ਪਾਲ ਸਿੰਘ ਨੌਲੀ
ਜਲੰਧਰ, 7 ਮਈ
ਸਿਵਲ ਹਸਪਤਾਲ ਦੇ ਮੁਰਦਾਘਰ ’ਚੋਂ ਆਪਣੇ ਪਤੀ ਦੀ ਲਾਸ਼ ਲੈਣ ਲਈ ਸੁਮਨ ਪਿਛਲੇ ਤਿੰਨ ਦਿਨਾਂ ਤੋਂ ਦਰ-ਦਰ ਧੱਕੇ ਖਾ ਰਹੀ ਹੈ। ਸਥਾਨਕ ਅੱਡਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੁਮਨ ਨੇ ਦੱਸਿਆ ਕਿ ਪਤੀ ਦੀ ਲਾਸ਼ ਲੈਣ ਲਈ ਹਸਪਤਾਲ ਵਾਲਿਆਂ ਨੇ ਤਿੰਨ ਦਿਨਾਂ ਤੋਂ ਉਸ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ। ਕਦੇ ਤਾਂ ਉਸ ਨੂੰ ਪੀਪੀਈ ਕਿੱਟ ਲਿਆਉਣ ਅਤੇ ਕਦੇ ਮੁਰਦਾਘਰ ’ਚ ਲਾਸ਼ ਲੈਣ ਲਈ ਪਰਚੀ ਦਿਖਾਉਣ ਲਈ ਕਿਹਾ ਜਾ ਰਿਹਾ ਹੈ। ਅਜਿਹੀਆਂ ਪ੍ਰੇਸ਼ਾਨੀਆਂ ਦੌਰਾਨ ਉਸ ਦੀ ਧੀ ਨਾਲ ਵੀ ਹਸਪਤਾਲ ਦੇ ਸਟਾਫ਼ ਨੇ ਬਦਸਲੂਕੀ ਕੀਤੀ।
ਸੁਮਨ ਨੇ ਦੱਸਿਆ ਕਿ ਉਸ ਦੇ ਪਤੀ ਜਤਿੰਦਰ ਸਿੰਘ ਨੂੰ 5 ਮਈ ਨੂੰ ਹਲਕਾ ਜਿਹਾ ਬੁਖਾਰ ਹੋਇਆ ਸੀ, ਜਿਸ ਮਗਰੋਂ ਉਹ ਆਪਣੇ ਪਤੀ ਨੂੰ ਸਿਵਲ ਹਸਪਤਾਲ ਲੈ ਕੇ ਆਈ ਪਰ ਡਾਕਟਰਾਂ ਨੇ ਉਸ ਦੀ ਕੋਈ ਸਾਰ ਨਾ ਲਈ ਅਤੇ ਇਲਾਜ ਦੀ ਉਡੀਕ ਵਿੱਚ ਜਤਿੰਦਰ ਉਥੇ ਦਮ ਤੋੋੜ ਦਿੱਤਾ। ਸੁਮਨ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਕਰੋਨਾ ਟੈਸਟ ਵੀ ਨਹੀਂ ਕੀਤਾ ਗਿਆ ਪਰ ਸਾਰੇ ਲੱਛਣ ਕਰੋਨਾ ਦੇ ਹੀ ਸਨ ਜਿਸ ਕਰਕੇ ਕੋਈ ਡਾਕਟਰ ਵੀ ਉਸ ਦੇ ਨੇੜੇ ਨਾ ਆਇਆ। ਬਾਅਦ ’ਚ ਉਸ ਦੇ ਪਤੀ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਤੇ ਅਗਲੇ ਦਿਨ ਜਦੋਂ ਉਹ ਆਪਣੀ ਧੀ ਨਾਲ ਲਾਸ਼ ਲੈਣ ਲਈ ਹਸਪਤਾਲ ਪਹੁੰਚੀ ਤਾਂ ਸਟਾਫ ਨੇ ਉਸ ਦੀ ਮਦਦ ਕਰਨ ਦੀ ਥਾਂ ਧੀ ਨਾਲ ਬਦਸਲੂਕੀ ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ। ਲਾਸ਼ ਮੰਗਣ ’ਤੇ ਉਨ੍ਹਾਂ ਕਿਹਾ ਕਿ ਪਰਚੀ ਤੋਂ ਬਿਨਾਂ ਲਾਸ਼ ਨਹੀਂ ਦਿੱਤੀ ਜਾਵੇਗੀ।
ਦੂਜੇ ਪਾਸੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੂੰ ਜਦੋਂ ਹਸਪਤਾਲ ਸਟਾਫ ਵੱਲੋਂ ਵਰਤੀ ਗਈ ਲਾਪ੍ਰਵਾਹੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦਾ ਪ੍ਰਬੰਧ ਵੱਖਰਾ ਹੈ। ਇਸ ਬਾਰੇ ਐੱਸਐੱਮਓ ਹੀ ਜਵਾਬ ਦੇ ਸਕਦੇ ਹਨ।