਉਰਫ਼ ਨੰਨੂ ਦੀ ਗ੍ਰੈਂਡ ਵਿਟਾਰਾ ਕਾਰ ਵਿੱਚੋਂ ਪੰਜ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਉਸ ਦੇ ਬਿਆਨ ‘ਤੇ ਕਾਰਵਾਈ ਕਰਦਿਆਂ ਮਥੁਰਾ-ਪਲਵਲ ਹਾਈਵੇਅ ਤੋਂ ਪੰਜ ਹੋਰ ਪਿਸਤੌਲ ਤੇ 10 ਮੈਗਜ਼ੀਨ ਬਰਾਮਦ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਕੁੱਲ 10 ਪਿਸਤੌਲਾਂ ਤੇ 20 ਮੈਗਜ਼ੀਨ ਪੁਲੀਸ ਦੇ ਹੱਥ ਲੱਗੇ ਹਨ।
ਡੀਜੀਪੀ ਨੇ ਕਿਹਾ ਕਿ ਇਨ੍ਹਾਂ ਦੋਵੇਂ ਯੂਪੀ-ਅਧਾਰਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਪਤਾ ਲੱਗਾ ਹੈ ਕਿ ਉਹ ਜਰਮਨੀ ਅਤੇ ਅਮਰੀਕਾ ਤੋਂ ਸਰਗਰਮ ਵਿਦੇਸ਼ੀ ਮੂਲ ਦੇ ਅਪਰਾਧੀਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ, ਜੋ ਪੰਜਾਬ ਵਿੱਚ ਅਪਰਾਧਿਕ ਗਰੋਹਾਂ ਨੂੰ ਹਥਿਆਰ ਸਪਲਾਈ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਹਥਿਆਰਾਂ ਦੀ ਖਰੀਦ ਅਤੇ ਵਿਦੇਸ਼ ਅਧਾਰਤ ਹੈਂਡਲਰਾਂ ਦੇ ਨਿਰਦੇਸ਼ 'ਤੇ ਗੜ੍ਹਸ਼ੰਕਰ ਵਿਖੇ ਇੱਕ ਟਰੈਵਲ ਏਜੰਟ ਦੀ ਰਿਹਾਇਸ਼ 'ਤੇ ਫਿਰੌਤੀ ਲਈ ਗੋਲੀਬਾਰੀ ਕਰਨ ਵਿੱਚ ਵੀ ਸ਼ਾਮਲ ਸਨ।

