ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 10 ਅਪਰੈਲ
ਇਲਾਕੇ ਵਿੱਚ ਵੱਖ-ਵੱਖ ਹਾਦਸਿਆਂ ਦੌਰਾਨ ਤਿੰਨ ਵਿਅਕਤੀ ਫੱਟੜ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪਰਾਗਪੁਰ ਨੇੜੇ ਖੜ੍ਹੇ ਟਰੱਕ ਵਿਚ ਮੋਟਰਸਾਈਕਲ ਵੱਜਣ ਕਾਰਨ ਦੋ ਵਿਅਕਤੀ ਫੱਟੜ ਹੋ ਗਏ। ਹਿਮਾਚਲ ਤੋਂ ਆਏ ਟਰੱਕ ਡਰਾਈਵਰ ਹੀਰਾ ਲਾਲ ਨੇ ਦੱਸਿਆ ਕਿ ਉਹ ਗਗਰੇਟ ਤੋਂ ਸਾਮਾਨ ਲੈ ਕੇ ਨਕੋਦਰ ਜਾ ਰਿਹਾ ਸੀ ਕਿ ਪਰਾਗਪੁਰ ਨੇੜੇ ਟਰੱਕ ਵਿਚ ਨੁਕਸ ਪੈਣ ਕਾਰਨ ਉਸ ਨੇ ਟਰੱਕ ਨੂੰ ਸਾਈਡ ’ਤੇ ਖੜ੍ਹਾ ਕਰ ਦਿੱਤਾ। ਇਸੇ ਦੌਰਾਨ ਤੇਜ਼ ਰਫਤਾਰ ਮੋਟਰਸਾਈਕਲ ਪਿੱਛੋਂ ਟਰੱਕ ਵਿਚ ਆ ਲੱਗਾ। ਇਸ ਕਾਰਨ ਦੋ ਵਿਅਕਤੀ ਫੱਟੜ ਹੋ ਗਏ। ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕਿਸੇ ਵੱਲੋਂ ਸ਼ਿਕਾਇਤ ਨਾ ਕਰਨ ਕਾਰਨ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਆਦਮਪੁਰ ਬੱਸ ਸਟੈਂਡ ਨੇੜੇ ਖਰਾਬ ਸੜਕ ਹੋਣ ਕਾਰਨ ਸਕੂਟਰ ਚਾਲਕ ਡਿੱਗ ਗਿਆ ਤੇ ਜ਼ਖ਼ਮੀ ਹੋ ਗਿਆ।